ਅਕਾਲੀ ਦਲ ਵੱਲੋਂ ਕਿਸਾਨੀ ਨੂੰ ਬਚਾਉਣ ਲਈ ਇਕਜੁੱਟ ਹੋਣ ਦੀ ਅਪੀਲ
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 12 ਜੁਲਾਈ
ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਖ਼ਿਲਾਫ਼ ਤੇ ਕਿਸਾਨੀ ਦੇ ਉਜਾੜੇ ਨੂੰ ਬਚਾਉਣ ਲਈ ਅਕਾਲੀ ਆਗੂਆਂ ਨੇ ਸਭਨਾਂ ਨੂੰ ਏਕਾ ਕਰਕੇ ਚੱਲਣ ਦੀ ਅਪੀਲ ਕੀਤੀ ਹੈ। ਨੇੜਲੇ ਪਿੰਡ ਕੋਠੇ ਹਾਂਸ ਵਿੱਚ ਸਰਕਲ ਪ੍ਰਧਾਨ ਸੁਰਜੀਤ ਸਿੰਘ ਕੋਠੇ ਹਾਂਸ ਦੇ ਗ੍ਰਹਿ ਵਿੱਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਨਵਨਿਯੁਕਤ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਜਸਕਰਨ ਸਿੰਘ ਦਿਓਲ ਤੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਨੇ ਕਿਹਾ ਕਿ ਕਿਸਾਨਾਂ ਨੂੰ ਉਜਾੜਨ ਤੇ ਪੰਜਾਬ ਨੂੰ ਖੇਤੀ ਪੱਖੋਂ ਵੱਡੀ ਢਾਹ ਲਾਉਣ ਵਾਲੀ ਇਹ ਨੀਤੀ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੀ ਜਾਵੇਗੀ। ਇਸ ਨੂੰ ਵਾਪਸ ਕਰਵਾਉਣ ਲਈ ਜ਼ਰੂਰੀ ਹੈ ਕਿ ਸਾਰੀਆਂ ਧਿਰਾਂ ਏਕਾ ਕਰਕੇ ਚੱਲਣ ਤਾਂ ਜੋ ਸਰਕਾਰ ਨੂੰ ਝੁਕਾਇਆ ਜਾ ਸਕੇ।
ਇਸ ਮੌਕੇ ਅਕਾਲੀ ਆਗੂਆਂ ਨੇ 15 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੱਗ ਰਹੇ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਅਨਪੜ੍ਹ ਬੰਦਾ ਵੀ ਲੈਂਡ ਪੂਲਿੰਗ ਨੀਤੀ ਨੂੰ ਭਲੀਭਾਂਤ ਸਮਝ ਸਕਦਾ ਹੈ ਇਸ ਦਾ ਪੰਜਾਬ ਤੇ ਪੰਜਾਬੀਆਂ ਨੂੰ ਕੋਈ ਲਾਭ ਨਹੀਂ ਹੋਣਾ। ਪਰ ਸਰਕਾਰ ਇਕ ਸਾਜਿਸ਼ ਤਹਿਤ ਇਹ ਜ਼ਮੀਨਾਂ ਹਥਿਆਉਣਾ ਚਾਹੁੰਦੀ ਹੈ ਜੋ ਬਾਅਦ ਵਿੱਚ ਕੁਝ ਖ਼ਾਸ ਦੋਸਤਾਂ ਤੇ ਘਰਾਣਿਆਂ ਹਵਾਲੇ ਕੀਤੀਆਂ ਜਾਣਗੀਆਂ। ਇਸ ਮੌਕੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਕੋਠੇ ਹਾਂਸ ਨੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਜਸਕਰਨ ਸਿੰਘ ਦਿਓਲ ਅਤੇ ਦੀਦਾਰ ਸਿੰਘ ਮਲਕ ਨੂੰ ਸਨਮਾਨਿਤ ਕੀਤਾ। ਮੀਟਿੰਗ ਵਿੱਚ ਪੰਚ ਜਸਕਰਨ ਸਿੰਘ, ਰਾਜਿੰਦਰ ਸਿੰਘ, ਰਵਿੰਦਰ ਸਿੰਘ ਢਿੱਲੋਂ, ਮਾਸਟਰ ਸੁਦਾਗਰ ਸਿੰਘ, ਪ੍ਰਧਾਨ ਜੋਰਾ ਸਿੰਘ ਸਹਿਕਾਰੀ ਸਭਾ, ਜਗਜੀਤ ਸਿੰਘ ਕੋਠੇ ਹਾਂਸ, ਬਿਕਰਮਜੀਤ ਸਿੰਘ, ਪਰਗਟ ਸਿੰਘ, ਜਗਦੇਵ ਸਿੰਘ ਢਿੱਲੋਂਮ ਜਗਤਾਰ ਸਿੰਘ ਹਾਂਸ ਤੇ ਹੋਰ ਮੌਜੂਦ ਸਨ।