ਹਨੇਰੀ ਤੇ ਮੀਂਹ ਦੇ ਬਾਵਜੂਦ ਖੇਤੀਬਾੜੀ ਵਿਦਿਆਰਥੀਆਂ ਦਾ ਧਰਨਾ ਜਾਰੀ
12ਵਾਂ ਦਿਨ ਵੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ; ਮੰਗਾਂ ਪੂਰੀਆਂ ਕਰਨ ਦੀ ਮੰਗ
ਖੇਤੀਬਾੜੀ ਵਿਦਿਆਰਥੀ ਐਸ਼ੋਸੀਏਸਨ ਪੰਜਾਬ ਵੱਲੋਂ ਪੀਏਯੂ ਵਿੱਚ ਲਾਏ ਗਏ ਧਰਨੇ ਦੇ ਅੱਜ 12ਵੇਂ ਦਿਨ ਭਾਵੇਂ ਹਨੇਰੀ ਅਤੇ ਮੀਂਹ ਨਾਲ ਟੈਂਟ/ਤਰਪਾਲਾਂ ਨੂੰ ਨੁਕਸਾਨ ਹੋਇਆ ਪਰ ਵਿਦਿਆਰਥੀ ਧਰਨੇ ’ਤੇ ਡਟੇ ਰਹੇ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਧਰਨਾ ਲਗਾਤਾਰ ਜਾਰੀ ਰੱਖਿਆ ਜਾਵੇਗਾ। ਵਿਦਿਆਰਥੀਆਂ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਜਾ ਰਹੀ ਹੈ।
ਖੇਤੀਬਾੜੀ ਦੀ ਪੜ੍ਹਾਈ ਪੂਰੀ ਕਰ ਚੁੱਕੇ ਅਤੇ ਕਰ ਰਹੇ ਵਿਦਿਆਰਥੀਆਂ ਵੱਲੋਂ ਦਿਨ-ਰਾਤ ਧਰਨਾ ਦਿੱਤਾ ਜਾ ਰਿਹਾ ਹੈ। ਐਤਵਾਰ ਸਵੇਰੇ ਆਈ ਹਨੇਰੀ ਮਗਰੋਂ ਪਏ ਮੀਂਹ ਨਾਲ ਵਿਦਿਆਰਥੀਆਂ ਵੱਲੋਂ ਧਰਨਾ ਸਥਾਨ ’ਤੇ ਲਾਇਆ ਟੈਂਟ ਪੂਰੀ ਤਰ੍ਹਾਂ ਨੁਕਸਾਨਿਆਂ ਗਿਆ। ਇਸ ਨੁਕਸਾਨ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪੂਰੇ ਹੌਂਸਲੇ ਵਿੱਚ ਵਿਦਿਆਰਥੀਆਂ ਨੇ ਜਿੱਥੇ ਦੁਬਾਰਾ ਟੈਂਟ ਖੜ੍ਹਾ ਕੀਤਾ ਉੱਥੇ ਧਰਨਾ ਵੀ ਜਾਰੀ ਰੱਖਿਆ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਹ ਪਿਛਲੇ 12 ਦਿਨਾਂ ਤੋਂ ਧਰਨੇ ’ਤੇ ਬੈਠੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੀ ਸਾਰ ਤੱਕ ਲੈਣ ਲਈ ਬਹੁੜਿਆ। ਉਨ੍ਹਾਂ ਕਿਹਾ ਕਿ ’ਵਰਸਿਟੀ ਵਿੱਚ ਚੱਲ ਰਹੇ ਸਾਰਸ ਮੇਲੇ ਵਿੱਚ ਆਪ ਸਰਕਾਰ ਦੇ ਮੰਤਰੀ ਮੁੱਖ ਮਹਿਮਾਨ ਵਜੋਂ ਆ ਰਹੇ ਹਨ ਪਰ ਉਨ੍ਹਾਂ ਨੂੰ ਥੋੜ੍ਹੀ ਦੂਰ ਗੇਟ ਨੰਬਰ ਇੱਕ ਤੇ ਧਰਨੇ ਤੇ ਬੈਠੇ ਵਿਦਿਆਰਥੀ ਦਿਖਾਈ ਨਹੀਂ ਦੇ ਰਹੇ। ਆਗੂਆਂ ਨੇ ਕਿਹਾ ਦੇਸ ਦੀ ਟਾਪ ਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜੋ ਸੜਕਾਂ ਤੇ ਦਿਨ ਰਾਤ ਕੱਟ ਰਹੇ ਹਨ, ਬਾਰੇ ਕੋਈ ਵੀ ਫਿਕਰਮੰਦ ਨਹੀ ਹੈ। ਧਰਨੇ ਵਿੱਚ ਮੀਹ ਅਤੇ ਹਨੇਰੀ ਨਾਲ ਹੋਏ ਨੁਕਸਾਨ ਤੋਂ ਬਾਅਦ ਬਲਜਿੰਦਰ, ਰਮਨੀਕ, ਯੁਵਰਾਜ ਅਤੇ ਕੰਬੋਜ ਨੇ ਕਿਹਾ ਕਿ ਭਾਵੇ ਕਾਫ਼ੀ ਨੁਕਸਾਨ ਹੋਇਆ। ਪਰ ਸਾਡਾ ਹੌਸਲਾ ਕਾਇਮ ਹੈ, ਮੌਸਮ ਕਿਹੋ ਜਿਹਾ ਵੀ ਹੋਵੇ, ਉਹ ਆਪਣੇ ਮੰਗਾਂ ਲਈ ਡਟੇ ਹੋਏ ਹਨ। ਇਨ੍ਹਾਂ ਧਰਨਾਕਾਰੀਆਂ ਵੱਲੋਂ ਸਕੂਲਾਂ ਵਿੱਚ ਖੇਤੀਬਾੜੀ ਵਿਸ਼ਾ ਦੁਬਾਰਾ ਸ਼ੁਰੂ ਕਰਕੇ ਖੇਤੀਬਾੜੀ ਮੰਤਰੀ ਭਰਤੀ ਕਰਨ, ਪਿੰਡਾਂ ਵਿੱਚ ਖੇਤੀ ਡਾਕਟਰ ਰੱਖਣ ਅਤੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਉਹ ਕਈ ਅਧਿਕਾਰੀਆਂ, ਮੰਤਰੀਆਂ ਨੂੰ ਮਿਲ ਚੁੱਕੇ ਹਨ ਪਰ ਹਾਲਾਂ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ।