ਮਾਛੀਵਾੜਾ ਬਲਾਕ ਸਮਿਤੀ ਚੋਣਾਂ ਲਈ 136 ਪਿੰਡ 16 ਜ਼ੋਨਾਂ ’ਚ ਵੰਡੇ
ਪੰਜਾਬ ਸਰਕਾਰ ਵਲੋਂ ਸੂਬੇ ਵਿਚ ਬਲਾਕ ਸਮਿਤੀ ਚੋਣਾਂ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ 5 ਅਕਤੂਬਰ ਤੱਕ ਇਹ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਮਾਛੀਵਾੜਾ ਬਲਾਕ ਸਮਿਤੀ ਵਿਚ ਪੈਂਦੇ 136 ਪਿੰਡਾਂ ਨੂੰ 16 ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿੱਥੋਂ 16 ਬਲਾਕ ਸਮਿਤੀ ਮੈਂਬਰ ਚੁਣੇ ਜਾਣਗੇ ਜਿਸ ਤੋਂ ਬਾਅਦ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਵੇਗੀ। ਪੰਚਾਇਤ ਵਿਭਾਗ ਵਲੋਂ ਜੋ ਰਾਖਵੇਂਕਰਨ ਦੀ ਸੂਚੀ ਜਾਰੀ ਕੀਤੀ ਗਈ ਹੈ ਉਸ ਵਿਚ ਜਾਤੀਵਾਲ, ਹਿਯਾਤਪੁਰ, ਬਹਿਲੋਲਪੁਰ, ਰਤੀਪੁਰ, ਕਕਰਾਲਾ ਕਲਾਂ ਅਤੇ ਮਾਣੇਵਾਲ ਜਨਰਲ ਰੱਖੇ ਗਏ ਹਨ। ਇਸ ਤੋਂ ਇਲਾਵਾ ਤੱਖਰਾਂ ਪਿੰਡ ਜਨਰਲ ਇਸਤਰੀ ਲਈ ਰਾਖਵਾਂ ਹੈ।
ਮਾਛੀਵਾੜਾ ਖਾਮ, ਗਹਿਲੇਵਾਲ, ਹੇਡੋਂ ਬੇਟ, ਸ਼ੇਰਪੁਰ ਬੇਟ ਅਤੇ ਹੇਡੋਂ ਢਾਹਾ ਐੱਸ.ਸੀ. ਇਸਤਰੀ ਵਰਗ ਲਈ ਰਾਖਵੇਂ ਰੱਖੇ ਗਏ ਹਨ। ਪੰਜਗਰਾਈਆਂ, ਚਕਲੀ ਆਦਲ ਐੱਸ.ਸੀ. ਵਰਗ ਲਈ ਰਾਖਵੇਂ ਰੱਖੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਬਲਾਕ ਸਮਿਤੀ ਚੋਣਾਂ ਲਈ 136 ਪਿੰਡਾਂ ਵਿਚ 94,057 ਵੋਟਰ ਹਨ ਜਿਨ੍ਹਾਂ ’ਚੋਂ 27,356 ਐੱਸਸੀ ਵਰਗ, 12,352 ਪੱਛੜੀਆਂ ਸ਼ੇ੍ਰਣੀਆਂ ਨਾਲ ਅਤੇ ਬਾਕੀ 54,039 ਵੋਟ ਜਨਰਲ ਵਰਗ ਨਾਲ ਸਬੰਧਿਤ ਹੈ। ਬਲਾਕ ਸਮਿਤੀ ਚੋਣਾਂ ਲਈ ਨਵੀਆਂ ਵੋਟਾਂ ਬਣਾਉਣ ਦਾ ਕੰਮ ਵੀ ਪ੍ਰਸ਼ਾਸਨ ਵਲੋਂ ਜਲਦ ਸ਼ੁਰੂ ਕੀਤਾ ਜਾਵੇਗਾ।
ਦੋ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੀ ਹੋਵੇਗੀ ਚੋਣ
ਬਲਾਕ ਸਮਿਤੀ ਦੇ ਨਾਲ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਵਾਉਣ ਦੀ ਵੀ ਤਜਵੀਜ਼ ਤਿਆਰ ਕੀਤੀ ਹੋਈ ਹੈ। ਮਾਛੀਵਾੜਾ ਬਲਾਕ ਦਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖੀਰਨੀਆਂ ਜਿਸ ਵਿਚ 25 ਪਿੰਡ ਸ਼ਾਮਲ ਕੀਤੇ ਗਏ ਹਨ ਅਤੇ ਇਸ ਵਿਚ 22,760 ਵੋਟਰ ਹਨ। ਦੂਸਰਾ ਜ਼ੋਨ ਨੀਲੋਂ ਕਲਾਂ ਹੈ ਜਿਸ ਵਿਚ 91 ਪਿੰਡ ਸ਼ਾਮਲ ਕੀਤੇ ਗਏ ਹਨ। ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਆਉਣ ਵਾਲੇ ਕੁਝ ਦਿਨਾਂ ਵਿਚ ਸਿਆਸੀ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ ਅਤੇ ਜਿਸ ਦਿਨ ਚੋਣਾਂ ਦੀ ਮਿਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਉਸ ਤੋਂ ਬਾਅਦ ਉਮੀਦਵਾਰ ਵੀ ਮੈਦਾਨ ਵਿਚ ਆਉਣੇ ਸ਼ੁਰੂ ਹੋ ਜਾਣਗੇ। ਇਨ੍ਹਾਂ ਚੋਣਾਂ ਵਿਚ ਇਸ ਵਾਰ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ। ਭਾਜਪਾ ਇਸ ਪੇਂਡੂ ਜ਼ੋਨ ਵਿਚ ਆਪਣੇ ਦਮ ’ਤੇ ਉਮੀਦਵਾਰ ਮੈਦਾਨ ਉਤਾਰੇਗੀ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।