DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਵਾਜਾਈ ਠੱਪ ਕਰਨ ਮਗਰੋਂ ਕੱਚਾ ਮਲਕ ਰੋਡ ਪੱਕਾ ਹੋਣ ਲੱਗਿਆ

ਇੱਥੇ ਰਾਏਕੋਟ ਰੋਡ ਤੋਂ ਪਾਣੀ ਵਾਲੀ ਟੈਂਕੀ ਦੇ ਸਾਹਮਣਿਓਂ ਸ਼ੁਰੂ ਹੋ ਕੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਸ਼ਾਹਰਾਹ ਨਾਲ ਜੁੜਦੇ ਕੱਚਾ ਮਲਕ ਰੋਡ ਨੂੰ ਆਖ਼ਰ ਬਣਾਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ। ਦੋ ਮਹੀਨੇ ਪਹਿਲਾਂ ਪੁੱਟੀ ਸੜਕ ਨਾ ਬਣਾਉਣ ਤੋਂ ਅੱਕੇ ਲੋਕਾਂ ਨੇ...

  • fb
  • twitter
  • whatsapp
  • whatsapp
featured-img featured-img
ਕੱਚਾ ਮਲਕ ਰੋਡ ਦਾ ਚੱਲ ਰਿਹਾ ਕੰੰਮ।
Advertisement

ਇੱਥੇ ਰਾਏਕੋਟ ਰੋਡ ਤੋਂ ਪਾਣੀ ਵਾਲੀ ਟੈਂਕੀ ਦੇ ਸਾਹਮਣਿਓਂ ਸ਼ੁਰੂ ਹੋ ਕੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਸ਼ਾਹਰਾਹ ਨਾਲ ਜੁੜਦੇ ਕੱਚਾ ਮਲਕ ਰੋਡ ਨੂੰ ਆਖ਼ਰ ਬਣਾਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ। ਦੋ ਮਹੀਨੇ ਪਹਿਲਾਂ ਪੁੱਟੀ ਸੜਕ ਨਾ ਬਣਾਉਣ ਤੋਂ ਅੱਕੇ ਲੋਕਾਂ ਨੇ ਕੱਲ੍ਹ ਧਰਨਾ ਲਾ ਕੇ ਚੱਕਾ ਜਾਮ ਕੀਤਾ ਸੀ। ਧਰਨਾਕਾਰੀ ਦੁਕਾਨਦਾਰਾਂ ਨੇ ਸੜਕ ਬਣਾਉਣ ਲਈ ਵੀਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਕੰਮ ਸ਼ੁਰੂ ਨਾ ਹੋਣ ’ਤੇ ਮੁੱਖ ਤਹਿਸੀਲ ਰੋਡ ’ਤੇ ਸਥਿਤ ਰੇਲਵੇ ਪੁਲ ਨੂੰ ਧਰਨਾ ਲਾ ਕੇ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ’ਤੇ ਪ੍ਰਸ਼ਾਸਨ ਨੇ ਬੁੱਧਵਾਰ ਤੱਕ ਦਾ ਸਮਾਂ ਮੰਗਿਆ ਸੀ ਪਰ ਉਸ ਤੋਂ ਦੋ ਦਿਨ ਪਹਿਲਾਂ ਹੀ ਸੜਕ ਬਣਨੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਰਗ ਦੇ ਵਿਚਕਾਰ ਸਥਿਤ ਰੇਲਵੇ ਫਾਟਕਾਂ ਦੇ ਹਾਈਵੇਅ ਵਾਲੇ ਪਾਸੇ ਸੜਕ ’ਤੇ ਪ੍ਰੀਮਿਕਸ ਪਾ ਕੇ ਬਣਾ ਦਿੱਤਾ ਗਿਆ ਪਰ ਦੂਜੇ ਪਾਸੇ ਦਾ ਲਗਭਗ ਓਨਾ ਹੀ ਸੜਕ ਦਾ ਹਿੱਸਾ ਪੁੱਟ ਕੇ ਛੱਡ ਦਿੱਤਾ ਸੀ। ਇਸ ’ਤੇ ਇੰਟਰਲਾਕ ਟਾਈਲਾਂ ਲਾਉਣ ਦੀ ਯੋਜਨਾ ਬਣਾਈ ਗਈ ਸੀ। ਸੜਕ ਦੇ ਇਸ ਹਿੱਸੇ ’ਤੇ ਸਥਿਤ ਕਈ ਦਰਜਨ ਦੁਕਾਨਾਂ ਦੇ ਮਾਲਕ ਤੇ ਰਿਹਾਇਸ਼ੀ ਕਲੋਨੀਆਂ ਵਾਲੇ ਸੜਕ ਬਣਨ ਦੀ ਉਡੀਕ ਕਰਨ ਲੱਗੇ। ਇਕ-ਇਕ ਦਿਨ ਕਰਦਿਆਂ ਦੋ ਮਹੀਨੇ ਲੰਘ ਗਏ। ਇਨ੍ਹਾਂ ਦੁਕਾਨਦਾਰਾਂ ਦੇ ਆਗੂਆਂ ਹਰਪ੍ਰੀਤ ਸਿੰਘ ਓਬਰਾਏ, ਅਮਰਜੀਤ ਸਿੰਘ ਸੋਨੂੰ, ਸੁਨੀਲ ਮੱਕੜ, ਰਾਮ ਕੁਮਾਰ ਗੋਇਲ, ਸੱਤਪਾਲ ਤੇ ਹੋਰਨਾਂ ਨੇ ਅੱਜ ਸੜਕ ਬਣਨ ’ਤੇ ਖੁਸ਼ੀ ਜ਼ਾਹਰ ਕੀਤੀ। ਸੜਕ ਬਣਾਉਣ ਲਈ ਸੰਘਰਸ਼ ਵਿੱਚ ਯੋਗਦਾਨ ਪਾਉਣ ’ਤੇ ਸ਼ਾਮਲ ਹੋਣ ਵਾਲੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕੌਂਸਲਰ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਸਾਬਕਾ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਤੋਂ ਇਲਾਵਾ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੇ ਪ੍ਰਸ਼ਾਸਨ ਦਾ ਉਨ੍ਹਾਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਦੁਕਾਨਾਂ ਕਰ ਰਹੇ ਹਨ ਇਸ ਸੜਕ ਦੀ ਦੁਰਦਸ਼ਾ ਹੀ ਰਹੀ ਹੈ। ਇਸ ਦਾ ਪੁਰਾਣਾ ਨਾਮ ਕੱਚਾ ਮਲਕ ਰੋਡ ਚੱਲਿਆ ਆ ਰਿਹਾ ਹੈ ਕਿਉਂਕਿ ਕਈ ਦਹਾਕੇ ਪਹਿਲਾਂ ਇਹ ਪਿੰਡ ਮਲਕ ਨੂੰ ਜੋੜਦਾ ਕੱਚਾ ਰਸਤਾ ਹੋਵੇਗਾ। ਆਪਣੇ ਨਾਮ ਵਾਂਗ ਵੈਸੇ ਇਹ ਬਹੁਤਾ ਸਮਾਂ ਕੱਚਾ ਹੀ ਰਹਿੰਦਾ ਤੇ ਜਾਂ ਫੇਰ ਟੁੱਟਿਆ ਹੋਇਆ। ਦੁਕਾਨਦਾਰਾਂ ਨੇ ਕਿਹਾ ਕਿ ਇਕ ਵਾਰ ਹੁਣ ਇਹ ਸੜਕ ਬਣ ਜਾਵੇ ਤਾਂ ਉਹ ਆਪਣੇ ਪੱਲਿਓਂ ਸੜਕ ’ਤੇ ‘ਪੱਕਾ ਮਲਕ ਰੋਡ’ ਦਾ ਬੋਰਡ ਲਾਉਣਗੇ ਤਾਂ ਜੋ ਭਵਿੱਖ ਵਿੱਚ ਫੇਰ ਇਹੋ ਦੁਰਦਸ਼ਾ ਨਾ ਦੇਖਣੀ ਪਵੇ। ਉਨ੍ਹਾਂ ਦੋ ਮਹੀਨੇ ਦੌਰਾਨ ਭਾਰੀ ਨੁਕਸਾਨ ਝੱਲਣ ਦਾ ਵੀ ਰੋਣਾ ਰੋਇਆ। ਇਸ ਮੌਕੇ ਰਵਿੰਦਰ ਸਿੰਘ ਓਬਰਾਏ, ਕੁਲਦੀਪ ਕੁਮਾਰ, ਰਤਨ ਭੋਲਾ, ਅਜਮੇਰ ਸਿੰਘ, ਵੇਦ ਪ੍ਰਕਾਸ਼, ਕਮਲਜੀਤ ਸਿੰਘ ਮੰਗਾ, ਨਸੀਬ ਸਿੰਗਲਾ, ਭੁਪਿੰਦਰ ਸਿੰਘ, ਚੰਚਲ ਕਪੂਰ, ਰਾਜਨ ਖੁਰਾਣਾ, ਰਾਜੇਸ਼ ਭੰਡਾਰੀ, ਸੋਨੀ ਰਾਏ, ਆਸ਼ੂ ਧਵਨ, ਅਕਲੇਸ਼ ਰਾਏ ਆਦਿ ਦੁਕਾਨਦਾਰ ਹਾਜ਼ਰ ਸਨ।

Advertisement
Advertisement
×