ਏਸ਼ੀਆ ਦੀ ਸਾਈਕਲ ਅਤੇ ਸਾਈਕਲ ਪੁਰਜ਼ੇ ਬਣਾਉਣ ਵਾਲੇ ਸਨਅਤਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੀ 29 ਅਗਸਤ ਨੂੰ ਹੋਣ ਵਾਲੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇੱਥੇ ਛੋਟੇ ਸਾਈਕਲ ਸਨਅਤਕਾਰਾਂ ਦੇ ਆਗੂ ਡੀ ਐੱਸ ਚਾਵਲਾ ਵੱਲੋਂ ਵੱਖ-ਵੱਖ ਅਹੁਦਿਆਂ ਲਈ ਆਪਣੀ ਟੀਮ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਾਈਕਲ ਸਨਅਤ ਨਾਲ ਜੁੜੇ ਸੈਂਕੜੇ ਛੋਟੇ ਕਾਰਖਾਨੇਦਾਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਚਾਵਲਾ ਗਰੁੱਪ ਨੂੰ ਬਾਹਾਂ ਖੜ੍ਹੀਆਂ ਕਰ ਕੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਥੇਬੰਦੀ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਕਰਮਾ, ਜੀਵਨ ਸੂਦ, ਅਛਰੂ ਰਾਮ ਗੁਪਤਾ, ਜਗਮੋਹਨ ਸਿੰਘ ਮਾਰਸ਼ਲ, ਅਸ਼ਵਨੀ ਗੋਇਲ, ਜਗਤਵੀਰ ਸਿੰਘ ਬਿੱਟੂ, ਅਮਰੀਕ ਸਿੰਘ ਘੜਿਆਲ, ਵਿਨੀਤ ਕਪੂਰ, ਰਾਜੇਸ਼ ਮੰਗਲਾ, ਇਕਬਾਲ ਸਿੰਘ ਡੀਕੋ, ਰਜਨੀਸ਼ ਗੁਪਤਾ, ਰਮਨ ਘਈ, ਬੰਟੀ ਮਲਹੋਤਰਾ ਅਤੇ ਬੌਬੀ ਮਾਰਟਨ ਹਾਜ਼ਰ ਸਨ।
ਸ੍ਰੀ ਚਾਵਲਾ ਨੇ ਐਲਾਨ ਕੀਤਾ ਕਿ ਉਹ ਛੋਟੇ ਸਾਈਕਲ ਸਨਅਤਕਾਰਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਕੰਮ ਕਰਨਗੇ ਅਤੇ ਬੇਲਗਾਮ ਹੋਈ ਅਫ਼ਸਰਸ਼ਾਹੀ ਦੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੈਦਾਨ ਵਿੱਚ ਨਿਤਰਨਗੇ। ਉਨ੍ਹਾਂ ਮਿਕਸ ਲੈਂਡ ਦਾ ਮਸਲਾ ਵੀ ਹੱਲ ਕਰਾਉਣ ਦਾ ਐਲਾਨ ਕੀਤਾ।
ਉਨ੍ਹਾਂ ਆਪਣੀ ਟੀਮ ਦਾ ਐਲਾਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਜਸਵਿੰਦਰ ਸਿੰਘ ਠੁਕਰਾਲ, ਮੀਤ ਪ੍ਰਧਾਨ ਲਈ ਰੋਹਿਤ ਰਹੇਜਾ, ਜਨਰਲ ਸਕੱਤਰ ਲਈ ਵਰੁਣ ਕਪੂਰ, ਸਕੱਤਰ ਲਈ ਵਰੁਣ ਅਗਰਵਾਲ, ਸੰਯੁਕਤ ਸਕੱਤਰ ਲਈ ਵਿੱਕੀ ਦੁਰਗਾ, ਪ੍ਰਾਪੇਗੰਡਾ ਸਕੱਤਰ ਲਈ ਹਰਦੀਪ ਸਿੰਘ ਸੋਹਲ ਅਤੇ ਵਿੱਤ ਸਕੱਤਰ ਲਈ ਗੌਰਵ ਸੂਦ ਨੂੰ ਉਮੀਦਵਾਰ ਐਲਾਨਿਆ।