ਪ੍ਰਸ਼ਾਸਨ ਵੱਲੋਂ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਗੜ੍ਹੀ ਫਾਜ਼ਿਲ ’ਚ ਮੌਕ ਡਰਿੱਲ
ਜ਼ਿਲ੍ਹਾ ਪ੍ਰਸ਼ਾਸਨ ਨੇ ਸੰਭਾਵੀ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡ ਗੜ੍ਹੀ ਫਾਜ਼ਿਲ ਵਿੱਚ ਮੌਕ ਡਰਿੱਲ ਕੀਤੀ।
ਇਸ ਵਿੱਚ ਡਰੇਨੇਜ਼, ਪੰਚਾਇਤਾਂ, ਜੰਗਲਾਤ, ਮਾਲੀਆ, ਖ਼ੁਰਾਕ ਅਤੇ ਸਿਵਲ ਸਪਲਾਈ, ਮੈਡੀਕਲ, ਪੁਲੀਸ, ਪਸ਼ੂ ਪਾਲਣ, ਪਾਵਰਕੌਮ, ਜ਼ਿਲ੍ਹਾ ਮੰਡੀ ਦਫ਼ਤਰ, ਜਨਤਕ ਸਿਹਤ, ਆਵਾਜਾਈ, ਪੁਲੀਸ ਅਤੇ ਸਿੱਖਿਆ ਸਣੇ ਕਈ ਮੁੱਖ ਵਿਭਾਗ ਸ਼ਾਮਲ ਸਨ। ਇਸ ਅਭਿਆਸ ਦਾ ਉਦੇਸ਼ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਵਿਭਾਗਾਂ ਵਿਚਕਾਰ ਤਿਆਰੀ, ਪ੍ਰਤੀਕਿਰਿਆ ਸਮਾਂ ਅਤੇ ਤਾਲਮੇਲ ਦੀ ਜਾਂਚ ਕਰਨਾ ਸੀ।
ਇਹ ਅਭਿਆਸ ਜ਼ਿਲ੍ਹਾ ਕੰਟਰੋਲ ਰੂਮ (0161-2922330) ’ਤੇ ਪ੍ਰਾਪਤ ਇੱਕ ਮੌਕ ਚਿਤਾਵਨੀ ਕਾਲ ਨਾਲ ਸ਼ੁਰੂ ਹੋਇਆ। ਇਸ ਵਿੱਚ ਅਧਿਕਾਰੀਆਂ ਨੂੰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੰਭਾਵੀ ਹੜ੍ਹ ਦੀ ਸਥਿਤੀ ਬਾਰੇ ਚੌਕਸ ਕੀਤਾ ਗਿਆ। ਕੰਟਰੋਲ ਰੂਮ ਸੰਚਾਲਕ ਨੇ ਤੁਰੰਤ ਐੱਸਡੀਐੱਮ (ਪੂਰਬੀ) ਲੁਧਿਆਣਾ ਜਸਲੀਨ ਕੌਰ ਭੁੱਲਰ ਨੂੰ ਸੂਚਿਤ ਕੀਤਾ। ਨਾਲ ਹੀ ਡੀਸੀ ਦਫ਼ਤਰ ਅਤੇ ਹੋਰ ਵਿਭਾਗਾਂ ਨੂੰ ਚੌਕਸ ਕੀਤਾ। ਡਰੇਨੇਜ ਵਿਭਾਗ ਦੀਆਂ ਟੀਮਾਂ, ਜੰਗਲਾਤ ਅਤੇ ਪੰਚਾਇਤ ਵਿਭਾਗ ਵੱਲੋਂ ਮਨਰੇਗਾ ਮਜ਼ਦੂਰਾਂ ਅਤੇ ਜੇਸੀਬੀ ਦੀ ਮਦਦ ਨਾਲ ਟੀਮਾਂ ਸੰਭਾਵੀ ਪਾੜ ਬੰਦ ਕਰਨ ਲਈ ਰੇਤ ਦੇ ਬੋਰੇ ਰੱਖ ਕੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਅੱਗੇ ਵਧੀਆਂ।
ਗੁਰਦੁਆਰਾ ਸਾਹਿਬ ਵਿੱਚ ਟਰਾਂਸਪੋਰਟ ਵਿਭਾਗ ਨੇ ਪਿੰਡ ਵਾਸੀਆਂ ਨੂੰ ਮੱਤੇਵਾੜਾ ਦੇ ਸਰਕਾਰੀ ਹਾਈ ਸਕੂਲ ਵਿੱਚ ਸਥਾਪਿਤ ਮਨੋਨੀਤ ਬਚਾਅ ਕੇਂਦਰ ਵਿੱਚ ਲਿਜਾਣ ਲਈ ਬੱਸਾਂ ਅਤੇ ਟਰਾਲੀਆਂ ਦਾ ਪ੍ਰਬੰਧ ਕੀਤਾ। ਬਚਾਅ ਕੇਂਦਰ ਵਿੱਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਲੋਕਾਂ ਲਈ ਭੋਜਨ, ਜ਼ਰੂਰੀ ਖਾਣ-ਪੀਣ ਵਾਲੀਆਂ ਵਸਤੂਆਂ, ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ। ਪਾਵਰਕੌਮ ਦੀ ਟੀਮ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਕੇਂਦਰ ਵਿੱਚ ਤਾਇਨਾਤ ਸੀ। ਸਿਹਤ ਵਿਭਾਗ ਤੁਰੰਤ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਸੀ, ਜਦੋਂਕਿ ਪੁਲੀਸ ਵਿਭਾਗ ਨੇ ਨਿਕਾਸੀ ਦੌਰਾਨ ਸੁਰੱਖਿਆ ਅਤੇ ਵਿਵਸਥਾ ਨੂੰ ਯਕੀਨੀ ਬਣਾਇਆ। ਪਸ਼ੂ ਪਾਲਣ ਵਿਭਾਗ ਪਸ਼ੂਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਸੀ ਤੇ ਸਿੱਖਿਆ ਵਿਭਾਗ ਨੇ ਸਕੂਲ ਨੂੰ ਬਚਾਅ ਕੇਂਦਰ ਵਜੋਂ ਵਰਤਣ ਦੀ ਸਹੂਲਤ ਦਿੱਤੀ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।