ਰਾਜਵੀਰ ਜਵੰਦਾ ਦੀ ਯਾਦ ’ਚ ਬਣੇਗਾ ਸਟੇਡੀਅਮ ਬਣੇਗਾ ਤੇ ਲੱਗੇਗਾ ਬੁੱਤ
ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ; ਗੁਰਦਾਸ ਮਾਨ, ਵਡਾਲੀ ਸਣੇ ਹੋਰ ਕਲਾਕਾਰ ਪੁੱਜੇ
ਸੜਕ ਹਾਦਸੇ ਕਾਰਨ ਸਦੀਵੀਂ ਵਿਛੋੜਾ ਦੇ ਗਏ ਗਾਇਕ ਰਾਜਵੀਰ ਜਵੰਦਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਇਥੋਂ ਨੇੜਲੇ ਪਿੰਡ ਪੋਨਾ ’ਚ ਹੋਈ। ਇਸ ਮੌਕੇ ਗਾਇਕ ਤੇ ਹੋਰ ਕਲਾਕਾਰ ਵੱਡੀ ਗਿਣਤੀ ਵਿੱਚ ਪੁੱਜੇ। ਸਰਕਾਰ ਵੱਲੋਂ ਰਾਜਵੀਰ ਜਵੰਦਾ ਦੀ ਯਾਦ ਵਿੱਚ ਪਿੰਡ ਵਿੱਚ ਸਟੇਡੀਅਮ ਬਣਾਉਣ, ਬੁੱਤ ਲਾਉਣ ਦੇ ਨਾਲ ਪਤਨੀ ਨੂੰ ਸਰਕਾਰੀ ਨੌਕਰੀ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਹੋਇਆ। ਹਾਜ਼ਰ ਕਲਾਕਾਰਾਂ ਨੇ ਹਮੇਸ਼ਾ ਜਵੰਦਾ ਪਰਿਵਾਰ ਨਾਲ ਇਸੇ ਤਰ੍ਹਾਂ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਸਰਕਾਰ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ਰਧਾਂਜਲੀ ਭੇਟ ਕੀਤੀ ਤਾਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅਹਿਮ ਐਲਾਨ ਕੀਤਾ। ਬਾਕੀ ਐਲਾਨਾਂ ਬਾਰੇ ਜਾਣਕਾਰੀ ਰਾਜਵੀਰ ਜਵੰਦਾ ਦੇ ਯੂਨੀਵਰਸਿਟੀ ਤੋਂ ਲੈ ਕੇ ਗਾਇਕੀ ਤੱਕ ਦੇ ਸਾਰੀ ਤੇ ਮੰਚ ਸੰਚਾਲਨ ਕਰ ਰਹੇ ਕੰਵਰ ਗਰੇਵਾਲ ਨੇ ਸਾਂਝੀ ਕੀਤੀ। ਵੱਡੀ ਗਿਣਤੀ ਵਿੱਚ ਪੁੱਜੇ ਗਾਇਕਾਂ ਨੇ ਰਾਜਵੀਰ ਜਵੰਦਾ ਦੀ ਮਾਂ ਪਰਮਜੀਤ ਕੌਰ, ਪਤਨੀ ਅਰਸ਼ਿਵੰਦਰ ਕੌਰ ਨਾਲ ਦੁੱਖ ਸਾਂਝਾ ਕੀਤਾ। ਇਸ ਸਮੇਂ ਜਦੋਂ ਭੈਣ ਕਮਲਪ੍ਰੀਤ ਕੌਰ ਅਤੇ ਧੀ ਅਮਾਨਤ ਕੌਰ ਨੇ ਕੁਝ ਸ਼ਬਦ ਸਾਂਝੇ ਕੀਤੇ ਤਾਂ ਮਾਹੌਲ ਹੋਰ ਗ਼ਮਗੀਨ ਹੋ ਗਿਆ। ਛੋਟਾ ਜਿਹਾ ਪੁੱਤ ਦਿਲਾਵਰ ਸਿੰਘ ਵੀ ਹਾਜ਼ਰ ਸੀ, ਜੋ ਵਪਾਰ ਗਏ ਭਾਣੇ ਤੋਂ ਅਣਜਾਣ ਦਿਖਾਈ ਦੇ ਰਿਹਾ ਸੀ। ਗਾਇਕ ਗੁਰਦਾਸ ਮਾਨ, ਪੂਰਨ ਚੰਦ ਵਡਾਲੀ, ਗੁਰਪ੍ਰੀਤ ਸਿੰਘ ਘੁੱਗੀ, ਬਾਬੂ ਸਿੰਘ ਮਾਨ ਨੇ ਜਜ਼ਬਾਤੀ ਬੋਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਰਾਜਵੀਰ ਦੀ ਭੈਣ ਤੇ ਧੀ ਨੇ ਦੇ ਬੋਲਾਂ ਨੇ ਬੋਲਣ ਜੋਗਾ ਨਹੀਂ ਛੱਡਿਆ ਕਿਉਂਕਿ ਉਨ੍ਹਾਂ ਦੇ ਬੋਲਾਂ ਨੇ ਕਲੇਜਾ ਹੀ ਕੱਢ ਲਿਆ ਹੈ। ਗੁਰਦਾਸ ਮਾਨ ਨੇ ਕਿਹਾ ਇਥੇ ਜੋ ਹਮੇਸ਼ਾ ਪਰਿਵਾਰ ਨਾਲ ਖੜ੍ਹਨ ਦੀ ਗੱਲ ਹੋਈ ਹੈ ਵਾਹਿਗੁਰੂ ਇਹ ਬੋਲ ਪੁਗਾਉਣ ਦੀ ਤਾਕਤ ਬਖਸ਼ਣ। ਸਰਪੰਚ ਹਰਪ੍ਰੀਤ ਸਿੰਘ ਰਾਜੂ ਲਾਵਾਰਿਸ ਪਸ਼ੂਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕੋਈ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਕੀਮਤੀ ਜਾਨ ਅਜਾਈਂ ਨਾ ਜਾਵੇ। ਅੰਤਿਮ ਅਰਦਾਸ ਵਿੱਚ ਗਾਇਕ ਹਰਭਜਨ ਮਾਨ, ਗੁੱਗੂ ਗਿੱਲ, ਵੀਨੂੰ ਢਿੱਲੋਂ, ਐਮੀ ਵਿਰਕ, ਕੁਲਵਿੰਦਰ ਬਿੱਲਾ, ਜਸਵੀਰ ਜੱਸੀ, ਇੰਦਰਜੀਤ ਨਿੱਕੂ, ਗੁਰਲੇਜ਼ ਅਖ਼ਤਰ, ਜੈਨੀ ਜੌਹਲ, ਸਚਿਨ ਆਹੂਜਾ, ਰਘਵੀਰ ਬੋਲੀ, ਨਛੱਤਰ ਗਿੱਲ, ਅਰਜਨ ਢਿੱਲੋਂ, ਰਣਜੀਤ ਬਾਵਾ, ਜੱਸ ਬਾਜਵਾ, ਸਤਿੰਦਰ ਸੱਤੀ, ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ, ਅਮਰੀਕ ਸਿੰਘ ਆਲੀਵਾਲ, ਚੰਦ ਸਿੰਘ ਡੱਲਾ, ਲੱਖਾ ਸਿਧਾਣਾ, ਅਨਮੋਲ ਕਵਾਤੜਾ, ਬਲਕਾਰ ਅਣਖੀਲਾ, ਗਗਨ ਕੋਕਰੀ, ਰਣਜੀਤ ਮਣੀ, ਪੰਮੀ ਬਾਈ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਕਰਮ ਸੰਧੂ, ਗੁਰਕਿਰਪਾਲ ਸਿੰਘ ਚੀਮਨਾ, ਇੰਦਰਦੀਪ ਢਿੱਲੋਂ, ਗੁਰਵਿੰਦਰ ਸਿੰਘ ਜਵੰਦਾ, ਸਵਰਨ ਸਿੰਘ ਤਿਹਾੜਾ ਆਦਿ ਹਾਜ਼ਰ ਸਨ।