ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਤੇਜ਼ ਹੁੰਦੀ ਜਾ ਰਹੀ ਹੈ ਤੇ ਹੁਣ ਤੱਕ ਖਰੀਦ ਏਜੰਸੀਆਂ ਵੱਲੋਂ 1 ਲੱਖ 22 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਮੁੱਖ ਮੰਡੀ ਵਿਚ 1 ਲੱਖ 5 ਹਜ਼ਾਰ ਕੁਇੰਟਲ, ਲੱਖੋਵਾਲ ਉਪ ਖਰੀਦ ਕੇਂਦਰ ਵਿਚ 7581 ਕੁਇੰਟਲ, ਹੇਡੋਂ ਬੇਟ ਉਪ ਖਰੀਦ ਕੇਂਦਰ ’ਚ 5958 ਕੁਇੰਟਲ, ਸ਼ੇਰਪੁਰ ਬੇਟ 2821 ਕੁਇੰਟਲ, ਬੁਰਜ ਪਵਾਤ ਵਿੱਚ 993 ਕੁਇੰਟਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮਾਛੀਵਾੜਾ ਅਨਾਜ ਮੰਡੀ ਵਿਚ ਸਰਕਾਰੀ ਖਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਪਨਸਪ ਤੇ ਵੇਅਰ ਹਾਊਸ ਵਲੋਂ ਖਰੀਦ ਕੀਤੀ ਜਾ ਰਹੀ ਹੈ ਪਰ ਸਭ ਤੋਂ ਮੋਹਰੀ ਪਨਗ੍ਰੇਨ ਏਜੰਸੀ ਹੈ ਜਿਸ ਨੇ ਇਕੱਲੇ ਨੇ 62 ਹਜ਼ਾਰ ਕੁਇੰਟਲ ਤੋਂ ਵੱਧ ਫਸਲ ਖਰੀਦ ਕੀਤੀ। ਸਕੱਤਰ ਕਮਲਦੀਪ ਸਿੰਘ ਨੇ ਦੱਸਿਆ ਕਿ ਮੰਡੀਆਂ ਵਿਚ ਲਿਫਟਿੰਗ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ 1 ਲੱਖ 22 ਹਜ਼ਾਰ 587 ਕੁਇੰਟਲ ’ਚੋਂ 94 ਹਜ਼ਾਰ ਕੁਇੰਟਲ ਝੋਨੇ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਇਸ ਵਾਰ ਸ਼ੈਲਰ ਮਾਲਕਾਂ ਵਿਚ ਮੰਡੀਆਂ ’ਚੋਂ ਝੋਨਾ ਚੁੱਕਣ ਨੂੰ ਲੈ ਕੇ ਕਾਫ਼ੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਕਿਉਂਕਿ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਹਰੇਕ ਸ਼ੈਲਰ ਮਾਲਕ ਵਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੂੰ ਸਮਰੱਥਾ ਅਨੁਸਾਰ ਝੋਨਾ ਪਿੜਾਈ ਲਈ ਮਿਲ ਜਾਵੇ।
10 ਏਕੜ ਜ਼ਮੀਨ ’ਚੋਂ ਸਿਰਫ਼ 1 ਟਰਾਲੀ ਝੋਨਾ ਨਿਕਲਿਆ
ਮਾਛੀਵਾੜਾ ਇਲਾਕੇ ਵਿਚ ਹੜ੍ਹਾਂ ਅਤੇ ਉਸ ਤੋਂ ਬਾਅਦ ਬੀਮਾਰੀਆਂ ਦੀ ਚਪੇਟ ਵਿਚ ਆਈ ਝੋਨੇ ਦੀ ਫਸਲ ਦਾ ਝਾੜ ਇਸ ਵਾਰ ਬੇਹੱਦ ਘੱਟ ਨਿਕਲ ਰਿਹਾ ਹੈ। ਹੁਣ ਤੱਕ ਜੋ ਝੋਨਾ ਮਾਛੀਵਾੜਾ ਮੰਡੀਆਂ ਵਿਚ ਵਿਕਣ ਆਇਆ ਉਸ ਅਨੁਸਾਰ 18 ਤੋਂ 24 ਕੁਇੰਟਲ ਤੱਕ ਝੋਨੇ ਦਾ ਝਾੜ ਨਿਕਲ ਰਿਹਾ ਸੀ ਪਰ ਜੋ ਤਾਜ਼ਾ ਅੰਕੜੇ ਹਨ ਉਹ ਬੜੇ ਹੈਰਾਨੀਜਨਕ ਹਨ ਕਿ ਬੌਣਾ ਵਾਈਰਸ ਤੇ ਹਲਦੀ ਬੀਮਾਰੀ ਕਾਰਨ ਅੱਜ ਇੱਕ ਕਿਸਾਨ ਜਰਨੈਲ ਸਿੰਘ ਸ਼ੇਰਗੜ੍ਹ ਨੇ ਦੱਸਿਆ ਕਿ ਉਸਨੇ 10 ਏਕੜ ਝੋਨੇ ਦੀ ਕਟਾਈ ਕੀਤੀ ਜਿਸ ’ਚੋਂ 1 ਟਰਾਲੀ ਦੀ ਪੈਦਾਵਾਰ ਹੋਈ। ਉਸਨੇ ਦੱਸਿਆ ਕਿ ਜਦੋਂ ਫਸਲ ਦੀ ਤੁਲਾਈ ਕੀਤੀ ਤਾਂ 10.5 ਕੁਇੰਟਲ ਪ੍ਰਤੀ ਏਕੜ ਝਾੜ ਨਿਕਲਿਆ ਜਿਸ ਨਾਲ ਤਾਂ ਫਸਲ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ। ਕੇਵਲ ਇੱਕ ਕਿਸਾਨ ਨਹੀਂ, ਮਾਛੀਵਾੜਾ ਮੰਡੀ ਵਿਚ ਬੈਠੇ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਝਾੜ ਬਹੁਤ ਘੱਟ ਹੈ। ਕਿਸਾਨਾਂ ਨੇ ਦੱਸਿਆ ਕਿ ਜਿੱਥੇ ਬੀਮਾਰੀ ਦੀ ਜਿਆਦਾ ਮਾਰ ਹੈ ਉੱਥੇ 10 ਤੋਂ 15 ਏਕੜ ਪ੍ਰਤੀ ਕੁਇੰਟਲ ਝਾੜ ਨਿਕਲ ਰਿਹਾ ਹੈ ਪਰ ਅਜੇ ਤੱਕ ਸਰਕਾਰ ਵਲੋਂ ਵੱਡਾ ਆਰਥਿਕ ਘਾਟਾ ਸਹਿ ਰਹੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਐਲਾਨਿਆ।