ਮਹਾਂਸ਼ਿਵਰਾਤਰੀ ਮੌਕੇ ਮੰਦਿਰਾਂ ਵਿੱਚ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ
ਪੱਤਰ ਪ੍ਰੇਰਕ
ਪਾਇਲ, 26 ਫਰਵਰੀ
ਮਹਾਂਸ਼ਿਵਰਾਤਰੀ ਦੇ ਦਿਹਾੜੇ ਅੱਜ ਇਥੇ ਪ੍ਰਾਚੀਨ ਮਹਾਂਦੇਵ ਮੰਦਰ ਵਿੱਚ ਸਮਾਗਮ ਕਰਵਾਇਆ ਗਿਆ, ਜਿਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਮੱਥਾ ਟੇਕਿਆ। ਡਾ. ਗੁਰਪ੍ਰੀਤ ਨੇ ਸ਼ਿਵਲਿੰਗ ’ਤੇ ਦੁੱਧ ਅਤੇ ਜਲ ਚੜ੍ਹਾ ਕੇ ਪਾਠ ਪੂਜਾ ਕੀਤੀ ਤੇ ਮਹਾਂਦੇਵ ਮੰਦਰ ਦੇ ਪੁਜਾਰੀ ਨੇ ਆਸ਼ੀਰਵਾਦ ਦਿੰਦਿਆਂ ਫਲਾਂ ਦਾ ਪ੍ਰਸ਼ਾਦ ਦਿੱਤਾ। ਉਨ੍ਹਾਂ ਕਿਹਾ ਕਿ ਮਹਾਂਦੇਵ ਮੰਦਰ ਮੱਥਾ ਟੇਕ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ।
ਇੱਥੇ ਪ੍ਰਾਚੀਨ ਮਹਾਂਦੇਵ ਮੰਦਰ ਵਿੱਚ ਸ਼ਿਵਰਾਤਰੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਵੇਰੇ 4 ਵਜੇ ਤੋਂ ਹੀ ਮੱਥਾ ਟੇਕਣ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ। ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਜਿਲਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ, ਪ੍ਰਧਾਨ ਮਨਦੀਪ ਸਿੰਘ ਚੀਮਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਪ੍ਰਧਾਨ ਰੁਪਿੰਦਰ ਸਿੰਘ ਬਿੰਦੂ, ਪੀਏ ਰਣਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਇਸ ਮੌਕੇ ਮਹਾਂਦੇਵ ਮੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਕੁਮਾਰ ਖਾਰਾ ਨੇ ਆਏ ਆਗੂਆਂ ਦਾ ਸਨਮਾਨ ਕੀਤਾ ਗਿਆ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਮਾਤਾ ਰਾਣੀ ਮੰਦਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਤੜਕੇ ਭਗਵਾਨ ਸ਼ਿਵ ਨੂੰ ਇਸ਼ਨਾਨ ਕਰਵਾਇਆ ਗਿਆ ਉਪਰੰਤ ਵੱਡੀ ਗਿਣਤੀ ਵਿਚ ਲੋਕਾਂ ਨੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। ਇਸ ਮੌਕੇ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਲੰਗਰ ਲਾਏ ਗਏ। ਮੰਦਰ ਦੇ ਪੁਜਾਰੀ ਨੇ ਲੋਕਾਂ ਨੂੰ ਭਗਵਾਨ ਸ਼ਿਵ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲੋਕਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੰਦਿਆਂ ਹੋਰ ਧਰਮ ਦੇ ਤਿਉਹਾਰਾਂ ਅਤੇ ਮੇਲਿਆਂ ਨੂੰ ਇਕਜੁੱਟ ਹੋ ਕੇ ਮਨਾਉਣ ਦਾ ਸੱਦਾ ਦਿੱਤਾ ਕਿਉਂਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਵਿਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਦੁਰਗਾ ਮੰਦਰ, ਦੇਵੀ ਸ਼ਿਵਾਲਾ ਮੰਦਰ, ਸ਼ਿਵ ਮੰਦਰ, ਰਾਧਾ ਕ੍ਰਿਸ਼ਨ ਮੰਦਰ ਵਿਖੇ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ ਵਿਖੇ ਸਥਿਤ ਮੰਦਰਾਂ ‘ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਸ਼ਰਧਾਲੂਆਂ ਦੀਆਂ ਵਿਸ਼ਾਲ ਭੀੜਾਂ ਸਵੇਰ ਤੋਂ ਹੀ ਸਥਾਨਕ ਸ਼ਹਿਰ ਤੋਂ ਇਲਾਵਾ ਰੋਹੀੜਾ, ਪੋਹੀੜ, ਕੰਗਣਵਾਲ, ਬੜੂੰਦੀ, ਡੇਹਲੋਂ ਤੇ ਕਿਲਾਰਾਏਪੁਰ ਆਦਿ ਪਿੰਡਾਂ ਵਿੱਚ ਸ਼ਿਵ ਮੰਦਰਾਂ ਵੱਲ ਜਾਂਦੀਆਂ ਦੇਖੀਆਂ ਗਈਆਂ। ਸ਼ਿਵ ਭਗਤਾਂ ਨੇ ਸ਼ਿਵਲਿੰਗ ’ਤੇ ਦੁੱਧ, ਗੁੜ, ਫੁੱਲ ਅਤੇ ਬੇਲ ਪੱਤਰ ਆਦਿ ਚੜ੍ਹਾ ਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ। ਮੰਦਰਾਂ ਵਿਖੇ ਵਿਸ਼ੇਸ਼ ਭਜਨ-ਕੀਰਤਨ, ਸ਼ਿਵ ਅਭਿਸ਼ੇਕ ਅਤੇ ਹਵਨ ਕਰਵਾਏ ਗਏ। ਇੱਥੋਂ ਦੀ ਦਾਣਾ ਮੰਡੀ ਵਿੱਚ ਬ੍ਰਹਮ ਕੁਮਾਰੀ ਸੰਗਠਨ ਵੱਲੋਂ ਬਾਰਾਂ ਜਉਤਰਲਿੰਗਾਂ ਨੂੰ ਦਰਸ਼ਾਉਂਦੀ ਗੈਲਰੀ ਵਿੱਚ ਲਗਾਤਾਰ ਸ਼ਰਧਾਲੂਆਂ ਦੀ ਭੀੜ ਦੇੜੀ ਗਈ। ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਨਮਾਜਰਾ, ਨਗਰ ਕੌਂਸਲ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ ਨੇ ਸਾਰੇ ਮੰਦਰਾਂ ਵਿੱਚ ਹਾਜ਼ਰ ਭਰੀ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਮਹਾਂ ਸ਼ਿਵਰਾਤਰੀ ਮੌਕੇ ਅੱਜ ਇਥੇ ਵੱਖ-ਵੱਖ ਥਾਵਾਂ ’ਤੇ ਸਮਾਗਮ ਕਰਵਾਏ ਗਏ ਤੇ ਵੱਡੀ ਗਿਣਤੀ ਸ਼ਰਧਾਲੂਆਂ ਨੇ ਭਗਵਾਨ ਸ਼ਿਵਜੀ ਦੀ ਪੂਜਾ ਕੀਤੀ। ਪੁਰਾਤਨ ਸੰਗਲਾਂ ਵਾਲਾ ਸ਼ਿਵਾਲਾ ਮੰਦਿਰ ਵਿੱਚ ਸਵੇਰ ਤੋਂ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਜਿਨ੍ਹਾਂ ਮੰਦਿਰ ਵਿੱਚ ਸ਼ਿਵਲਿੰਗ ਦਾ ਦੁੱਧ ਨਾਲ ਇਸ਼ਨਾਨ ਕਰਕੇ ਪੂਜਾ ਕਰਦਿਆਂ ਆਪਣਾ ਸਤਿਕਾਰ ਭੇਟ ਕੀਤਾ। ਇਸ ਮੌਕੇ ਕਈ ਥਾਵਾਂ ’ਤੇ ਪਕੌੜਿਆਂ ਅਤੇ ਸ਼ਰਦਾਈ ਦੇ ਲੰਗਰ ਵੀ ਲਗਾਏ ਗਏ ਅਤੇ ਸ਼ਿਵ ਭਗਤਾਂ ਨੇ ਨਾਚ ਵੀ ਕੀਤੇ। ਸਥਾਨਕ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਐਸੋਸੀਏਸ਼ਨ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਗਿੱਲ ਰੋਡ ਵਿੱਖੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਦੇਖ ਰੇਖ ਹੇਠ ਲੰਗਰ ਲਗਾਇਆ ਅਤੇ ਸਮੂੰਹ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਮਹਾਂ ਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਜਤਿੰਦਰ ਸਿੰਘ ਬੌਬੀ, ਪ੍ਰਿਤਪਾਲ ਸਿੰਘ ਡੰਗ, ਰਾਜੀਵ ਬਾਂਸਲ ਸੀਏ, ਦਮਨਦੀਪ ਸਿੰਘ ਸਲੂਜਾ, ਸੁਰਜੀਤ ਸਿੰਘ ਮਠਾਰੂ, ਸਵਰਨ ਸਿੰਘ ਮਹੋਲੀ (ਸਾਬਕਾ ਕੌਂਸਲਰ) ਹਾਜ਼ਰ ਸਨ।
ਮਹਾਂਦੇਵ ਮੰਦਿਰ ਵਿੱਚ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਜੱਗੀ ਮਾਛੀਵਾੜਾ ਵਿੱਚ ਸ਼ਿਵਾਲਾ ਬ੍ਰਹਮਚਾਰੀ ਮੰਦਿਰ ਵੱਲੋਂ ਸ਼ੋਭਾ ਯਾਤਰਾ
ਮਾਛੀਵਾੜਾ (ਪੱਤਰ ਪ੍ਰੇਰਕ): ਮਹਾਂਸ਼ਿਵਰਾਤਰੀ ਮੌਕੇ ਅੱਜ ਇਥੇ ਮਾਛੀਵਾੜਾ ਦੇ ਇਤਿਹਾਸਕ ਸ੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਿਰ ’ਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਤੜਕੇ ਤੋਂ ਹੀ ਸ਼ਰਧਾਲੂ ਪਵਿੱਤਰ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਅਤੇ ਪੂਜਾ ਅਰਚਨਾ ਕਰਨ ਲਈ ਕਤਾਰਾਂ ਵਿਚ ਖੜ੍ਹੇ ਹੋ ਗਏ ਤੇ ਦੇਰ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦਾ ਆਉਣਾ ਲੱਗਾ ਰਿਹਾ। ਇਸ ਤੋਂ ਇਲਾਵਾ ਮਹਾਂਸ਼ਿਵਰਾਤਰੀ ਦੇ ਸਬੰਧ ’ਚ ਸ੍ਰੀ ਦੁਰਗਾ ਸ਼ਕਤੀ ਮੰਦਿਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸ਼ਾਮਿਲ ਸ਼ਰਧਾਲੂ ਬਮ-ਬਮ ਭੋਲੇ ਦੇ ਜੈਕਾਰੇ ਲਗਾਉਂਦੇ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਦਿਖਾਈ ਦਿੱਤੇ। ਸ਼ੋਭਾ ਯਾਤਰਾ ਵਿਚ ਮੁਖ ਮਹਿਮਾਨ ਵੱਜੋਂ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ, ਅਰਵਿੰਦਰਪਾਲ ਸਿੰਘ ਵਿੱਕੀ, ਵਿਨੀਤ ਕੁਮਾਰ ਝੜੌਦੀ, ਭੁਪਿੰਦਰ ਸਿੰਘ ਕਾਹਲੋਂ, ਡਾ. ਸੰਜੀਵ ਗਰਗ, ਸੰਜੀਵ ਲੀਹਲ, ਸੰਨੀ ਦੂਆ, ਮਨਜੀਤ ਕੁਮਾਰੀ, ਐਡਵੋਕੇਟ ਕਪਿਲ ਆਨੰਦ, ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਸ਼ਿਵਚਰਨ ਸ਼ਰਮਾ, ਵਿਨੋਦ ਸਿੰਗਲਾ, ਚੇਤਨ ਕੁਮਾਰ, ਸੰਜੇ ਜੈਨ, ਸੁਰਿੰਦਰ ਬਾਂਸਲ, ਡਿਪਟੀ ਸਰੀਨ, ਐਡਵੋਕੇਟ ਨਿਤਿਸ਼ ਕੁੰਦਰਾ, ਪੀਏ ਗੁਰਮੁਖ ਸਿੰਘ, ਪੀਏ ਹਰਚੰਦ ਸਿੰਘ, ਸੁਭਾਸ਼ ਬੀਟਨ, ਚੌਧਰੀ ਸੁਖਵਿੰਦਰ ਰਾਏ, ਨਿਰੰਜਨ ਸੂਖਮ, ਐਡਵੋਕੇਟ ਭੁਵਨੇਸ਼ ਖੇੜਾ, ਯੁਵਰਾਜਜੀਤ ਸਿੰਘ ਵੀ ਮੌਜੂਦ ਸਨ।