ਆਦਰਸ਼ ਸਕੂਲ ਟੀਚੰਗ-ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਵੱਲੋਂ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੂਨ
ਆਦਰਸ਼ ਸਕੂਲ ਟੀਚਿੰਗ-ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਟ੍ਰੈਫਿਕ ਵੀ ਰੋਕਿਆ ਗਿਆ ਜਿਸ ਕਰਕੇ ਭਾਰਤ ਨਗਰ ਚੌਕ ਨੂੰ ਜਾਂਦੀਆਂ ਸੜਕਾਂ ’ਤੇ ਟਰੈਫਿਕ ਜਾਮ ਹੋ ਗਿਆ। ਐੱਸਡੀਐੱਮ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਅਦ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਖਤਮ ਕੀਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੁਖਦੀਪ ਕੌਰ ਸਰਾਂ, ਮੀਨੂ ਬਾਲਾ ਤੇ ਸਲੀਮ ਮੁਹੰਮਦ ਦਾ ਕਹਿਣਾ ਸੀ ਕਿ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਭਗਵੰਤ ਮਾਨ ਵੱਲੋਂ ਯੂਨੀਅਨ ਨੂੰ ਕੋਈ ਮੀਟਿੰਗ ਨਾ ਦੇਣ ਦੇ ਰੋਸ ਵਜੋਂ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ। ਬੱਸ ਸਟੈਂਡ ਲੁਧਿਆਣਾ ਤੋਂ ਭਾਰਤ ਨਗਰ ਚੌਂਕ ਤੱਕ ਰੋਸ ਰੈਲੀ ਕੱਢੀ ਗਈ, ਜਿਸ ’ਚ ਸੂਬੇ ਭਰ ਦੇ ਵੱਖ ਵੱਖ ਆਦਰਸ਼ ਸਕੂਲਾਂ ਦੇ ਸੈਕੜੇ ਮੁਲਾਜਮਾ ਵਲੋਂ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕਾ ਵਲੋ ਦਿੱਤੇ ਇਸ ਰੋਸ ਧਰਨੇ ਕਰਕੇ ਪੰਜਾਬ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਫੂਕ ਨਿਕਲ ਗਈ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਯੂਨੀਅਨ ਆਗੂਆਂ ਨੇ ਕਿਹਾ ਕਿ ਆਦਰਸ਼ ਸਕੂਲਾਂ ਦੇ ਨਾਮ ’ਤੇ ਕਰੋੜਾਂ ਰੁਪਏ ਦੇ ਬਜਟ ਪਾਸ ਕਰਕੇ ਵੀ ਅਧਿਆਪਕਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ ਅਤੇ ਸਿੱਖਿਆ ਵਿਭਾਗ ਵੱਲੋਂ ਇਨਾਂ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਹਰ ਇੱਕ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਹਾਲੇ ਤੱਕ ਕੋਈ ਰਾਹਤ ਦਾ ਸੁਨੇਹਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਟੇਜਾਂ ਤੇ ਖੜ ਕੇ ਹਿੱਕ ਥਾਪੜ ਕੇ ਅਧਿਆਪਕਾਂ ਨੂੰ ਰੱਬ ਦਾ ਰੂਪ ਦੱਸਣ ਵਾਲੇ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੇ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਉਨ੍ਹਾਂ ਦਾ ਇੱਕ ਵਾਰ ਵੀ ਜਥੇਬੰਦੀ ਨੂੰ ਬੁਲਾ ਕੇ ਗੱਲ ਕਰਨ ਦਾ ਸਮਾਂ ਨਹੀਂ ਲੱਗਾ। ਇਸ ਮੌਕੇ ਯੂਨੀਅਨ ਵੱਲੋਂ ਚੱਕਾ ਜਾਮ ਕੀਤਾ ਗਿਆ ਅਤੇ ਸੂਬਾ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕਰਕੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਅਦਿਆਂ ਤੋਂ ਮੁਕਰਨ ਵਾਲੀ ਇਸ ਸਰਕਾਰ ਨੂੰ ਜ਼ਿਮਨੀ ਚੋਣਾਂ ਵਿੱਚ ਜਰੂਰ ਸਬਕ ਸਿਖਾਓ। ਇਸ ਮੌਕੇ ਜਥੇਬੰਦੀ ਦੇ ਭੁਪਿੰਦਰ ਕੌਰ, ਸਰਬਜੀਤ ਕੌਰ, ਜਗਸੀਰ ਸਿੰਘ, ਗੁਰਜਿੰਦਰ ਰਾਮ, ਰਸ਼ਪਾਲ ਸਿੰਘ, ਓਮਾ ਮਾਧਵੀ, ਸੰਜੀਵ ਕੁਮਾਰ, ਸੰਦੀਪ ਸਿੰਘ, ਦੀਪਕ ਕੁਮਾਰ ਮਨਮੋਹਨ ਸਿੰਘ, ਜਸਵਿੰਦਰ ਕੌਰ, ਨਵਰੀਤ ਕੌਰ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਜਗਤਾਰ ਸਿੰਘ, ਸੁਖਚੈਨ ਸਿੰਘ, ਗੁਰਚਰਨ ਸਿੰਘ, ਮਨਪ੍ਰੀਤ ਕੌਰ ਆਦਿ ਮੌਜੂਦ ਸਨ । ਐਸ ਡੀ ਐਮ ਲੁਧਿਆਣਾ ਮੈਡਮ ਕੋਮਲ ਪ੍ਰੀਤ ਨੇ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਦਾ ਪੱਤਰ ਕੱਲ ਤੱਕ ਯੂਨੀਅਨ ਨੂੰ ਭੇਜ ਦਿੱਤਾ ਜਾਵੇਗਾ।