ਇੱਥੋਂ ਦੇ ਵਾਰਡ ਨੰਬਰ-24 ਧਰਮਸ਼ਾਲਾ ਵਾਲੀ ਗਲੀ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਨੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦੌਰਾਨ ਬੱਚਿਆਂ ਦੀ ਮੌਤ ਉਪਰੰਤ ਪ੍ਰਸਾਸ਼ਨ ਹਰਕਤ ਵਿੱਚ ਆਇਆ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਘਰ ਵਿੱਚ ਪਈ ਗੰਦਗੀ ਸਾਫ਼ ਕਰਵਾਈ। ਦੱਸਣਯੋਗ ਹੈ ਕਿ ਇਸ ਘਰ ਵਿੱਚ ਰਹਿੰਦੇ ਪਰਿਵਾਰ ਦੇ ਡੇਢ ਸਾਲ ਦੇ ਪੁੱਤਰ ਅੰਸ਼ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਅਤੇ ਇੱਕ ਹਫ਼ਤੇ ਦੇ ਅੰਦਰ ਹੀ ਇੱਕ ਛੇ ਸਾਲ ਦੀ ਬੱਚੀ ਕੀਰਤੀ ਦੀ ਵੀ ਮੌਤ ਹੋ ਗਈ। ਪਰਿਵਾਰ, ਇਲਾਕੇ ਦੇ ਲੋਕਾਂ ਅਤੇ ਯੂਥ ਕਾਂਗਰਸੀ ਆਗੂ ਅਮਨ ਕਟਾਰੀਆ ਨੇ ਦੋਸ਼ ਲਾਇਆ ਸੀ ਕਿ ਘਰ ਦੇ ਅੰਦਰ ਗੰਦਗੀ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ ਜਿਸ ਕਾਰਨ ਬੱਚਿਆਂ ਦੀ ਸਿਹਤ ਵਿਗੜ ਗਈ। ਇਸ ਮਾਮਲੇ ਦੀ ਸ਼ਿਕਾਇਤ ਵੀ ਕੀਤੀ ਗਈ ਹੈ। ਮਾਮਲਾ ਮੀਡੀਆ ਵਿੱਚ ਆਉਣ ਅਤੇ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਪ੍ਰਸਾਰਿਤ ਹੋਣ ਉਪਰੰਤ ਅੱਜ ਨਗਰ ਕੌਂਸਲ ਹਰਕਤ ਵਿੱਚ ਆਇਆ। ਕੌਂਸਲ ਦੀ ਸੈਨੀਟੇਸ਼ਨ ਵਿਭਾਗ ਦੀ ਟੀਮ ਨੇ ਘਰ ਦੀ ਸਫ਼ਾਈ ਉਪਰੰਤ ਇਲਾਕੇ ਵਿੱਚ ਦਵਾਈਆਂ ਦਾ ਛਿੜਕਾਅ ਕੀਤਾ।
ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਹਦਾਇਤ
ਈਓ ਨੇ ਪਰਿਵਾਰ ਅਤੇ ਗੁਆਂਢੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਗੰਦਗੀ ਇਕਠੀ ਨਾ ਹੋਣ ਦਿੱਤੀ ਜਾਵੇ ਅਤੇ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕਾ ਪੂਰੀ ਤਰ੍ਹਾਂ ਸਾਫ਼ ਹੈ ਪਰ ਘਰ ਅੰਦਰ ਗੰਦਗੀ ਬਹੁਤ ਜਮ੍ਹਾਂ ਸੀ ਜਿਸ ਨੂੰ ਕੌਂਸਲ ਵੱਲੋਂ ਸਾਫ਼ ਕਰਵਾਇਆ ਗਿਆ ਹੈ।