ਸਰਮਾਏਦਾਰ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਉਣ ’ਤੇ ‘ਆਪ’ ਦੀ ਨਿਖੇਧੀ
ਸਰਕਾਰ ਨੂੰ ਚੋਣ ਵੇਲੇ ਆਮ ਘਰ ਦਾ ਕੋਈ ਨੌਜਵਾਨ ਨਾ ਮਿਲਿਆ: ਸਲੂਜਾ
ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਆਪ ਵੱਲੋਂ ਰਾਜ ਸਭਾ ਚੋਣ ਲਈ ਇੱਕ ਵੱਡੇ ਸਰਮਾਏਦਾਰ ਵਪਾਰੀ ਨੂੰ ਉਮੀਦਵਾਰ ਬਨਾਉਣ ਦੀ ਨਿੰਦਾ ਕੀਤੀ ਹੈ। ਅੱਜ ਇੱਥੇ ਇੱਕ ਮੀਟਿੰਗ ਦੌਰਾਨ ਸ: ਸਲੂਜਾ ਨੇ ਕਿਹਾ ਕਿ ਬਦਲਾਓ ਦਾ ਨਾਹਰਾ ਤੇ ਆਮ ਘਰਾਂ ਦੇ ਨੌਜਵਾਨਾਂ ਨੂੰ ਅਹੁਦੇ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਇਹ ਟਿਕਟ ਦੇ ਕੇ ਦੱਸ ਦਿੱਤਾ ਹੈ ਕਿ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਵਿੱਚੋਂ ਕੋਈ ਇੱਕ ਵੀ ਇਸ ਅਹੁਦੇ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿੱਤ ਦਿਨ ਸਟੇਜ਼ਾਂ ਤੇ ਭਾਸ਼ਣ ਦਿੰਦੇ ਹਨ ਕਿ ਅਸੀਂ ਆਮ ਘਰਾਂ ਦੇ ਨੌਜਵਾਨਾਂ ਨੂੰ ਅਹੁਦੇ ਅਤੇ ਨੌਕਰੀਆਂ ਦੇਵਾਂਗੇ ਪਰ ਅਫ਼ਸੋਸ ਜਦੋਂ ਸਮਾਂ ਆਉਂਦਾ ਹੈ ਤਾਂ ਕੋਈ ਨਾ ਕੋਈ ਵੱਡੀ ਹਸਤੀ ਜਾਂ ਸਰਮਾਏਦਾਰ ਟਿਕਟਾਂ ਲੈ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਜਿਨ੍ਹਾਂ ਨੇ ਖੂਨ ਪਸੀਨੇ ਨਾਲ਼ ਪਾਰਟੀ ਖੜੀ ਕੀਤੀ ਹੈ ਅੱਜ ਉਹ ਅਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿ ਸਾਨੂੰ ਤਾਂ ਸ਼ਾਇਦ ਪਾਰਟੀ ਨੇ ਕੇਵਲ ਰੈਲੀਆਂ ਵਿੱਚ ਇਕੱਠ ਕਰਕੇ ਨਾਹਰੇ ਲਾਉਣ ਤੇ ਦਰੀਆਂ ਵਿਛਾਉਣ ਲਈ ਹੀ ਰਖਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਸ ਬਾਰੇ ਪੁਨਰ ਵਿਚਾਰ ਕਰਕੇ ਕਿਸੇ ਪੰਜਾਬ ਪੱਖੀ ਵਿਅਕਤੀ ਨੂੰ ਰਾਜ ਸਭਾ ਵਿੱਚ ਭੇਜਣਾ ਚਾਹੀਦਾ ਹੈ ਜੋਂ ਪੰਜਾਬ ਅਤੇ ਪੰਜਾਬੀਆਂ ਦੇ ਮਸਲਿਆਂ ਸਬੰਧੀ ਆਪਣੀ ਆਵਾਜ਼ ਬੁਲੰਦ ਕਰ ਸਕੇ। ਇਸ ਮੌਕੇ ਐਡਵੋਕੇਟ ਹਰਕਮਲ ਸਿੰਘ, ਦਮਨਦੀਪ ਸਿੰਘ ਸਲੂਜਾ, ਹਰੀਸ਼ ਕੁਮਾਰ ਅਤੇ ਸੁਖਦੇਵ ਸਿੰਘ ਵੀ ਹਾਜ਼ਰ ਸਨ।