ਪੁਲੀਸ ਤੇ ਨਿਗਮ ਦੀ ਸਾਂਝੀ ਟੀਮ ਨੇ ਨਾਜਾਇਜ਼ ਕਬਜ਼ੇ ਹਟਵਾਏ
ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ’ਤੇ ਕਬਜ਼ਾ ਕਰ ਕੇ ਬੈਠੇ ਨਾਜਾਇਜ਼ ਕਬਜ਼ਾਧਾਰਕਾਂ ਖ਼ਿਲਾਫ਼ ਅੱਜ ਪੁਲੀਸ ਤੇ ਨਗਰ ਨਿਗਮ ਦੀ ਟੀਮ ਨੇ ਸਾਂਝੇ ਤੌਰ ’ਤੇ ਵੱਡੀ ਕਾਰਵਾਈ ਕੀਤੀ। ਪੁਲੀਸ ਨੇ ਸਵੇਰੇ ਤੋਂ ਸ਼ਾਮ ਤੱਕ ਸ਼ਹਿਰ ਦੇ ਛੇ ਇਲਾਕਿਆਂ ਵਿੱਚ ਕਾਰਵਾਈ ਕਰਦੇ...
ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ’ਤੇ ਕਬਜ਼ਾ ਕਰ ਕੇ ਬੈਠੇ ਨਾਜਾਇਜ਼ ਕਬਜ਼ਾਧਾਰਕਾਂ ਖ਼ਿਲਾਫ਼ ਅੱਜ ਪੁਲੀਸ ਤੇ ਨਗਰ ਨਿਗਮ ਦੀ ਟੀਮ ਨੇ ਸਾਂਝੇ ਤੌਰ ’ਤੇ ਵੱਡੀ ਕਾਰਵਾਈ ਕੀਤੀ। ਪੁਲੀਸ ਨੇ ਸਵੇਰੇ ਤੋਂ ਸ਼ਾਮ ਤੱਕ ਸ਼ਹਿਰ ਦੇ ਛੇ ਇਲਾਕਿਆਂ ਵਿੱਚ ਕਾਰਵਾਈ ਕਰਦੇ ਹੋਏ ਫੁੱਟਪਾਥਾਂ ’ਤੇ ਦੁਕਾਨਾਂ ਦੇ ਬਾਹਰ ਸੜਕਾਂ ’ਤੇ ਹੋਏ ਕਬਜ਼ੇ ਹਟਵਾਏ। ਇੰਨਾ ਹੀ ਨਹੀਂ ਪੁਲੀਸ ਨੇ ਦੁਕਾਨਦਾਰਾਂ ਨੂੰ ਸਖ਼ਤੀ ਭਰ ਲਹਿਜ਼ੇ ਨਾਲ ਇਹ ਨਾਜਾਇਜ਼ ਕਬਜ਼ੇ ਨਾ ਹਟਾਉਣ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਪੁਲੀਸ ਨੇ ਇਨ੍ਹਾਂ ਛੇ ਇਲਾਕਿਆਂ ਵਿੱਚ ਕਈ ਦੁਕਾਨਦਾਰਾਂ ਦੇ ਚਲਾਨ ਕੱਟੇ ਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਪੁਲੀਸ ਤੇ ਨਗਰ ਨਿਗਮ ਦੀ ਟੀਮ ਵੱਲੋਂ ‘ਕਬਜ਼ੇ ਹਟਾਓ ਮੁਹਿੰਮ’ ਤਹਿਤ ਹੁਣ ਰੋਜ਼ਾਨਾਂ ਸ਼ਹਿਰ ਦੇ ਇਲਾਕਿਆਂ ਵਿੱਚ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ ’ਤੇ ਏ ਸੀ ਪੀ ਜਤਿਨ ਬਾਂਸਲ ਅਤੇ ਏ ਸੀ ਪੀ ਗੁਰਦੇਵ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਦੀਆਂ ਟੀਮਾਂ ਨੇ ਸ਼ਨਿੱਚਰਵਾਰ ਨੂੰ ਇਹ ਕਾਰਵਾਈ ਕੀਤੀ। ਪੁਲੀਸ ਨੇ ਰੇਲਵੇ ਸਟੇਸ਼ਨ ਤੋਂ ਕੇਸਰਗੰਜ ਚੌਕ, ਬਸਤੀ ਜੋਧੇਵਾਲ ਚੌਕ ਤੋਂ ਗੁਰੂ ਵਿਹਾਰ ਕੱਟ ਤੱਕ, ਸਮਰਾਲਾ ਚੌਕ ਤੋਂ ਵਰਧਮਾਨ ਚੌਕ, ਚਿਮਨੀ ਰੋਡ ਤੋਂ ਕੁਆਲਿਟੀ ਚੌਕ, ਪੱਖਵਾਲ ਰੋਡ ਨਹਿਰ ਤੋਂ ਬੀ 7 ਚੌਕ ਤੱਕ, ਉਸ ਤੋਂ ਬਾਅਦ ਦੰਡੀ ਸਵਾਮੀ ਚੌਕ ਤੋਂ ਡੀ ਐੱਮ ਸੀ ਹਸਪਤਾਲ ਚੌਕ ਅਤੇ ਭੂਰੀ ਵਾਲਾ ਗੁਰਦੁਆਰਾ ਸਾਹਿਬ ਤੋਂ ਹੈਬੋਵਾਲ ਪੁਲੀਸ ਚੌਕ ਤੱਕ ਇਹ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਸੜਕਾਂ ਅਤੇ ਪੈਦਲ ਚੱਲਣ ਵਾਲੇ ਰਸਤੇ ਵਿੱਚ ਰੁਕਾਵਟ ਪਾਉਣ ਵਾਲੇ ਕਬਜ਼ੇ ਹਟਾਏ ਗਏ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਗਏ। ਪੁਲੀਸ ਤੇ ਨਗਰ ਨਿਗਮ ਦੀ ਟੀਮ ਨੇ ਚਿਤਾਵਨੀ ਦਿੱਤੀ ਗਈ ਕਿ ਜੇ ਉਹ ਦੁਬਾਰਾ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਨੂੰ ਫੁੱਟਪਾਥਾਂ ਨੂੰ ਸਾਫ਼ ਰੱਖਣ ਲਈ ਜਾਗਰੂਕ ਕੀਤਾ ਗਿਆ। ਲੁਧਿਆਣਾ ਪੁਲੀਸ ਨੇ ਸਾਰਿਆਂ ਨੂੰ ਖਾਸ ਕਰਕੇ ਦੁਕਾਨਦਾਰਾਂ ਅਤੇ ਫੇਰੀਆਂ ਵਾਲਿਆਂ ਨੂੰ ਜਨਤਕ ਥਾਵਾਂ ਨੂੰ ਕਬਜ਼ੇ ਮੁਕਤ ਰੱਖਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸ਼ਹਿਰ ਭਰ ਵਿੱਚ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਸਾਂਝੀਆਂ ਕਾਰਵਾਈ ਮੁਹਿੰਮ ਰੋਜ਼ਾਨਾਂ ਚੱਲਣਗੀਆਂ।
ਖੁੱਲ੍ਹੇਆਮ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਦਰਜ ਹੋਵੇਗਾ ਕੇਸ
ਨਗਰ ਨਿਗਮ ਨੇ ਸਮਾਰਟ ਸਿਟੀ ਨੂੰ ‘ਸਾਫ਼ ਸਿਟੀ’ ਬਣਾਉਣ ਲਈ ਨਗਰ ਨਿਗਮ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਨਗਰ ਨਿਗਮ ਨੇ ਖੁੱਲ੍ਹੇਆਮ ਸੜਕਾਂ, ਖਾਲੀ ਪਲਾਟਾਂ ਤੇ ਨਹਿਰ ਵਿੱਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦਾ ਕਹਿਣਾ ਹੈ ਕਿ ਜੇ ਲੋਕ ਸੁਧਰਦੇ ਨਹੀਂ ਹਨ ਤਾਂ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਘਰ ਜਾਂ ਦੁਕਾਨ ਦਾ ਕੂੜਾ ਖੁੱਲ੍ਹੇਆਮ ਸੁੱਟੇਗਾ ਤਾਂ ਨਗਰ ਨਿਗਮ ਉਸ ਵਿਰੁੱਧ ਕਾਰਵਾਈ ਕਰੇਗਾ। ਪਹਿਲਾਂ ਚਲਾਨ ਜਾਰੀ ਕੀਤਾ ਜਾਵੇਗਾ ਅਤੇ ਫਿਰ ਕੇਸ ਦਰਜ ਕੀਤਾ ਜਾਵੇਗਾ। ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਸਪੱਸ਼ਟ ਕੀਤਾ ਕਿ ਜੇ ਨਗਰ ਨਿਗਮ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕੂੜੇ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੇ ਬਾਵਜੂਦ ਕਈ ਇਲਾਕਿਆਂ ਵਿੱਚ ਖੁੱਲ੍ਹੇ ਵਿੱਚ ਕੂੜਾ ਸੁੱਟਣ ਦੇ ਮਾਮਲੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਨਤਾ ਅਤੇ ਮਾਰਕੀਟ ਐਸੋਸੀਏਸ਼ਨਾਂ ਤੋਂ ਵਾਰ-ਵਾਰ ਸਹਿਯੋਗ ਦੀ ਬੇਨਤੀ ਕੀਤੀ, ਪਰ ਲੋਕਾਂ ਦਾ ਪੂਰਾ ਸਾਥ ਨਹੀਂ ਮਿਲਿਆ। ਹੁਣ, ਨਿਗਮ ਨੇ ਇਨਫੋਰਸਮੈਂਟ ਟੀਮਾਂ ਅਤੇ ਰਾਤ ਵੇਲੇ ਗਸ਼ਤ ਟੀਮਾਂ ਤਾਇਨਾਤ ਕੀਤੀਆਂ ਹਨ। ਇਹ ਟੀਮਾਂ ਰਾਤ ਨੂੰ ਖੁੱਲ੍ਹੇਆਮ ਕੂੜਾ ਸੁੱਟਣ ਵਾਲਿਆਂ ਦੀ ਨਿਗਰਾਨੀ ਕਰਨਗੀਆਂ। ਨਗਰ ਨਿਗਮ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਵਿੱਚ 300 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਕੈਮਰੇ ’ਤੇ ਕੂੜਾ ਸੁੱਟਦੇ ਹੋਏ ਫੜੇ ਗਏ ਕਿਸੇ ਵੀ ਵਿਅਕਤੀ ਦਾ ਵਾਹਨ ਨੰਬਰ ਟਰੇਸ ਕੀਤਾ ਜਾਵੇਗਾ ਅਤੇ ਸਿੱਧਾ ਉਨ੍ਹਾਂ ਦੇ ਘਰ ਚਲਾਨ ਭੇਜਿਆ ਜਾਵੇਗਾ। ਅਗਲੇ ਹਫ਼ਤੇ ਦੇ ਅੰਦਰ ਇੱਕ ਵਟਸਐਪ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ, ਜਿੱਥੇ ਲੋਕ ਸਫਾਈ ਨਾਲ ਸਬੰਧਤ ਸ਼ਿਕਾਇਤਾਂ ਅਤੇ ਫੋਟੋਆਂ ਭੇਜ ਕੇ ਨਗਰ ਨਿਗਮ ਦੀ ਮਦਦ ਕਰ ਸਕਣਗੇ।

