ਦਰਗਾਹ ਢਾਹੁਣ ਦੇ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਹੱਲ ਦਾ ਭਰੋਸਾ
ਦਰਗਾਹ ਸੰਘਰਸ਼ ਕਮੇਟੀ ਨਾਲ ਇਸੇ ਹਫ਼ਤੇ ਚਰਚਾ ਕਰ ਕੇ ਹੱਲ ਕੱਢਿਅਾ ਜਾਵੇਗਾ: ਨਾਇਬ ਤਹਿਸੀਲਦਾਰ
ਇਥੇ ਗਰੀਨ ਫ਼ੀਲਡ ਸ਼ਾਹਰਾਹ ਦੀ ਮਾਰ ਹੇਠ ਆਉਣ ਵਾਲੀ ਪਿੰਡ ਹਲਵਾਰਾ ਦੀ ਬਾਬਾ ਮਾਣਕ ਸ਼ਾਹ ਦਰਗਾਹ ਨੂੰ ਢਾਹੁਣ ਦੀ ਤਜਵੀਜ਼ ਖ਼ਿਲਾਫ਼ ਪਿੰਡ ਵਾਸੀਆਂ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਮਾਲ ਵਿਭਾਗ ਅਤੇ ਕੌਮੀ ਮਾਰਗ ਅਥਾਰਿਟੀ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਦੀ ਅਗਵਾਈ ਵਾਲੀ ਟੀਮ ਨੇ ਦਰਗਾਹ ਦੇ ਮੁੱਖ ਸੇਵਾਦਾਰ ਬੂਟਾ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਤੇ ਕਿਸਾਨ ਆਗੂ ਅਮਰੀਕ ਸਿੰਘ ਹਲਵਾਰਾ ਨਾਲ ਮੁਲਾਕਾਤ ਕੀਤੀ ਅਤੇ ਜਲਦੀ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਹੈ।
ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਅਨੁਸਾਰ ਇਸੇ ਹਫ਼ਤੇ ਐੱਸ ਡੀ ਐੱਮ ਰਾਏਕੋਟ ਉਪਿੰਦਰਜੀਤ ਕੌਰ ਬਰਾੜ ਵੱਲੋਂ ਦਰਗਾਹ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰ ਕੇ ਸਮੱਸਿਆ ਦੇ ਹੱਲ ਬਾਰੇ ਚਰਚਾ ਕੀਤੀ ਜਾਵੇਗੀ। ਉੱਧਰ ਦਰਗਾਹ ਦੇ ਮੁੱਖ ਸੇਵਾਦਾਰ ਬੂਟਾ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਤੇ ਕਿਸਾਨ ਆਗੂ ਅਮਰੀਕ ਸਿੰਘ ਹਲਵਾਰਾ ਨੇ ਕੌਮੀ ਮਾਰਗ ਅਥਾਰਿਟੀ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਦਰਗਾਹ ਨੂੰ ਕੋਈ ਨੁਕਸਾਨ ਪਹੁੰਚਾਇਆ ਗਿਆ ਤਾਂ ਲੁਧਿਆਣਾ-ਬਠਿੰਡਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਦਰਗਾਹ ਨੂੰ ਢਾਹੁਣ ਦੀਆਂ ਕਨਸੋਆਂ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ ਕਿਉਂਕਿ ਇਸ ਦਾ ਕੁਝ ਹਿੱਸਾ ਲੁਧਿਆਣਾ-ਬਠਿੰਡਾ ਗ੍ਰੀਨ ਫ਼ੀਲਡ ਹਾਈਵੇਅ ਦੇ ਰਸਤੇ ਵਿੱਚ ਆ ਰਿਹਾ ਹੈ। ਦਰਗਾਹ ਦੇ ਸ਼ਰਧਾਲੂਆਂ ਨੇ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਵੀ ਦਿੱਤਾ ਹੈ।

