ਲੁਧਿਆਣਾ ਸ਼ਹਿਰ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਉਣ ਲਈ ਨਗਰ ਨਿਗਮ ਅਤੇ ਤਹਿਬਾਜ਼ਾਰੀ ਵਿਭਾਗ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਤੇਜ਼ ਕੀਤੀ ਹੋਈ ਹੈ। ਇਸ ਮੁਹਿੰਮ ਤਹਿਤ ਅੱਜ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ ਦੀ ਅਗਵਾਈ ਹੇਠਠ ਨਿਗਮ ਅਤੇ ਤਹਿਬਾਜ਼ਾਰੀ ਦੇ ਚਾਰ ਜ਼ੋਨਾਂ ਦੇ ਅਧਿਕਾਰੀਆਂ ਨੇ ਫੀਲਡ ਗੰਜ ਇਲਾਕੇ ਵਿੱਚ ਸੜਕ ’ਤੇ ਸਾਮਾਨ ਰੱਖਣ ਵਾਲੇ ਫੜ੍ਹੀ ਵਾਲੇ ਅਤੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ। ਇਸ ਮੁਹਿੰਮ ਦੌਰਾਨ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਗੁਰਪਾਲ ਸਿੰਘ, ਤਹਿਬਾਜ਼ਾਰੀ ਦੇ ਇੰਸਪੈਕਟਰ ਸੁਨੀਲ ਕੁਮਾਰ, ਵਿਪਨ ਹਾਂਡਾ, ਸੰਜੀਤ, ਕੁਸ਼ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਸ੍ਰੀ ਪਰਾਸ਼ਰ ਨੇ ਕਿਹਾ ਕਿ ਫੀਲਡ ਗੰਜ ਸੜਕ ਦੇ ਨਾਲ ਸਿਵਲ ਹਸਪਤਾਲ ਅਤੇ ਸੀ ਐੱਮ ਸੀ ਹਸਪਤਾਲ ਪੈਂਦੇ ਹਨ ਜਿਸ ਕਰਕੇ ਇਸ ਸੜਕ ਤੋਂ ਐਂਬੂਲੈਂਸਾਂ ਮਰੀਜ਼ਾਂ ਨੂੰ ਲੈ ਕੇ ਆਉਂਦੀਆਂ-ਜਾਂਦੀਆਂ ਹਨ। ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਸਾਮਾਨ ਰੱਖਿਆ ਜਾਦਾ ਹੈ ਜਿਸ ਕਾਰਨ ਐਂਬੂਲੈਂਸਾਂ ਨੂੰ ਲੰਘਣ ਵਿੱਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਨਿਰਧਾਰਿਤ ਥਾਂ ਦੇ ਅੰਦਰ ਹੀ ਰੱਖਣ। ਉਨ੍ਹਾਂ ਕਿਹਾ ਕਿ ਅੱਜ ਵੀ ਸਿਰਫ ਉਨ੍ਹਾਂ ਦੁਕਾਨਦਾਰਾਂ/ਫੜ੍ਹੀ ਵਾਲਿਆਂ ਖ਼ਿਲਾਫ਼ ਕਾਰਵਾਈ ਹੋਈ ਹੈ ਜਿਨ੍ਹਾਂ ਨੇ ਆਪਣਾ ਸਾਮਾਨ ਬਾਹਰ ਰੱਖਿਆ ਹੋਇਆ ਸੀ। ਦੂਜੇ ਪਾਸੇ ਕਈ ਲੋਕਾਂ ਦਾ ਕਹਿਣਾ ਸੀ ਕਿ ਨਿਗਮ ਅਤੇ ਸਬੰਧਤ ਵਿਭਾਗਾਂ ਦੀਆਂ ਟੀਮਾਂ ਦੇ ਆਉਣ ’ਤੇ ਦੁਕਾਨਦਾਰਾਂ/ਫੜ੍ਹੀ ਵਾਲਿਆਂ ਵੱਲੋਂ ਆਪਣਾ ਸਾਮਾਨ ਚੁੱਕ ਕੇ ਅੰਦਰ ਕਰ ਲਿਆ ਜਾਂਦਾ ਹੈ ਪਰ ਟੀਮ ਦੇ ਜਾਣ ਤੋਂ ਬਾਅਦ ਦੁਬਾਰਾ ਸੜਕਾਂ ’ਤੇ ਸਜਾ ਦਿੱਤਾ ਜਾਂਦਾ ਹੈ।

