ਆਦਮ ਕੱਦ ਪਤੰਗ ਬਣਨ ਲੱਗੇ ਨੌਜਵਾਨਾਂ ਦੀ ਪਹਿਲੀ ਪਸੰਦ
ਸਤਵਿੰਦਰ ਬਸਰਾ
ਲੁਧਿਆਣਾ, 7 ਜਨਵਰੀ
ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਸਨਅਤੀ ਸ਼ਹਿਰ ਅਤੇ ਆਸ-ਪਾਸ ਦੇ ਬਾਜ਼ਾਰਾਂ ਵਿੱਚ ਲੋਹੜੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਵੀ ਇੱਥੋਂ ਦੇ ਦਰੇਸੀ ਮੈਦਾਨ ਅਤੇ ਹੋਰ ਥਾਵਾਂ ’ਤੇ ਪਤੰਗਾਂ ਦੀਆਂ ਦੁਕਾਨਾਂ ਸਜ ਗਈਆਂ ਹਨ। ਇਸ ਵਾਰ ਨੌਜਵਾਨਾਂ ਵਿੱਚ ਆਦਮ ਕੱਦ ਪਤੰਗ ਪਹਿਲੀ ਪਸੰਦ ਬਣ ਚੁੱਕੇ ਹਨ। ਚੀਨ ਦੀ ਪਲਾਸਟਿਕ ਡੋਰ ਦਾ ਕਾਟ ਦੇਸੀ ਡੋਰ ਵੀ ਦੁਕਾਨਾਂ ਵਿੱਚ ਵਿਕਣ ਲਈ ਪਹੁੰਚ ਗਈ ਹੈ।
ਲੋਹੜੀ ਮੌਕੇ ਸੂਬੇ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਲੁਧਿਆਣਾ ਵਿੱਚ ਸਭ ਤੋਂ ਵੱਧ ਪਤੰਗਾਂ ਅਤੇ ਡੋਰ ਦਾ ਵਪਾਰ ਹੁੰਦਾ ਹੈ। ਪਤੰਗਾਂ ਦੀ ਸੂਬੇ ਦੀ ਸਭ ਤੋਂ ਵੱਡੀ ਮਾਰਕੀਟ ਵੀ ਲੁਧਿਆਣਾ ਦੇ ਦਰੇਸੀ ਮੈਦਾਨ ਨੇੜੇ ਬਣੀ ਹੋਈ ਹੈ। ਅੱਜ-ਕਲ੍ਹ ਇਸ ਮਾਰਕੀਟ ਵਿੱਚ ਸੋਹਣੇ ਰੰਗਾਂ ਅਤੇ ਡਿਜ਼ਾਈਨਾਂ ਦੇ ਰੱਖੇ ਪਤੰਗ, ਪਤੰਗਬਾਜ਼ਾਂ ਨੂੰ ਮੱਲੋ-ਮੱਲੀ ਆਪਣੇ ਵੱਲ ਖਿੱਚ ਰਹੇ ਹਨ। ਦੁਕਾਨਾਂ ’ਤੇ ਭਾਵੇਂ ਹਰ ਸਾਈਜ਼ ਦੇ ਪਤੰਗ ਰੱਖੇ ਹੋਏ ਹਨ ਪਰ ਨੌਜਵਾਨਾਂ ਦੀ ਪਹਿਲੀ ਪਸੰਦ ਆਦਮ ਕੱਦ ਪਤੰਗ ਬਣਦੇ ਜਾ ਰਹੇ ਹਨ। ਪਤੰਗਾਂ ’ਤੇ ਬਣੇ ਡਿਜ਼ਾਈਨ ਕਰਕੇ ਇੰਨਾਂ ਨੂੰ ਵੱਖੋ ਵੱਖਰੇ ਨਾਵਾਂ ਨਾਲ ਵੀ ਬੁਲਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਛੱਜ, ਪਰਾ, ਲਖਨਊ ਕਾਟ, ਚੰਦ-ਤਾਰਾ, ਸਲੇਟ, ਆਂਡਾ, ਤਿਰੰਗਾ, ਭੂਤ, ਅੱਖਲ, ਡੰਡਾ, ਭੱਖੜ, ਤੁੱਕਲ ਆਦਿ ਨਾਮ ਮਸ਼ਹੂਰ ਹਨ।
ਇਸ ਵਾਰ ਬੱਚਿਆਂ ਲਈ ਕਾਰਟੂਨਾਂ ਦੀਆਂ ਫੋਟੋਆਂ ਵਾਲੇ, ਨੌਜਵਾਨਾਂ ਦੀ ਪਸੰਦ ਹਥਿਆਰਾਂ ਦੀਆਂ ਤਸਵੀਰਾਂ ਅਤੇ ਦਿਲ ਦੇ ਨਿਸ਼ਾਨ ਵਾਲੇ, ਵੱਖ-ਵੱਖ ਦੇਸ਼ਾਂ ਦੇ ਕੌਮੀ ਝੰਡਿਆਂ ਦੇ ਰੰਗਾਂ ਵਾਲੇ ਪਤੰਗ ਵੀ ਆਪਣੀ ਛਾਪ ਛੱਡਦੇ ਨਜ਼ਰ ਆ ਰਹੇ ਹਨ।
ਰਾਜਸਥਾਨ, ਗੁਜਰਾਤ ਤੇ ਉਤਰ ਪ੍ਰਦੇਸ਼ ਤੋਂ ਆ ਰਹੇ ਨੇ ਪਤੰਗ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਭਾਵੇਂ ਲੁਧਿਆਣਾ ਵਿੱਚ ਵੀ ਕਈ ਪਤੰਗ ਬਣਾਉਣ ਵਾਲੇ ਹਨ ਪਰ ਜ਼ਿਆਦਾ ਪਤੰਗ ਰਾਜਸਥਾਨ, ਗੁਜਰਾਤ, ਉਤਰ ਪ੍ਰਦੇਸ਼ ਆਦਿ ਸੂਬਿਆਂ ਵਿੱਚੋਂ ਤਿਆਰ ਹੋ ਕੇ ਆਉਂਦੇ ਹਨ। ਇੰਨਾਂ ਵਿੱਚੋਂ ਵਧੀਆ ਕਾਗਜ਼ ਤੋਂ ਤਿਆਰ ਅਤੇ ਪਲਾਸਟਿਕ ਦੇ ਬਣੇ ਪਤੰਗ ਵੱਧ ਖ਼ਰੀਦੇ ਜਾ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਪਤੰਗ ਦੀ ਕੀਮਤ ਦੋ ਰੁਪਏ ਤੋਂ ਸ਼ੁਰੂ ਹੋ ਕੇ 500 ਰੁਪਏ ਤੱਕ ਹੈ। ਇਸ ਤੋਂ ਇਲਾਵਾ ਚੀਨ ਦੀ ਪਲਾਸਟਿਕ ਡੋਰ ਨੂੰ ਕਾਟ ਕਰਨ ਵਾਲੀ ਦੇਸੀ ਮਾਂਝੇ ਵਾਲੀ ਡੋਰ ਵੀ ਬਾਜ਼ਾਰ ਵਿੱਚ ਪਹੁੰਚ ਚੁੱਕੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਡੋਰ ਲਚਕੀਲੀ ਨਾ ਹੋਣ ਕਰਕੇ ਪਲਾਸਟਿਕ ਦੀ ਚੀਨੀ ਡੋਰ ਦੀ ਤਰ੍ਹਾਂ ਨੁਕਸਾਨ ਨਹੀਂ ਕਰਦੀ।