ਸੈਂਕੜੇ ਏਕੜ ਫ਼ਸਲ ਦੇ ਨੁਕਸਾਨ ਮਗਰੋਂ ਹਰਕਤ ’ਚ ਆਇਆ ਪ੍ਰਸ਼ਾਸਨ
ਭਾਰੀ ਮੀਂਹ ਨਾਲ ਇਲਾਕੇ ਦੇ ਕਈ ਪਿੰਡਾਂ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕੁਦਰਤੀ ਕਰੋਪੀ ਦੇ ਨਾਲ ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਵੀ ਇਸ ਲਈ ਜ਼ਿੰਮੇਵਾਰ ਹੈ। ਸਮਾਂ ਰਹਿੰਦੇ ਡਰੇਨਾਂ ਦੀ ਸਫ਼ਾਈ ਨਾ ਹੋਣ ਕਰਕੇ ਵੱਧ ਨੁਕਸਾਨ ਹੋਇਆ ਹੈ। ਆਮ ਤੌਰ ’ਤੇ ਬਰਸਾਤੀ ਮੌਸਮ ਤੋਂ ਪਹਿਲਾਂ ਇਹ ਕੰਮ ਨੇਪਰੇ ਚਾੜ੍ਹ ਲਿਆ ਜਾਂਦਾ ਹੈ ਪਰ ਲੱਗਦਾ ਐਤਕੀਂ ਇਹ ਕੰਮ ਕਰਨਾ ਪ੍ਰਸ਼ਾਸਨ ਭੁੱਲ ਗਿਆ।
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਪਿੰਡ ਅਖਾੜਾ ਨੇੜੇ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਡਰੇਨ ’ਤੇ ਪਹੁੰਚੇ। ਉਪ ਮੰਡਲ ਮੈਜਿਸਟਰੇਟ ਕਰਨਵੀਰ ਸਿੰਘ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ। ਵਿਧਾਇਕਾ ਮਾਣੂੰਕੇ ਨੇ ਜਾਇਜ਼ਾ ਲੈਣ ਸਮੇਂ ਫੌਰੀ ਦੋ ਜੇਸੀਬੀ ਮਸ਼ੀਨਾਂ ਨੂੰ ਡਰੇਨ ਦੀ ਸਫ਼ਾਈ ’ਤੇ ਲਾਇਆ। ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਇਹ ਪ੍ਰਸ਼ਾਸਨ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਸੀ ਅਤੇ ਜੇਕਰ ਸਮਾਂ ਰਹਿੰਦੇ ਡਰੇਨਾਂ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਪਾਣੀ ਦੀ ਇੰਨੀ ਮਾਰ ਫ਼ਸਲਾਂ ’ਤੇ ਨਾ ਪੈਂਦੀ। ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਵਿਧਾਇਕਾ ਮਾਣੂੰਕੇ ਜਾਇਜ਼ਾ ਲੈਣ ਤਾਂ ਆਏ ਪਰ ਉਨ੍ਹਾਂ ਨੂੰ ਦੋ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣੇ ਚਾਹੀਦੇ ਹਨ। ਇਕ ਤਾਂ ਸਰਕਾਰ ਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਨੁਕਸਾਨੀਆਂ ਫ਼ਸਲਾਂ ਦੀ ਭਰਪਾਈ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣੀ ਚਾਹੀਦੀ ਹੈ। ਦੂਜਾ ਜਿਹੜੇ ਮਹਿਕਮੇ ਤੇ ਅਧਿਕਾਰੀਆਂ ਨੇ ਡੇਰਨਾਂ ਦੀ ਸਫ਼ਾਈ ਵਿੱਚ ਅਣਗਹਿਲੀ ਵਰਤੀ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਲਾਪ੍ਰਵਾਹੀ ਨਾ ਕਰ ਸਕੇ।
ਇਸੇ ਦੌਰਾਨ ਚੰਦ ਡੱਲਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਤੇ ਹੋਰਨਾਂ ਨੇ ਪਿੰਡ ਕਾਉਂਕੇ, ਡੱਲਾ ਤੇ ਕਾਉਂਦੇ ਖੋਸਾ ਦਾ ਦੌਰਾ ਕਰਨ ਤੋਂ ਬਾਅਦ ਭਾਰੀ ਨੁਕਸਾਨ ਦੀ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਅਮਰ ਸਿੰਘ, ਸਰਪ੍ਰੀਤ ਸਿੰਘ, ਚਰਨਜੀਤ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਦੀ ਚਾਰ ਸੌ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਖੇਤਾਂ ਵਿੱਚ ਜ਼ਿਆਦਾ ਪਾਣੀ ਭਰ ਜਾਣ ਕਾਰਨ ਝੋਨੇ ਦੀ ਫ਼ਸਲ ਵਿੱਚ ਡੇਢ ਫੁੱਟ ਕਰੀਬ ਪਾਣੀ ਫਿਰ ਰਿਹਾ ਹੈ ਜਦਕਿ ਹੋਰਨਾਂ ਫ਼ਸਲਾਂ ਤੇ ਸਬਜ਼ੀਆਂ ਦੀ ਤਾਂ ਭਾਰੀ ਤਬਾਹੀ ਹੋ ਗਈ ਹੈ।
ਪੀੜਤ ਕਿਸਾਨਾਂ ਨੂੰ ਮੁਆਵਜ਼ਾ ਮਿਲੇ: ਮਾਣੂੰਕੇ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ ਵੀ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਜੇਕਰ ਸਾਰੇ ਇਲਾਕੇ ਵਿੱਚ ਡਰੇਨਾਂ ਦੀ ਸਹੀ ਸਫ਼ਾਈ ਹੋ ਜਾਵੇ ਤਾਂ ਅਗਲੇ ਦਿਨਾਂ ਵਿੱਚ ਹੋਣ ਵਾਲੀ ਭਾਰੀ ਬਾਰਸ਼ ਦੇ ਬਾਵਜੂਦ ਫ਼ਸਲਾਂ ਦਾ ਕੁਝ ਨਾ ਕੁਝ ਬਚਾਅ ਹੋ ਸਕਦਾ ਹੈ।