ਇਸ਼ਤਿਹਾਰਬਾਜ਼ੀ ਲਈ ਰੁੱਖਾਂ ’ਚ ਕਿੱਲਾਂ ਠੋਕਣ ਖ਼ਿਲਾਫ਼ ਹੋਵੇਗੀ ਕਾਰਵਾਈ
ਜ਼ਿੰਮੇਵਾਰ ਵਿਅਕਤੀਆਂ ਨੂੰ ਨੋਟਿਸ ਭੇਜੇ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਜੰਗਲਾਤ ਅਧਿਕਾਰੀ
ਕੌਮੀ ਅਤੇ ਰਾਜ ਮਾਰਗਾਂ ਉਪਰ ਖੜ੍ਹੇ ਹਰੇ ਭਰੇ ਰੁੱਖਾਂ ਦੇ ਤਣਿਆਂ ਵਿੱਚ ਕਾਰੋਬਾਰੀਆਂ ਵੱਲੋਂ ਇਸ਼ਤਿਹਾਰਬਾਜ਼ੀ ਲਈ ਗੱਡੇ ਤਿੱਖੇ ਕਿੱਲਾਂ ਦੀ ਪੀੜ ਬਨਾਸਪਤੀ ਵਿਗਿਆਨੀਆਂ ਨੇ ਵੀ ਮਹਿਸੂਸ ਕੀਤੀ ਹੈ ਅਤੇ ਰੁੱਖਾਂ ਦੀ ਰਾਖੀ ਲਈ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉੱਘੇ ਬਨਾਸਪਤੀ ਵਿਗਿਆਨੀ ਪ੍ਰੋਫੈਸਰ ਨਿੱਤਨੇਮ ਸਿੰਘ ਬਰਾੜ ਨੇ ਕਿਹਾ ਕਿ ਰੁੱਖ ਵੀ ਮਨੁੱਖਾਂ ਵਾਂਗ ਜਾਨਦਾਰ ਸ਼੍ਰੇਣੀ ਵਿੱਚ ਸ਼ੁਮਾਰ ਹਨ। ਉਨ੍ਹਾਂ ਕਿਹਾ ਕਿ ਤਿੱਖੀਆਂ ਕਿੱਲਾਂ ਗੱਡਣ ਨਾਲ ਰੁੱਖ ਵੀ ਮਨੁੱਖਾਂ ਵਾਂਗ ਜ਼ਖ਼ਮਾਂ ਦਾ ਦਰਦ ਮਹਿਸੂਸ ਕਰਦੇ ਹਨ ਅਤੇ ਮਨੁੱਖਾਂ ਨਾਲੋਂ ਵੀ ਵਧੇਰੇ ਸੰਵੇਦਨਸ਼ੀਲ ਹਨ। ਉਨ੍ਹਾਂ ਕਿਹਾ ਕਿ ਕਿੱਲ ਗੱਡਣ ਨਾਲ ਰੁੱਖਾਂ ਵਿੱਚ ਜ਼ਖ਼ਮਾਂ ਰਾਹੀਂ ਕੀੜਿਆਂ ਅਤੇ ਬਿਮਾਰੀਆਂ ਦਾ ਦਾਖਲਾ ਹੁੰਦਾ ਹੈ ਅਤੇ ਪਾਣੀ ਅਤੇ ਪੌਸ਼ਟਿਕ ਤੱਤਾਂ ਦੇ ਪ੍ਰਵਾਹ ਵਿੱਚ ਵਿਘਨ ਪੈਂਦਾ ਹੈ। ਧਾਤ ਤੋਂ ਪੈਦਾ ਹੋਣ ਵਾਲੇ ਜ਼ਹਿਰੀਲੇ ਰਸਾਇਣ ਸਿਹਤਮੰਦ ਰੁੱਖ ਦੀ ਮੌਤ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸੜਕਾਂ ਕਿਨਾਰੇ ਖੜ੍ਹੇ ਬਹੁਤ ਸਾਰੇ ਰੁੱਖ ਇਸੇ ਕਾਰਨ ਮਰ ਵੀ ਰਹੇ ਹਨ।
ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਰਾਏਕੋਟ ਤੋਂ ਮੁੱਲਾਂਪੁਰ, ਰਾਏਕੋਟ ਤੋਂ ਮਹਿਲ ਕਲਾਂ ਤੋਂ ਇਲਾਵਾ ਜਗਰਾਉਂ ਤੋਂ ਮਲੇਰਕੋਟਲਾ ਕੌਮੀ ਮਾਰਗ ਉਪਰ ਖੜ੍ਹੇ ਹਰੇ-ਭਰੇ ਰੁੱਖਾਂ ਉਪਰ ਬਹੁਤ ਸਾਰੇ ਕਾਰੋਬਾਰੀਆਂ ਵੱਲੋਂ ਇਸ਼ਤਿਹਾਰਬਾਜ਼ੀ ਲਈ ਸ਼ਰੇਆਮ ਤਿੱਖੇ ਕਿੱਲ ਗੱਡ ਕੇ ਬੋਰਡ ਲਾਏ ਗਏ ਹਨ। ਇਸ ਮਾਮਲੇ ਵਿੱਚ ਪੰਜਾਬ ਦਾ ਜੰਗਲਾਤ ਵਿਭਾਗ ਖ਼ਾਮੋਸ਼ ਹੈ। ਇਸ ਬਾਰੇ ਜੰਗਲਾਤ ਵਿਭਾਗ ਜਗਰਾਉਂ ਦੇ ਰੇਂਜ ਅਫ਼ਸਰ ਸੁਖਪਾਲ ਸਿੰਘ ਬੱਸੀਆਂ ਅਤੇ ਮੁੱਲਾਂਪੁਰ ਸਰਕਲ ਦੀ ਵਣ-ਗਾਰਡ ਪਰਮਿੰਦਰ ਕੌਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਇਸ ਮਾਮਲੇ ਵਿੱਚ ਸਬੰਧਿਤ ਕਾਰੋਬਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਕਾਨੂੰਨੀ ਨੋਟਿਸ ਜਲਦੀ ਭੇਜੇ ਜਾਣਗੇ ਅਤੇ ਇਸ਼ਤਿਹਾਰਬਾਜ਼ੀ ਵਾਲੇ ਇਹ ਬੋਰਡ ਵੀ ਫ਼ੌਰੀ ਹਟਾ ਦਿੱਤੇ ਜਾਣਗੇ।