ਪੰਜਾਬੀ ਲਿਖਾਰੀ ਸਭਾ ਦੀ ਇੱਕਤਰਤਾ ’ਚ ਰਚਨਾਵਾਂ ਦਾ ਦੌਰ ਚੱਲਿਆ
ਸਾਹਿਤਕਾਰ ਲੋਕਨਾਥ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ
ਇਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇੱਕਤਰਤਾ ਸਭਾ ਦੀ ਲਾਇਬ੍ਰੇਰੀ ਹਾਲ ਵਿੱਚ ਸਿਕੰਦਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਉੱਘੇ ਸਾਹਿਤਕਾਰ ਲੋਕਨਾਥ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੀ ਜਾਣ-ਪਛਾਣ ਕਰਵਾਉਂਦਿਆਂ ਰਾਮ ਕਮਲ ਨੇ ਦੱਸਿਆ ਕਿ ਸ੍ਰੀ ਸ਼ਰਮਾਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਰਹਿ ਚੁੱਕੇ ਹਨ ਜਿਨ੍ਹਾਂ ਨੂੰ ਬਤੌਰ ਅਧਿਆਪਕ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਲੋਕਨਾਥ ਸ਼ਰਮਾ ਨੇ 10 ਵਿਸ਼ਿਆਂ ਵਿੱਚ ਐਮ ਏ ਕੀਤੀ ਹੈ ਅਤੇ ਹੁਣ ਤੱਕ ਉਨ੍ਹਾਂ ਦੀਆਂ ਤਿੰਨ ਲੇਖਾਂ ਦੀਆਂ ਕਿਤਾਬਾਂ ਆ ਚੁੱਕੀਆਂ ਹਨ। ਲੋਕਨਾਥ ਸ਼ਰਮਾ ਨੇ ਆਪਣੀ ਕਿਤਾਬ ‘ਐਵੇਂ ਟਾਲ ਮਟੋਲ ਨਾ ਕਰਿਆ ਕਰ’ ਅਤੇ ਰਾਮ ਕਮਲ ਨੇ ‘ਮੈਂ ਕੁਝ ਨਵਾਂ ਕਹਿਣਾ ਹੈ’ ਸਭਾ ਦੀ ਲਾਇਬ੍ਰੇਰੀ ਨੂੰ ਭੇਟ ਕੀਤੀਆਂ। ਰਚਨਾਵਾਂ ਦੇ ਦੌਰ ਵਿਚ ਭੁਪਿੰਦਰ ਸਿੰਘ ਨੇ ਮਿੰਨੀ ਕਹਾਣੀ ਸੈਲਫ਼ੀ, ਲੋਕਨਾਥ ਸ਼ਰਮਾ ਨੇ ਲੇਖ ਅਣਦੇਖੀ ਬਜ਼ੁਰਗਾਂ ਦੀ, ਵਿਸ਼ਿਵੰਦਰ ਰਾਮਪੁਰ ਨੇ ਗਜ਼ਲ ਹੋਸ਼ਿਆਰ ਹੈ ਬੰਦਾ ਕੀ ਕੀ ਬੋਈ ਜਾਂਦਾ, ਸ਼ੇਰ ਸਿੰਘ ਰਾਮਪੁਰੀ ਨੇ ਗੀਤ ਠੰਢੇ ਬੁਰਜ ਦੀ ਦਾਸਤਾਨ, ਰਾਮ ਕਮਲ ਨੇ ਕਵਿਤਾ ਧੀ ਆਪਣੀ ਕਦੇ ਪਰਾਈ ਨਹੀਂ ਹੁੰਦੀ, ਦਲਜਿੰਦਰ ਰਾਮਪੁਰ ਨੇ ਲੇਖ ਤੰਦਰੁਸਤੀ ਲਈ ਚੱਲੋ ਨੰਗੇ ਪੈਰੀਂ, ਸਿਕੰਦਰ ਰਾਮਪੁਰੀ ਨੇ ਗੀਤ ਜਾਗ ਜਵਾਨਾ ਜਾਗ, ਪ੍ਰਭਜੋਤ ਰਾਮਪੁਰ ਨੇ ਕਵਿਤਾ ‘ਕਵਿਤਾ ਵਰਗਾ’ ਆਦਿ ਸੁਣਾਈਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿਚ ਸਿਕੰਦਰ ਰਾਮਪੁਰੀ, ਭੁਪਿੰਦਰ ਸਿੰਘ, ਲੋਕਨਾਥ ਸ਼ਰਮਾ, ਤਰਨ ਰਮਾਪੁਰ, ਸੁਖਜੀਵਨ ਰਾਮਪੁਰੀ, ਸ਼ੇਰ ਸਿੰਘ, ਦਲਜਿੰਦਰ ਸਿੰਘ, ਵਿਸ਼ਿਵੰਦਰ ਰਾਮਪੁਰੀ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸਭਾ ਕਾਰਵਾਈ ਪ੍ਰਭਜੋਤ ਸਿੰਘ ਅਤੇ ਤਰਨ ਰਾਮਪੁਰ ਨੇ ਬਾਖੂਬੀ ਨਿਭਾਈ।

