ਅਨੁਸ਼ਾਸਨ ਭੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ: ਅੰਮ੍ਰਿਤਾ
ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਜਲਸੇ ਕੀਤੇ; ਕਾਂਗਰਸ ਦੇ ਰਾਹ ’ਚ ਅਡ਼ਿੱਕੇ ਪਾਉਣ ਦੇ ਦੋਸ਼
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਅੱਜ ਜਗਰਾਉਂ ਹਲਕੇ ਦੇ ਪਿੰਡਾਂ ਵਿੱਚ ਅੱਧੀ ਦਰਜਨ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਸੱਤਾ ਪ੍ਰਾਪਤੀ ਵੱਲ ਵਧ ਰਹੀ ਹੈ। ਇਸ ਗੱਲ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਸਣੇ ਬਾਕੀਆਂ ਧਿਰਾਂ ਭਲੀਭਾਂਤ ਜਾਣੂ ਹਨ। ਕਾਂਗਰਸ ਨੂੰ ਸੱਤਾ ਪ੍ਰਾਪਤੀ ਤੋਂ ਰੋਕਣ ਲਈ ਉਸਦੇ ਰਾਹ ਵਿੱਚ ਇਕ ਗਿਣੀ-ਮਿਥੀ ਸਾਜਿਸ਼ ਤਹਿਤ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਸਭ ਸਮਝਦੇ ਹਨ। ਇਕ ਵਾਰ ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਆ ਚੁੱਕੇ ਇਹ ਲੋਕ ਦੁਬਾਰਾ ਗ਼ਲਤੀ ਨਹੀਂ ਕਰਨਗੇ। ਜ਼ਿਲ੍ਹਾ ਪਰਿਸ਼ਦ ਦੇ ਗਾਲਿਬ ਕਲਾਂ ਜ਼ੋਨ ਤੋਂ ਉਮੀਦਵਾਰ ਹਰਿੰਦਰ ਚਾਹਲ ਦੇ ਹੱਕ ਵਿੱਚ ਪਿੰਡ ਸ਼ੇਖਦੌਲਤ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਹੁਣ ਕਾਂਗਰਸ ਹਾਈ ਕਮਾਂਡ ਅਨੁਸ਼ਾਸਨ ਭੰਗ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤੀ ਨਾਲ ਨਜਿੱਠੇਗੀ ਕਿਉਂਕਿ ਅਜਿਹੇ ਕੁਝ ਆਗੂ ਚੋਣ ਮੌਕੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਜਗਰਾਉਂ ਹਲਕੇ ਦੇ ਵੋਟਰਾਂ ਨੂੰ ਲੋਕ ਸਭਾ ਚੋਣਾਂ ਵਾਂਗ ਇਨ੍ਹਾਂ ਚੋਣਾਂ ਅੰਦਰ ਵੀ ਇਤਿਹਾਸ ਸਿਰਜਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਇਹ ਚੋਣਾਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਾਂਗ ਹਨ। ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਵਰਤਮਾਨ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਜਗਰਾਉਂ ਹਲਕੇ ਨੇ ਹਮੇਸ਼ਾ ਕਾਂਗਰਸ ਪਾਰਟੀ ਨੂੰ ਮਾਣ-ਸਨਮਾਨ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਵੀ ਉਨ੍ਹਾਂ ਵੱਧ ਸੀਟਾਂ ਜਿੱਤ ਕੇ ਕਾਂਗਰਸ ਦੇ ਮੋਹਰੀ ਹੋਣ ਦੀ ਉਮੀਦ ਪ੍ਰਗਟਾਈ। ਇਸ ਮੌਕੇ ਕਾਂਗਰਸੀ ਆਗੂ ਰਾਜੇਸ਼ਇੰਦਰ ਸਿੱਧੂ, ਕੁਲਵੰਤ ਸਿੰਘ ਡਾਂਗੀਆਂ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਬਲਾਕ ਪ੍ਰਧਾਨ ਨਵਦੀਪ ਗਰੇਵਾਲ, ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਸਰਬਜੀਤ ਸਿੰਘ ਖਹਿਰਾ, ਅਮਰਜੀਤ ਸਿੰਘ, ਪਰਮਿੰਦਰ ਸਿੰਘ ਲੋਧੀਵਾਲ, ਦਰਸ਼ ਗਾਲਿਬ ਆਦਿ ਮੌਜੂਦ ਸਨ।

