ਧੁੱਸੀ ਬੰਨ੍ਹ ਨੂੰ ਬਚਾਉਣ ਲਈ ਵੱਡੀ ਗਿਣਤੀ ਲੋਕ ਆਏ ਅੱਗੇ
ਲੁਧਿਆਣਾ ਤੇ ਰੋਪੜ ਜ਼ਿਲ੍ਹੇ ਦੀ ਹੱਦ ’ਤੇ ਪੈਂਦੇ ਪਿੰਡ ਫੱਸਿਆਂ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਹਾਲਤ ਬੇਹੱਦ ਨਾਜ਼ੁਕ ਹੈ ਅਤੇ ਇਸ ਨੂੰ ਪਾਣੀ ਕਈ ਥਾਵਾਂ ਤੋਂ ਖੋਰਾ ਲਾ ਰਿਹਾ ਹੈ। ਬੰਨ੍ਹ ਨੂੰ ਬਚਾਉਣ ਲਈ ਅੱਜ ਦੋਵੇਂ ਜ਼ਿਲ੍ਹਿਆਂ ਦੇ ਵਸਨੀਕਾਂ ਦਾ ਸੈਲਾਬ ਉਮੜਿਆ ਦਿਖਾਈ ਦਿੱਤਾ ਅਤੇ 1 ਹਜ਼ਾਰ ਤੋਂ ਵੱਧ ਗਿਣਤੀ ਵਿਚ ਲੋਕ ਜਿਸ ਵਿਚ ਨੌਜਵਾਨ, ਬਜ਼ੁਰਗ ਅਤੇ ਔਰਤਾਂ ਵੀ ਪੁੱਜੀਆਂ। ਇਸ ਬੰਨ੍ਹ ਨੂੰ ਬਚਾਉਣ ਲਈ ਜਿੱਥੇ ਨੌਜਵਾਨ ਬੋਰੀਆਂ ਭਰ-ਭਰ ਕੇ ਲਿਜਾ ਰਹੇ ਹਨ ਉੱਥੇ ਫੌਜ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਬੰਨ੍ਹ ਦੇ ਨਾਲ ਨਾਲ ਇਨ੍ਹਾਂ ਨੂੰ ਲਗਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਦੀ ਢਾਹ ਨੂੰ ਰੋਕਿਆ ਜਾ ਸਕੇ।
ਇੱਥੋਂ ਤੱਕ ਕੁਝ ਪਿੰਡਾਂ ਦੇ ਲੋਕ ਆਪਣੇ ਵਾਹਨਾਂ ’ਤੇ ਲੰਗਰ, ਪਾਣੀ, ਚਾਹ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਲੈ ਕੇ ਪੁੱਜ ਰਹੇ ਹਨ ਤਾਂ ਜੋ ਉਹ ਵੀ ਆਪਣਾ ਯੋਗਦਾਨ ਪਾ ਸਕਣ। ਸਤਲੁਜ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਵੱਖ-ਵੱਖ ਥਾਵਾਂ ਤੋਂ ਢਾਹ ਲਗਾ ਰਿਹਾ ਹੈ ਜਿੱਥੇ ਨੌਜਵਾਨ ਦਿਨ-ਰਾਤ ਬੋਰੀਆਂ ਲਗਾ ਕੇ ਪਾਣੀ ਦੀ ਰੁਖ਼ ਮੋੜਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਹ ਪਿੰਡਾਂ ਦੇ ਲੋਕਾਂ ਦੀ ਮਿਹਨਤ ਸਦਕਾ ਹੀ ਹੈ ਕਿ ਅੱਜ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਵਿਚ ਪਾੜ੍ਹ ਪੈਣ ਤੋਂ ਬਚ ਗਿਆ ਨਹੀਂ ਤਾਂ ਮਾਛੀਵਾੜਾ ਤੇ ਚਮਕੌਰ ਸਾਹਿਬ ਇਲਾਕੇ ਦੇ ਕਈ ਪਿੰਡ ਇਸ ਹੜ੍ਹ ਦੀ ਮਾਰ ਹੇਠ ਆ ਜਾਣੇ ਸਨ ਅਤੇ ਭਾਰੀ ਨੁਕਸਾਨ ਹੋ ਜਾਣਾ ਸੀ
ਬੋਰੀਆਂ ਭਰਦੀ ਹੋਈ 90 ਸਾਲਾਂ ਬਜ਼ੁਰਗ ਬੀਬੀ ਰਤਨੀ।-ਫੋਟੋ: ਟੱਕਰ 90 ਸਾਲਾਂ ਦੀ ਬੀਬੀ ਰਤਨੀ ਵੀ ਪਹੁੰਚੀ
ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਰਾਮਪੁਰ ਫੱਸੇ ਦੀ ਰਹਿਣ ਵਾਲੀ 90 ਸਾਲਾਂ ਬਜ਼ੁਰਗ ਬੀਬੀ ਰਤਨੀ ਵੀ ਬਚਾਅ ਕਾਰਜਾਂ ਵਿਚ ਜੁਟੀ ਹੋਈ ਸੀ। ਬੇਸ਼ੱਕ ਉਹ ਸਰੀਰਕ ਪੱਖੋਂ ਬਿਰਧ ਸੀ ਪਰ ਲੋਕ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਸਨ ਕਿ ਇਸ ਉਮਰ ਵਿਚ ਵੀ ਉਹ ਆਪਣੇ ਪਿੰਡ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਿਚ ਜੁਟੀ ਹੋਈ ਹੈ। ਬਜ਼ੁਰਗ ਰਤਨੀ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ, ਭਾਵੇਂ ਉਸ ਕੋਲ ਜਮੀਨ ਵੀ ਨਹੀਂ ਪਰ ਉਸਦਾ ਪਿੰਡ ਬਚੇਗਾ ਤਾਂ ਹੀ ਉਸਦਾ ਘਰ ਹੜ੍ਹ ਦੀ ਮਾਰ ਤੋਂ ਬਚ ਸਕੇਗਾ। ਬੀਬੀ ਰਤਨੀ ਤੋਂ ਇਲਾਵਾ ਹੋਰ ਵੀ ਬਜ਼ੁਰਗ ਔਰਤਾਂ ਉੱਥੇ ਨਿਸ਼ਕਾਮ ਸੇਵਾ ਕਰਦੀਆਂ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਹਰ ਵਿਅਕਤੀ ਉਨ੍ਹਾਂ ਦੀ ਸ਼ਲਾਘਾ ਕਰ ਰਿਹਾ ਸੀ।