‘ਆਪ’ ਨੇ ਪੰਜਾਬ ਨੂੰ ਸਿਰਫ਼ ਕਰਜ਼ਾਈ ਕੀਤਾ: ਬੈਂਸ
ਬੀਬੀ ਸੀਮਾ ਸਿੰਘ ਨੂੰ ਵਾਰਡ ਨੰਬਰ 45 ਦੀ ਕਾਂਗਰਸ ਮਹਿਲਾ ਵਿੰਗ ਪ੍ਰਧਾਨ ਨਿਯੁਕਤ ਕੀਤਾ
ਪੰਜਾਬ ਪ੍ਰਦੇਸ਼ ਕਾਂਗਰਸ ਮਹਿਲਾ ਵਿੰਗ ਵੱਲੋਂ ਬਲਦੇਵ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਰੱਖੇ ਸਮਾਗਮ ਦੌਰਾਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਕੌਰ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਬੀਬੀ ਸੀਮਾ ਸਿੰਘ ਨੂੰ ਵਾਰਡ ਨੰਬਰ 45 ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦੇ ਮਾਮਲੇ ਦੀ ਸਚਾਈ ਦੇਸ਼ ਸਾਹਮਣੇ ਲਿਆ ਕੇ ਦੱਸ ਦਿੱਤਾ ਕਿ ਭਾਜਪਾ ਕਿੰਨੇ ਕੁ ਪਾਣੀ ਵਿੱਚ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਲੋਕ ਹਿੱਤਾਂ ਲਈ ਕੰਮ ਕਰਦੀ ਹੈ ਅਤੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਵਿਚ ਆਈ ‘ਆਪ’ ਨੇ ਸੂਬੇ ਨੂੰ ਕਰਜ਼ਾਈ ਕਰਨ ਤੋਂ ਸਿਵਾਏ ਕੁੱਝ ਵੀ ਨਹੀਂ ਕੀਤਾ ਜਿਸ ਕਾਰਨ ਲੋਕ ਦੁਖੀ ਅਤੇ ਪ੍ਰੇਸ਼ਾਨ ਹੋ ਰਹੇ ਹਨ।
ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਕੌਰ ਨੇ ਕਿਹਾ ਕਿ ਔਰਤਾਂ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਰਾਜਨੀਤੀ ਵਿੱਚ ਆ ਕੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਨਾਲ ਲਾਮਬੰਦ ਹੋ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਦਾ ਭਵਿੱਖ ਕੇਵਲ ਕਾਂਗਰਸ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਇਸੇ ਲਈ ਅੱਜ ਪੰਜਾਬ ਦੀ ਹਰ ਔਰਤ ਕਾਂਗਰਸ ਪਾਰਟੀ ਦਾ ਹਿੱਸਾ ਬਣਨਾ ਚਾਹੁੰਦੀ ਹੈ। ਇਸ ਮੌਕੇ ਬੀਬੀ ਸੀਮਾ ਸਿੰਘ ਨੇ ਕਾਂਗਰਸ ਹਾਈ ਕਮਾਨ ਅਤੇ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਦੇਣਗੇ। ਇਸ ਮੌਕੇ ਹਨੀ ਜੈਨ, ਮਨੀ ਜੈਨ, ਰਾਕੇਸ਼ ਕੁਮਾਰ ਬਬਲੂ, ਵਰਿੰਦਰ ਦੇਵਗਨ, ਜਗਜੀਤ ਸੋਨਿਕ, ਕਮਲਜੀਤ ਸਿੰਘ ਸੋਖੀ, ਆਯੂਸ਼ ਰਾਏ, ਕੁਲਦੀਪ ਸਿੰਘ ਘੜਿਆਲ, ਰਾਹੁਲ ਠਾਕੁਰ, ਬੌਬੀ ਪਾਹਵਾ, ਊਸ਼ਾ ਰਾਣੀ, ਰੀਚਾ ਛਾਬੜਾ, ਕਮਲਾ ਦੇਵੀ, ਪੂਜਾ ਰਾਣੀ, ਅਤੇ ਕ੍ਰਿਸ਼ਨਾ ਛਾਬੜਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

