ਭ੍ਰਿਸ਼ਟ ਸਿਆਸਤਦਾਨਾਂ, ਅਧਿਕਾਰੀਆਂ ਤੇ ਗੁੰਡਾ ਗਰੋਹਾਂ ਖ਼ਿਲਾਫ਼ ਇੱਕਜੁਟ ਹੋਣ ਦਾ ਸੱਦਾ
ਸਰਕਾਰਾਂ ’ਤੇ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਕਾਰਪੋਰੇਟਾਂ ਨੂੰ ਪਹਿਲ ਦੇਣ ਦਾ ਦੋਸ਼
ਜ਼ਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰਸਟ ਸੁਨੇਤ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਮੁਖੀ ਜਸਵੰਤ ਜ਼ੀਰਖ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਪ੍ਰੋ. ਏ ਕੇ ਮਲੇਰੀ, ਮਹਾਂ ਸਭਾ ਲੁਧਿਆਣਾ ਦੇ ਪ੍ਰਧਾਨ ਬਲਕੌਰ ਸਿੰਘ ਗਿੱਲ, ਇਨਕਲਾਬੀ ਮਜ਼ਦੂਰ ਕੇਂਦਰ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਅੱਜ ਇਥੇ ਕਿਹਾ ਕਿ ਅੱਜ ਲੋਕਾਂ ਦੀ ਜੋ ਮੰਦੀ ਹਾਲਤ ਹੈ, ਉਸ ਦਾ ਮੂਲ ਕਾਰਨ ਲੋਕਾਂ ਦੀ ਹਿੱਸੇਦਾਰੀ ਨੂੰ ਚਲਾਕੀ ਨਾਲ ਨਜ਼ਰਅੰਦਾਜ਼ ਕਰਕੇ ਸਿਆਸਤਦਾਨਾਂ ਵੱਲੋਂ ਨਿੱਜੀ ਅਤੇ ਕਾਰਪੋਰੇਟਾਂ ਦੇ ਹਿਤਾਂ ਨੂੰ ਪਹਿਲ ਦੇਣਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਅੰਗਰੇਜ਼ ਹਾਕਮਾਂ ਦੀਆਂ ਕੁਰਸੀਆਂ ’ਤੇ ਭਾਰਤੀ ਕਾਲੇ ਅੰਗਰੇਜ਼ਾਂ ਦੇ ਬਹਿ ਜਾਣ ਨਾਲ ਦੇਸ਼ ਦੇ ਕਿਰਤੀ ਲੋਕਾਂ ਦੀ ਜ਼ਿੰਦਗੀ ’ਚ ਕੋਈ ਬਦਲਾਅ ਨਹੀਂ ਹੋਵੇਗਾ, ਸਗੋਂ ਲੋਕਾਂ ਨੂੰ ਹਰ ਲੁੱਟ ਖਿਲਾਫ ਜਥੇਬੰਦ ਹੋ ਅੱਗੇ ਆਉਣਾ ਪਵੇਗਾ। ਅੱਜ ਅਜਿਹਾ ਹੁੰਦਾ ਅੱਖੀਂ ਵੇਖ ਰਹੇ ਹਾਂ ਕਿ ਕਿਵੇਂ ਮੌਜੂਦਾ ਸਿਆਸਤਦਾਨਾਂ, ਪੁਲੀਸ ਅਧਿਕਾਰੀਆਂ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਘਰਾਂ ਵਿੱਚੋਂ ਲੁੱਟ ਦੇ ਕਰੋੜਾਂ ਰੁਪਏ, ਸੋਨਾ, ਚਾਂਦੀ ਅਤੇ ਹੋਰ ਕੀਮਤੀ ਵਸਤਾਂ ਫੜੀਆਂ ਜਾ ਰਹੀਆਂ ਹਨ। ਦੂਜੇ ਪਾਸੇ ਆਮ ਲੋਕ ਕਿਵੇਂ ਅਤਿ ਦੀ ਗਰੀਬੀ, ਭੁੱਖਮਰੀ ਅਤੇ ਜਹਾਲਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਜਿੱਥੇ ਲੋਕ ਜਥੇਬੰਦਕ ਆਵਾਜ਼ ਉਠਾ ਰਹੇ ਹਨ, ਉੱਥੇ ਭਾਰਤੀ ਹਾਕਮ ਵੀ ਅੰਗਰੇਜ਼ਾਂ ਦੀ ਤਰ੍ਹਾਂ ਹੀ ਪੇਸ਼ ਆ ਰਹੇ ਹਨ। ਆਗੂਆਂ ਨੇ ਸ਼ਹੀਦਾਂ ਦੇ ਵਾਰਸ ਲੋਕਾਂ ਨੂੰ ਅੱਜ ਦੇਸ਼ ਵਿੱਚ ਹਰ ਲੁੱਟ, ਜਬਰ-ਜ਼ੁਲਮ ਖਿਲਾਫ਼ ਉੱਠਣ ਦਾ ਸੱਦਾ ਦਿੱਤਾ।

