ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿੰਡਾਂ ਦੀਆਂ ਬੀਬੀਆਂ ਲਈ ਕੈਂਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਪੀਏਯੂ ਦੇ ਐਪਰਲ ਅਤੇ ਟੈਕਸਟਾਇਲ ਵਿਗਿਆਨ ਵਿਭਾਗ ਵਿਖੇ ਜਾਰੀ ਖੇਤੀ ਵਿਚ ਔਰਤਾਂ ਸਬੰਧੀ ਸਰਵ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਤਹਿਤ ਮਾਹਿਰਾਂ ਨੇ ਪੇਂਡੂ ਔਰਤਾਂ ਦੇ ਹੁਨਰ ਨੂੰ ਨਿਖਾਰਨ ਲਈ ਹੱਡ ਭੰਨਵੀਂ ਮਿਹਨਤ ਘਟਾਉਣ ਦੇ ਔਜ਼ਾਰ ਅਤੇ ਤਰੀਕੇ ਦੱਸੇ।
ਵਿਭਾਗ ਦੇ ਮਾਹਰ ਡਾ. ਪ੍ਰੇਰਨਾ ਕਪਿਲਾ ਨੇ ਇਸ ਕਾਰਜ ਵਿਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਪਿੰਡ ਗੁਰਮ ਅਤੇ ਕੁੱਲੇਵਾਲ ਦੀਆਂ 45 ਦੇ ਕਰੀਬ ਔਰਤਾਂ ਨੂੰ ਕੰਮ ਸੁਖਾਲਾ ਕਰਨ ਵਾਲੇ ਔਜ਼ਾਰ ਵੰਡੇ। ਇਹ ਸਮਾਰੋਹ ਪਿੰਡ ਗੁਰਮ ਦੇ ਸਰਪੰਚ ਜਗਮੋਹਨ ਸਿੰਘ ਜੌਲ ਅਤੇ ਪਿੰਡ ਕੁੱਲੇਵਾਲ ਦੇ ਸਰਪੰਚ ਜਸਵੰਤ ਸਿੰਘ ਦੀ ਹਾਜ਼ਰੀ ਵਿਚ ਨੇਪਰੇ ਚੜ੍ਹੇ।
ਇਸ ਦੌਰਾਨ ਡਾ. ਪ੍ਰੇਰਨਾ ਕਪਿਲਾ ਨੇ ਪੇਂਡੂ ਔਰਤਾਂ ਨੂੰ ਕੰਮ ਕਾਜ ਦੇ ਹੁਨਰਾਂ ਨੂੰ ਨਿਖਾਰਨ ਲਈ ਲੋੜੀਂਦੇ ਸੁਝਾਅ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਨਾ ਸਿਰਫ ਔਰਤਾਂ ਸਖਤ ਮਿਹਨਤ ਅਤੇ ਹੱਡ ਭੰਨਵੇਂ ਕਾਰਜਾਂ ਨੂੰ ਸੌਖੇ ਤਰੀਕੇ ਨਾਲ ਕਰਨ ਦੇ ਯੋਗ ਹੋਣਗੀਆਂ ਬਲਕਿ ਉਨ੍ਹਾਂ ਦੀ ਖੇਤੀ ਵਿਚ ਹਿੱਸੇਦਾਰੀ ਵੀ ਵਧੇਗੀ। ਇਸ ਨਾਲ ਉਹ ਆਪਣੇ ਪਰਿਵਾਰਾਂ ਦੀ ਆਮਦਨ ਵਧਾ ਕੇ ਖੇਤੀ ਖੇਤਰ ਵਿਚ ਭਰਪੂਰ ਯੋਗਦਾਨ ਪਾ ਸਕਣਗੀਆਂ ਅਤੇ ਸਮਾਜ ਵਿਚ ਔਰਤਾਂ ਦੀ ਸਥਿਤੀ ਮਜ਼ਬੂਤ ਅਤੇ ਸੰਗਠਿਤ ਹੋਵੇਗੀ। ਇਸ ਦੌਰਾਨ ਭਾਗ ਲੈਣ ਵਾਲੀਆਂ ਦੋਵੇਂ ਪਿੰਡਾਂ ਦੀਆਂ ਔਰਤਾਂ ਨੇ ਪੀ.ਏ.ਯੂ. ਵੱਲੋਂ ਕੀਤੇ ਜਾਣ ਵਾਲੇ ਯਤਨਾਂ ਲਈ ਮਾਹਿਰਾਂ ਦਾ ਧੰਨਵਾਦ ਕੀਤਾ।