ਲੈਂਡ ਪੂਲਿੰਗ ਨੀਤੀ ਤੋਂ ਖ਼ਫ਼ਾ ਹੋਏ 80 ਪਰਿਵਾਰਾਂ ਨੇ ‘ਆਪ’ ਨੂੰ ਅਲਵਿਦਾ ਕਿਹਾ
‘ਆਪ’ ਵੱਲੋਂ ਜਾਰੀ ਲੈਂਡ ਪੂਲਿੰਗ ਨੀਤੀ ਦਾ ਖੰਨਾ ਹਲਕੇ ਦੇ ਪਿੰਡਾਂ ਵਿੱਚ ਵਿਰੋਧ ਵਧਦਾ ਜਾ ਰਿਹਾ ਹੈ। ਇਸੇ ਤਹਿਤ ਵੱਡੀ ਗਿਣਤੀ ਲੋਕ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਲੱਗੇ ਹਨ। ਪਿਛਲੇ ਦਿਨੀਂ ਪਿੰਡ ਹੋਲ ਦੇ ਵੱਡੀ ਗਿਣਤੀ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਹੁਣ ਪਿੰਡ ਪੰਜਰੁੱਖਾ ਵਿੱਚ ‘ਆਪ’ ਨੂੰ ਵੱਡਾ ਝਟਕਾ ਲੱਗਾ ਹੈ। ਪਿੰਡ ਦੇ ਪੰਜ ਪੰਚਾਇਤ ਮੈਂਬਰਾਂ ਤੋਂ ਇਲਾਵਾ 80 ਦੇ ਕਰੀਬ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਜੋ ਸਾਜ਼ਿਸ਼ ਰਚੀ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੇ ਕਿਸਾਨਾਂ ਦੀ ਜ਼ਮੀਨ ਹੀ ਚਲੀ ਗਈ ਤਾਂ ਉਨ੍ਹਾਂ ਕੋਲ ਗੁਜ਼ਾਰੇ ਲਈ ਕੁਝ ਨਹੀਂ ਬਚੇਗਾ। ਇਸ ਨਾਲ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਧੰਦੇ ਵੀ ਇਸ ਦੀ ਮਾਰ ਹੇਠ ਆਉਣਗੇ ਅਤੇ ਕਾਰਪੋਰੇਟ ਘਰਾਣੇ ਲੋਕਾਂ ’ਤੇ ਰਾਜ ਕਰਨਗੇ। ਇਸ ਲਈ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਹਰ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਹੋਰ ਮਜ਼ਬੂਤ ਹੋ ਕੇ ਉਭਰੇਗੀ ਅਤੇ ‘ਆਪ’ ਨੂੰ ਇਨ੍ਹਾਂ ਨੀਤੀਆਂ ਕਾਰਨ ਮੂੰਹ ਦੀ ਖਾਣੀ ਪਵੇਗੀ।
ਸ੍ਰੀ ਕੋਟਲੀ ਨੇ ਕਿਹਾ ਕਿ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਹਲਕੇ ਵਿੱਚ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਲੋਕਾਂ ਵਿਚ ਰੋਸ ਵਧ ਰਿਹਾ ਹੈ। ਇਸ ਮੌਕੇ ‘ਆਪ’ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਨੌਜਵਾਨ ਹਰਪ੍ਰੀਤ ਸਿੰਘ ਅਤੇ ਉਜਾਗਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਪਾਰਟੀ ਛੱਡ ਕੇ ਆਏ ਹਨ।
ਇਸ ਮੌਕੇ ਲਖਵੀਰ ਸਿੰਘ ਨੰਬਰਦਾਰ, ਹਰਦੀਪ ਸਿੰਘ, ਕੁਲਦੀਪ ਸਿੰਘ, ਚਮਕੌਰ ਸਿੰਘ, ਕੁਲਜੀਤ ਸਿੰਘ, ਗੁਰਦੀਪ ਸਿੰਘ, ਸਤਪਾਲ ਸਿੰਘ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਉਜਾਗਰ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਸੁਖਦੀਪ ਸਿੰਘ, ਕੇਵਲ ਸਿੰਘ, ਕੁਲਵਿੰਦਰ ਸਿੰਘ, ਸਾਹਿਲਪ੍ਰੀਤ ਸਿੰਘ, ਸੰਤ ਰਾਮ, ਕੇਵਲ ਸਿੰਘ, ਬਲਦੇਵ ਸਿੰਘ, ਬਲਦੇਵ ਸਿੰਘ, ਹਰਚੰਦ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ, ਗੁਰਬਿੰਦਰ ਸਿੰਘ, ਭਾਨ ਸਿੰਘ, ਹਰਦਿਆਲ ਸਿੰਘ, ਜਗਤਾਰ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।