ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਦਾ ਯਰਾਬੂਸਟਰਾ

ਅੱਜਕੱਲ੍ਹ ਗੰਭੀਰ ਟੀਵੀ/ਸਟੇਜ ਪ੍ਰੋਗਰਾਮਾਂ ਦੀ ਥਾਂ ਜਨਤਾ ਪੈਰ-ਪੈਰ ’ਤੇ ਹਲਕੇ ਫੁਲਕੇ ਤੇ ਹਾਸੇ ਦੇ ਪ੍ਰੋਗਰਾਮਾਂ ਵੱਲ ਵੱਡੀ ਪੱਧਰ ਉੱਤੇ ਰੁਚਿਤ ਹੁੰਦੀ ਜਾ ਰਹੀ ਹੈ। ਹਰ ਕੋਈ ਨਕਲੀ ਜਾਂ ਅਸਲੀ ਹਾਸਾ ਹੱਸਣਾ ਚਾਹੁੰਦਾ ਹੈ। ਟੀਵੀ ਉੱਤੇ ਸਭ ਤੋਂ ਵੱਧ ਪੈਸੇ ਹਾਸੇ...
Advertisement

ਅੱਜਕੱਲ੍ਹ ਗੰਭੀਰ ਟੀਵੀ/ਸਟੇਜ ਪ੍ਰੋਗਰਾਮਾਂ ਦੀ ਥਾਂ ਜਨਤਾ ਪੈਰ-ਪੈਰ ’ਤੇ ਹਲਕੇ ਫੁਲਕੇ ਤੇ ਹਾਸੇ ਦੇ ਪ੍ਰੋਗਰਾਮਾਂ ਵੱਲ ਵੱਡੀ ਪੱਧਰ ਉੱਤੇ ਰੁਚਿਤ ਹੁੰਦੀ ਜਾ ਰਹੀ ਹੈ। ਹਰ ਕੋਈ ਨਕਲੀ ਜਾਂ ਅਸਲੀ ਹਾਸਾ ਹੱਸਣਾ ਚਾਹੁੰਦਾ ਹੈ। ਟੀਵੀ ਉੱਤੇ ਸਭ ਤੋਂ ਵੱਧ ਪੈਸੇ ਹਾਸੇ ਦੇ ਪ੍ਰੋਗਰਾਮ ਕਮਾ ਰਹੇ ਹਨ। ਹਰ ਛੋਟੀ ਵੱਡੀ ਘਰੇਲੂ ਜਾਂ ਆਮ ਮਹਿਫ਼ਿਲ ਵਿੱਚ ਸੁਣਾਉਣ ਲਈ ਚੁਟਕਲੇ ਯਾਦ ਕਰਨਾ ਜਾਂ ਮੋਬਾਈਲ ਫੋਨਾਂ ਵਿੱਚ ਸਟੋਰ ਕਰਕੇ ਰੱਖਣ ਦਾ ਰੁਝਾਨ ਆਮ ਹੋ ਗਿਆ। ਇਸ ਵਰਤਾਰੇ ਤੋਂ ਮੈਨੂੰ ਓਸ਼ੋ ਰਜਨੀਸ਼ ਦੀਆਂ ਕੁਝ ਕਿਤਾਬਾਂ ਦੇ ਪਹਿਲੇ ਸਫ਼ਿਆਂ ਉੱਤੇ ਅੰਕਿਤ ਸਮਰਪਣ ਵਜੋਂ ਲਿਖੇ ਅਜੀਬ ਸ਼ਬਦ ਯਾਦ ਆ ਰਹੇ ਹਨ।

ਇਸ ਸਮਰਪਣ ਨੇ ਇਸ ਪੱਖੋਂ ਵੀ ਮੇਰਾ ਧਿਆਨ ਖਿੱਚਿਆ ਸੀ ਕਿ ਓਸ਼ੋ ਨੇ ਇਹ ਇੱਕ ਸਰਦਾਰ ਦੇ ਨਾਂ ਕੀਤਾ ਸੀ। ਦੂਜਾ, ਇਸ ਕਰਕੇ ਵੀ ਕਿ ਇਸ ਸਮਰਪਣ ਦੇ ਸ਼ਬਦਾਂ ਓਹਲੇ ਇੱਕ ਰਮਜ਼ ਭਰਪੂਰ ਲਤੀਫਾ ਹੱਸ ਰਿਹਾ ਹੁੰਦਾ ਸੀ। ਅੰਗਰੇਜ਼ੀ ਵਿੱਚ ਦਰਜ ਇਸ ਸਮਰਪਣ ਦਾ ਪੰਜਾਬੀ ਉਲਥਾ ਕੁਝ ਇੰਝ ਬਣਦਾ ਸੀ। ਉਸ ਸਰਦਾਰ ਗੁਰਦਿਆਲ ਸਿੰਘ ਦੇ ਨਾਂ ਜੋ ਲਤੀਫਾ ਸੁਣਨ ਤੋਂ ਪਹਿਲਾਂ ਹੱਸਦਾ। ਇਸ ਵੱਖਰੀ ਤਰਜ਼ ਦੇ ਸਮਰਪਣ ਨੇ ਮੇਰੀ ਦਿਲਚਸਪੀ ਸਰਦਾਰ ਗੁਰਦਿਆਲ ਸਿੰਘ ਵਿੱਚ ਵੀ ਪੈਦਾ ਕਰ ਦਿੱਤੀ। ਰਜਨੀਸ਼ ਦਾ ਤਾਂ ਮੈਂ ਪਹਿਲਾਂ ਹੀ ਪਾਠਕ ਸਾਂ।

Advertisement

ਰਜਨੀਸ਼ ਦੀ ਮੌਤ ਤੋਂ ਪਿੱਛੋਂ 1991 ਵਿੱਚ ਜਦੋਂ ਮੈਨੂੰ ਉਸ ਦੇ ਪੁਣੇ ਵਾਲੇ ਆਸ਼ਰਮ ਵਿੱਚ ਜਾਣ ਦਾ ਪਹਿਲੀ ਵਾਰ ਮੌਕਾ ਮਿਲਿਆ ਤਾਂ ਰਜਨੀਸ਼ ਦੀ ਸਮਾਧੀ ਦੇ ਬਾਹਰ ਉਸ ਦੇ ਦੇਸੀ ਵਿਦੇਸ਼ੀ ਚੇਲਿਆਂ ਵਿਚਕਾਰ ਘਿਰੇ ਬੈਠੇ ਗੋਰੇ ਨਿਛੋਹ ਚਿਹਰੇ, ਭਰਵੇਂ ਸਫੈਦ ਦਾਹੜੇ ਵਾਲੇ ਤੇ ਬਹੁਰੰਗੀ ਪਗੜੀ ਵਿੱਚ ਸਜੇ ਬਜ਼ੁਰਗ ਗੁਰਦਿਆਲ ਸਿੰਘ ਨੂੰ ਹੋਰ ਜ਼ੋਰ ਦੀ ਠਹਾਕੇ ਲਾਉਂਦਿਆਂ ਤੱਕਿਆ ਤਾਂ ਮਨ ਹੈਰਾਨ ਹੋਇਆ ਕਿ ਕੋਈ ਉਮਰ ਦੇ ਇਸ ਪੜਾਅ ’ਤੇ ਇਵੇਂ ਤੇ ਇੰਨਾ ਵੀ ਹੱਸ ਸਕਦਾ ਹੈ। ਪਿੱਛੋਂ ਆਸ਼ਰਮ ਦੇ ਬੁੱਧਾ ਹਾਲ ਵਿੱਚ ਕੈਮਰਾਬੱਧ ਕੀਤੇ ਰਜਨੀਸ਼ ਦੇ ਪ੍ਰਵਚਨਾਂ ਦੀਆਂ ਟੇਪਾਂ ਵੇਖੀਆਂ ਤਾਂ ਕਈ ਪ੍ਰਵਚਨਾਂ ਦੇ ਅੰਤ ਉੱਤੇ ਲਤੀਫਾ ਸੁਣਾਉਣ ਤੋਂ ਪਹਿਲਾਂ ਰਜਨੀਸ਼ ਨੂੰ ਜਿਉਂ ਹੀ ਇਹ ਕਹਿੰਦੇ ਸੁਣਿਆ ‘ਨਾਉ ਇਟਸ ਗੁਰਦਿਆਲ ਸਿੰਘ ਟਾਈਮ’ (ਹੁਣ ਗੁਰਦਿਆਲ ਸਿੰਘ ਦਾ ਸਮਾਂ) ਤਾਂ ਸਰੋਤਿਆਂ ਦੀ ਪਹਿਲੀ ਕਤਾਰ ਵਿੱਚ ਬੈਠੇ ਗੁਰਦਿਆਲ ਸਿੰਘ ਦਾ ਤੂਫ਼ਾਨੀ ਹਾਸਾ ਝੱਟ ਫੁੱਟ ਜਾਂਦਾ। ਛਿਣਾਂ ਵਿੱਚ ਹੀ ਸਾਰਾ ਬੁੱਧਾ ਹਾਲ ਹਾਸੇ ਦੀ ਗ੍ਰਿਫ਼ਤ ਵਿੱਚ ਆ ਜਾਂਦਾ।

ਨਿਰਸੰਦੇਹ, ਮੇਰੇ ਅੰਦਰਲੇ ਘੁਣਤਰੀ ਪੱਤਰਕਾਰ ਨੂੰ ਹਾਸੇ ਦੀ ਆਬਸ਼ਾਰ ਪਿੱਛੇ ਛੁਪੇ ਗੁਰਦਿਆਲ ਸਿੰਘ ਨੂੰ ਜਾਣਨ ਦੀ ਖੋਹ ਲੱਗ ਗਈ। ਆਸ਼ਰਮ ਵਿੱਚ ਉਸ ਨੂੰ ਅਲਾਟ ਹੋਏ ਕਮਰੇ ਵਿੱਚ ਕੁਝ ਚਿਰ ਹੱਸਣ ਪਿੱਛੋਂ ਜਦੋਂ ਸਹਿਜ ਹੋਇਆ ਤਾਂ ਪਤਾ ਲੱਗਿਆ ਕਿ ਜਗਰਾਵਾਂ ਨੇੜਲੇ ਇੱਕ ਪਿੰਡ ਦੇ ਜੰਮਪਲ ਤੇ ਸਿੰਘਾਪੁਰ ਵਿੱਚ ਪਲੇ ਗੁਰਦਿਆਲ ਸਿੰਘ ਦੀ ਨਿੱਜੀ ਜ਼ਿੰਦਗੀ ਆਪਣਿਆਂ ਹੱਥੋਂ ਮਿਲੇ ਦੁੱਖਾਂ ਧੋਖਿਆਂ ਨਾਲ ਵਿੰਨ੍ਹੀ ਪਈ ਸੀ। ਘੋਰ ਨਿਰਾਸ਼ਾ ਦੇ ਆਲਮ ਵਿੱਚ ਮੁੰਬਈ ਨੌਕਰੀ ਕਰਦਿਆਂ ਉਸ ਦੀ ਮੁਲਾਕਾਤ ਰਜਨੀਸ਼ ਨਾਲ ਹੋਈ ਤਾਂ ਉਹ ਉਸ ਦਾ ਹੀ ਹੋ ਕੇ ਰਹਿ ਗਿਆ। ਓਸ਼ੋ ਦੇ ਮਰਨ ਤੱਕ ਉਹ ਉਸ ਦਾ ਨਿੱਜੀ ਬਾਡੀਗਾਰਡ ਰਿਹਾ ਤੇ ਹੱਸਦਾ ਰਿਹਾ ਪਰ ਓਸ਼ੋ ਦੇ ਤੁਰ ਜਾਣ ਪਿੱਛੋਂ ਆਸ਼ਰਮ ਅੰਦਰਲੀ ਧੜੇਬੰਦੀ ਤੋਂ ਦੁਖੀ ਹੋਇਆ ਉਹ ਪੰਜਾਬ ਆ ਕੇ ਬਿਮਾਰ ਹੋ ਗਿਆ ਤੇ ਮਰ ਗਿਆ।

ਉਹ ਚਾਹੁੰਦਾ ਸੀ ਮੈਂ ਉਸ ਬਾਰੇ ਲਿਖਾਂ। ਇਸੇ ਲਈ ਉਸ ਨੇ ਮੇਰੇ ਨਾਲ ਮੇਰੀ ਪੁਣੇ ਫੇਰੀ ਤੋਂ ਪਿੱਛੋਂ ਵੀ ਰਾਬਤਾ ਕਾਇਮ ਰੱਖਿਆ। ਉਸ ਨੇ ਖ਼ੁਦ ਵੀ ਮਾਈ ਡੇਅਜ਼ ਵਿਦ ਓਸ਼ੋ (ਓਸ਼ੋ ਨਾਲ ਗੁਜ਼ਰੇ ਮੇਰੇ ਦਿਨ) ਨਾਮੀ ਇੱਕ ਪੁਸਤਕ ਅੰਗਰੇਜ਼ੀ ਵਿੱਚ ਲਿਖੀ ਸੀ, ਜਿਸ ਦੀ ਕਾਪੀ ਵੀ ਮੈਨੂੰ ਭਿਜਵਾਈ ਸੀ। ਇਸੇ ਰਾਬਤੇ ਕਰਕੇ ਹੀ ਕੁਝ ਚਿਰ ਪਿੱਛੋਂ ਮੈਨੂੰ ਪਤਾ ਲੱਗਿਆ ਸੀ ਕਿ ਗੁਰਦਿਆਲ ਸਿੰਘ ਦੀ ਜ਼ਿੰਦਗੀ ਦਾ ਅੰਤਿਮ ਸਮਾਂ ਹਾਸੇ ਨਾਲ ਨਹੀਂ, ਰੋਣ ਨਾਲ ਭਰ ਗਿਆ ਸੀ।

ਅਸਲ ਵਿੱਚ ਗੁਰਦਿਆਲ ਸਿੰਘ ਨੇ ਹਾਸੇ ਰਾਹੀਂ ਧਿਆਨਗਤ ਹੋਣ ਦਾ ਮਾਰਗ ਉਦੋਂ ਚੁਣਿਆ ਸੀ ਜਦੋਂ ਅਫ਼ਗ਼ਾਨਿਸਤਾਨ ਵਿੱਚ ਜੰਮੇ ਕਹੇ ਜਾਂਦੇ ਪੈਗੰਬਰ ਯਰਾਬੂਸਟਰਾ ਬਾਰੇ ਓਸ਼ੋ ਦੀ ਪ੍ਰਵਚਨ ਲੜੀ ਚੱਲ ਰਹੀ ਸੀ। ਯਰਾਬੂਸਟਰਾ ਦੇ ਪੈਰੋਕਾਰਾਂ ਵਿੱਚ ਰਵਾਇਤ ਹੈ ਕਿ ਉਹ ਹੱਸਦਾ ਹੋਇਆ ਹੀ ਪੈਦਾ ਹੋਇਆ ਸੀ ਤੇ ਹਾਸੇ ਰਾਹੀਂ ਰੱਬ ਨੂੰ ਪਾਉਣ ਦਾ ਰੂਹਾਨੀ ਮਾਰਗ ਚਲਾ ਕੇ ਹੱਸਦਾ ਹੋਇਆ ਹੀ ਤੁਰ ਗਿਆ।

ਨਿਰਸੰਦੇਹ, ਹਾਸੇ ਦੇ ਉਕਤ ਰੂਹਾਨੀ ਪਾਸੇ ਨੂੰ ਵੇਖਣਾ ਤੇ ਪਰਖਣਾ ਨਾ ਆਮ ਬੰਦੇ ਨੂੰ ਲੋੜੀਂਦਾ ਹੈ ਤੇ ਨਾ ਉਸ ਦੇ ਵੱਸ ਹੀ ਹੈ। ਆਮ ਬੰਦੇ ਲਈ ਹਾਸਾ ਮੁਕਤ ਤੌਰ ’ਤੇ ਤਣਾਅਮੁਕਤ ਹੋਣ ਦੀ ਇੱਕ ਸਰੀਰਕ ਕਿਰਿਆ ਹੈ ਜਿਸ ਨੂੰ ਸ਼ੁਰੂ ਕਰਨ ਲਈ ਕੋਈ ਮਜ਼ਾਕੀਆ ਇਸ਼ਾਰਾ, ਚੁਟਕਲਾ, ਬਦਨ ਦੇ ਸੰਵੇਦਨਸ਼ੀਲ ਹਿੱਸਿਆਂ ਉੱਤੇ ਕੁਤਕੁਤਾੜੀ ਹੀ ਦਰਕਾਰ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਬੰਦੇ ਦੀ ਧੁੰਨੀ ਤੇ ਬਾਹਾਂ ਦੀਆਂ ਕੱਛਾਂ ਆਦਿ ਵਿੱਚ ਕੁਤਕੁਤਾੜੀ ਉਸ ਦੇ ਦਿਮਾਗ਼ ਵਿਚਲੀ ਇੱਕ ਐਸੀ ਝਿੱਲੀ ਨੂੰ ਉਕਸਾ ਦਿੰਦੀ ਹੈ ਜਿਸ ਦਾ ਕੰਮ ਬੰਦੇ ਨੂੰ ਹਸਾਉਣਾ ਹੈ, ਪਰ ਦਿਮਾਗ਼ ਦੀ ਇਸੇ ਝਿੱਲੀ ਤੋਂ ਇਹੀ ਕੰਮ ਅਠਾਰਵੀਂ ਸਦੀ ਵਿੱਚ ਇੱਕ ਗੋਰੇ ਪਾਦਰੀ ਤੇ ਸਾਇੰਸਦਾਨ ਜੋਜ਼ਫ ਪ੍ਰੀਸਟਲੀ ਵੱਲੋਂ ਅਚਾਨਕ ਲੱਭੀ ਗਈ ਨਾਈਟਰਸ ਆਕਸਾਈਡ ਗੈਸ ਵੀ ਕਰਵਾ ਦਿੰਦੀ ਹੈ। ਰੰਗ ਤੇ ਖੁਸ਼ਬੂ ਰਹਿਤ ਇਹ ਗੈਸ ਸੁੰਘਣ ਪਿੱਛੋਂ ਬੰਦਾ ਹੱਸਣ ਲੱਗਦਾ ਤੇ ਜਦੋਂ ਤੱਕ ਦਿਮਾਗ਼ ਨੂੰ ਚੜ੍ਹੀ ਗੈਸ ਨਹੀਂ ਉਤਰਦੀ ਉਹ ਹੱਸਦਾ ਰਹਿੰਦਾ ਹੈ। ਇਉਂ ਅਸਲੀ ਤੇ ਨਕਲੀ ਹਾਸੇ ਵਿਚਲੀ ਗੈਸ ਵੀ ਮਿਟਦੀ ਰਹਿੰਦੀ ਹੈ।

ਜਿਸਮਾਨੀ ਹਰਕਤਾਂ ਜਾਂ ਲਾਫਿੰਗ ਗੈਸ ਦੁਆਰਾ ਦਿਮਾਗ਼ੀ ਝਿੱਲੀ ਨੂੰ ਫਸਾ ਕੇ ਹੱਸਣ ਦੀ ਗੱਲ ਤਾਂ ਤਰਕ ਅਧਾਰਿਤ ਹੈ, ਇਸ ਲਈ ਸਮਝੀ ਜਾ ਸਕਦੀ ਹੈ। ਪਰ ਕੋਈ ਵਿਅਕਤੀ ਕਿਹੜੇ ਬੋਲ/ਵਾਕ ਬਣਤਰ ਉੱਤੇ ਕਦੋਂ ਹੱਸੇਗਾ, ਇਹ ਮਾਮਲਾ ਬਹੁਤ ਪੇਚੀਦਾ ਹੈ। ਚੁਟਕੁਲਾ ਕਿਵੇਂ ਤੇ ਕਦੋਂ ਬਣਦਾ ਹੈ, ਇਸ ਦੀਆਂ ਇੱਕ ਦੂਸਰੀ ਨੂੰ ਕੱਟਦੀਆਂ ਅਨੇਕਾਂ ਪਰਿਭਾਸ਼ਾਵਾਂ ਤੇ ਧਾਰਨਾਵਾਂ ਹਨ। ਇਸੇ ਲਈ ਬੱਚਿਆਂ ਦੇ ਚੁਟਕਲਿਆਂ ਤੋਂ ਲੈ ਕੇ ਕੇਵਲ ਬਾਲਗਾਂ ਲਈ ਘੜੇ ਗਏ ਚੁਟਕਲਿਆਂ ਤੱਕ ਦੀਆਂ ਅਨੇਕਾਂ ਵੰਨਗੀਆਂ ਮਿਲਦੀਆਂ ਹਨ ਤਾਂ ਕਿ ਵਿਅਕਤੀ ਕਿਸੇ ਉੱਤੇ ਤਾਂ ਹੱਸ ਸਕੇ।

ਖ਼ੈਰ, ਪਿੰਡਾਂ, ਕਸਬਿਆਂ, ਸ਼ਹਿਰਾਂ, ਸੱਥਾਂ, ਅਖਾੜਿਆਂ ਤੇ ਮਹਿਫ਼ਿਲਾਂ ਅੰਦਰ ਮਸ਼ਕਰੀਆਂ, ਚੁਟਕਲਿਆਂ, ਬੱਚਿਆਂ ਦੀਆਂ ਤੋਤਲੀਆਂ ਤੇ ਅਮਲੀਆਂ ਦੇ ਬਚਨਾਂ ਉੱਤੇ ਹੱਸਦੇ ਤਾਂ ਲੋਕ ਪਹਿਲਾਂ ਵੀ ਸਨ, ਪਰ ਹੁਣ ਵਾਂਗ ਤਦ ਹਾਸੇ ਨੂੰ ਕਸਰਤ ਜਾਂ ਔਸ਼ਧੀ ਵਾਂਗ ਨਹੀਂ ਸੀ ਲਿਆ ਜਾਂਦਾ। ਹੁਣ ਜਿਵੇਂ ਦੇਸ਼ ਦੀ ਜਨਤਾ ਹਾਸੇ ਦੀ ਪੁਨਰ ਖੋਜ ਕਰ ਰਹੀ ਹੈ। ਹਾਸੇ ਨੂੰ ਜੇ ਇੱਕ ਪਾਸੇ ਮੀਡੀਆ ਬੰਦੇ ਨੂੰ ਤਣਾਅ-ਮੁਕਤ, ਰੋਗ ਰਹਿਤ ਬਣਾਉਣ ਦੀ ਕਰਾਮਾਤੀ ਸ਼ਕਤੀ ਵਜੋਂ ਪ੍ਰਚਾਰ ਰਿਹਾ ਹੈ ਤਾਂ ਦੂਜੇ ਪਾਸੇ ਲੋਕਾਂ ਨੂੰ ਹਸਾਉਣ ਲਈ ਲਾਫਟਰ ਸ਼ੋਆਂ ਦਾ ਪ੍ਰਬੰਧ ਕਰ ਰਿਹਾ ਹੈ। ਖ਼ਾਸਕਰ ਪਾਰਕਾਂ ’ਚ ਸਵੇਰੇ ਸ਼ਾਮ ਲਾਫਟਰ ਕਲੱਬਾਂ ਦੇ ਠਹਾਕੇ ਲੱਗ ਰਹੇ ਹਨ।

ਲੋਕ ਹੱਸਣ ਦੇ ਸਾਧਨ ਤੇ ਤਰੀਕੇ ਲੱਭ ਰਹੇ ਹਨ। ਸਾਰਾ ਦੇਸ਼ ਹੱਸਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਭਾਰੀਆਂ ਗੂੜ ਫਲਸਫ਼ਾਨਾ ਗੱਲਾਂ, ਕਿਤਾਬਾਂ ਅਤੇ ਫਿਲਮਾਂ ਤੋਂ ਲੋਕ ਭੱਜ ਰਹੇ ਹਨ। ਇਸੇ ਲਈ ਪੱਛਮੀ ਦੇਸ਼ਾਂ ਵਾਂਗ ਸਾਡੇ ਦੇਸ਼ ਵਿੱਚ ਵੀ ਹਾਸਾ ਇੱਕ ਉਦਯੋਗ ਵਜੋਂ ਤੇਜ਼ੀ ਨਾਲ ਪਣਪ ਰਿਹਾ ਹੈ। ਕਤਲਾਂ, ਬੇਇਨਸਾਫ਼ੀਆਂ, ਖੋਹਾਂ, ਬਲਾਤਕਾਰਾਂ, ਧੋਖਾਧੜੀਆਂ, ਹਾਦਸਿਆਂ, ਤੰਗੀਆਂ ਤੁਰਸ਼ੀਆਂ, ਖ਼ੁਦਕੁਸ਼ੀਆਂ ਤੇ ਪੈਸੇ ਦੇ ਦੈਂਤ ਕਾਰਨ ਪੈਦਾ ਹੋਏ ਅੰਤਾਂ ਦੇ ਤਣਾਅ ਭਰੇ ਮਾਹੌਲ ਵਿੱਚ ਫਸੇ ਲੋਕ ਕਿਵੇਂ ਬੇਵੱਸ ਹੋ ਕੇ ਹਾਸੇ ਦੀ ਬੁੱਕਲ ਵਿੱਚ ਪਨਾਹ ਲੈ ਰਹੇ ਹਨ। ਅਜਿਹੇ ਹਾਲਾਤ ਵਿੱਚ ਆਪਣੇ ਹਰ ਗੰਭੀਰ ਪ੍ਰਵਚਨ ਦੇ ਅੰਤ ਉੱਤੇ ਓਸ਼ੋ ਵੱਲੋਂ ਇੱਕ ਗੂੜ੍ਹੇ ਰੰਗ ਵਾਲੇ ਫੁੱਲ ਵਾਂਗ ਇੱਕ ਰਮਜ਼ੀ ਚੁਟਕਲੇ ਨੂੰ ਟੰਗਣ ਦੀ ਭਾਸ਼ਣੀ ਜੁਗਤ ਦੇ ਨਵੇਂ ਅਰਥ ਵੀ ਉੱਘੜ ਰਹੇ ਹਨ।

ਉਪਰੋਕਤ ਮਾਹੌਲ ਵਿੱਚ ਓਸ਼ੋਆਈਟ ਗੁਰਦਿਆਲ ਸਿੰਘ ਇੱਕ ਪ੍ਰੇਰਕ ਵਜੋਂ ਮੈਨੂੰ ਮੁੜ ਮੁੜ ਯਾਦ ਆ ਰਿਹਾ ਹੈ, ਜੋ ਬਿਨਾਂ ਕਿਸੇ ਉਚੇਚ ਤੇ ਜ਼ਿਹਨੀ ਜਿਸਮੀ ਕੁਤਕੁਤਾੜੀ ਤੋਂ ਓਸ਼ੋ ਵੱਲੋਂ ਚੁਟਕਲਾ ਸੁਣਾਉਣ ਤੋਂ ਪਹਿਲਾਂ ਹੀ ਨਿਰਛਲ ਹਾਸਾ ਹੱਸ ਸਕਦਾ ਸੀ। ਲੱਗਦਾ ਜਿਵੇਂ ਸਾਡੇ ਸਮਾਜ ਵਿੱਚ ਹਾਸੇ ਦੀ ਪੁਨਰ ਜਾਗਰਿਤੀ ਹੋ ਗਈ ਹੋਵੇ ਤੇ ਓਸ਼ੋ ਦਾ ‘ਨਾਉ ਇਟਸ ਗੁਰਦਿਆਲ ਸਿੰਘ ਟਾਈਮ’ ਵਾਲਾ ਫਿਕਰਾ ਹੁਣ ਪੂਰੇ ਦੇਸ਼ ਦੀ ਜਨਤਾ ਨੂੰ ਸੰਬੋਧਿਤ ਹੋ ਚੁੱਕਾ ਹੋਵੇ।

ਸੰਪਰਕ: 94170-13869

Advertisement