ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਚੀਨ ਲਈ ਭਾਰਤੀ ਮੈਡੀਕਲ ਮਿਸ਼ਨ ਦੀ 87ਵੀਂ ਵਰ੍ਹੇਗੰਢ ਮੌਕੇ ਦੋ ਰੋਜ਼ਾ ਐਕਿਊਪੰਕਚਰ ਡਾਕਟਰੀ ਕੈਂਪ ਸ਼ਿਵ ਸ਼ਕਤੀ ਧਰਮਸ਼ਾਲਾ, ਨਿਊ ਅਸ਼ੋਕ ਨਗਰ ਵਿੱਚ ਲਗਾਇਆ ਗਿਆ, ਜਿਸ ਵਿੱਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕੈਂਪ ਦਾ ਉਦਘਾਟਨ ਡਾ. ਕੋਟਨੀਸ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਜਸਵੰਤ ਸਿੰਘ ਛਾਪਾ (ਪ੍ਰਧਾਨ ਸਰਬੱਤ ਦਾ ਭਲਾ ਚੈਰਿਟੇਬਲ ਟਰੱਸਟ), ਅਸ਼ਵਨੀ ਵਰਮਾ (ਐੱਮ ਸੀ ਸੀ), ਇਕਬਾਲ ਸਿੰਘ ਗਿੱਲ (ਆਈ ਪੀ ਐੱਸ ) ਅਤੇ ਸੰਦੀਪ ਸੋਨੀ (ਪ੍ਰਧਾਨ, ਸ਼ਿਵ ਸ਼ਕਤੀ ਧਰਮਸ਼ਾਲਾ) ਵੱਲੋਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਐਕਿਊਪੰਕਚਰ ਚਿਕਿਤਸਾ ਪ੍ਰਣਾਲੀ ਹਰ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕਰਨ ਵਿੱਚ ਪ੍ਰਭਾਵਸ਼ਾਲੀ ਹੈ ਅਤੇ ਉਹ ਖ਼ੁਦ ਕਈ ਸਾਲਾਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਨ। ਉਨ੍ਹਾਂ ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਵੱਲੋਂ ਲਗਾਏ ਜਾਂਦੇ ਮੁਫ਼ਤ ਕੈਂਪਾਂ ਅਤੇ ਸਮਾਜ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਐਕਿਊਪੰਕਚਰ ਥੈਰਪੀ ਬਿਨਾਂ ਦਵਾਈ ਤੇ ਬਿਨਾਂ ਅਪਰੇਸ਼ਨ ਦੇ ਸਿਧਾਂਤ ’ਤੇ ਅਧਾਰਿਤ ਹੈ, ਜਿਸਦਾ ਸਰੀਰ ’ਤੇ ਕੋਈ ਵੀ ਨਕਾਰਾਤਮਕ ਅਸਰ ਨਹੀਂ ਹੁੰਦਾ ਅਤੇ ਇਹ ਹੋਰ ਇਲਾਜਾਂ ਨਾਲੋਂ ਕਾਫ਼ੀ ਸਸਤਾ ਹੈ। ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ 50 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਕਮਰ ਦਰਦ, ਰੀੜ੍ਹ ਦੀ ਹੱਡੀ ਦਾ ਦਰਦ, ਸਰਵਾਈਕਲ ਸਪੌਂਡਿਲਾਇਟਿਸ, ਜੋੜਾਂ ਦਾ ਦਰਦ, ਸਾਹ ਦੀ ਤਕਲੀਫ਼, ਦਮਾ ਆਦਿ ਦਾ ਇਲਾਜ਼ ਐਕਿਊਪੰਕਚਰ ਥੈਰਪੀ ਰਾਹੀਂ ਮੁਫ਼ਤ ਕੀਤਾ ਗਿਆ। ਇਸ ਮੌਕੇ ਡਾ. ਰਘੁਵੀਰ ਸਿੰਘ, ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਡਾ. ਸ਼ਰਮਾ ਨੇ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ। ਵਿਧਾਇਕ ਬੱਗਾ ਵੱਲੋਂ ਪ੍ਰਬੰਧਕਾਂ ਅਤੇ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਲਗਭਗ 98 ਮਰੀਜ਼ਾਂ ਦਾ ਇਲਾਜ਼ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ।

