ਪੱਤਰ ਪ੍ਰੇਰਕ
ਸਮਰਾਲਾ, 13 ਜੁਲਾਈ
ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ਐਡਵੋਕੇਟ ਅਤੇ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਸਰਪ੍ਰਸਤੀ ਅਤੇ ਲੇਖਕ ਮੰਚ ਸਮਰਾਲਾ ਦੇ ਪ੍ਰਧਾਨ ਨਾਟਕਕਾਰ ਰਾਜਵਿੰਦਰ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ, ਇਸ ਮਾਸਿਕ ਮੀਟਿੰਗ ਵਿੱਚ ਰਚਨਾਵਾਂ ਦੇ ਦੌਰ ਵਿੱਚ ਨੇਤਰ ਮੁੱਤਿਓਂ ਨੇ ਗੀਤ ‘ਭੇਸ਼’, ਮਨਦੀਪ ਸਿੰਘ ਨੇ ਗੀਤ ‘ਹਾਲਾਤ’, ਪੱਤਰਕਾਰ ਕਰਮਜੀਤ ਸਿੰਘ ‘ਆਜ਼ਾਦ’ ਨੇ ਗੀਤ ਅਤੇ ਉਸਤਾਦ ਗ਼ਜ਼ਲਗੋ ਐਸ ਨਸੀਮ ਨੇ ਆਪਣੀ ਗ਼ਜ਼ਲ ‘ਗੂੰਜ ਉਠਦੇ ਨੇ ਯਾਦਾਂ ਵਿੱਚ ਉਸ ਦੇ ਹਾਸੇ ਸ਼ਾਮ ਢਲੇ’ ਸੁਣਾ ਕੇ ਮਹਿਫ਼ਿਲ ਨੂੰ ਰੰਗੀਨ ਫਿਜ਼ਾ ਨਾਲ ਸਰਾਬੋਰ ਕਰ ਦਿੱਤਾ।
ਐਸ. ਨਸੀਮ ਦੀ ਗ਼ਜ਼ਲ ਨੂੰ ਸਾਰੇ ਲੇਖਕਾਂ ਨੇ ਦਿਲ ਖੋਲ੍ਹ ਕੇ ਦਾਦ ਦਿੱਤੀ। ਇਸੇ ਤਰ੍ਹਾਂ ਅਮਰਜੀਤ ਕੌਰ ਮਰਿੰਡਾ ਦੀ ਗ਼ਜ਼ਲ ‘ਨਹੀਂ ਹੋਣਾ ਅਸਰ ਕੋਈ ਤਬੀਬਾ ਇਸ ਦਵਾਈ ਦਾ’ ਸੁਣਾ ਕੇ ਮਾਹੌਲ ਨੂੰ ਗੰਭੀਰ ਕਰ ਦਿੱਤਾ। ਅਵਤਾਰ ਓਟਾਲਾਂ ਅਤੇ ਪਰਮਜੀਤ ਖੜਕ ਦੇ ਗੀਤ ਆਕਰਸ਼ਣ ਦਾ ਕੇਂਦਰ ਰਹੇ। ਹਿੰਦੀ ਕਹਾਣੀ ਤੇ ਆਧਾਰਤ ਨਾਟਕਕਾਰ ਜਗਦੀਸ਼ ਖੰਨਾ ਨੇ ਆਪਣੇ ਨਵੇਂ ਨਾਟਕ ਦੀ ਮਹਾਂਮਾਰੀ ਦੌਰਾਨ ਟੁੱਟਦੇ ਰਿਸ਼ਤਿਆਂ ਦੀ ਤ੍ਰਾਸਦੀ ਦੀ ਸਕ੍ਰਿਪਟ ਹਾਜ਼ਰ ਲੇਖਕਾਂ ਸਨਮੁੱਖ ਪੜ੍ਹ ਕੇ ਸੁਣਾਈ। ਪੇਸ਼ ਕੀਤੀਆਂ ਰਚਨਾਵਾਂ ਤੇ ਹਾਜ਼ਰ ਲੇਖਕਾਂ ਵਲੋਂ ਨਿੱਠ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਉਸਾਰੂ ਸੁਝਾਅ ਪੇਸ਼ ਕੀਤੇ ਗਏ। ਹਾਜ਼ਰ ਲੇਖਕਾਂ ਵਿਚ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ, ਕਰਮਜੀਤ ਸਿੰਘ ਬਾਸੀ, ਕੇਵਲ ਕਦੋਂ, ਪ੍ਰੋ ਡਾ ਹਰਿੰਦਰਜੀਤ ਸਿੰਘ ਕਲੇਰ, ਅਦਾਕਾਰਾ ਕਮਲਜੀਤ ਕੌਰ, ਰਵੀ ਹੰਸ, ਅਜੈ ਕੁਮਾਰ ਅਤੇ ਕਪਿਲ ਵਿਜਨ ਸਨ। ਪੱਤਰਕਾਰ ਅਤੇ ਮੰਚ ਦੇ ਜਨਰਲ ਸਕੱਤਰ ਨੇ ਮੰਚ ਸੰਚਾਲਨ ਸਮੇਤ ਆਪਣੀ ਹਿੰਦੀ ਕਵਿਤਾ ਵੀ ਪੇਸ਼ ਕੀਤੀ। ਅੰਤ ਵਿੱਚ ਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ