ਹੜ੍ਹਾਂ ਤੋਂ ਪ੍ਰਭਾਵਿਤ ਪਸ਼ੂਆਂ ਲਈ ਕੈਟਲ ਫੀਡ ਦੇ 10 ਟਰੱਕ ਭੇਜੇ
ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਾਰਾ ਨੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਲਈ ਕੈਟਲ ਫੀਡ ਦੇ 10 ਟਰੱਕ ਜਿੱਤਵਾਲ ਕਲਾਂ ਤਾਰਾ ਫੀਡ ਤੋਂ ਰਵਾਨਾ ਕੀਤੇ। ਇਸ ਮੌਕੇ ਉਨ੍ਹਾਂ ਇਸ ਰਾਹਤ ਸਮੱਗਰੀ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਹਲਕਾ ਨਿਵਾਸੀਆਂ ਦਾ ਵਿਸ਼ੇਸ ਧੰਨਵਾਦ ਕੀਤਾ।
ਵਿਧਾਇਕ ਗੱਜਣਮਾਜਾਰਾ ਨੇ ਕਿਹਾ ਕਿ ਪੰਜਾਬੀ ਤਾਂ ਆਫ਼ਤ ਮੌਕੇ ਦੁਨੀਆਂ ਦੇ ਹਰ ਕੋਨੇ ਵਿੱਚ ਮਦਦ ਕਰਨ ਲਈ ਪੁੱਜ ਜਾਂਦੇ ਹਨ ਅਤੇ ਆਪਣੀ ਸੇਵਾ ਭਾਵਨਾ ਕਰ ਕੇ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ। ਅੱਜ ਤਾਂ ਉਨ੍ਹਾਂ ਦੇ ਘਰ ਪੰਜਾਬ ਦੀ ਧਰਤੀ ਉੱਤੇ ਹੀ ਕੁਦਰਤੀ ਆਫਤ ਕਾਰਨ ਪੰਜਾਬੀਆਂ ਨੂੰ ਹੀ ਮਦਦ ਦੀ ਲੋੜ ਹੈ ਤਾਂ ਹਰ ਇੱਕ ਨੂੰ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ।
ਵਿਧਾਇਕ ਅਮਰਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਪੱਧਰ ਉੱਤੇ ਕੋਈ ਕਮੀ ਨਾ ਰਹੀ ਜਾਵੇ। ਵਿਧਾਇਕ ਨੇ ਕਿਹਾ ਕਿ ਇਹ ਚਾਰਾ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਪਸ਼ੂਆਂ ਨੂੰ ਕੁਝ ਸਹਾਇਤਾ ਪ੍ਰਦਾਨ ਕਰਨਗੀਆਂ, ਜਿਸ ਨਾਲ ਜ਼ਰੂਰੀ ਸਪਲਾਈ ਦੀ ਪਹੁੰਚ ਯਕੀਨੀ ਬਣਾਈ ਜਾ ਸਕੇਗੀ।
ਵਿਧਾਇਕ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਤੇ ਸਮੁੱਚਾ ਪ੍ਰਸ਼ਾਸਨ ਦਿਨ ਰਾਤ ਇੱਕ ਕਰਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ, ਉੱਥੇ ਇਸ ਮੁਸ਼ਕਲ ਦੀ ਘੜੀ ਵਿੱਚ ਆਮ ਲੋਕਾਂ ਨੂੰ ਵੀ ਅੱਗੇ ਵੱਧ ਕੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਹੜ੍ਹ ਪੀੜਤਾਂ ਦੀਆਂ ਦਿੱਕਤਾਂ ਨੂੰ ਘਟਾਇਆ ਜਾ ਸਕੇ। ਇਸ ਮੌਕੇ ਐੱਮਡੀ ਤਾਰਾ ਹੈਲਥ ਫੂਡ ਕੁਲਵੰਤ ਸਿੰਘ ਗੱਜਣਮਾਜਰਾ, ਜ਼ਿਲ੍ਹਾ ਪ੍ਰਧਾਨ ਸਾਕਿਬ ਅਲੀ ਰਾਜਾ, ਗੁਰਤੇਜ ਸਿੰਘ ਔਲਖ, ਚੌਧਰੀ ਨਿਸਾਰ ਮੁਹੰਮਦ ਤੋਂ ਇਲਾਵਾ ਹੋਰ ਵੀ ਮੌਜੂਦ ਸਨ।