ਇਥੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਮਰਾਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਦੇ ਹੋਏ ਪਰਵਾਸੀ ਮਜ਼ਦੂਰਾਂ ਤੋਂ ਇਲਾਕਾ ਖਾਲੀ ਕਰਵਾਉਣ ਦੀ ਮੰਗ ਕੀਤੀ ਗਈ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਮੁਹਿੰਮ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਹੈ। ਇਸ ਦੌਰਾਨ ਦਮਦਮੀ ਟਕਸਾਲ ਦੇ ਸਥਾਨਕ ਆਗੂ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ‘ਪਰਵਾਸੀ ਭਜਾਓ-ਪੰਜਾਬ ਬਚਾਓ’ ਮੁਹਿੰਮ ਨੂੰ ਪਿੰਡ ਪਿੰਡ ਆਰੰਭਣ ਦਾ ਸੱਦਾ ਦਿੰਦੇ ਹੋਏ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆ ਆਖਿਆ ਕਿ, ਹਰੇਕ ਪੰਜਾਬੀ ਇਨ੍ਹਾਂ ਪਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਇੱਥੇ ਰਹਿੰਦੇ ਪਰਿਵਾਰਾਂ ਦਾ ਮੁਕੰਮਲ ਤੌਰ ’ਤੇ ਸਮਾਜਿਕ ਬਾਈਕਾਟ ਕਰ ਦੇਵੇ, ਤਾਕਿ ਇਹ ਪਰਵਾਸੀ ਮਜ਼ਦੂਰ ਖੁਦ ਹੀ ਪੰਜਾਬ ਛੱਡਣ ਲਈ ਮਜ਼ਬੂਰ ਹੋ ਜਾਣ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਮਾਹੌਲ ਅਤੇ ਇਸ ਦੇ ਗੌਰਵਮਈ ਵਿਰਸੇ ਨੂੰ ਬਚਾਉਣ ਲਈ ਪਰਵਾਸੀ ਮਜ਼ਦੂਰਾਂ ਦਾ ਸਾਥ ਛੱਡਣਾ ਪਵੇਗਾ ਅਤੇ ਇਨ੍ਹਾਂ ਦੀਆਂ ਰੇਹੜੀਆਂ ਤੋਂ ਸਾਮਾਨ ਖਰੀਦਣਾ ਬੰਦ ਕਰਕੇ ਸਿਰਫ ਪੰਜਾਬੀਆਂ ਕੋਲੋਂ ਹੀ ਖਰੀਦਦਾਰੀ ਕਰਨ ਨੂੰ ਤਵਜੋਂ ਦਿੱਤੀ ਜਾਵੇ। ਸਿੱਖ ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਖਾਲਸਾ ਨੇ ਸਮਰਾਲਾ ਇਲਾਕੇ ’ਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ ਇਕ ਹਫਤੇ ਦੇ ਅੰਦਰ ਇਲਾਕਾ ਖਾਲੀ ਕਰਕੇ ਆਪਣੇ ਰਾਜਾਂ ਨੂੰ ਵਾਪਸ ਜਾਣ ਦਾ ਅਲਟੀਮੇਟ ਦਿੰਦੇ ਹੋਏ ਕਿਹਾ ਕਿ, ਜੇਕਰ ਇਹ ਲੋਕ ਵਾਪਸ ਨਹੀਂ ਗਏ ਤਾਂ ਉਨ੍ਹਾਂ ਖਿਲਾਫ਼ ਜੋਰਦਾਰ ਮੁਹਿੰਮ ਚਲਾਈ ਜਾਵੇਗੀ। ਤਹਿਸੀਲਦਾਰ ਸੰਦੀਪ ਕੁਮਾਰ ਨੂੰ ਆਪਣਾ ਮੰਗ ਪੱਤਰ ਸੌਂਪਦੇ ਹੋਏ ਇਨ੍ਹਾਂ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ, ਪਰਵਾਸੀ ਮਜ਼ਦੂਰਾਂ ਦੇ ਪੰਜਾਬ ਵਿਚ ਵੋਟ ਅਤੇ ਆਧਾਰ ਕਾਰਡ ਬਣਨੇ ਤੁਰੰਤ ਬੰਦ ਕੀਤੇ ਜਾਣ। ਕਿਊਕਿ ਇਹ ਲੋਕ ਇੱਥੇ ਸਿਰਫ ਮਜ਼ਦੂਰੀ ਕਰਨ ਆਉਂਦੇ ਹਨ, ਇਸ ਲਈ ਪੰਜਾਬ ਵਿਚ ਵੋਟ ਤੇ ਆਧਾਰ ਕਾਰਡ ਦਾ ਹੱਕ ਇਨ੍ਹਾਂ ਨੂੰ ਨਹੀਂ ਮਿਲਣਾ ਚਾਹੀਦਾ। ਇਸ ਤੋਂ ਇਲਾਵਾ ਹਰੇਕ ਪਰਵਾਸੀ ਮਜ਼ਦੂਰ ਦੀ ਪੁਲਸ ਵੈਰੀਫਿਕੇਸ਼ਨ ਅਤੇ ਉਸ ਦਾ ਰਿਕਾਰਡ ਪ੍ਰਸਾਸ਼ਨ ਕੋਲ ਹੋਣਾ ਲਾਜਮੀ ਬਣਾਇਆ ਜਾਵੇ, ਤਾਕਿ ਕਿਸੇ ਵੀ ਪਰਵਾਸੀ ਮਜ਼ਦੂਰ ਵੱਲੋਂ ਕੋਈ ਅਪਰਾਧ ਕੀਤੇ ਜਾਣ ’ਤੇ ਉਸ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ।