ਖੰਨਾ ’ਚ ਜਾਂਚ ਦੌਰਾਨ ਟਰੱਕ ’ਚੋਂ 15 ਗਊਆਂ ਬਰਾਮਦ
ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਜੂਨ
ਖੰਨਾ ਪੁਲੀਸ ਨੇ ਅੱਜ ਇਥੇ ਗਊਆਂ ਨਾਲ ਭਰਿਆ ਟਰੱਕ ਫੜਿਆ ਹੈ। ਇਸ ਸਬੰਧੀ ਐੱਸਐੱਚਓ ਤਰਵਿੰਦਰ ਬੇਦੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਗਊਆਂ ਨਾਲ ਭਰਿਆ ਟਰੱਕ ਖੰਨਾ ’ਚੋਂ ਲੰਘ ਰਿਹਾ ਹੈ ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਖੰਨਾ ਦੇ ਮਾਲੇਰਕੋਟਲਾ ਰੋਡ ’ਤੇ ਟਰੱਕ ਨੂੰ ਰੋਕਿਆ। ਪੁਲੀਸ ਨੇ ਮਿਲਟਰੀ ਗਰਾਊਂਡ ਵਿੱਚ ਲਿਜਾ ਕੇ ਟਰੱਕ ਦੀ ਜਾਂਚ ਕੀਤੀ ਜਿਸ ’ਤੇ ਡਰਾਈਵਰ ਨੇ ਗਊਆਂ ਦੇ ਲੀਗਲ ਕਾਗਜ਼ਾਤ ਦਿਖਾਏ ਤੇ ਪਸ਼ੂ ਡਾਕਟਰ ਵੱਲੋਂ ਦੁਧਾਰੂ ਗਊਆਂ ਹੋਣ ਦਾ ਪ੍ਰਮਾਣ ਪੱਤਰ ਵੀ ਦਿਖਾਇਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਗਊਆਂ ਨੂੰ ਬਘੌਰ ਗਊਸ਼ਾਲਾ ਵਿਚ ਲਿਜਾਇਆ ਗਿਆ ਹੈ ਜਿੱਥੇ ਇਨ੍ਹਾਂ ਨੂੰ ਪਾਣੀ ਤੇ ਚਾਰਾ ਦੇ ਕੇ ਅਤੇ ਗਊਆਂ ਦੇ ਮਾਲਕ ਨੂੰ ਬੁਲਾਇਆ ਜਾਵੇਗਾ। ਅਗਲੀ ਪੜਤਾਲ ਕਰਕੇ ਜੋ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਅਤੇ ਹਿੰਦੂ ਤਖਤ ਦਲ ਦੇ ਕੌਮੀ ਮੀਡੀਆ ਸਲਾਹਕਾਰ ਕਰਨ ਵਰਮਾ ਨੇ ਦੋਸ਼ ਲਾਇਆ ਕਿ ਸਾਰੀਆਂ ਗਊਆਂ ਨੂੰ ਮੱਧ ਪ੍ਰਦੇਸ਼ ਦੇ ਬੁੱਚੜਖਾਨੇ ਵਿਚ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਪੁਲੀਸ ’ਤੇ ਦੋਸ਼ ਲਾਇਆ ਕਿ ਮਿਲੀਭੁਗਤ ਨਾਲ ਖੰਨਾ ’ਚੋਂ ਗਊਆਂ ਦੇ ਭਰੇ ਟਰੱਕ ਲੰਘ ਰਹੇ ਹਨ ਪਹਿਲਾਂ ਵੀ ਇਥੇ ਕਈ ਟਰੱਕ ਫੜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੁਲੀਸ ਵੱਲੋਂ ਧਮਕਾਇਆ ਜਾ ਰਿਹਾ ਹੈ ਅਤੇ ਮਾਲਕਾਂ ਵੱਲੋਂ ਦਿਖਾਏ ਜਾ ਰਹੇ ਕਾਗਜ਼ਾਤ ਜਾਅਲੀ ਹਨ ਕਿਉਂਕਿ ਗਊਆਂ ਨੂੰ ਲਿਜਾਣ ਲਈ ਡੀਸੀ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਇਕ ਟਰੱਕ ਵਿਚ ਕਰੀਬ 7 ਗਊਆਂ ਲਿਜਾ ਸਕਦੇ ਹਾਂ ਪਰ ਇਸ ਵਿਚ 15 ਦੇ ਕਰੀਬ ਗਊਆਂ ਸਨ ਜੋ ਇਕ ਅੱਤਿਆਚਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਪ੍ਰਸਾਸ਼ਨ ਵੱਲੋਂ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੌਤਮ ਸ਼ਰਮਾ, ਪੰਡਿਤ ਰਿਸ਼ੀਦੇਵ, ਅਨੁਜ ਗੁਪਤਾ, ਦੇਵ ਮੌਰੀਆ, ਕਸ਼ਮੀਰ ਗਿਰੀ, ਗੁਰਦੀਪ ਸਿੰਘ, ਅਨੂ ਕੁਮਾਰ, ਹੋਇਲ ਕੁਮਾਰ ਤੇ ਹੋਰ ਹਾਜ਼ਰ ਸਨ।