ਅਕਾਲੀ ਦਲ ਦੀ ਚੜ੍ਹਤ ਤੋਂ ‘ਆਪ’ ’ਚ ਬੁਖਲਾਹਟ: ਢਿੱਲੋਂ
ਅਕਾਲੀ ਅਾਗੂ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਉਮੀਦਵਾਰਾਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਵੱਲੋਂ ਅੱਜ ਬੇਟ ਖੇਤਰ ਦੇ ਪਿੰਡਾਂ ਵਿਚ ਜ਼ਿਲ੍ਹਾ ਪਰਿਸ਼ਦ ਜ਼ੋਨ ਨੀਲੋਂ ਕਲਾਂ ਤੋਂ ਉਮੀਦਵਾਰ ਹਰਜੋਤ ਸਿੰਘ ਮਾਂਗਟ ਅਤੇ ਬਲਾਕ ਸਮਿਤੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਪਰਮਜੀਤ ਢਿੱਲੋਂ ਵਲੋਂ ਅੱਜ ਪਿੰਡ ਬੈਰਸਾਲ ਖੁਰਦ, ਪੰਜਗਰਾਈਆਂ, ਸ਼ੇਰਪੁਰ ਬੇਟ, ਹੇਡੋਂ ਬੇਟ ਆਦਿ ਪਿੰਡਾਂ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਹੀ ਮਹੀਨਿਆਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ‘ਆਪ’ ਸਰਕਾਰ ਬੁਖਲਾਹਟ ਵਿੱਚ ਆਈ ਹੋਈ, ਜੋ ਇਨ੍ਹਾਂ ਚੋਣਾਂ ਵਿੱਚ ਆਪਣੀ ਹਾਰ ਨੂੰ ਦੇਖ ਕੇ ਅਕਾਲੀ ਵਰਕਰਾਂ ’ਤੇ ਦਬਾਅ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡਾਂ ਦੇ ਲੋਕ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹਾਂ ਦੌਰਾਨ ਦਿੱਤੇ ਸਾਥ ਦੀ ਸ਼ਲਾਘਾ ਕਰਦੇ ਹੋਏ ਆਪ ਮੁਹਾਰੇ ਨਾਲ ਜੁੜ ਰਹੇ ਹਨ। ਪਰਮਜੀਤ ਢਿੱਲੋਂ ਨੇ ਕਿਹਾ ਕਿ ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਇਹ ਯਕੀਨੀ ਬਣਾਏਗੀ ਕਿ ਹੁਣ ਲੋਕ ‘ਆਪ’ ਸਰਕਾਰ ਨੂੰ ਲਾਂਭੇ ਕਰਨਾ ਚਾਹੁੰਦੇ ਹਨ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਜ਼ੋਨ ਨੀਲੋਂ ਕਲਾਂ ਤੋਂ ਉਮੀਦਵਾਰ ਹਰਜੋਤ ਸਿੰਘ ਮਾਂਗਟ ਨੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਜੋ ਕਿ ਪੰਜਾਬ ਦੇ ਹਿੱਤਾਂ ’ਤੇ ਪਹਿਰਾ ਦਿੰਦੀ ਹੈ ਜਦਕਿ ‘ਆਪ’ ਅਤੇ ਕਾਂਗਰਸ ਦੇ ਆਗੂ ਦਿੱਲੀ ਬੈਠੇ ਆਪਣੀ ਹਾਈਕਮਾਂਡ ਦੇ ਇਸ਼ਾਰਿਆਂ ’ਤੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਨੂੰ ਕਰਜ਼ੇ ਤੋਂ ਬਚਾਅ ਕੇ ਖੁਸ਼ਹਾਲ ਬਣਾਉਣਾ ਹੈ ਤਾਂ ਕਾਂਗਰਸ ਤੇ ‘ਆਪ’ ਉਮੀਦਵਾਰਾਂ ਨੂੰ ਹਰਾ ਕੇ 2027 ਵਿੱਚ ਅਕਾਲੀ ਦਲ ਦੀ ਜਿੱਤ ਦਾ ਮੁੱਢ ਬੰਨ੍ਹਣਾ ਪਵੇਗਾ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਹਰਜਤਿੰਦਰ ਸਿੰਘ ਪਵਾਤ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਦਰਸ਼ਨ ਸਿੰਘ ਮਿੱਠੇਵਾਲ, ਜਸਪਾਲ ਸਿੰਘ ਜੱਜ, ਕੁਲਜਿੰਦਰ ਸਿੰਘ ਖੇੜਾ, ਗੁਰਜੀਤ ਸਿੰਘ ਮਿੱਠੇਵਾਲ, ਸੁਰਮੁਖ ਸਿੰਘ ਵੀ ਮੌਜੂਦ ਸਨ।

