ਲੋਕ ਸੇਵਾ ਸੁਸਾਇਟੀ ਦੇ ਕੈਂਪ ’ਚ 207 ਮਰੀਜ਼ਾਂ ਦੀ ਜਾਂਚ
ਇਥੋਂ ਦੀ ਲੋਕ ਸੇਵਾ ਸੁਸਾਇਟੀ ਨੇ ਅੱਜ ਇਥੇ ਗੁਰਦੁਆਰਾ ਨਾਨਕਪੁਰਾ ਮੋਰੀ ਗੇਟ ਵਿੱਚ ਹੱਡੀਆਂ, ਨੱਕ ਕੰਨ ਗਲ ਅਤੇ ਆਮ ਰੋਗਾਂ ਦਾ ਮੁਫ਼ਤ ਕੈਂਪ ਲਾਇਆ ਗਿਆ। ਮਰਹੂਮ ਅਮਿਤ ਅਰੋੜਾ ਦੀ ਯਾਦ ਵਿੱਚ ਲਾਏ ਇਸ ਕੈਂਪ ਦੌਰਾਨ ਕੁੱਲ 207 ਮਰੀਜ਼ਾਂ ਦਾ ਮਾਹਿਰ ਡਾਕਟਰਾਂ ਨੇ ਨਿਰੀਖਣ ਕੀਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਸੀਐੱਮਸੀ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵਲੋਂ ਚੈੱਕਅੱਪ ਮਗਰੋਂ ਲੋੜਵੰਦਾਂ ਨੂੰ ਦਵਾਈ ਵੀ ਦਿੱਤੀ ਗਈ। ਇਸ ਤੋਂ ਇਲਾਵਾ 75 ਦੇ ਕਰੀਬ ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਕੀਤਾ ਗਿਆ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਦੱਸਿਆ ਕਿ ਕੈਂਪ ਵਿੱਚ ਕੋਆਰਡੀਨੇਟਰ ਡੋਲੀ ਦੀ ਅਗਵਾਈ ਵਿੱਚ ਹੱਡੀਆਂ, ਨੱਕ ਕੰਨ ਗਲ ਅਤੇ ਜਨਰਲ ਰੋਗਾਂ ਦੇ ਮਰੀਜ਼ਾਂ ਦੀ ਜਾਂਚ ਕਰਦਿਆਂ ਇਸ ਬਰਸਾਤ ਦੇ ਮੌਸਮ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਚੇਤ ਰਹਿਣ ਲਈ ਜਿੱਥੇ ਮਰੀਜ਼ਾਂ ਨੂੰ ਨੁਕਤ ਦੱਸੇ ਗਏ, ਉਥੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।