ਕਰੋੜਾਂ ਰੁਪਏ ਗਬਨ ਦੇ ਦੋਸ਼ ਮਗਰੋਂ ਕੇਸ ਪਾਇਆ ਸਿਰਫ਼ ਤਿੰਨ ਲੱਖ ਦਾ: ਦਾਦੂਵਾਲ
ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਖ਼ਿਲਾਫ਼ ਗਬਨ ਦਾ ਕੇਸ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਲ ਹੀ ਵਿੱਚ ਹੋਈ ਚੋਣ ਤੋਂ ਬਾਅਦ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਇੱਕ ਦੂਜੇ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਮਾਮਲਾ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਪੁੱਜ ਗਿਆ ਹੈ।
ਜਥੇਦਾਰ ਦਾਦੂਵਾਲ ਨੇ ਅੱਜ ਸੋਸ਼ਲ ਮੀਡੀਆ ’ਤੇ ਸਪੱਸ਼ਟ ਕੀਤਾ ਹੈ ਕਿ ਜਥੇਦਾਰ ਝੀਂਡਾ ਆਪਣੇ ਖ਼ਿਲਾਫ਼ ਕਮੇਟੀ ਵਿੱਚ ਹੋ ਰਹੇ ਵਿਰੋਧ ਨੂੰ ਵੇਖਦਿਆਂ ਗਲਤ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਨੇ ਪ੍ਰਧਾਨ ਬਣਦਿਆਂ ਹੀ ਉਨ੍ਹਾਂ ਵਿਰੁੱਧ ਪੌਣੇ ਚਾਰ ਕਰੋੜ ਦੇ ਗ਼ਬਨ ਦੇ ਪੋਸਟਰ ਜਾਰੀ ਕਰਵਾਇਆ ਸੀ ਜਦਕਿ ਹੁਣ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਕੇਸ ਸਿਰਫ਼ 3 ਲੱਖ ਦਾ ਹੀ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਵੀ ਉਹ ਹੈ ਜੋ ਇੱਕ ਕੀਰਤਨੀਏ ਦੇ ਪ੍ਰਲੋਕ ਸਿਧਾਰ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਦੀ ਮਾਲੀ ਮਦਦ ਲਈ ਉਸ ਸਮੇਂ ਦੇ ਪ੍ਰਧਾਨ ਨੂੰ ਸਿਫਾਰਿਸ਼ ਕੀਤੀ ਗਈ ਸੀ ਤੇ ਉੁਨ੍ਹਾਂ ਦੀ ਸਿਫਾਰਿਸ਼ ’ਤੇ ਹੀ ਪ੍ਰਧਾਨ ਹਰਿਆਣਾ ਕਮੇਟੀ ਨੇ ਉਸ ਪਰਿਵਾਰ ਨੂੰ 3 ਲੱਖ ਰੁਪਏ ਦੀ ਮਾਲੀ ਮਦਦ ਕਮੇਟੀ ਫੰਡ ਵਿੱਚੋਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਮਦਦ ਪਰਿਵਾਰ ਦੇ ਖਾਤੇ ਵਿੱਚ ਜਮ੍ਹਾਂ ਕਰਾਈ ਗਈ ਸੀ। ਉਸ ਪਰਿਵਾਰ ਵਿੱਚ ਛੋਟੇ ਛੋਟੇ ਬੱਚੇ ਸਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਰਾਗੀ ਸਿੰਘਾਂ, ਪਾਠੀਆਂ, ਕਥਾ ਵਾਚਕਾਂ ਅਤੇ ਮੁਲਾਜ਼ਮਾਂ ਦੀ ਔਖੇ ਵੇਲੇ ਬਾਂਹ ਨਹੀਂ ਫੜਾਂਗੇ ਤਾਂ ਕੌਣ ਫੜੇਗਾ?
ਜਥੇਦਾਰ ਦਾਦੂਵਾਲ ਨੇ ਦੋਸ਼ ਲਗਾਇਆ ਕਿ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਆਪਣੀਆਂ ਇਨ੍ਹਾਂ ਆਪ ਹੁਦਰੀਆਂ ਕਰਕੇ ਹੀ ਰੋਜ਼ ਸਿੱਖ ਸੰਗਤ ਵਿੱਚ ਚਰਚਾ ਦਾ ਵਿਸ਼ਾ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਝੀਂਡਾ ਸਿੱਖ ਸੰਗਤ ਦਾ ਵਿਸ਼ਵਾਸ ਗੁਆ ਚੁੱਕੇ ਹਨ ਇਸ ਲਈ ਉਨ੍ਹਾਂ ਨੂੰ ਖ਼ੁਦ ਹੀ ਲਾਂਭੇ ਹੋ ਜਾਣਾ ਚਾਹੀਦਾ ਹੈ।