ਲੁਧਿਆਣਾ ਦੇ ਇੱਕ ਘਰ ’ਚੋਂ 40 ਕਿੱਲੋ ਨਕਲੀ ਦੇਸੀ ਘਿਓ ਬਰਾਮਦ
ਸਿਹਤ ਵਿਭਾਗ ਦੀ ਕਾਰਵਾਈ ’ਚ ਪੁਲੀਸ ਵੱਲੋਂ ਔਰਤ ਗ੍ਰਿਫ਼ਤਾਰ
ਇਸੇ ਘਰ ’ਤੇ ਪਹਿਲਾਂ ਵੀ ਦੋ ਵਾਰ ਪੈ ਚੁੱਕਿਆ ਹੈ ਛਾਪਾ
ਸਿਹਤ ਵਿਭਾਗ ਦੀ ਟੀਮ ਨੇ ਅੱਜ ਸ਼ਹਿਰ ਦੇ ਸ਼ਾਮ ਨਗਰ ਇਲਾਕੇ ਵਿੱਚ ਇੱਕ ਘਰ ’ਤੇ ਛਾਪਾ ਮਾਰ ਕੇ 40 ਕਿੱਲੋਂ ਨਕਲੀ ਦੇਸੀ ਘਿਉ ਬਰਾਮਦ ਕੀਤਾ। ਸਿਹਤ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਇਥੋਂ ਨਕਲੀ ਘਿਉ ਵੱਖ ਵੱਖ ਦੁਕਾਨਾਂ ’ਤੇ ਸਪਲਾਈ ਕੀਤਾ ਜਾਂਦਾ ਹੈ, ਜਦੋਂ ਸਿਹਤ ਵਿਭਾਗ ਨੇ ਛਾਪਾ ਮਾਰਿਆ ਤਾਂ ਉਥੋਂ 40 ਕਿੱਲੋਂ ਦੇਸੀ ਘਿਉ ਬਰਾਮਦ ਹੋਇਆ, ਜਿਸ ਦੇ ਸੈਂਪਲ ਲੈ ਕੇ ਸਿਹਤ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਿਉਹਾਰੀ ਸੀਜ਼ਨ ਦੇ ਮੌਕੇ ’ਤੇ ਇਹ ਘਿਉ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ ’ਤੇ ਸਪਲਾਈ ਕੀਤਾ ਜਾਣਾ ਸੀ। ਜ਼ਿਕਰਯੋਗ ਹੈ ਕਿ ਇਸੇ ਘਰ ’ਤੇ ਪਹਿਲਾਂ 2017 ਤੇ ਮੁੜ 2020 ਵਿੱਚ ਵੀ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਸੀ ਤੇ ਉਦੋਂ ਵੀ ਨਕਲੀ ਸਾਮਾਨ ਮਿਲਿਆ ਸੀ।
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਇਹ ਨਕਲੀ ਦੇਸੀ ਘਿਉ ਸੁੱਕੇ ਦੁੱਧ, ਰਿਫਾਇੰਡ ਤੇ ਹੋਰ ਸਾਮਾਨ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਮਾਮਲੇ ਵਿੱਚ ਇੱਕ ਔਰਤ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ। ਥਾਣਾ ਡਿਵੀਜਨ ਨੰਬਰ 5 ਦੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਨਗਰ ਗਲੀ ਨੰਬਰ 6 ਵਿੱਚ ਛਾਪੇ ਦੌਰਾਨ ਅਵਨੀਤ ਨਾਂ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।