ਸਨਅਤੀ ਸ਼ਹਿਰ ਦਾ ਲਾਵਾਰਿਸ ਪਸ਼ੂਆਂ ਤੋਂ ਛੁਟਕਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਝੁੰਡਾਂ ਵਿੱਚ ਘੁੰਮਦੇ ਇਹ ਪਸ਼ੂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਇੱਥੋਂ ਦੇ ਜਮਾਲਪੁਰ ਚੌਕ ਵਿੱਚ ਤਾਂ ਰੋਜ਼ਾਨਾ ਸਵੇਰੇ ਅਜਿਹੇ ਲਾਵਾਰਿਸ ਪਸ਼ੂਆਂ ਦਾ ਝੁੰਡ ਘੁੰਮਦਾ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਇੱਥੇ ਇਕੱਠੇ ਹੋਣ ਦਾ ਕਾਰਨ ਲੋਕਾਂ ਵੱਲੋਂ ਖਾਣ ਲਈ ਕੋਈ ਨਾ ਕੋਈ ਚੀਜ਼ ਦੇਣਾ ਵੀ ਮੰਨਿਆ ਜਾ ਰਿਹਾ ਹੈ।
ਲੁਧਿਆਣਾ ਵਿੱਚ ਰੋਜ਼ਾਨਾਂ ਟਨਾਂ ਦੇ ਹਿਸਾਬ ਨਾਲ ਕੂੜਾ ਪੈਦਾ ਹੁੰਦਾ ਹੈ ਤੇ ਜਿਥੇ ਕਿਤੇ ਵੀ ਖੁੱਲ੍ਹੇ ਵਿੱਚ ਕੂੜਾ ਸਿੱਟਿਆ ਹੋਵੇ ਉਥੇ ਇਨ੍ਹਾਂ ਲਾਵਾਰਿਸ ਪਸ਼ੂਆਂ ਦੀ ਗਿਣਤੀ ਛੇਤੀ ਹੀ ਵੱਧ ਜਾਂਦੀ ਹੈ। ਹੁਣ ਤਾਂ ਸ਼ਹਿਰ ਵਿੱਚ ਇਸ ਕੂੜੇ ਦੇ ਪ੍ਰਬੰਧ ਲਈ ਕੰਪੈਕਟਰ ਵੀ ਲੱਗ ਗਏ ਹਨ ਪਰ ਲਾਵਾਰਿਸ ਪਸ਼ੂਆਂ ’ਤੇ ਕੋਈ ਰੋਕ ਨਹੀਂ ਲੱਗੀ। ਇਹ ਪਹਿਲਾਂ ਦੀ ਤਰ੍ਹਾਂ, ਚੌਂਕਾਂ, ਸੜਕਾਂ, ਗਲੀਆਂ ਵਿੱਚ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਇੱਥੋਂ ਦੇ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਪੈਂਦੇ ਜਮਾਲਪੁਰ ’ਤੇ ਤਾਂ ਰੋਜ਼ਾਨਾਂ ਸਵੇਰੇ ਅਜਿਹੇ ਲਾਵਾਰਿਸ ਪਸ਼ੂਆਂ ਦਾ ਝੁੰਡ ਚੌਕ ਵਿਚਕਾਰ ਬੈਠਾ/ਘੁੰਮਦਾ ਦੇਖਿਆ ਜਾ ਸਕਦਾ ਹੈ। ਸ਼ਹਿਰ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਇੰਨਾਂ ਨੂੰ ਖਾਣ ਲਈ ਸੁੱਕੀਆਂ ਰੋਟੀਆਂ, ਆਟੇ ਦੇ ਪੇੜੇ ਜਾਂ ਹੋਰ ਕਈ ਚੀਜ਼ਾਂ ਦੇਣ ਕਰਕੇ ਇਹ ਪਸ਼ੂ ਰੋਜ਼ ਸੇਵੇਰੇ ਇੱਥੇ ਇਕੱਠੇ ਹੋ ਜਾਂਦੇ ਹਨ। ਚੌਕ ਵਿੱਚ ਟ੍ਰੈਫਿਕ ਲਾਈਟਾਂ ਲੱਗੀਆਂ ਹੋਈਆਂ ਹਨ ਪਰ ਕਈ ਵਾਰ ਇੰਨਾਂ ਪਸ਼ੂਆਂ ਦੇ ਚੌਕ ਵਿਚਕਾਰ ਖੜ੍ਹੇ ਹੋਣ ਕਰਕੇ ਰਾਹਗੀਰਾਂ ਨੂੰ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਆਮ ਲੋਕਾਂ ਵੱਲੋਂ ਇੰਨਾਂ ਨੂੰ ਡਰਾ ਕੇ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਟੱਸ ਤੋਂ ਮੱਸ ਨਹੀਂ ਹੁੰਦੇ। ਕਈ ਵਾਰ ਤਾਂ ਇਹ ਪਸ਼ੂ ਰਾਤ ਸਮੇਂ ਹੀ ਸੜ੍ਹਕ ਤੇ ਆ ਕੇ ਸੌਂ ਜਾਂਦੇ ਹਨ ਜਿਸ ਕਰਕੇ ਕਈ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਭਾਵੇਂ ਅਜਿਹੇ ਲਾਵਾਰਿਸ ਪਸ਼ੂਆਂ ਨੂੰ ਦੂਰ-ਦੁਰਾਡੀਆਂ ਗਊਸ਼ਾਲਾਵਾਂ ਵਿੱਚ ਵੀ ਛੱਡਿਆ ਜਾਂਦਾ ਹੈ ਪਰ ਉਨ੍ਹਾਂ ਦੀ ਸਮਰੱਥਾ ਘੱਟ ਹੋਣ ਕਰਕੇ ਹਾਲਾਂ ਵੀ ਬਹੁਤ ਸਾਰੇ ਲਾਵਾਰਿਸ ਪਸ਼ੂ ਸੜ੍ਹਕਾਂ ’ਤੇ ਘੁੰਮਦੇ ਦੇਖੇ ਜਾ ਸਕਦੇ ਹਨ। ਇੰਨਾਂ ਤੋਂ ਇਲਾਵਾ ਤਾਜਪੁਰ ਰੋਡ, ਹੈਬੋਵਾਲ ਕਲਾਂ, ਰਾਹੋਂ ਰੋਡ, ਲੁਧਿਆਣਾ-ਜਲੰਧਰ ਰੋਡ ’ਤੇ ਵੀ ਅਜਿਹੇ ਲਾਵਾਰਿਸ ਪਸ਼ੂ ਆਮ ਦੇਖੇ ਜਾ ਸਕਦੇ ਹਨ।