ਸਾਹਿਤ ਸਭਾ ਦੀ ਇਕੱਤਰਤਾ ’ਚ ਰਚਨਾਵਾਂ ਦਾ ਦੌਰ ਚੱਲਿਆ
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਹੋਈ। ਇਕੱਤਰਤਾ ਦੌਰਾਨ ਜਨਰਲ ਸਕੱਤਰ ਜਤਿੰਦਰ ਕੌਰ ਮਾਹਲ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਬੀਤੇ ਦਿਨੀਂ ਭਾਰਤੀ ਸਾਹਿਤ...
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਹੋਈ। ਇਕੱਤਰਤਾ ਦੌਰਾਨ ਜਨਰਲ ਸਕੱਤਰ ਜਤਿੰਦਰ ਕੌਰ ਮਾਹਲ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਬੀਤੇ ਦਿਨੀਂ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪਟਨਾ ਸਾਹਿਬ (ਬਿਹਾਰ) ਵਿੱਚ ਕਰਵਾਏ ਸਾਹਿਤਕ ਸਮਾਗਮ ਵਿੱਚ ਕਹਾਣੀਕਾਰ ਸੰਦੀਪ ਸਮਰਾਲਾ ਵੱਲੋਂ ਕਹਾਣੀ ਪੜ੍ਹ ਕੇ ਵਾਪਸ ਆਉਣ ਦੀ ਸਮੁੱਚੀ ਸਭਾ ਵੱਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਸੰਦੀਪ ਸਮਰਾਲਾ ਨੇ ਸਮਾਗਮ ਦੇ ਖੂਬਸੂਰਤ ਪਲ਼ਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਰਚਨਾਵਾਂ ਦੇ ਦੌਰ ਦਾ ਆਗਾਜ਼ ਕਰਦਿਆਂ ਜੁਆਲਾ ਸਿੰਘ ਥਿੰਦ ਨੇ ਸ਼ੇਅਰ ਅਤੇ ਕਵਿਤਾਵਾਂ ‘ਅਤੀਤ ਅਤੇ ਮੈਂ’ ਸੁਣਾ ਕੇ ਹਾਜ਼ਰੀ ਲਗਵਾਈ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਖੂਬ ਸਰਾਹਿਆ ਗਿਆ। ਕਹਾਣੀਕਾਰ ਮੁਖਤਿਆਰ ਸਿੰਘ ਵੱਲੋਂ ਆਪਣੀ ਜੀਵਨੀ ਅਤੇ ਪਿੱਤਰੀ ਪਿੰਡ ਨਾਲ ਸਾਂਝ ਪਵਾਉਂਦਾ ਲੇਖ ਪੜ੍ਹਿਆ, ਲੇਖ ਵਿੱਚ ਲੇਖਕ ਦੁਆਰਾ ਵਰਤੀ ਸ਼ਬਦਾਵਲੀ ਅਤੇ ਰਵਾਨਗੀ ਨੂੰ ਖੂਬ ਸਰਾਹਿਆ ਗਿਆ। ਸਭਾ ਵਿੱਚ ਪਹਿਲੀ ਵਾਰ ਜਲੰਧਰ ਨੇੜਿਓਂ ਕਰਤਾਰਪੁਰ ਤੋਂ ਸਪੈਸ਼ਲ ਆਏ ਉੱਘੇ ਗ਼ਜ਼ਲਗੋਂ ਅਤੇ ਕਹਾਣੀਕਾਰ ਲਾਲੀ ਕਰਤਾਰਪੁਰੀ ਨੇ ਸਰੋਤਿਆਂ ਨੂੰ ਗ਼ਜ਼ਲਾਂ ਸੁਣਾ ਮਹਿਫ਼ਲ ਲੁੱਟ ਲਈ। ਉਨ੍ਹਾਂ ਵੱਲੋਂ ਬੁਲੰਦ ਆਵਾਜ਼ ’ਚ ਸੁਣਾਏ ਸ਼ੇਅਰਾਂ ਨੂੰ ਵੀ ਭਰਪੂਰ ਦਾਦ ਮਿਲੀ। ਨੌਜਵਾਨ ਕਹਾਣੀਕਾਰ ਗੁਰਦੀਪ ਮਹੌਣ ਨੇ ਠੇਕੇਦਾਰੀ ਪ੍ਰਬੰਧਾਂ ’ਤੇ ਚੋਟ ਕਰਦੀ ਕਹਾਣੀ ‘ਜਾਲ’ ਸੁਣਾਈ ਅਤੇ ਕਹਾਣੀਕਾਰ ਰਵਿੰਦਰ ਰੁਪਾਲ ਵੱਲੋਂ ਕਹਾਣੀ ‘ਜੂੰ’ ਸੁਣਾਈ ਗਈ, ਇਨ੍ਹਾਂ ਦੋਵੇਂ ਕਹਾਣੀਆਂ ’ਤੇ ਚਰਚਾ ਕਰਦਿਆਂ ਜਿਸ ਤੇ ਵਿਚਾਰ ਚਰਚਾ ਕਰਦਿਆਂ ਕਹਾਣੀਕਾਰ ਬਲਵਿੰਦਰ ਗਰੇਵਾਲ, ਚਿੰਤਕ ਗੁਰਭਗਤ ਸਿੰਘ, ਇਤਿਹਾਸਕਾਰ ਸਿਮਰਜੀਤ ਸਿੰਘ ਕੰਗ, ਸੰਦੀਪ ਸਮਰਾਲਾ, ਅਮਨਦੀਪ ਸਮਰਾਲਾ ਅਤੇ ਦੀਪ ਦਿਲਬਰ ਨੇ ਉਸਾਰੂ ਅਤੇ ਕੀਮਤੀ ਸੁਝਾਅ ਦਿੱਤੇ। ਦੀਪ ਦਿਲਬਰ ਵੱਲੋਂ ਸੁਣਾਈ ਗਈ ਗ਼ਜ਼ਲ ਅਤੇ ‘ਅਨੋਖੀਆਂ ਪਰ ਸੱਚੀਆਂ ਗੱਲਾਂ’ ਨੇ ਵੀ ਚਰਚਾ ਬਟੋਰੀ। ਅਵਤਾਰ ਸਿੰਘ ਉਟਾਲਾਂ ਵੱਲੋਂ ਪ੍ਰਦੇਸ਼ ਗਏ ਪੁੱਤਾਂ ਨੂੰ ਉਡੀਕਦੀਆਂ ਮਾਵਾਂ ਬਾਰੇ ਗੀਤ ਪੇਸ਼ ਕੀਤਾ, ਜਿਸਦੀ ਸਰੋਤਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਜਤਿੰਦਰ ਮਾਹਲ ਵੱਲੋਂ ਬਾਖੂਬੀ ਨਿਭਾਈ ਗਈ।

