‘ਆਪ’ ਨੇ ਪੰਜਾਬੀਆਂ ਦੇ ਸੁਫਨਿਆਂ ਦਾ ਕਤਲ ਕੀਤਾ: ਰਾਮੂਵਾਲੀਆ
ਸਾਬਕਾ ਕੇਂਦਰੀ ਮੰਤਰੀ ਤੇ ਲੋਕ ਭਲਾਈ ਪਾਰਟੀ ਦੇ ਸੰਸਥਾਪਕ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਇਥੇ ਦਾਅਵਾ ਕੀਤਾ ਕਿ ਨੇੜਲੇ ਭਵਿੱਖ ਵਿੱਚ ਉਹ ਸੂਬੇ ਦੇ ਨੌਜਵਾਨਾਂ, ਬੁੱਧੀਜੀਵੀਆਂ ਤੇ ਬੇਰੁਜ਼ਗਾਰਾਂ ਨੂੰ ਲਾਮਵੰਦ ਕਰਕੇ ਨਵੇਂ ਰੂਪ ਵਿੱਚ ਆਪਣੀ ਪਾਰਟੀ ਨੂੰ ਸੁਰਜੀਤ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਬਰਾਬਰ ਦਾ ਜਿੰਮੇਦਾਰ ਦੱਸਦੇ ਹੋਏ ਰਾਮੂਵਾਲੀਆ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਦੇ ਆਗੂਆਂ ਨੂੰ ਖੁਸ਼ ਕਰਨ ਦੀ ਨੀਤੀ ਨਾਲ ਪੰਜਾਬ ਦੇ ਲੋਕਾਂ ਦੇ ਸੁਨਹਿਰੇ ਭਵਿੱਖ ਦੇ ਸੁਫਨਿਆਂ ਦਾ ਕਤਲ ਕਰ ਦਿੱਤਾ ਹੈ।
੍ਸ੍ਰੀ ਰਾਮੂਵਾਲੀਆਂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਦੀ ਕਿਸੇ ਵੀ ਸਰਕਾਰ ਨੇ ਸੂਬੇ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ। ਲੈਂਡ ਪੂਲਿੰਗ ਪਾਲਸੀ ਦੀ ਨਿਖੇਧੀ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਜੇ ਇਹ ਨੀਤੀ ਲਾਗੂ ਹੁੰਦੀ ਹੈ ਤਾਂ ਕਿਸਾਨਾਂ ਦੀ ਉਪਜਾਊ ਜ਼ਮੀਨ ਖੋਹ ਕੇ ਉੱਥੇ ਅਸਮਾਨ ਛੂੰਹਦੇ ਫਲੈਟ ਬਣਾਏ ਜਾਣਗੇ ਜਿੱਥੇ ਦਿੱਲੀ ਤੋਂ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੇ ਚੇਲਿਆਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਵੇਗੀ।
ਸ੍ਰੀ ਰਾਮੂਵਾਲੀਆਂ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੂੰ ਜਿੱਥੇ ‘ਆਪ’ ਸਰਕਾਰ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਉੱਥੇ ਕਿਸਾਨ ਜਥੇਵੰਦੀਆਂ ਦਾ ਸਹਿਯੋਗ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਅਕਤਬੂਰ ਮਹੀਨੇ ਦੌਰਾਨ ਲੋਕ ਭਲਾਈ ਪਾਰਟੀ ਨੂੰ ਸੁਰਜੀਤ ਕਰ ਕੇ ਬੁੱਧੀਜੀਵੀਆਂ, ਧਾਰਮਿਕ ਆਗੂਆਂ ਤੇ ਨੌਜਵਾਨਾਂ ਨੂੰ ਲਾਮਵੰਦ ਕਰਨਗੇ ਤੇ ਗ਼ੈਰ ਪੰਜਾਬੀ ਤਾਕਤਾਂ ਨੂੰ ਸੂਬੇ ’ਚੋਂ ਕੱਢਣ ਦੀ ਮੁਹਿੰਮ ਸ਼ੁਰੂ ਕਰਨਗੇ।