ਖੇਤੀਬਾੜੀ ਵਿਦਿਅਰਥੀਆਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ ‘ਆਪ’ ਸਰਕਾਰ: ਵਿਦਿਆਰਥੀ ਆਗੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜੂਨ
ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਦੀ ਇਕੱਤਰਤਾ ਅੱਜ ਇਥੇ ਸੂਬਾ ਪ੍ਰਧਾਨ ਅੰਗਰੇਜ਼ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਤਕਨੀਕੀ ਯੁੱਗ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਕਿਸਨਾਂ ਤੱਕ ਨਵੀਆਂ ਤਕਨੀਕਾਂ ਦੀ ਪਹੁੰਚ ਅੱਜ ਦੀ ਲੌੜ ਹੈ। ਸ਼ਾਇਦ ਇਸੇ ਸੋਚ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਤੋਂ ਪਹਿਲਾਂ ਖੇਤਾਂ ਦੇ ਮਾਸਟਰ ਰੱਖਣ ਦਾ ਵਾਅਦਾ ਕੀਤਾ ਸੀ।
ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਆਪਣੀ ਇਸ ਮੰਗ ਦਾ ਯਾਦ ਪੱਤਰ ਸਿੱਖਿਆ ਮੰਤਰੀ ਪੰਜਾਬ ਨੂੰ ਪਿਛਲੇ ਸਾਲ ਖੁਦ ਵਿਧਾਨ ਸਭਾ ਵਿੱਚ ਦੇ ਕੇ ਆਏ ਸਨ। ਇਸੇ ਤਰ੍ਹਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਵੀ ਇੱਕ ਸਾਲ ਪਹਿਲਾਂ 300 ਖੇਤੀਬਾੜੀ ਅਫ਼ਸਰਾਂ ਦੀ ਭਰਤੀ ਦਾ ਬਿਆਨ ਦਿੱਤਾ ਸੀ, ਅਤੇ ਸਾਬਕਾ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਮੇਤ ਮੌਜੂਦਾ ਬਾਗਬਾਨੀ ਮੰਤਰੀ ਮਹਿੰਦਰ ਭਗਤ ਕਈ ਵਾਰ ਬਾਗਬਾਨੀ ਵਿਕਾਸ ਅਫ਼ਸਰਾਂ ਦੀ ਭਰਤੀ ਜਲਦ ਕਰਨ ਦਾ ਬਿਆਨ ਦੇ ਚੁੱਕੇ ਹਨ, ਉਹ ਵਾਅਦਾ ਵੀ ਪਤਾ ਨਹੀਂ ਕਦੋ ਪੂਰਾ ਹੋਵੇਗਾ ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਲਵਪ੍ਰੀਤ ਕੰਬੋਜ ਨੇ ਦੱਸਿਆ ਕਿ ਰਾਜਸਥਾਨ, ਮਹਾਰਾਸ਼ਟਰ, ਗੁਜ਼ਰਾਤ ਆਦਿ ਰਾਜ ਖੇਤੀਬਾੜੀ ਦੇ ਤੌਰ ਤੇ ਪੰਜਾਬ ਨਾਲ ਕੋਹਾਂ ਦੂਰ ਹਨ ਪਰ ਇੰਨਾਂ ਰਾਜਾ ਨੇ ਵੀ ਖੇਤੀਬਾੜੀ ਵਿਸ਼ੇ ਨੂੰ ਮੁੱਢਲੀ ਸਿੱਖਿਆ ਦੀ ਸੂਚੀ ਵਿੱਚ ਦਰਜ਼ ਕੀਤਾ ਹੋਇਆ ਹੈ ਪਰ ਅਫ਼ਸੋਸ ਕਿ ਪੰਜਾਬ ਸਰਕਾਰ ਇਸ ਮੰਗ ਨੂੰ ਮੰਨਣ ਲਈ ਰਾਜ਼ੀ ਨਹੀਂ ਹੋ ਰਹੀ । ਉਹਨਾਂ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀ ਗਵਰਨਰ ਪੰਜਾਬ ਜਦੋਂ ਪੀਏਯੂ ਆਏ ਸਨ ਤਾਂ ਉਹਨਾਂ ਨੇ ਵੀ ਖੇਤੀਬਾੜੀ ਸਿੱਖਿਆ ਦੇ ਸਕੂਲ ਪੱਧਰ ਤੇ ਲਾਗੂ ਹੋਣਾ ਲਾਜ਼ਮੀ ਕਿਹਾ। ਇਸ ਤੋਂ ਇਲਾਵਾ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਮੰਡੀ ਬੋਰਡ, ਪਨਸੀਡ, ਮਾਰਕਫੈੱਡ, ਆਦਿ ਵਿਭਾਗ ਜੋਕਿ ਖੇਤੀਬਾੜੀ ਨਾਲ ਸੰਬੰਧਤ ਹਨ, ਉਹਨਾਂ ਵਿਚ 50 ਫ਼ੀਸਦੀ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ।
ਖੇਤੀਬਾੜੀ ਐਸੋਸੀਏਸ਼ਨ ਦੇ ਆਗੂਆਂ ਨੇ ਸਰਕਾਰ ਨੂੰ ਲੁਧਿਆਣਾ ਜਿਮਣੀ ਚੌਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੀਆਂ ਮੰਗਾਂ ਮੰਨਣ ਲਈ ਅਤੇ ਭਰਤੀ ਨੋਟੋਫਿਕੇਸ਼ਨ ਜਾਰੀ ਕਰਨ ਲਈ ਬੇਨਤੀ ਕੀਤੀ। ਇਸ ਦੇ ਨਾਲ ਨਾਲ ਉਨਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਉਹਨਾਂ ਦੀਆਂ ਜ਼ਾਇਜ਼ ਮੰਗਾਂ ਨਹੀਂ ਮੰਨਦੀ ਤਾਂ ਉਹ ਘਰ ਘਰ ਜਾ ਕੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਣਗੇ ਅਤੇ ਲੋਕਾਂ ਨੂੰ ਉਹਨਾਂ ਦੇ ਕੀਤੇ ਝੂਠੇ ਵਾਦੀਆਂ ਦੀਆਂ ਖ਼ਬਰਾਂ, ਵੀਡੀਓ ਆਦਿ ਦਿਖਾਕੇ ਜਾਗਰੂਕ ਕਰਨਗੇ। ਇਸ ਮੌਕੇ ਯੂਨੀਅਨ ਦੇ ਆਗੂ ਅਕਾਸ਼ਦੀਪ, ਸੁਨੀਲ ਕੁਮਾਰ, ਵੀ ਹਾਜ਼ਰ ਸਨ।