ਹੜ੍ਹ ਪੀੜਤਾਂ ਲਈ 250 ਕੁਇੰਟਲ ਕਣਕ ਦਾ ਬੀਜ ਭੇਜਿਆ
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਡ਼੍ਹ ਪੀਡ਼ਤਾਂ ਦੀ ਮਦਦ ਲਈ ਉਪਰਾਲੇ ਜਾਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਇਲਾਕਾ ਆਗੂਆਂ ਤੇ ਵਰਕਰਾਂ ਦੇ ਸਹਿਯੋਗ ਸਦਕਾ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 250 ਕੁਇੰਟਲ ਕਣਕ ਦੇ ਬੀਜ ਦੇ ਟਰੱਕ ਰਵਾਨਾ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਢਿੱਲੋਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਦਰਦ ਆਪਣਾ ਦਰਦ ਸਮਝਿਆ ਅਤੇ ਹਰੇਕ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਜਾ ਕੇ ਸੰਭਵ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ 500 ਟਰੱਕ ਹਰੇ ਚਾਰੇ ਦੇ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਵੰਡੇ ਗਏ। ਪਰਮਜੀਤ ਢਿੱਲੋਂ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਬੀਜ ਦੀ ਜ਼ਰੂਰਤ ਹੈ ਅਤੇ ਜਿਹੜੇ ਕਿਸਾਨਾਂ ਦੀ ਪਹਿਲਾਂ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ ਉਨ੍ਹਾਂ ਨੂੰ ਫਸਲ ਦੀ ਬਿਜਾਈ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਦੇ ਆਗੂਆਂ ਤੇ ਵਰਕਰਾਂ ਵੱਲੋਂ 250 ਕੁਇੰਟਲ ਕਣਕ ਦਾ ਬੀਜ ਜ਼ੀਰਾ ਇਲਾਕੇ ਦੇ ਪੀੜ੍ਹਤ ਕਿਸਾਨਾਂ ਨੂੰ ਭੇਜਿਆ ਜਾ ਰਿਹਾ ਹੈ। ਪਰਮਜੀਤ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਦਾ ਫ਼ਰਜ਼ ਬਣਦਾ ਸੀ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜੇ। ਇਸ ਮੌਕੇ ਜਥੇਦਾਰ ਜਸਮੇਲ ਸਿੰਘ ਬੌਂਦਲੀ, ਹਰਜਤਿੰਦਰ ਸਿੰਘ ਬਾਜਵਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਅਰਵਿੰਦਰਪਾਲ ਸਿੰਘ ਵਿੱਕੀ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਅਮਰੀਕ ਸਿੰਘ ਹੇੜੀਆਂ, ਚਰਨਜੀਤ ਸਿੰਘ ਲੱਖੋਵਾਲ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਮੇਵਾ ਸਿੰਘ ਰਾਣਵਾਂ, ਦਲਵੀਰ ਸਿੰਘ ਕੰਗ, ਉਪਜਿੰਦਰ ਸਿੰਘ ਔਜਲਾ, ਡਾ. ਅਮਨਪ੍ਰੀਤ ਸਿੰਘ, ਮਹਿੰਦਰ ਸਿੰਘ ਸੈਂਸੋਵਾਲ, ਲਾਡੀ ਔਜਲਾ, ਪਰਵਿੰਦਰ ਸਿੰਘ ਬੱਲੀ, ਹਰਵਿੰਦਰ ਸਿੰਘ ਚਕਲੀ ਮੰਗਾ, ਜਗਪਾਲ ਸਿੰਘ ਪੂਨੀਆਂ ਵੀ ਮੌਜੂਦ ਸਨ।

