ਜ਼ਖ਼ਮ
ਸ਼ਮਸ਼ੀਲ ਸਿੰਘ ਸੋਢੀ
ਜਗਰੂਪ ਸਿੰਘ ਦੀ ਹਵੇਲੀ ਵਿੱਚ ਖੜ੍ਹੀਆਂ ਉੱਚੀਆਂ ਦੀਵਾਰਾਂ ਦੀ ਹੋਂਦ ਹੁਣਉਸ ਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਖੋਹ ਕੇ ਲੈ ਗਈ ਸੀ ਕਿਉਂਕਿ ਹੁਣਉਹ ਖੇਤੀਬਾੜੀ ਵਿਭਾਗ ’ਚ ਖੇਤੀਬਾੜੀ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾਮੁਕਤ ਹੋਇਆ ਸੀ ਅਤੇ ਉਸ ਨਾਲ ਦੁੱਖ-ਸੁੱਖ ਸਾਂਝਾ ਕਰਨ ਵਾਲੀ ਉਸਦੀ ਪਤਨੀ ਬੰਤੋ, ਜਿਸ ਨੂੰ ਜਗਰੂਪ ਸਿੰਘ ਜਾਨੋਂ ਵੱਧ ਪਿਆਰ ਕਰਦਾ ਸੀ, ਅੱਜ ਉਹ ਕੋਲ ਨਹੀਂ ਸੀ। ਦਰਅਸਲ, ਕੈਂਸਰ ਦੀ ਨਾਮੁਰਾਦ ਬਿਮਾਰੀ ਕਰਕੇ ਲਗਭਗ ਦੋ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਅੱਜ ਵੀ ਜਗਰੂਪ ਸਿੰਘ ਕੋਠੇ ਦੀ ਛੱਤ ਉੱਤੇ ਡਾਹੇ ਮੰਜੇ ਉੱਤੇ ਸੌਣ ਲੱਗਿਆ ਰਾਤ ਵੇਲੇ ਆਕਾਸ਼ ’ਚ ਲਿਸ਼ਕਦੇ ਅਤੇ ਉਸ ਵੱਲ ਝਾਤੀਆਂ ਮਾਰਦੇ ਤਾਰਿਆਂ ਦੇ ਇਕੱਠ ਵਿੱਚੋਂ ਆਪਣੀ ਪਿਆਰੀ ਪਤਨੀ ਬੰਤੋ ਨੂੰ ਇੱਕ ਤਾਰਾ ਸਮਝ ਗੱਲਾਂ ਕਰਦਾ। ਤਾਰਿਆਂ ਵਿੱਚੋਂ ਆਪਣੀ ਪਤਨੀ ਬੰਤੋ ਨੂੰ ਲੱਭਦਿਆਂ ਪਤਾ ਨਹੀਂ ਕਦੋਂ ਜਗਰੂਪ ਸਿੰਘ ਦੀ ਅੱਖ ਲੱਗ ਜਾਂਦੀ ਅਤੇ ਅਗਲੀ ਸਵੇਰ, ਨਾਲ ਦੇ ਘਰ ਵਿੱਚ ਮੌਜੂਦ ਕੁੱਕੜਾਂ ਦੀਆਂ ਬਾਂਗਾਂ ਉਸਨੂੰ ਮੰਜੇ ਤੋਂ ਉੱਠਣ ਲਈ ਮਜਬੂਰ ਕਰ ਦਿੰਦੀਆਂ।
ਜਦ ਉਹ ਸਵੇਰ ਵੇਲੇ ਸੂਰਜ ਦੀਆਂ ਕਿਰਨਾਂ ਨੂੰ ਤੱਕਦਾ ਤਾਂ ਉਸ ਨੂੰ ਇੰਝ ਲੱਗਦਾ ਜਿਵੇਂ ਬੰਤੋ ਦੇ ਪੈਰਾਂ ਵਿੱਚ ਪਾਈਆਂ ਪੰਜੇਬਾਂ ਦੀ ਆਵਾਜ਼ ਉਸ ਵਾਂਙੂੰ ਤਾਰਾ ਬਣ ਕੇ ਜਗਰੂਪ ਸਿੰਘ ਨੂੰ ਆਕਾਸ਼ ਵਿੱਚ ਗੇੜੀਆਂ ਲਾਉਣ ਲਈ ਆਖ ਰਹੀ ਹੋਵੇ, ਪਰ ਇਹ ਸਭ ਕੁਝ ਸਮੇਂ ਬਾਅਦ ਉਸ ਨੂੰ ਸੁਫ਼ਨੇ ਜਿਹਾ ਪ੍ਰਤੀਤ ਹੁੰਦਾ। ਉਹ ਚਾਹੁੰਦਾ ਸੀ ਕਿ ਇਹ ਸੁਫ਼ਨਾ ਖ਼ਤਮ ਨਾ ਹੋਵੇ ਅਤੇ ਉਹ ਕੁੱਕੜਾਂ ਦੀਆਂ ਬਾਂਗਾਂ ਦੀ ਪਰਵਾਹ ਨਾ ਕਰ ਸੁੱਤਿਆਂ ਹੀ ਆਪਣੀ ਬੰਤੋ ਦੇ ਨਾਲ-ਨਾਲ ਆਕਾਸ਼ ਵਿੱਚ ਤਾਰਾ ਬਣ ਘੁੰਮਦਾ ਰਹੇ। ਜਗਰੂਪ ਸਿੰਘ ਦੇ ਦੋਵੇਂ ਮੁੰਡੇ ਗੁਰਕੀਰਤ ਸਿੰਘ ਅਤੇ ਜਸਕੀਰਤ ਸਿੰਘ ਸ਼ਹਿਰ ਵਿੱਚ ਰਹਿੰਦੇ ਸਨ। ਉਹ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਚੰਗੇ ਅਹੁਦਿਆਂ ਉੱਤੇ ਉੱਚ ਅਫ਼ਸਰਾਂ ਵਜੋਂ ਸੇਵਾਵਾਂ ਨਿਭਾ ਰਹੇ ਸਨ। ਦੋਵੇਂ ਮੁੰਡੇ ਵਿਆਹੇ ਹੋਏ ਸਨ ਅਤੇ ਦੋਵਾਂ ਦੇ ਘਰ ਅੱਗੋਂ ਇੱਕ-ਇੱਕ ਮੁੰਡਾ ਸੀ।
ਹੁਣ ਸੇਵਾਮੁਕਤ ਹੋਣਅਤੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਜਗਰੂਪ ਸਿੰਘ ਦੋਵੇਂ ਮੁੰਡਿਆਂ ਦੇ ਪਰਿਵਾਰ ਨਾਲ ਉਸੇ ਵੱਡੀਹਵੇਲੀ ਵਿੱਚ ਪਹਿਲਾਂ ਵਾਂਗੂੰ ਪੂਰੀ ਟੌਹਰ ਨਾਲ ਰਹਿੰਦਾ ਅਤੇ ਪੋਤਰਿਆਂ ਨਾਲ ਖੇਡਦਿਆਂ ਆਪਣੇ ਆਪ ਨੂੰ ਰੁੱਝਿਆ ਰੱਖਦਾ। ਦੋਵੇਂ ਪੋਤਰੇ ਦਾਦੇ ਨਾਲ ਖ਼ੁਸ਼ ਰਹਿੰਦੇ। ਦੋਵੇਂ ਪੋਤਰੇ ਸ਼ਹਿਰ ਦੇ ਨਾਮੀਂ ਸਕੂਲ ਵਿੱਚ ਪੜ੍ਹਦੇ ਸਨ। ਜਦੋਂ ਚਿੱਟਾ ਕੁੜਤਾ-ਪਜਾਮਾ ਪਾ ਕੇ ਅਤੇ ਸੋਹਣੀ ਰੰਗਦਾਰ ਪੱਗ ਬੰਨ੍ਹ ਕੇ ਜਗਰੂਪ ਸਿੰਘ ਆਪਣੇ ਪੋਤਰਿਆਂ ਨੂੰ ਪਿੰਡ ਦੇ ਬੱਸ ਅੱਡੇ ’ਤੇ ਸਕੂਲ ਨੂੰ ਜਾਣ ਵਾਲੀ ਬਸ ਉੱਤੇ ਸਮੇਂ ਅਨੁਸਾਰ ਚੜ੍ਹਾਉਂਦਾ ਅਤੇ ਵਾਪਸ ਦੁਪਹਿਰ ਵੇਲੇ ਉਨ੍ਹਾਂ ਨੂੰ ਲੈ ਕੇ ਆਉਂਦਾ ਤਾਂ ਉਸ ਦੀ ਟੌਹਰ ਵੇਖ ਕੇ ਪਿੰਡ ਵਾਲੇ ਇੱਕ-ਦੂਜੇ ਦੇ ਕੰਨਾਂ ਵਿੱਚ ਉਸ ਬਾਰੇ ਅਕਸਰ ਗੱਲਾਂ ਕਰਦੇ। ਇਨ੍ਹਾਂ ਗੱਲਾਂ ਨੂੰ ਹਮੇਸ਼ਾਂ ਨਜ਼ਰਅੰਦਾਜ਼ ਕਰ ਦਿੰਦਾ। ਰੁਝੇਵੇਂ ਭਰੀ ਜ਼ਿੰਦਗੀ ਕਰਕੇ ਜਗਰੂਪ ਨੂੰ ਦਿਨ ਵੇਲੇ ਪਤਨੀ ਯਾਦ ਨਾ ਆਉਂਦੀ, ਪਰ ਰਾਤੀਂ ਉਹ ਅਕਸਰ ਬੰਤੋ ਨੂੰ ਚੇਤੇ ਕਰਦਾ ਅਤੇ ਪਤਾ ਨਹੀਂ ਕਦੋਂ ਉਸ ਦੇ ਖ਼ਿਆਲਾਂ ’ਚ ਗੁਆਚਿਆ ਗੂੜ੍ਹੀ ਨੀਂਦ ਸੌਂ ਜਾਂਦਾ।
ਜਗਰੂਪ ਸਿੰਘ ਖੇਤੀਬਾੜੀ ਵਿਭਾਗ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਅਫ਼ਸਰ ਹੁੰਦਿਆਂ ਆਪਣੇ ਪਿੰਡ ਦੀ ਤਰੱਕੀ ਲਈ ਬੜਾ ਸੋਚਦਾ ਅਤੇ ਪਿੰਡ ਵਾਸੀਆਂ ਨੂੰ ਖੇਤੀਬਾੜੀ ਨਾਲ ਸਬੰਧਿਤ ਨਵੀਆਂ ਤਕਨੀਕਾਂ ਬਾਰੇ ਸਰਕਾਰੀ ਕੈਂਪ ਲਗਵਾ ਕੇ ਆਮ ਹੀ ਦੱਸਦਾ ਰਹਿੰਦਾ। ਇਸੇ ਕਰਕੇ ਪਿੰਡ ਵਿੱਚ ਉਸ ਦੀ ਬੜੀ ਇੱਜ਼ਤ ਸੀ। ਪਿੰਡ ਵਾਲੇ ਹਮੇਸ਼ਾ ਉਸ ਦੀ ਸਲਾਹ ਨਾਲ ਫ਼ਸਲਾਂ ਦੀ ਕਾਸ਼ਤ ਕਰਦੇ ਅਤੇ ਉਹ ਜਗਰੂਪ ਸਿੰਘ ਦੀ ਇਸ ਸੇਵਾ ਤੋਂ ਬਹੁਤ ਖ਼ੁਸ਼ ਸਨ। ਜਦੋਂ ਵੀ ਕਿਸੇ ਨੇ ਖੇਤੀਬਾੜੀ ਨਾਲ ਸਬੰਧਿਤ ਕੋਈ ਜਾਣਕਾਰੀ ਲੈਣੀ ਹੁੰਦੀ ਤਾਂ ਉਹ ਬੇਝਿਜਕ ਜਗਰੂਪ ਸਿੰਘ ਨੂੰ ਦਫ਼ਤਰ ਜਾਂ ਘਰ ਮਿਲਣ ਜਾਂਦੇ। ਜਗਰੂਪ ਸਿੰਘ ਦੀ ਇੱਕ ਹੋਰ ਸਿਫ਼ਤ ਵੀ ਸੀ, ਉਹ ਭਾਵੇਂ ਦਫ਼ਤਰ ਵਿੱਚ ਬੈਠਾ ਹੋਵੇ ਜਾਂ ਆਪਣੀ ਪਿੰਡ ਵਾਲੀ ਹਵੇਲੀ ਵਿੱਚ ਹੋਵੇ, ਉਸ ਕੋਲੋਂ ਕੋਈ ਵੀ ਚਾਹ-ਪਾਣੀ ਪੀਤੇ ਬਗੈਰ ਨਹੀਂ ਸੀ ਮੁੜਦਾ। ਜਗਰੂਪ ਸਿੰਘ ਨੇ ਆਪਣੀ ਨੌਕਰੀ ਦੌਰਾਨ ਆਪਣੀ ਸਰਕਾਰੀ ਡਿਊਟੀ ਪ੍ਰਤੀ ਵਫ਼ਾਦਾਰ ਰਹਿੰਦਿਆਂ ਕਿਸੇ ਵਿਅਕਤੀ ਕੋਲੋਂ ਕਦੇ ਇੱਕ ਰੁਪਈਆ ਵੀ ਰਿਸ਼ਵਤ ਵਜੋਂ ਨਹੀਂ ਲਿਆ ਅਤੇ ਨਾ ਹੀ ਆਪਣੇ ਮਾਤਹਿਤ ਕੰਮ ਕਰਦੇ ਕਰਮਚਾਰੀਆਂ ਨੂੰ ਰਿਸ਼ਵਤ ਖਾਣ ਦਿੱਤੀ। ਉਸ ਦੀ ਇਮਾਨਦਾਰੀ ਦੇ ਚਰਚੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਆਮ ਸੁਣਨ ਨੂੰ ਮਿਲਦੇ ਸਨ। ਜਗਰੂਪ ਸਿੰਘ ਦੀ ਇਮਾਨਦਾਰੀ ਅਤੇ ਚੰਗੇ ਸੁਭਾਅ ਕਰਕੇ ਲੋਕਾਂ ਵਿੱਚ ਉਸ ਦੀ ਪਤਨੀ ਅਤੇ ਪੁੱਤਰਾਂ ਦੀ ਵੀ ਬੜੀ ਇੱਜ਼ਤ ਸੀ। ਬਾਹਰੋਂ ਭਾਵੇਂ ਜਗਰੂਪ ਸਿੰਘ ਬੜਾ ਖ਼ੁਸ਼ ਦਿਖਾਈ ਦਿੰਦਾ, ਪਰ ਅੰਦਰੋਂ ਉਹ ’ਕੱਲਾ-’ਕਹਿਰਾ ਬੈਠਾ ਉਸ ਕੁਲਹਿਣੀ ਦੁਪਹਿਰ ਨੂੰ ਅਕਸਰ ਚੇਤੇ ਕਰਕੇ ਰੋਂਦਾ ਜਦੋਂ ਪਿੰਡ ਵਿਚਲੇ ਕੁਝ ਸ਼ਰਾਰਤੀ ਅਨਸਰਾਂ ਦੀ ਚੁੱਕ ਵਿੱਚ ਆਣ ਕਰਕੇ ਉਸ ਦੇ ਛੋਟੇ ਭਰਾ ਜਸਵਿੰਦਰ, ਜਿਸ ਨੂੰ ਉਹ ਬਹੁਤ ਹੀ ਪਿਆਰ ਕਰਦਾ ਸੀ, ਨੇ ਪਿੰਡ ਦੀ ਪੰਚਾਇਤ ਕੋਲ ਜ਼ਮੀਨ ਜਾਇਦਾਦ ਅਤੇ ਇਸ ਹਵੇਲੀ ਦੇ ਹਿੱਸੇ ਵੰਡਣ ਦੀ ਗੱਲ ਕੀਤੀ। ਉਸ ਦੇ ਵੀ ਦੋ ਮੁੰਡੇ ਸੀਟੂ ਅਤੇ ਨੀਟਾ ਸਨ ਜਿਨ੍ਹਾਂ ਦੇ ਵਿਆਹ ਤੋਂ ਬਾਅਦ ਇੱਕ-ਇੱਕ ਮੁੰਡਾ ਹੋਇਆ। ਜਗਰੂਪ ਸਿੰਘ ਨੇ ਆਪਣੇ ਭਰਾ ਅਤੇ ਜਿਊਂਦੇ ਜੀਅ ਉਸ ਦੀ ਪਤਨੀ ਬੰਤੋ ਨੇ ਆਪਣੇ ਦਿਉਰ ਨੂੰ ਵੰਡੀਆਂ ਦੀ ਗੱਲ ਘਰ ਵਿੱਚ ਬਹਿ ਕੇ ਨਿਬੇੜਨ ਲਈ ਕਿਹਾ, ਪਰ ਜਸਵਿੰਦਰ ਅਤੇ ਉਸ ਦੀ ਪਤਨੀ ਜੀਤੋ ਨੇ ਉਮਰ ਦਾ ਲਿਹਾਜ਼ ਨਾ ਕਰਦਿਆਂ ਖ਼ੂਬ ਖ਼ਰੀਆਂ ਖੋਟੀਆਂ ਸੁਣਾਉਂਦਿਆਂ ਜ਼ਮੀਨ ਜਾਇਦਾਦ ਨੂੰ ਹਿੱਸਿਆਂ ਵਿੱਚ ਵੰਡਣ ਲਈ ਅੜੀ ਕਰਦੇ ਹੋਏ ਮੁੱਦਾ ਪੰਚਾਇਤ ਕੋਲ ਰੱਖਿਆ। ਪੰਚਾਇਤ ਨੇ ਜ਼ਮੀਨ ਜਾਇਦਾਦ ਦੀ ਵੰਡ ਕਰਵਾ ਦਿੱਤੀ।
ਜ਼ਮੀਨ ਜਾਇਦਾਦ ਦੀ ਵੰਡ ਮਗਰੋਂ ਜਸਵਿੰਦਰ ਨੇ ਵੀ ਪਤਨੀ ਦੇ ਮਗਰ ਲੱਗ ਕੇ ਵੱਡਾ ਸਾਰਾ ਹਵੇਲੀਨੁਮਾ ਘਰ ਉਸਾਰ ਲਿਆ। ਜਗਰੂਪ ਸਿੰਘ ਇਸ ਵੰਡ ਕਰਕੇ ਬਹੁਤ ਦੁਖੀ ਸੀ, ਪਰ ਕਹਿੰਦੇ ਹਨ ਕਿ ਵਕਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਅਤੇ ਜਗਰੂਪ ਸਿੰਘ ਵੀ ਵਕਤ ਅੱਗੇ ਗੋਡੇ ਟੇਕ ਗਿਆ। ਉਸ ਨੇ ਇਸ ਘਟਨਾ ਨੂੰ ਰੱਬ ਦਾ ਭਾਣਾ ਮੰਨ ਲਿਆ ਕਿਉਂਕਿ ਹੁਣ ਉਸ ਨੂੰ ਵੀ ਅਹਿਸਾਸ ਹੋ ਗਿਆ ਕਿ ਭਰਾ-ਭਰਾ ਨਾਲੋਂ ਕਦੇ ਵੱਖ ਨਹੀਂ ਹੋਣਾ ਚਾਹੁੰਦੇ ਪਰ ਜਰ, ਜ਼ੋਰੂ ਅਤੇ ਜ਼ਮੀਨ ਕਾਰਨ ਵੰਡੀਆਂ ਪੈ ਹੀ ਜਾਂਦੀਆਂ ਹਨ। ਜਗਰੂਪ ਸਿੰਘ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ। ਇਸ ਵੰਡ ਦਾ ਇੱਕ ਵੱਡਾ ਕਾਰਨ ਉਸ ਦੇ ਭਰਾ ਜਸਵਿੰਦਰ ਸਿੰਘ ਦੇ ਘਰ ਉਸ ਦੇ ਸਹੁਰਿਆਂ ਦੀ ਬੇਲੋੜੀ ਦਖ਼ਲਅੰਦਾਜ਼ੀ ਸੀ।
ਸਾਰੇ ਪਿੰਡ ਵਿੱਚ ਭਾਵੇਂ ਜਗਰੂਪ ਅਤੇ ਜਸਵਿੰਦਰ ਦੀ ਜੋੜੀ ਰਾਮ ਲਛਮਣ ਦੀ ਜੋੜੀ ਜਿਹੀ ਜਾਣੀ ਜਾਂਦੀ ਸੀ, ਪਰ ਚੰਦਰੇ ਲੋਕਾਂ ਦੀ ਭੈੜੀ ਨਜ਼ਰ ਇਨ੍ਹਾਂ ਭਰਾਵਾਂ ਦੇ ਪਿਆਰ ਨੂੰ ਖਾ ਗਈ। ਕਹਿੰਦੇ ਹਨ ਕਿ ਜਿਵੇਂ ਕੋਈ ਕਿਸੇ ਲਈ ਬੀਜ ਬੀਜਦਾ ਹੈ, ਉਸ ਨੂੰ ਇਸ ਦਾ ਭੁਗਤਾਨ ਉਵੇਂ ਹੀ ਕਰਨਾ ਪੈਂਦਾ ਹੈ। ਜਸਵਿੰਦਰ ਦੇ ਘਰ ਦੀ ਹਾਲਤ ਵੀ ਇਸੇ ਤਰ੍ਹਾਂ ਹੋਈ, ਜਦੋਂ ਸੀਟੂ ਅਤੇ ਨੀਟੇ ਦੀਆਂ ਪਤਨੀਆਂ ਦੇ ਪੇਕਿਆਂ ਦੀ ਦਖਲਅੰਦਾਜ਼ੀ ਨੇ ਜਸਵਿੰਦਰ ਦਾ ਪਰਿਵਾਰ ਵੀ ਖੇਰੂੰ-ਖੇਰੂੰ ਕਰਨ ਵਿੱਚ ਕਸਰ ਨਾ ਛੱਡੀ। ਹਾਲਾਤ ਅਜਿਹੇ ਬਣੇ ਕੇ ਜਸਵਿੰਦਰ ਅਤੇ ਉਸ ਦੀ ਪਤਨੀ ਸਾਹਮਣੇ ਬਟਵਾਰੇ ਦੀ ਕਹਾਣੀ ਦੁਹਰਾਈ ਗਈ। ਇਸ ਵਾਰ ਉਨ੍ਹਾਂ ਦੇ ਢਿੱਡੋਂ ਜਾਏ ਪੁੱਤਰਾਂ ਨੇ ਆਪਣੀਆਂ ਪਤਨੀਆਂ ਦੀ ਗੱਲਾਂ ਵਿੱਚ ਆ ਕੇ ਪੰਚਾਇਤ ਬੁਲਾਈ। ਇਸ ਗੱਲ ਕਰਕੇ ਜਸਵਿੰਦਰ ਅਤੇ ਉਸ ਦੀ ਪਤਨੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਅਤੇ ਜਸਵਿੰਦਰ ਦਾ ਪਰਿਵਾਰ ਬਟਵਾਰੇ ਕਰਕੇ ਖੇਰੂੰ-ਖੇਰੂੰ ਹੋਇਆ ਪੂਰੀ ਤਰ੍ਹਾਂ ਖਿੱਲਰ ਗਿਆ। ਜਸਵਿੰਦਰ ਅਤੇ ਉਸ ਦੀ ਪਤਨੀ ਦੀ ਮੌਤ ਦੀ ਖ਼ਬਰ ਸੁਣ ਕੇ ਇੱਕ ਵਾਰ ਫਿਰ ਜਗਰੂਪ ਸਿੰਘ ਦਾ ਕਲੇਜਾ ਟੁਕੜੇ-ਟੁਕੜੇ ਹੋ ਗਿਆ। ਉਹ ਵਕਤ ਦੁਆਰਾ ਦਿੱਤੇ ਇਸ ਜ਼ਖ਼ਮ ਕਾਰਨ ਹਰ ਰੋਜ਼ ਤੜਫ਼ਦਾ ਅਤੇ ਰੱਬ ਨੂੰ ਅਕਸਰ ਮਿਹਣੇ ਮਾਰਦਾ ਆਖਦਾ, ‘‘ਰੱਬਾ! ਤੂੰ ਸਾਥੋਂ ਕਿਹੜੇ ਜਨਮ ਦਾ ਬਦਲਾ ਲਿਆ ਹੈ ਜੋ ਤੂੰ ਮੇਰੇ ਭਰਾ-ਭਰਜਾਈ ਦਾ ਇਹ ਹਾਲ ਕੀਤਾ।’’
ਖ਼ੈਰ, ਵਕਤ ਬੀਤਦਾ ਗਿਆ। ਜਗਰੂਪ ਸਿੰਘ ਵੀ ਹੌਲ਼ੀ-ਹੌਲ਼ੀ ਇਸ ਘਟਨਾ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਿਵੇਂ ਕਹਿੰਦੇ ਹਨ ਕਿ ਕਈ ਵਾਰ ਸਾਨੂੰ ਕਿਸੇ ਨਾ ਕਿਸੇ ਜਨਮ ਵਿੱਚ ਕੀਤੇ ਗੁਨਾਹਾਂ ਦਾ ਹਿਸਾਬ ਦੇਣ ਲਈ ਵਕਤ ਦੇ ਗੇੜੇ ਵਿੱਚ ਕਠਪੁਤਲੀ ਬਣ ਨੱਚਣਾ ਪੈਂਦਾ ਹੈ ਤਾਂ ਅਜਿਹਾ ਬਿਰਤਾਂਤ ਜਗਰੂਪ ਸਿੰਘ ਦੀ ਜ਼ਿੰਦਗੀ ਵਿੱਚ ਆਣ ਢੁੱਕਿਆ। ਵਕਤ ਬੀਤਣ ਦੇ ਨਾਲ-ਨਾਲ ਉਸ ਦੇ ਭਰਾ ਦੇ ਘਰ ਵਿੱਚ ਮੱਚੇ ਭਾਂਬੜ ਦਾ ਸੇਕ ਉਸ ਦੀ ਹਵੇਲੀ ਦੀਆਂ ਬਰੂਹਾਂ ਤੱਕ ਆਣ ਢੁੱਕਾ। ਇੱਕ ਦਿਨ ਅਚਾਨਕ ਸ਼ਹਿਰੋਂ ਜਗਰੂਪ ਸਿੰਘ ਦੇ ਵਿਆਹੇ ਮੁੰਡੇ ਸ਼ਾਮ ਨੂੰ ਘਰ ਆਏ ਤਾਂ ਚਾਹ ਪੀਣ ਵੇਲੇ ਵੱਡਾ ਮੁੰਡਾ ਗੁਰਕੀਰਤ ਬੋਲਿਆ, ‘‘ਬਾਪੂ! ਹੁਣ ਸਾਡਾ ਇਕੱਠਿਆਂ ਦਾ ਗੁਜ਼ਾਰਾ ਨਹੀਂ ਹੋਣਾ। ਸਾਡੇ ਵੀ ਪਰਿਵਾਰ ਬਣ ਗਏ ਨੇ। ਤੂੰ ਸਾਨੂੰ ਜ਼ਮੀਨ ਅਤੇ ਹਵੇਲੀ ਆਪਣੇ ਜਿਊਂਦੇ ਜੀਅ ਵੰਡ ਦੇ ਤਾਂ ਜੋ ਤੇਰੇ ਮਰਨ ਮਗਰੋਂ ਸਾਡੇ ਪਰਿਵਾਰ ਦਾ ਹਾਲ ਵੀ ਚਾਚੇ ਦੇ ਪਰਿਵਾਰ ਵਾਲਾ ਨਾ ਹੋਵੇ।’’ ਗੁਰਕੀਰਤ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਜਗਰੂਪ ਸਿੰਘ ਨੂੰ ਇੰਝ ਲੱਗਾ ਜਿਵੇਂ ਉਹ ਕੋਈ ਸੁਫ਼ਨਾ ਵੇਖ ਰਿਹਾ ਹੈ, ਪਰ ਜਦ ਇਹੋ ਗੱਲ ਛੋਟੇ ਮੁੰਡੇ ਜਸਕੀਰਤ ਨੇ ਦੁਹਰਾਈ ਤਾਂ ਉਸ ਨੂੰ ਅਸਲੀਅਤ ਦਾ ਅਹਿਸਾਸ ਹੋਇਆ। ਉਹ ਠਰ੍ਹੰਮੇ ਨਾਲ ਬੋਲਿਆ, ‘‘ਪੁੱਤਰੋ! ਇਹ ਸਭ ਕੁਝ ਤੁਹਾਡਾ ਹੀ ਹੈ ਅਤੇ ਮੇਰੀ ਮੌਤ ਮਗਰੋਂ ਵੀ ਤੁਹਾਡਾ ਹੀ ਹੋਣਾ ਹੈ। ਮੈਂ ਆਪਣੇ ਜਿਊਂਦੇ ਜੀਅ ਤੁਹਾਡੇ ਚਾਚੇ ਵਾਂਗੂੰ ਵੰਡੀਆਂ ਨਹੀਂ ਪਾਉਣੀਆਂ। ਮੇਰੇ ਮਰਨ ਮਗਰੋਂ ਕਰ ਲਿਆ ਜੇ ਮਨਮਰਜ਼ੀ ਦੇ ਬਟਵਾਰੇ।’’
ਆਪਣੇ ਪਿਤਾ ਦੀ ਗੱਲ ਦੀ ਪਰਵਾਹ ਕੀਤੇ ਬਿਨਾਂ ਗੁਰਕੀਰਤ ਮੁੜ ਗੁੱਸੇ ਵਿੱਚ ਬੋਲਿਆ, ‘‘ਨਾ ਬਾਪੂ ਨਾ! ਸਾਡਾ ਇਕੱਠਿਆਂ ਦਾ ਗੁਜ਼ਾਰਾ ਨਹੀਂ ਹੋ ਸਕਦਾ। ਜਾਂ ਤਾਂ ਸਿੱਧੀ ਤਰ੍ਹਾਂ ਜਿਊਂਦੇ ਜੀਅ ਇਹ ਬਟਵਾਰਾ ਕਰ, ਨਹੀਂ ਤਾਂ ਅਸੀਂ ਆਪਣੇ ਆਪ ਕਰ ਲਵਾਂਗੇ।’’ ਗੁਰਕੀਰਤ ਦੇ ਜਵਾਬ ਨੇ ਜਗਰੂਪ ਸਿੰਘ ਨੂੰ ਤੋੜਨ ’ਚ ਕੋਈ ਕਸਰ ਨਾ ਛੱਡੀ, ਪਰ ਉਹ ਖ਼ੁਦ ਨੂੰ ਸੰਭਾਲਦਿਆਂ ਬੋਲਿਆ, ‘‘ਮੇਰਾ ਤਜਰਬਾ ਕਹਿੰਦਾ ਹੈ ਕਿ ਜਰ, ਜ਼ੋਰੂ ਅਤੇ ਜ਼ਮੀਨ ਵੰਡੀਆਂ ਪਾਉਣ ਲਈ ਮੂਹਰੇ ਖੜ੍ਹੇ ਹੁੰਦੇ ਨੇ। ਅਜੇ ਵੀ ਸੰਭਲ ਜਾਓ। ਇਨ੍ਹਾਂ ਗੱਲਾਂ ਵਿੱਚ ਕੁਝ ਨਹੀਂ ਰੱਖਿਆ। ਜਿਹੜਾ ਸੁਖ ਏਕੇ ਵਿੱਚ ਮਿਲਦਾ ਏ, ਉਹ ਇਕੱਲਿਆਂ ਰਹਿ ਕੇ ਨਹੀਂ ਮਿਲਦਾ।’’ ਜਗਰੂਪ ਸਿੰਘ ਦੀਆਂ ਗੱਲਾਂ ਦਾ ਦੋਵੇਂ ਪੁੱਤਰਾਂ ਨੂੰ ਕੋਈ ਫ਼ਰਕ ਨਾ ਪਿਆ। ਉਹ ਬਟਵਾਰੇ ਲਈ ਅੜ ਗਏ ਅਤੇ ਦੋਵੇਂ ਭਰਾਵਾਂ ਨੇ ਜਗਰੂਪ ਸਿੰਘ ਨੂੰ ਇਹ ਗੱਲ ਪੰਚਾਇਤ ਕੋਲ ਰੱਖਣ ਦੀ ਧਮਕੀ ਦਿੱਤੀ। ਅੱਗੋਂ ਜਗਰੂਪ ਸਿੰਘ ਵੀ ਮੌਕਾ ਸੰਭਾਲਦਿਆਂ ਸਿਆਣਾ ਨਿਕਲਿਆ ਅਤੇ ਉਸ ਨੇ ਵੀ ਗੱਲ ਪੰਚਾਇਤ ਕੋਲ ਰੱਖੀ। ਪੰਚਾਇਤ ਸਾਹਮਣੇ ਉਸ ਨੇ ਆਪਣੇ ਪੁੱਤਰਾਂ ਦੀ ਸਾਰੀ ਪੋਲ ਖੋਲ੍ਹ ਦਿੱਤੀ ਅਤੇ ਪੰਚਾਇਤ ਕੋਲ ਹਲਫ਼ਨਾਮਾ ਪੇਸ਼ ਕਰਦਿਆਂ ਕਿਹਾ ਕਿ ਉਸ ਦੇ ਮਰਨ ਤੋਂ ਬਾਅਦ ਉਸ ਦੀ ਸਾਰੀ ਜ਼ਮੀਨ ਜਾਇਦਾਦ ਅਤੇ ਬੈਂਕ ਵਿੱਚ ਰੱਖਿਆ ਪੈਸਾ ਗ਼ਰੀਬ ਵਰਗ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਅਤੇ ਇਸ ਨੂੰ ਚਲਾਉਣ ਲਈ ਵਰਤਿਆ ਜਾਵੇ, ਪਰ ਇਸ ਦਾ ਇੱਕ ਹਿੱਸਾ ਵੀ ਉਸ ਦੇ ਲਾਲਚੀ ਪੁੱਤਰਾਂ ਨੂੰ ਨਾ ਦਿੱਤਾ ਜਾਵੇ। ‘‘ਇਹ ਜ਼ਮੀਨ ਜਾਇਦਾਦ ਮੈਂ ਆਪਣੀ ਮਿਹਨਤ ਨਾਲ ਬਣਾਈ ਹੈ ਅਤੇ ਇਸ ਉੱਪਰ ਮੇਰੇ ਲਾਲਚੀ ਪੁੱਤਰਾਂ ਦਾ ਕੋਈ ਹੱਕ ਨਹੀਂ।’’ ਜਗਰੂਪ ਸਿੰਘ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪੰਚਾਇਤ ਨੇ ਵੀ ਉਸ ਦੇ ਹੱਕ ਵਿੱਚ ਫ਼ੈਸਲਾ ਕਰ ਦਿੱਤਾ। ਇਹ ਫ਼ੈਸਲਾ ਸੁਣ ਕੇ ਵੱਡਾ ਪੁੱਤਰ ਭਰੀ ਪੰਚਾਇਤ ਵਿੱਚ ਬੋਲਿਆ, ‘‘ਬਾਪੂ! ਅੱਜ ਤੋਂ ਬਾਅਦ ਤੂੰ ਸਾਡੇ ਲਈ ਮੋਇਆ ਅਤੇ ਅਸੀਂ ਤੇਰੇ ਲਈ ਮੋਏ।’’ ਇਹ ਸ਼ਬਦ ਸੁਣਾ ਕੇ ਦੋਵੇਂ ਪੁੱਤਰ ਬੇਗਾਨਿਆਂ ਵਾਂਗੂੰ ਤੁਰਦੇ ਬਣੇ। ਭਾਵੇਂ ਜਗਰੂਪ ਸਿੰਘ ਵੱਡੇ ਪੁੱਤਰ ਦੁਆਰਾ ਬੋਲੇ ਸ਼ਬਦ ਤੋਂ ਬੜਾ ਦੁਖੀ ਸੀ, ਪਰ ਉਹ ਪੁੱਤਰਾਂ ਦੇ ਚਿਹਰੇ ਪਿੱਛੇ ਛੁਪੀ ਅਸਲੀਅਤ ਨੂੰ ਪਛਾਣ ਕੇ ਆਉਣ ਵਾਲੇ ਸਮੇਂ ਵਿੱਚ ਮਿਲਣ ਵਾਲੇ ਜ਼ਖ਼ਮ ਨੂੰ ਪਹਿਚਾਣ ਗਿਆ ਅਤੇ ਹੁਣ ਸਾਰੀ ਪੰਚਾਇਤ ਜਗਰੂਪ ਸਿੰਘ ਦੁਆਰਾ ਮਾਨਵਤਾ ਲਈ ਲਏ ਗਏ ਇਸ ਫ਼ੈਸਲੇ ਨੂੰ ਉਸ ਦੇ ਪੁੱਤਰਾਂ ਰਾਹੀਂ ਦਿੱਤੇ ਜ਼ਖ਼ਮ ਉੱਤੇ ਲੱਗੀ ਮੱਲ੍ਹਮ ਵਜੋਂ ਦੇਖ ਰਹੀ ਸੀ। ਸਾਰੀ ਪੰਚਾਇਤ ਵੱਲੋਂ ਉਸ ਨਾਲ ਹਰ ਸਮੇਂ ਖੜ੍ਹਨ ਦਾ ਵਾਅਦਾ ਕਰਨ ਤੋਂ ਬਾਅਦ ਪੰਚਾਇਤ ਦੀ ਮੀਟਿੰਗ ਸਮਾਪਤ ਕਰ ਦਿੱਤੀ ਗਈ।
ਸੰਪਰਕ: 95010-13321, 80545-00154