ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਖ਼ਮ

ਪ੍ਰੋ. ਜਾਵੇਦ ਨੇ ਮੇਜ਼ ’ਤੇ ਮੁੱਕਾ ਮਾਰ ਕੇ ਕਿਹਾ ਸੀ, ‘‘... ਏਸ਼ੀਅਨ ਲੋਕਾਂ ਦੀ ਸਾਇਕੀ ਨੂੰ ਸਮਝਣ ਲਈ ਕਿੱਸੇ, ਕਹਾਣੀਆਂ ਦੀ ਬਹੁਤ ਅਹਿਮੀਅਤ ਏ। ਕਿਸੇ ਵੀ ਸ਼ਖ਼ਸ ਨੂੰ ਮਿਲ ਲਓ- ਉਹ ਆਪਣੀ ਆਪਬੀਤੀ ਸੁਣਾਉਣ ਲਈ ਕੋਈ ਕਹਾਣੀ ਅਵੱਸ਼ ਹੀ ਸੁਣਾਏਗਾ। ਸਾਡੀਆਂ ਯਾਦਾਂ ਤਾਂ ਇੰਡੀਆ ’ਚ ਹੀ ਨੇ। ਸਾਡੀਆਂ ਧਾਰਮਿਕ ਥਾਵਾਂ ਅਜਮੇਰ ਸ਼ਰੀਫ਼, ਬਿਹਾਰ ਸ਼ਰੀਫ਼, ਨਿਜ਼ਾਮੂਦੀਨ, ਦੁਨੀਆ ’ਚ ਮਸ਼ਹੂਰ ਇਮਾਰਤਾਂ ਤਾਜਮਹਲ, ਜਾਮਾ ਮਸਜਿਦ, ਲਾਲ ਕਿਲ੍ਹਾ, ਫਤਿਹਪੁਰ ਸੀਕਰੀ ਇੱਥੇ ਹੀ ਰਹਿ ਗਈਆਂ। ਅਸੀਂ ਇਹ ਸਭ ਕੁਝ ਗੁਆਇਆ ਏ। ਦੱਸੋ ਤੁਸੀਂ ਕੀ ਗੁਆਇਆ? ਸਾਡੇ ਆਪਣੇ ਖਾਨਦਾਨ ਦੀਆਂ ਕਬਰਾਂ ਇੰਡੀਆ ’ਚ ਨੇ। ਮੇਰੇ ਬਾਬਾ ਜੀ ਨੂੰ ਜਦੋਂ ਨੂਰਮਹਿਲ ਯਾਦ ਆਉਂਦਾ ਜਾਂ ਕੋਈ ਗੱਲ ਚੱਲਦੀ ਤਾਂ ਉਹ ਅਕਸਰ ਕਹਿੰਦੇ- ‘ਸਾਡੇ ਦੇਸ਼ ’ਚ ਇਉਂ ਹੁੰਦਾ ਸੀ। ਅਸੀਂ ਆਪਣੇ ਦੇਸ਼ ’ਚ ਇਉਂ ਕਰਦੇ ਸੀ’।’’
Advertisement

‘‘ਮੈਨੂੰ ਐਡੀ ਦੂਰੋਂ ਸੰਵਾਰ ਕੇ ਨ੍ਹੀਂ ਦਿਸਦਾ,’’ ਤਾਇਆ ਜੀ ਨੇ ਆਪਣੀ ਖੂੰਡੀ ਨੂੰ ਹੱਥ ਪਾ ਕੇ ਉੱਠਦਿਆਂ ਕਿਹਾ ਸੀ। ਉਹ ਟੀਵੀ ਤੋਂ ਦੋ ਕੁ ਫੁੱਟ ਦੂਰ, ਬਿਲਕੁਲ ਸਾਹਮਣੇ, ਪੈਰਾਂ ਭਾਰ ਜਾ ਬੈਠੇ ਸਨ। ਮੈਂ ਕੁਰਸੀ ਚੁੱਕ ਕੇ ਉਨ੍ਹਾਂ ਦੇ ਕੋਲ ਲੈ ਗਿਆ ਸੀ। ਮੱਲੋਜ਼ੋਰੀ ਉਨ੍ਹਾਂ ਨੂੰ ਕੁਰਸੀ ’ਤੇ ਬਿਠਾਇਆ ਸੀ। ਉਹ ਆਪਣੀ ਹੀ ਧੁਨ ’ਤੇ ਸਵਾਰ ਹੋਏ ਬੋਲੀ ਗਏ ਸਨ, ‘‘ਪੁੱਤ, ਕੋਈ ਨਾ। ਕੋਈ ਨਾ। ਮੈਂ ਐਦਾਂ ਹੀ ਬੈਠਦਾ ਹੁੰਨਾਂ। ਫਿਲਮ ਸੋਹਣੀ ਏ। ਮੈਨੂੰ ਸੰਵਾਰ ਕੇ ਦੇਖਣ ਦੇ। ਮੈਂ ਕਿਹੜਾ ਬਾਹਰਲਾ ਬੰਦਾ। ਮੇਰਾ ਆਪਣਾ ਘਰ ਏ। ਮੈਂ ਜਿੱਦਾਂ ਮਰਜ਼ੀ ਬੈਠਾਂ।’’ ਮੈਂ ਕਿਹਾ ਸੀ, ‘‘ਫਿਲਮ ਦਾ ਕੀ ਏ। ਮੈਂ ਫੇਰ ਮੁੱਢ ਤੋਂ ਚਲਾ ਦਿੰਨਾਂ।’’

ਡਰਾਇੰਗ-ਰੂਮ ਵਿੱਚ ਪਿਆ ਬੱਤੀ ਇੰਚੀ ਐਲ.ਸੀ.ਡੀ. ਸਾਡੇ ਤੋਂ ਦਸ ਕੁ ਫੁੱਟ ਦੂਰ ਸੀ। ਅਸੀਂ ਵੀ ਮੇਜ਼, ਸੋਫੇ ਨੂੰ ਖਿੱਚ ਕੇ ਉਨ੍ਹਾਂ ਕੋਲ ਆ ਬੈਠੇ ਸੀ।

Advertisement

ਉਹ ਮੱਥੇ ’ਤੇ ਹੱਥ ਦਾ ਉਹਟਾ ਜਿਹਾ ਬਣਾ ਕੇ, ਇਕਾਗਰਚਿਤ ਹੋਏ ਫਿਲਮ ਦੇਖ ਰਹੇ ਸਨ। ਉਨ੍ਹਾਂ ਸੱਜੀ ਲੱਤ ਖੱਬੀ ’ਤੇ ਰੱਖੀ ਹੋਈ ਸੀ। ਉਨ੍ਹਾਂ ਨੇ ਧੋਤੀ ਲਾਈ ਸੀ। ਉਹ ਵਾਰ-ਵਾਰ ਸੱਜੇ ਗਿੱਟੇ ਉੱਪਰ ਦੀ ਥਾਂ ’ਤੇ ਖਾਜ ਕਰ ਰਹੇ ਸਨ। ਫੇਰ ਉਨ੍ਹਾਂ ਨੇ ਗਿੱਟੇ ਉਪਰੋਂ ਦੀ ਖਾਜ ਕਰਦਿਆਂ-ਕਰਦਿਆਂ ਆਪਣਾ ਹੱਥ ਗੋਡੇ ਦੀ ਖੁੱਚ ਕੋਲ ਲਿਆਂਦਾ ਤਾਂ ਮੈਂ ਉਨ੍ਹਾਂ ਦਾ ਜ਼ਖ਼ਮ ਦੇਖ ਕੇ ਅਚੰਭਿਤ ਹੋ ਗਿਆ। ਗਿੱਟੇ ਕੋਲ ਦਾ ਜ਼ਖ਼ਮ ਤਾਂ ਮੈਂ, ਜਦੋਂ ਉਹ ਆ ਕੇ ਬੈਠੇ ਹੀ ਸਨ, ਉਦੋਂ ਹੀ ਦੇਖ ਲਿਆ ਸੀ। ਪਹਿਲਾਂ ਵੀ ਕਦੇ ਦੇਖਿਆ ਹੋਵੇਗਾ। ਇਸ ਬਾਰੇ ਪੱਕਾ ਨਹੀਂ ਯਾਦ। ਪਰ ਇਹ ਜ਼ਖ਼ਮ ਇੰਨਾ ਵੱਡਾ ਤੇ ਡੂੰਘਾ ਹੋਵੇਗਾ, ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜਿੱਦਾਂ ਕਿਸੇ ਤੂਤ ਦੇ ਦਰੱਖ਼ਤ ਦੇ ਤਣੇ ਵਿੱਚ ਖੋੜ ਜਿਹੀ ਬਣੀ ਹੁੰਦੀ ਹੈ, ਹੇਠਾਂ ਤੋਂ ਲੈ ਕੇ ਟਾਹਣਿਆਂ ਤੱਕ, ਠੀਕ ਉੱਦਾਂ ਦਾ ਉਨ੍ਹਾਂ ਦਾ ਇਹ ਜ਼ਖ਼ਮ ਸੀ। ਕਈ ਥਾਵਾਂ ਤੋਂ ਪੀਕ ਵਰਗਾ ਕੁਝ-ਕੁਝ ਰਿਸ ਰਿਹਾ ਸੀ। ਮੈਨੂੰ ਕਚਿਆਣ ਜਿਹੀ ਆਈ। ਮੇਰੇ ਨਾਲ ਬੈਠੇ ਦੋਸਤਾਂ ਨੂੰ ਵੀ ਆਈ ਹੋਵੇਗੀ। ਫੇਰ ਮੈਂ ਸੋਚਿਆ ਕਿ ਕੀ ਪਤਾ ਉਨ੍ਹਾਂ ਦਾ ਇਸ ਪਾਸੇ ਧਿਆਨ ਹੀ ਨਾ ਗਿਆ ਹੋਵੇ। ਮੇਰੀਆਂ ਨਜ਼ਰਾਂ ਹੀ ਉਸ ’ਤੇ ਕੇਂਦਰਿਤ ਹੋਈਆਂ ਹੋਣ। ਮੈਂ ਚਾਹੁੰਦਾ ਸੀ ਕਿ ਉਹ ਉਨ੍ਹਾਂ ਦੇ ਜ਼ਖ਼ਮ ਨੂੰ ਨਾ ਦੇਖਣ।

ਉਨ੍ਹਾਂ ਨੇ ਆਪਣੀ ਧੋਤੀ ਫੇਰ ਗਿੱਟੇ ਤੱਕ ਫੈਲਾ ਲਈ ਸੀ। ਇਸ ਡਰ ਨਾਲ ਕਿ ਕਿਤੇ ਕੋਈ ਮੱਖੀ ਨਾ ਆ ਬੈਠੇ। ਚਾਰ ਚੁਫ਼ੇਰੇ ਤੋਂ ਬੇਫ਼ਿਕਰ, ਉਹ ਫਿਲਮ ਦੇਖਣ ਵਿੱਚ ਮਸਤ ਸਨ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਸੀ ਕਿ ਕੈਮਰਾਮੈਨ ਨੇ ਕਦੋਂ ਉਨ੍ਹਾਂ ਦੇ ਕੁੜਤੇ ’ਤੇ ਮਾਈਕ ਚਿਪਕਾ ਦਿੱਤਾ ਸੀ।

* * *

ਅਸੀਂ ਦੋ ਘੰਟੇ ਉਨ੍ਹਾਂ ਦਾ ਇੰਤਜ਼ਾਰ ਕੀਤਾ ਸੀ। ਕਈ ਛੋਟੇ-ਛੋਟੇ ਪੈੱਗ ਸਿਪ ਕਰ ਪੀਤੇ ਸੀ। ਅਸੀਂ ਯਾਨੀ ਕਿ ਚਾਰ ਦੋਸਤ। ਮੈਂ ਉਰਫ਼ ਜਗਮੋਹਣ ਗੋਗਨਾ, ਮਾਨਵ ਸ਼ਾਸਤਰ ਦਾ ਪ੍ਰੋਫੈਸਰ, ਸਟੇਟ ਯੂਨੀਵਰਸਿਟੀ ਆਫ ਨਿਊਯਾਰਕ, ਬਿਨਘੰਟਨ ਤੋਂ ਸਮਾਜ ਸ਼ਾਸਤਰ ਵਿਭਾਗ ਦਾ ਮੁਖੀ, ਪ੍ਰੋ. ਖ਼ਾਲਿਦ ਜਾਵੇਦ, ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਡਾ. ਜਸਪਾਲ ਕਲੇਰ ਜਿਸ ਨੇ ਪੁਰਾਤਨ ਏਸ਼ੀਅਨ ਇਤਿਹਾਸ ’ਤੇ ਕਈ ਖੋਜ-ਪੱਤਰ ਲਿਖੇ ਸਨ ਤੇ ਦਿੱਲੀ ਤੋਂ ਆਇਆ ਕੈਮਰਾਮੈਨ ਹਰੀ ਭਟਨਾਗਰ।

ਪ੍ਰੋ. ਜਾਵੇਦ ਦਾ ਪਿੰਡ ਕਸੂਰ ਦੇ ਨੇੜੇ ਪੈਂਦਾ ਸੀ। ਉਸ ਦੇ ਮਾਪੇ ਨੂਰਮਹਿਲ ਤੋਂ ਉੱਜੜ ਕੇ ਉੱਧਰ ਗਏ ਸਨ। ਉਸ ਦੀਆਂ ਦੋ ਚਾਚੀਆਂ, ਤਿੰਨ ਭੂਆ ਮਾਰੀਆਂ ਗਈਆਂ ਸਨ। ਉਸ ਦੀ ਇੱਕ ਚਾਚੀ ਨੇ ਦੱਸਿਆ ਸੀ ਕਿ ਬੱਚਿਆਂ ਨੂੰ ਬਚਾਉਣ ਲਈ ਪਿਛਲੀ ਕੋਠੜੀ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਦੇ ਬਾਰ੍ਹਾਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗਾ ਸੀ ਕਿ ਉਹ ਜਿਊਂਦੇ ਸਨ ਜਾਂ ਕਿ ਮਾਰ ਦਿੱਤੇ ਸਨ। ਉਸ ਦੇ ਬਾਬੇ ਦਾ ਕਹਿਣਾ ਸੀ ਕਿ ਕੀ ਪਤਾ ਕਿਸੇ ਨੇ ਤਰਸ ਖਾ ਕੇ ਬੱਚਿਆਂ ਨੂੰ ਨਾ ਮਾਰਿਆ ਹੋਵੇ। ਉਨ੍ਹਾਂ ਦਾ ਧਰਮ ਬਦਲ ਦਿੱਤਾ ਹੋਵੇ। ਉਹਦੇ ਬਾਬੇ ਨੇ ਦੋ ਸਾਲਾਂ ਬਾਅਦ ‘ਆਪਣੇ ਘਰ ਵਿੱਚ ਰਹਿਣ ਵਾਲੇ’ ਦੇ ਨਾਂ ਖ਼ਤ ਲਿਖ ਕੇ ਇਨ੍ਹਾਂ ਬੱਚਿਆਂ ਬਾਰੇ ਪੁੱਛਿਆ ਸੀ ਪਰ ਉਹਨੂੰ ਕੋਈ ਜਵਾਬ ਨਹੀਂ ਮਿਲਿਆ ਸੀ।

ਹੁਣ ਜਾਵੇਦ ਇਨ੍ਹਾਂ ਬੱਚਿਆਂ ਦੀ ਭਾਲ ਲਈ ਮੇਰੇ ਨਾਲ ਆਇਆ ਸੀ। ਉਹਨੂੰ ਯਕੀਨ ਸੀ ਕਿ ਇਨ੍ਹਾਂ ਵਿੱਚੋਂ ਕੋਈ ਨਾ ਕੋਈ ਅਵੱਸ਼ ਹੀ ਜਿਊਂਦਾ ਹੋਵੇਗਾ। ਜੇ ਅੱਠ ਸਾਲਾ ਰਜਾ ਅਲੀ ਜਿਊਂਦਾ ਹੋਇਆ ਤਾਂ ਉਸ ਕੋਲੋਂ ਕਾਫ਼ੀ ਕੁਝ ਪਤਾ ਚੱਲ ਸਕਦਾ ਸੀ।

* * *

‘‘ਉਹਨੂੰ ਕਹਿੰਦੇ ਨੇ ਨੂਰਮਹਿਲ ਦੀ ਸਰਾਂ,’’ ਮੈਂ ਸਾਹਮਣੇ ਵੱਲ ਦੇਖਦੇ ਹੋਏ ਦੱਸਿਆ ਸੀ।

ਪ੍ਰੋ. ਜਾਵੇਦ ਕਾਰ ਵਿੱਚੋਂ ਉਤਰਿਆ ਸੀ। ਉਹਨੇ ਬੜੀ ਰੀਝ ਨਾਲ ਸਰਾਂ ਵੱਲ ਦੇਖਿਆ ਸੀ। ਕਿਹਾ ਸੀ, ‘‘ਹੁਣ ਤੁਸੀਂ ਮੇਰੇ ਮਗਰ ਮਗਰ ਆਓ। ਮੈਂ ਆਪਣੇ ਵਡੇਰਿਆਂ ਦਾ ਘਰ ਆਪੇ ਹੀ ਲੱਭ ਲਵਾਂਗਾ।’’ ਉਹ ਮੇਰੇ ਤੋਂ ਅੱਗੇ ਅੱਗੇ ਹੋ ਕੇ ਤੁਰ ਪਿਆ ਸੀ। ਦੋ ਕੁ ਪਲਾਂ ਲਈ ਉਹ ਦੁਚਿੱਤੀ ਵਿੱਚ ਪਿਆ ਸੀ। ‘‘ਬਾਜ਼ਾਰ ਨੂੰ ਦੋ ਰਾਹ ਜਾਂਦੇ। ਇੱਕ ਅੱਡੇ ਵਾਲੇ ਪਾਸਿਓਂ। ਇੱਕ ਅੱਡੇ ਤੇ ਸਰਾਂ ਦੇ ਵਿਚਕਾਰੋਂ ਦੀ। ਆਹ ਰਾਹ ਠੀਕ ਰਹੇਗਾ।’’ ਉਹ ਖੱਬੇ ਪਾਸੇ ਨੂੰ ਮੁੜਿਆ ਸੀ। ਮੈਂ ਉਹਨੂੰ ਰੋਕਿਆ ਸੀ, ‘‘ਅਗਾਂਹ ਵਾਲਾ ਰਾਹ ਵੀ ਠੀਕ ਰਹੂ।’’ ‘‘ਨ੍ਹੀਂ-ਪਲੀਜ਼ ਮੈਨੂੰ ਡਿਸਟਰਬ ਨਾ ਕਰੋ। ਮੈਂ ਆਪਣੇ ਕਦਮਾਂ ਦੀ ਗਿਣਤੀ ਕਰ ਰਿਹਾਂ।’’ ਫੇਰ ਉਹਨੇ ਦੱਸਣਾ ਸ਼ੁਰੂ ਕੀਤਾ ਸੀ, ‘‘ਇੱਥੋਂ ਸੰਤਾਲੀ ਕਦਮ ਅੱਗੇ ਜਾ ਕੇ ਸੱਜੇ ਹੱਥ ਮੁੜਨਾ ਏ। ਫੇਰ ਇੱਕ ਸੌ ਤੇਈ ਕਦਮਾਂ ’ਤੇ ਬੋਹੜ ਆਵੇਗਾ। ਬੋਹੜ ਹੇਠਾਂ ਲਲਾਰੀ ਬੈਠਾ ਹੋਵੇਗਾ। ਖੌਰੇ ਉਹ ਹੁਣ ਨਾ ਹੋਵੇ। ਉੱਥੋਂ ਖੱਬੇ ਹੱਥ ਮੁੜਨਾ ਏ। ਪਚਾਸੀ ਕਦਮ ਅਗਾਂਹ ਜਾ ਕੇ ਖੱਬੇ ਹੱਥ ਮੁੜਾਂਗੇ। ਬਾਜ਼ਾਰ ਖ਼ਤਮ ਹੋ ਜਾਵੇਗਾ। ਦਸ ਕਦਮਾਂ ’ਤੇ ਚੜ੍ਹਾਈ ਆਵੇਗੀ। ਪੰਦਰ੍ਹਾਂ ਕਦਮ ਹੇਠਾਂ ਨੂੰ ਜਾਣਾ ਪਵੇਗਾ। ਫੇਰ ਖੱਬੇ ਹੱਥ ਮੁੜਾਂਗੇ। ਬਵੰਜਾ ਕਦਮ ਜਾ ਕੇ ਖੂਹੀ ਆਵੇਗੀ। ਇੱਥੋਂ ਬਾਰ੍ਹਾਂ ਕਦਮਾਂ ’ਤੇ ਖੱਬੇ ਪਾਸੇ ਤੇ ਮੇਰੇ ਵਡੇਰਿਆਂ ਦਾ ਘਰ ਹੁੰਦਾ ਸੀ।’’

ਅਸੀਂ ਠੀਕ ਉਸ ਘਰ ਅੱਗੇ ਚਲੇ ਗਏ ਸੀ। ਮੈਂ ਉਹਨੂੰ ਛੇੜਿਆ ਸੀ, ‘‘ਬੜਾ ਹਿਸਾਬ ਰੱਖਿਆ।’’

‘‘ਇਹ ਹਿਸਾਬ ਮੈਂ ਨ੍ਹੀਂ ਰੱਖਿਆ। ਮੇਰੇ ਗਰੈਂਡ ਫਾਦਰ

ਨੇ ਰੱਖਿਆ ਹੋਇਆ ਸੀ। ਉਹ ਦੂਜੇ-ਚੌਥੇ ਦਿਨ ਆਪਣੇ ਘਰ ਨੂੰ ਯਾਦ ਕਰਦੇ ਰਹਿੰਦੇ ਸੀ। ਇੱਥੇ ਮੇਰੇ

ਵਡੇਰਿਆਂ ਦੀਆਂ ਜੜ੍ਹਾਂ ਨੇ। ਮੈਨੂੰ ਲੱਗਦਾ ਕਿ ਖੌਰੇ ਮੇਰੀਆਂ ਵੀ ਇੱਥੇ ਜੜ੍ਹਾਂ ਨੇ। ਫਿਜ਼ੀ ’ਚ ਰਹਿੰਦੇ ਭਾਰਤੀ ਸੋਚਦੇ ਨੇ ਕਿ ਜਿੱਥੇ ਉਨ੍ਹਾਂ ਦੇੇ ਵਡੇਰਿਆਂ ਦਾ ਨਾੜੂਆ ਨੱਪਿਆ ਹੁੰਦਾ ਉੱਥੇ ਹੀ ਉਨ੍ਹਾਂ ਦੀਆਂ ਜੜ੍ਹਾਂ ਹੁੰਦੀਆਂ ਨੇ। ਇਸ ਗੱਲ ਦੀ ਮੈਨੂੰ ਹੁਣ ਸਮਝ ਲੱਗੀ ਏ।’’

* * *

ਮੇਰੀ ਉਸ ਨਾਲ ਮੁਲਾਕਾਤ ਔਕਸਫੋਰਡ ਯੂਨੀਵਰਸਿਟੀ, ਇੰਗਲੈਂਡ ਵਿੱਚ ਇੱਕ ਸੈਮੀਨਾਰ ਦੌਰਾਨ ਹੋਈ ਸੀ। ਇਸ ਸੈਮੀਨਾਰ ਦਾ ਵਿਸ਼ਾ ਸੀ: ਇੰਡੋ-ਪਾਕਿ ਵੰਡ ਵਿੱਚ ਨਹਿਰੂ ਤੇ ਜਿਨਾਹ ਦਾ ਰੋਲ: ਸਾਈਕੋਏਨਾਲੈਟਿਕ ਅਧਿਐਨ। ਜਿਸ ਹੋਟਲ ਵਿੱਚ ਸਾਨੂੰ ਠਹਿਰਾਇਆ ਗਿਆ ਸੀ, ਉਸ ਵਿੱਚ ਮੇਰਾ ਕਮਰਾ ਪ੍ਰੋ. ਜਾਵੇਦ ਦੇ ਨਾਲ ਲੱਗਦਾ ਸੀ। ਦੋ-ਤਿੰਨ ਮੁਲਾਕਾਤਾਂ ਬਾਅਦ ਅਸੀਂ ਆਪਸ ਵਿੱਚ ਘੁਲ-ਮਿਲ ਗਏ ਸੀ। ਸਾਨੂੰ ਲੱਗਿਆ ਹੀ ਨਹੀਂ ਸੀ ਕਿ ਅਸੀਂ ਪਹਿਲੀ ਵਾਰ ਮਿਲੇ ਸਾਂ। ਅਸੀਂ ਆਪਣੀ ਭਾਸ਼ਾ ਵਿੱਚ ਗੱਲਾਂ ਕੀਤੀਆਂ ਸੀ। ਜਦੋਂ ਮੈਂ ਉਸ ਨੂੰ ਆਪਣੇ ਸ਼ਹਿਰ ਨੂਰਮਹਿਲ ਬਾਰੇ ਦੱਸਿਆ ਤਾਂ ਉਸ ਕਿੰਨਾ ਹੀ ਚਿਰ ਮੈਨੂੰ ਜੱਫੀ ਪਾਈ ਰੱਖੀ ਸੀ। ਫੇਰ ਮੇਰਾ ਹੱਥ ਘੁਟਦਿਆਂ ਕਿਹਾ ਸੀ, ‘‘ਮੈਨੂੰ ਮੇਰੇ ਵਡੇਰਿਆਂ ਦੀ ਭੋਇੰ ਦਾ ਬੰਦਾ ਮਿਲ ਗਿਆ। ਖੌਰੇ ਮੇਰਾ ਕੰਮ ਸੌਖਾ ਹੋ ਜਾਵੇ।’’ ਮੇਰੇ ਕਈ ਵਾਰ ਪੁੱਛਣ ’ਤੇ ਵੀ ਉਸ ਆਪਣੇ ਕੰਮ ਬਾਰੇ ਕੁਝ ਨਹੀਂ ਦੱਸਿਆ ਸੀ। ਬਸ ਕਿਹਾ ਸੀ, ‘‘ਜਿਗਰਾ ਰੱਖ। ਮੈਂ ਤਾਂ ਹਰ ਰੋਜ਼ ਤੇਰੀ ਸੰਗਤ ਮਾਨਣੀ ਏ।’’ ਜਲਦੀ ਹੀ ਸਾਡੇ ਨਾਲ ਡਾ. ਕਲੇਰ ਵੀ ਆ ਰਲਿਆ ਸੀ।

ਇਹ ਸੈਮੀਨਾਰ ਇੱਕ ਹਫ਼ਤੇ ਦਾ ਸੀ।

ਤੀਜੇ ਦਿਨ ਦੂਜੇ ਸੈਸ਼ਨ ਵਿੱਚ ਕਾਂਗਰਸ ਪ੍ਰਧਾਨ ਕ੍ਰਿਪਾਲਾਨੀ ਦਾ ਕਾਂਗਰਸ ਅਧਿਵੇਸ਼ਨ ਵਿੱਚ ਦਿੱਤਾ ਗਿਆ ਭਾਸ਼ਨ ਬਹਿਸ ਦਾ ਮੁੱਦਾ ਬਣਿਆ ਸੀ, ‘‘ਮੈਂ ਕੁਝ ਦੰਗਾ ਪੀੜਤ ਇਲਾਕਿਆਂ ਤੋਂ ਆਇਆ ਹਾਂ। ਇੱਕ ਜਗ੍ਹਾ ਮੈਂ ਇੱਕ ਖੂਹ ਦੇਖਿਆ ਜਿਸ ’ਚ ਔਰਤਾਂ ਨੇ ਆਪਣੇ ਬੱਚਿਆਂ ਸਮੇਤ ਛਾਲ ਮਾਰ ਕੇ ਆਪਣੀ ਜਾਨ ਬਚਾਈ ਸੀ। ਇੱਕ ਹੋਰ ਜਗ੍ਹਾ ਇੱਕ ਮੰਦਰ ’ਚ ਬੰਦਿਆਂ ਨੇ ਇਸੇ ਕਾਰਨ ਪੰਜਾਹ ਮੁਟਿਆਰਾਂ ਨੂੰ ਮਾਰ ਸੁੱਟਿਆ। ਇੱਕ ਘਰ ’ਚ ਮੈਂ ਹੱਡੀਆਂ ਦੇ ਢੇਰ ਦੇਖੇ ਜਿੱਥੇ 107 ਵਿਅਕਤੀ, ਜਿਨ੍ਹਾਂ ’ਚ ਵਧੇਰੇ ਇਸਤਰੀਆਂ ਤੇ ਬੱਚੇ ਸੀ, ਹਮਲਾਵਰਾਂ ਨੇ ਘੇਰ ਕੇ ਇੱਕ ਘਰ ’ਚ ਬੰਦ ਕਰ ਦਿੱਤੇ। ਫੇਰ ਜਿਉਂਦੇ ਸਾੜ ਦਿੱਤੇ। ਕੁਝ ਮੈਂਬਰਾਂ ਨੇ ਸਾਡੇ ’ਤੇ ਦੋਸ਼ ਲਾਇਆ ਕਿ ਅਸੀਂ ਡਰ ਦੇ ਮਾਰਿਆਂ ਇਹ ਫ਼ੈਸਲਾ ਕੀਤਾ। ਮੈਂ ਇਸ ਦੇ ਸੱਚ ਨੂੰ ਸਵੀਕਾਰ ਕਰਦਾ ਹਾਂ ਪਰ ਉਸ ਅਰਥ ’ਚ ਨ੍ਹੀਂ ਜਿਸ ’ਚ ਇਹ ਦੋਸ਼ ਲਾਇਆ ਗਿਆ ਏ। ਇਹ ਡਰ ਪ੍ਰਾਣਹਾਨੀ ਦਾ ਜਾਂ ਵਿਧਵਾਵਾਂ ਤੇ ਯਤੀਮਾਂ ਦੇ ਰੁਦਨ ਦਾ ਜਾਂ ਅਨੇਕਾਂ ਘਰਾਂ ਦੇ ਸਾੜੇ ਜਾਣ ਦਾ ਨ੍ਹੀਂ ਏ। ਡਰ ਇਹ ਏ ਕਿ ਜੇ ਅਸੀਂ ਐਦਾਂ ਹੀ ਕਰਦੇ ਰਹੇ, ਇੱਕ ਦੂਜੇ ਤੋਂ ਬਦਲਾ ਲੈਂਦੇ ਰਹੇ ਤੇ ਅਪਮਾਨ ਤੇ ਅਪਮਾਨ ਕਰਦੇ ਰਹੇ ਤਾਂ ਆਖ਼ਰ ਸਾਡੀ ਸਥਿਤੀ ਮਾਨਵ ਭਕਸ਼ੀਆਂ ਵਰਗੀ ਤੇ ਉਸ ਤੋਂ ਬੁਰੀ ਹੋ ਜਾਵੇਗੀ। ਇਨ੍ਹਾਂ ਦੁਖੀ ਪ੍ਰਸਥਿਤੀਆਂ ’ਚ ਮੈਂ ਭਾਰਤ ਦੀ ਵੰਡ ਦਾ ਸਮਰਥਨ ਕੀਤਾ ਏ।’’

ਜਰਮਨੀ ਤੋਂ ਆਏ ਡਾ. ਸਪੈਂਸਰ ਨੇ ਕਿਸੇ ਪੁਸਤਕ ਵਿੱਚੋਂ ਸ. ਪਟੇਲ ਦੇ ਵਿਚਾਰ ਪੜ੍ਹ ਕੇ ਸੁਣਾਏ ਸਨ, ‘‘ਕਾਂਗਰਸ ਪਾਕਿਸਤਾਨ ਦੇ ਵਿਰੁੱਧ ਏ, ਫੇਰ ਵੀ ਸਦਨ ਦੇ ਸਾਹਮਣੇ ਜੋ ਪ੍ਰਸਤਾਵ ਏ, ਇਹ ਵੰਡ ਨੂੰ ਸਵੀਕਾਰ ਕਰਦਾ ਏ। ਮਹਾਸਮਿਤੀ ਇਸ ਨੂੰ ਪਸੰਦ ਕਰੇ ਜਾਂ ਨਾ ਕਰੇ, ਅਸਲ ’ਚ ਪੰਜਾਬ ਤੇ ਬੰਗਾਲ ਦੋਹਾਂ ’ਚ ਪਹਿਲਾਂ ਤੋਂ ਹੀ ਪਾਕਿਸਤਾਨ ਮੌਜੂਦ ਏ। ਅਜਿਹੀ ਪ੍ਰਸਥਿਤੀ ’ਚ ਮੈਂ ਅਸਲੀ ਪਾਕਿਸਤਾਨ ਨੂੰ ਜ਼ਿਆਦਾ ਪਸੰਦ ਕਰਾਂਗਾ ਕਿਉਂਕਿ ਫੇਰ ਉਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਦਾ ਕੁਝ ਖ਼ਿਆਲ ਰਹੇਗਾ।’’

ਪ੍ਰੋ. ਜਾਵੇਦ ਆਪਣੀ ਕੁਰਸੀ ਤੋਂ ਉੱਠ ਕੇ ਖੜ੍ਹ ਗਿਆ ਸੀ। ਉਸ ਸਮਾਂ ਲੈ ਕੇ ਆਪਣੀ ਗੱਲ ਸ਼ੁਰੂ ਕੀਤੀ ਸੀ, ‘‘ਮੈਂ ਸਬੂਤ ਪੇਸ਼ ਕਰ ਸਕਦਾ ਹਾਂ ਕਿ ਕਾਇਦੇ ਆਜ਼ਮ ਜਿਨਾਹ ਆਖ਼ਰ ਤੱਕ ਪਾਕਿਸਤਾਨ ਨ੍ਹੀਂ ਚਾਹੁੰਦੇ ਸਨ। ਕੈਬਨਿਟ ਮਿਸ਼ਨ ਦੀ ਯੋਜਨਾ ਸੰਬੰਧੀ 2 ਜੂਨ 1947 ਨੂੰ ਜਿਨਾਹ ਮਾਊਂਟਬੈਟਨ ਨੂੰ ਮਿਲਣ ਗਏ। ਕਾਂਗਰਸ ਨੇ ਇਸ ਯੋਜਨਾ ਨੂੰ ਪਹਿਲਾਂ ਹੀ ਮੰਨ ਲਿਆ ਸੀ। ਜਿਨਾਹ ਨੇ ਨ੍ਹੀਂ। ਮਾਊਂਟਬੈਟਨ ਨੇ ਕਿਹਾ ਸੀ, ‘ਐਦਾਂ ਤੁਸੀਂ ਆਪ ਆਪਣਾ ਪਾਕਿਸਤਾਨ ਹਮੇਸ਼ਾ ਲਈ ਖੋਹ ਦੇਉਗੇ,’ ਤਾਂ ਜਿਨਾਹ ਨੇ ਇੱਕ ਲਾਈਨ ’ਚ ਜਵਾਬ ਦਿੱਤਾ ਸੀ, ‘ਜੋ ਹੋਣਾ ਹੈ ਉਹੀ ਹੋਵੇਗਾ।’ ਕਿੰਨੀ ਮਹੱਤਵਪੂਰਨ ਗੱਲ ਸੀ ਕਿ ਕਾਇਦੇ ਆਜ਼ਮ ਇਤਿਹਾਸ ਦੇ ਇਸ ਅਤਿ ਮਹੱਤਵਪੂਰਨ ਤੇ ਫ਼ੈਸਲਾਕੁੰਨ ਪਲ ’ਚ ਵੀ ਕੋਈ ਅਹਿਮ ਫ਼ੈਸਲਾ ਲੈਣ ਤੋਂ ਪਿੱਛੇ ਹਟ ਰਹੇ ਸੀ।’’

ਪ੍ਰੋ. ਜਾਵੇਦ ਦੇ ਵਿਚਾਰਾਂ ਤੇ ਤੱਥਾਂ ਨੇ ਇੱਕ ਵਾਰ ਤਾਂ ਹਾਲ ਵਿੱਚ ਸੁੰਨ ਵਰਤਾ ਦਿੱਤੀ ਸੀ। ਉੱਥੇ ਬੈਠੇ ਵਿਦਵਾਨਾਂ ਦੇ ਮਨਾਂ ਵਿੱਚ ਇਹ ਪ੍ਰਸ਼ਨ ਖੌਰੂ ਪਾਉਣ ਲੱਗਾ ਸੀ ਕਿ ਕੀ ਪ੍ਰੋ. ਜਾਵੇਦ ਅਜਿਹਾ ਪਹਿਲਾ ਮੁਸਲਮਾਨ ਸੀ ਜਿਸ ਪਾਕਿਸਤਾਨ ਬਣਨ ਦਾ ਵਿਰੋਧ ਕੀਤਾ ਹੈ ਜਾਂ ਉਸ ਦੇ ਅੰਦਰ ਇਹ ਗੱਲ ਘਰ ਕਰ ਗਈ ਸੀ ਕਿ ਕਾਇਦੇ ਆਜ਼ਮ ਪਾਕਿਸਤਾਨ ਨਹੀਂ ਚਾਹੁੰਦੇ ਨੇ। ਉਸ ਦੇ ਵਿਚਾਰ ਤਾਂ ਪਾਕਿਸਤਾਨ ਦੇ ਵਿਰੁੱਧ ਸਨ। ਇਸੇ ਗੱਲ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ ਸੀ। ਕਈਆਂ ਨੇ ਉੱਠ ਕੇ ਉਸ ਵੱਲ ਉਚੇਚਾ ਦੇਖਿਆ ਵੀ ਸੀ।

ਪਿੱਛੋਂ ਕਿਸੇ ਵਿਦਵਾਨ ਨੇ ਕਹਿਣਾ ਸ਼ੁਰੂ ਕੀਤਾ ਸੀ, ‘‘ਮੈਂ ਪ੍ਰੋ. ਜਾਵੇਦ ਦੀ ਗੱਲ ਨਾਲ ਸਹਿਮਤ ਨ੍ਹੀਂ ਹਾਂ। ਬਾਈ-ਚੌਵੀ ਮਾਰਚ, 1940 ਨੂੰ ਲਾਹੌਰ ’ਚ ਮੁਸਲਿਮ ਲੀਗ ਦਾ 27ਵਾਂ ਇਤਿਹਾਸਕ ਸੈਸ਼ਨ ਹੋਇਆ ਜਿਸ ’ਚ ਕਾਇਦੇ ਆਜ਼ਮ ਜਿਨਾਹ ਨੇ ਕਿਹਾ ਸੀ, ‘ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਧਾਰਮਿਕ ਦਰਸ਼ਨ, ਸਮਾਜਿਕ ਰੀਤੀ-ਰਿਵਾਜ ਤੇ ਵੱਖ-ਵੱਖ ਸਾਹਿਤ ਦੇ ਨੇ। ਉਹ ਨਾ ਆਪਸ ’ਚ ਸ਼ਾਦੀ ਕਰ ਸਕਦੇ ਨੇ, ਨਾ ਨਾਲ ਖਾਣਾ ਖਾ ਸਕਦੇ ਨੇ। ਅਸਲ ’ਚ ਇਹ ਦੋ ਅਲਗ ਸਭਿਅਤਾਵਾਂ ਨੇ ਜੋ ਵਿਰੋਧੀ ਵਿਚਾਰਧਾਰਾਵਾਂ ਤੇ ਭਾਵਨਾਵਾਂ ’ਤੇ ਆਧਾਰਿਤ ਨੇ। ਉਨ੍ਹਾਂ ਦੇ ਮਹਾਂਕਾਵਿ ਅਲੱਗ ਨੇ। ਉਨ੍ਹਾਂ ਦੇ ਨਾਇਕ ਅਲੱਗ ਨੇ ਤੇ ਕਥਾਵਾਂ ਵੀ ਅਲੱਗ ਨੇ। ਅਕਸਰ ਇੱਕ ਦਾ ਨਾਇਕ ਦੂਜੇ ਲਈ ਖਲਨਾਇਕ ਏ। ਇਸੇ ਤਰ੍ਹਾਂ ਉਨ੍ਹਾਂ ਦੀ ਹਾਰ ਤੇ ਜਿੱਤ ਵੀ ਅਲੱਗ ਏ ...।’’

ਸਮਾਂ ਪੂਰਾ ਹੋਣ ਕਰ ਕੇ ਉਸ ਵਿਦਵਾਨ ਦੀ ਗੱਲ ਪੂਰੀ ਨਹੀਂ ਹੋ ਸਕੀ ਸੀ।

ਇਸ ਸੈਸ਼ਨ ਵਿੱਚ ਬਹੁਤ ਹੀ ਵਿਚਾਰ ਉਤੇਜਿਕ ਗੱਲਾਂ ਹੋਈਆਂ ਸਨ।

ਰਾਤ ਨੂੰ ਮਹਿਫ਼ਲ ਮੇਰੇ ਕਮਰੇ ਵਿੱਚ ਸਜੀ ਸੀ। ਅਸੀਂ ਚਾਹੁੰਦੇ ਸੀ ਕਿ ਇੰਡੋ-ਪਾਕਿ ਵੰਡ ਨੂੰ ਛੱਡ ਕੇ ਕੁਝ ਹੋਰ ਗੱਲਾਂ ਕਰੀਏ, ਪਰ ਡਾ. ਕਲੇਰ ਨੇ ਡਾ. ਸਪੈਂਸਰ ਨੂੰ ਬੁਲਾ ਲਿਆ ਸੀ। ਡਾ. ਕਲੇਰ ਨੇ ਕਿਹਾ ਸੀ, ‘‘ਦੋਸਤੋ, ਹੁਣ ਅਸੀਂ ਆਫ ਦੀ ਰਿਕਾਰਡ ਗੱਲਾਂ ਕਰਾਂਗੇ।’’

ਥੋੜ੍ਹੇ ਚਿਰ ਬਾਅਦ ਹੀ ਅਸੀਂ ਸੈਮੀਨਾਰ ਨਾਲੋਂ ਵੀ ਜ਼ਿਆਦਾ ਗੰਭੀਰ ਗੱਲਾਂ ਕੀਤੀਆਂ ਸਨ।

ਡਾ. ਸਪੈਂਸਰ ਨੇ ਚੁਣ-ਚੁਣ ਕੇ ਸ਼ਬਦਾਂ ਵਿੱਚ ਦੱਸਿਆ ਸੀ, ‘‘ਮੇਰਾ ਹੁਣ ਤੱਕ ਦਾ ਤਜਰਬਾ ਇਹੀ ਦੱਸਦਾ ਕਿ ਤੁਸੀਂ ਏਸ਼ੀਅਨ ਲੋਕ ਤੱਥਾਂ ਨੂੰ ਤੋੜ ਮਰੋੜ ਕੇ ਦੱਸਦੇ ਹੋ। ਆਪਣੇ ’ਤੇ ਕੋਈ ਦੋਸ਼ ਨ੍ਹੀਂ ਲੈਂਦੇ। ਇਸੇ ਕਰ ਕੇ ਕੋਈ ਵੀ ਗੱਲ ਨਿਖਰ ਕੇ ਸਾਹਮਣੇ ਨ੍ਹੀਂ ਆਉਂਦੀ। ਮੈਂ ਹੀ ਨ੍ਹੀਂ- ਜਿਹੜਾ ਵੀ ਜਣਾ ਇੰਡੋ-ਪਾਕ ਵੰਡ ਵੇਲੇ ਦੇ ਹਾਲਾਤ ਦੀ ਘੋਖ ਕਰੇਗਾ, ਉਹਨੂੰ ਜ਼ਖ਼ਮ ਹੀ ਜ਼ਖ਼ਮ ਦਿਸਣਗੇ। ਇਹ ਅਜੇ ਕਈ ਸਾਲ ਅੱਲ੍ਹੇ ਰਹਿਣਗੇ ਤੇ ਅੱਲ੍ਹੇ ਜ਼ਖ਼ਮ ਬਹੁਤ ਤੰਗ ਕਰਦੇ ਹੁੰਦੇ ਨੇ। ... ਹੁਣ ਮੈਂ ਆਪਣੀ ਗੱਲ ਮਹਾਤਮਾ ਗਾਂਧੀ ਤੋਂ ਸ਼ੁਰੂ ਕਰਦਾ ਹਾਂ। ਉਦੋਂ ਉਨ੍ਹਾਂ ਦੀ ਉਮਰ 78 ਸਾਲਾਂ ਦੀ ਸੀ। ਨਹਿਰੂ ਤੇ ਸਰਦਾਰ ਪਟੇਲ ਨੇ ਇੰਡੋ-ਪਾਕਿ ਵੰਡ ਨੂੰ ਸਵੀਕਾਰ ਕਰ ਲਿਆ ਸੀ। ਇਸ ਸਬੰਧੀ ਉਨ੍ਹਾਂ ਗਾਂਧੀ ਨੂੰ ਓਹਲੇ ’ਚ ਰੱਖਿਆ। ਜਦੋਂ ਗਾਂਧੀ ਨੂੰ ਪਤਾ ਲੱਗਾ ਤਾਂ ਉਹ ਕਸੂਤੀ ਸਥਿਤੀ ’ਚ ਫਸ ਗਏ। ਉਹ ਜਾਣਦੇ ਸਨ ਕਿ ਪਾਰਟੀ ’ਤੇ ਸਰਦਾਰ ਪਟੇਲ ਦੀ ਪਕੜ ਮਜ਼ਬੂਤ ਏ। ਨਹਿਰੂ ਦੀ ਜਨਤਾ ’ਤੇ। ਜੇ ਗਾਂਧੀ ਉਨ੍ਹਾਂ ਦੋਵਾਂ ਦਾ ਖੁੱਲ੍ਹ ਕੇ ਵਿਰੋਧ ਕਰਦੇ ਤਾਂ ਗਾਂਧੀ, ਕਾਂਗਰਸ ਤੇ ਭਾਰਤ ਦੀ ਆਜ਼ਾਦੀ, ਤਿੰਨਾਂ ਦੀ ਸਥਿਤੀ ਬਹੁਤ ਹੀ ਸੰਕਟਮਈ ਹੋ ਜਾਣੀ ਸੀ। ਦੂਜੀ ਵੱਡੀ ਗੱਲ, ਉਨ੍ਹਾਂ ’ਚ ਹੁਣ ਪਹਿਲਾਂ ਜਿੰਨੀ ਸ਼ਕਤੀ ਵੀ ਨ੍ਹੀਂ ਰਹੀ ਸੀ।’’

ਡਾ. ਕਲੇਰ ਨੇ ਡਾ. ਸਪੈਂਸਰ ਨੂੰ ਟੋਕਿਆ ਸੀ, ‘‘ਗਾਂਧੀ ਜੀ ਨੇ ਤਾਂ ਅੰਗਰੇਜ਼ਾਂ ਨੂੰ ਇਹ ਵੀ ਕਿਹਾ ਸੀ- ‘ਤੁਸੀਂ ਜਾਉ, ਸਾਨੂੰ ਰੱਬ ਦੇ ਆਸਰੇ ਛੱਡ ਦਿਓ। ਬਰਬਾਦੀ ’ਚ ਛੱਡ ਦਿਓ। ਅਸੀਂ ਆਪਸ ’ਚ ਤੈਅ ਕਰ ਲਵਾਂਗੇ ਪਰ ਤੁਸੀਂ ਚਲੇ ਜਾਉ’।’’

‘‘ਗਾਂਧੀ ਨੇ ਮਾਊਂਟਬੈਟਨ ਨਾਲ ਦੂਜੀ ਮੁਲਾਕਾਤ ’ਚ ਹੀ ਕਹਿ ਦਿੱਤਾ ਸੀ ਕਿ ਜਿਨਾਹ ਤੇ ਮੁਸਲਿਮ ਲੀਗ ਨੂੰ ਕੇਂਦਰ ’ਚ ਸਰਕਾਰ ਬਣਾਉਣ ਦਿੱਤੀ ਜਾਵੇ। ਜਿਨਾਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੇ ਜਿੱਦਾਂ ਚਾਹੁਣ ਦੇਸ਼ ਚਲਾਉਣ ਤਾਂ ਮਾਊਂਟਬੈਟਨ ਨੇ ਪੁੱਛਿਆ ਸੀ, ‘ਜਿਨਾਹ ਤੇ ਇਸ ਦੀ ਕੀ ਪ੍ਰਤੀਕਿਰਿਆ ਹੋਵੇਗੀ?’ ਗਾਂਧੀ ਨੇ ਉੱਤਰ ਦਿੱਤਾ ਸੀ, ‘ਫੇਰ ਇਹੀ- ਉਹੀ ਕਪਟੀ ਗਾਂਧੀ’।’’

‘‘ਪਰ ਪਟੇਲ ਤੇ ਨਹਿਰੂ ਇਹ ਨ੍ਹੀਂ ਚਾਹੁੰਦੇ ਸਨ।’’

‘‘ਵੰਡ ਦੀ ਯੋਜਨਾ ਵੀ.ਪੀ. ਮੈਨਨ ਨੇ ਤਿਆਰ ਕੀਤੀ- ਕੁਲੀਨ ਹਿੰਦੂ ਨੇ- ਮੁਸਲਿਮ ਲੀਗ ਤੋਂ ਲੁਕੋ ਕੇ।’’

‘‘ਹਾਂ, ਗਾਂਧੀ ਜੀ ਨੇ ਕਿਹਾ ਸੀ, ਮੈਂ ਮੰਨਦਾਂ। ਪਰ ਜਿੱਦਾਂ ਮੈਂ ਸੈਮੀਨਾਰ ’ਚ ਵੀ ਕਿਹਾ ਸੀ ਤੇ ਪ੍ਰੋ. ਜਾਵੇਦ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਜਿਨਾਹ ਇੰਡੋ-ਪਾਕਿ ਵੰਡ ਲਈ ਜ਼ਿੰਮੇਵਾਰ ਨ੍ਹੀਂ ਸਨ- ਹੁਣ ਵੀ ਆਪਣੇ ਵਿਚਾਰਾਂ ’ਤੇ ਜਿਉਂ ਦਾ ਤਿਉਂ ਖੜ੍ਹਾ ਹਾਂ। ਸਾਰੇ ਸਕਾਲਰ ਤੱਥਾਂ ਨੂੰ ਇਤਿਹਾਸਕ ਤੱਥਾਂ ਨਾਲ ਜੋੜ ਕੇ ਦੇਖਦੇ ਨੇ। ਮੈਂ ਇੱਕ ਹੋਰ ਪਾਸਿਓਂ ਵੀ ਸੋਚਣਾ ਸ਼ੁਰੂ ਕੀਤਾ ਏ। ਸ਼ਾਇਦ ਮੈਂ ਸਹੀ ਹੋਵਾਂ। ਇਹ ਹੈ ਮਨੁੱਖੀ ਜੀਨਸ। ਜਿਨਾਹ ਹੋਰੀਂ ਦੋ ਪੀੜ੍ਹੀਆਂ ਪਹਿਲਾਂ ਹਿੰਦੂ ਸਨ। ਕੀ ਕਿਤੇ ਨਾ ਕਿਤੇ ਉਨ੍ਹਾਂ ਦੇ ਖ਼ੂਨ ’ਚ ਹਿੰਦੂ ਧਰਮ ਨ੍ਹੀਂ ਸਮਾਇਆ ਹੋਇਆ ਸੀ? ਜਿਨਾਹ ਨੇ ਨਾ ਕਦੇ ਹਿੰਦੂ ਧਰਮ ਤੇ ਨਾ ਹੀ ਹਿੰਦੂਆਂ ਦੇ ਖ਼ਿਲਾਫ਼ ਅਪਸ਼ਬਦ ਬੋਲਿਆ। ਜਿੰਨੀ ਇੱਜ਼ਤ ਉਹ ਤਿਲਕ ਤੇ ਗੋਖਲੇ ਨੂੰ ਦਿੰਦੇ ਸੀ, ਉਨੀਂ ਕਿਸੇ ਮੁਸਲਮਾਨ ਨੂੰ ਨ੍ਹੀਂ।’’

ਇੱਕ ਵਾਰ ਤਾਂ ਸਾਡੇ ਮੂੰਹਾਂ ਨੂੰ ਜਿੰਦਰੇ ਲੱਗ ਗਏ ਸਨ।

ਜਲਦੀ ਹੀ ਪ੍ਰੋ. ਜਾਵੇਦ ਨੇ ਕਮਾਂਡ ਆਪਣੇ ਹੱਥਾਂ ਵਿੱਚ ਲੈ ਲਈ ਸੀ, ‘‘ਯਾਰੋ, ਗੱਲ ਤਾਂ ਐਨੀ ਕੁ ਸੀ ਕਿ ਜੇ ਇਸ ਗੱਲ ਨੂੰ ਕਾਂਗਰਸ ਇੱਕ ਵਾਰ ਵੀ ਮੰਨ ਲੈਂਦੀ ਕਿ ਜਿਨਾਹ ਤੇ ਮੁਸਲਿਮ ਲੀਗ ਮੁਸਲਮਾਨਾਂ ਦੇ ਪ੍ਰਤੀਨਿਧੀ ਨੇ ਤਾਂ ਸ਼ਾਇਦ ਗੱਲ ਐਨੀ ਨਾ ਵਧਦੀ। ਸਾਡਾ ਇਤਿਹਾਸ ਹੋਰ ਹੀ ਹੁੰਦਾ।’’

ਡਾ. ਕਲੇਰ ਨੇ ਇਤਿਹਾਸ ਦਾ ਇੱਕ ਹੋਰ ਪੰਨਾ ਖੋਲ੍ਹ ਦਿੱਤਾ ਸੀ, ‘‘ਚਲੋ ਇਸਲਾਮ ਧਰਮ ਤੋਂ ਹੀ ਸ਼ੁਰੂ ਕਰ ਲਓ। ਮੁਹੰਮਦ ਇਕਬਾਲ ਨੇ ਇੱਕ ਵਾਰ ਕਿਹਾ ਸੀ ਕਿ ਇਤਿਹਾਸ ’ਚ ਸੰਕਟ ਵੇਲੇ ਇਸਲਾਮ ਨੇ ਮੁਸਲਮਾਨਾਂ ਦੀ ਰੱਖਿਆ ਕੀਤੀ ਏ। ਨਾ ਕਿ ਮੁਸਲਮਾਨਾਂ ਨੇ ਇਸਲਾਮ ਦੀ। ਜੇ ਤੁਸੀਂ ਆਪਣਾ ਧਿਆਨ ਇਸਲਾਮ ’ਤੇ ਕੇਂਦਰਤ ਕਰੋ ਤੇ ਉਸ ’ਚ ਸਮੋਈ ਉਜਵਲ ਵਿਚਾਰਧਾਰਾ ਤੋਂ ਪ੍ਰੇਰਨਾ ਲਓ ਤਾਂ ਤੁਹਾਡੀ ਖਿਲਰੀ ਹੋਈ ਸ਼ਕਤੀ ਫੇਰ ਤੋਂ ਇਕੱਠੀ ਹੋ ਜਾਵੇਗੀ। ਮੈਂ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਵੀ ਹਾਂ ਤੇ ਨ੍ਹੀਂ ਵੀ। ਤੁਸੀਂ ਪੁੱਛੋ ਨ੍ਹੀਂ ਕਿੱਦਾਂ? ਹਿੰਦੋਸਤਾਨ ਦੇ ਲਗਪਗ ਸਾਰੇ ਹੀ ਮੁਸਲਮਾਨਾਂ ਦੀ ਸਭ ਤੋਂ ਅਹਿਮ ਸਮੱਸਿਆ ਇਹ ਸੀ ਕਿ ਉਨ੍ਹਾਂ ਦਾ ਧਰਮ ਵਿਦੇਸ਼ੀ ਸੀ। ਉਨ੍ਹਾਂ ਦੇ ਧਾਰਮਿਕ ਫ਼ੈਸਲੇ ਕਿਸੇ ਨਾ ਕਿਸੇ ਰੂਪ ਨਾਲ ਤੁਰਕੀ ਜਾਂ ਹੋਰ ਥਾਵਾਂ ਤੋਂ ਪ੍ਰਭਾਵਿਤ ਹੁੰਦੇ ਸੀ। ਇਸ ਤੋਂ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਨੂੰ ਅਸਲੀ ਮੁਸਲਮਾਨ ਨ੍ਹੀਂ ਮੰਨਿਆ ਜਾਂਦਾ ਸੀ। ਇਸਲਾਮ ਅਰਬੀ ਧਰਮ ਏ। ਜੋ ਅਰਬੀ ਨ੍ਹੀਂ ਏ ਪਰ ਮੁਸਲਮਾਨ ਏ, ਉਹ ਪਰਿਵਰਤਿਤ ਏ। ਇੱਥੇ ਮੁਸਲਮਾਨਾਂ ਦੀ ਅਜਿਹੀ ਸਥਿਤੀ ਸੀ ਕਿ ਇੱਕ ਪਾਸੇ ਉਨ੍ਹਾਂ ਦੀ ਮਾਤਰ ਭੂਮੀ ਸੀ, ਜਿੱਥੇ ਉਹ ਜੰਮੇ ਪਲੇ ਸੀ। ਦੂਜੇ ਪਾਸੇ ਉਨ੍ਹਾਂ ਦੀ ਆਸਥਾ ਸੀ ਜਿਸ ਦਾ ਸਭ ਕੁਝ ਅਰਬ ’ਚ ਸੀ। ਜਦੋਂ ਵਿਦੇਸ਼ੀ ਮੁਸਲਮਾਨ ਇੰਡੀਆ ’ਚ ਆਏ ਤਾਂ ਉਹ ਆਪਣੇ ਨਾਲ ਔਰਤਾਂ ਤੇ ਬੱਚੇ ਨ੍ਹੀਂ ਲਿਆਏ। ਇੱਥੇ ਇੱਕ ਅਜੀਬ ਕਿਸਮ ਦਾ ਇਸਲਾਮੀ ਰਾਜ ਫੈਲਿਆ। ਕਈ ਪੱਧਰਾਂ ’ਤੇ ਇਹ ਵੱਖ-ਵੱਖ ਰੂਪਾਂ ’ਚ ਦੇਸ਼ ਦੇ ਮੂਲ ਨਿਵਾਸੀਆਂ ਨਾਲ ਜੁੜਿਆ ਹੋਇਆ ਸੀ।’’

ਪ੍ਰੋ. ਜਾਵੇਦ ਨੇ ਆਮ ਨਾਲੋਂ ਉੱਚੀ ਆਵਾਜ਼ ਵਿੱਚ ਕਿਹਾ ਸੀ, ‘‘ਇੰਡੀਆ ’ਚ ਜਿੰਨੇ ਵੀ ਮੁਗ਼ਲ ਬਾਦਸ਼ਾਹ, ਸੰਤ, ਸੂਫ਼ੀ ਰਹੇ, ਕਿਸੇ ਨੇ ਵੀ ਬਾਹਰ ਦੇ ਖਲੀਫ਼ਾ ਜਾਂ ਪਾਸ਼ਾ ਪ੍ਰਤੀ ਆਪਣੀ ਸ਼ਰਧਾ ਜਾਂ ਸਰੋਕਾਰ ਨ੍ਹੀਂ ਰੱਖਿਆ ਸੀ। ਮੈਨੂੰ ਇਸ ਦੀ ਇੱਕ ਵੀ ਉਦਾਹਰਨ ਕਿਤੋਂ ਨ੍ਹੀਂ ਮਿਲਦੀ। ਇਸ ਦੇਸ਼ ਦੇ ਹਿੰਦੂ ਵੀ ਬਾਹਰੋਂ ਆਏ ਸੀ। ਮੁਸਲਮਾਨ ਵੀ। ਉਨ੍ਹਾਂ ਲਈ ਇਹ ਧਰਤੀ ਉਨ੍ਹਾਂ ਦੀ ਮਾਤਰ ਭੂਮੀ ਏ। ਸਾਡੇ ਲਈ ਇੰਨ ਬਿੰਨ ਉੱਦਾਂ ਹੀ। ਇੰਡੀਆ ’ਚ ਐਨੇ ਸਾਲ ਇਕੱਠੇ ਰਹਿਣ ਨਾਲ ਸਾਡਾ ਖ਼ੂਨ ਬਦਲ ਗਿਆ। ਸਾਡੇ ਚਿਹਰੇ ਵੀ ਬਦਲ ਕੇ ਇੱਕੋ ਜਿਹੇ ਹੋ ਗਏ। ਮੁਸਲਮਾਨਾਂ ਨੇ ਹਿੰਦੂਆਂ ਦੇ ਅਨੇਕਾਂ ਰੀਤੀ-ਰਿਵਾਜ਼ ਅਪਨਾ ਲਏ। ਹਿੰਦੂਆਂ ਨੇ ਮੁਸਲਮਾਨਾਂ ਦੇ। ਦੋਵੇਂ ਆਪਸ ’ਚ ਏਨਾ ਘੁਲ ਮਿਲ ਗਏ ਸੀ ਕਿ ਉਨ੍ਹਾਂ ਨੇ ਇੱਕ ਨਵੀਂ ਭਾਸ਼ਾ ਬਣਾ ਲਈ ਜਿਸ ਦਾ ਨਾਂ ਉਰਦੂ ਏ। ਨਾ ਇਹ ਹਿੰਦੂਆਂ ਦੀ ਭਾਸ਼ਾ ਏ, ਨਾ ਮੁਸਲਮਾਨਾਂ ਦੀ...।’’

ਡਾ. ਸਪੈਂਸਰ ਨੇ ਪੁੱਛਿਆ ਸੀ, ‘‘ਫੇਰ ਗ਼ਲਤੀ ਕਿੱਥੇ ਹੋਈ ਸੀ?’’

ਪ੍ਰੋ. ਜਾਵੇਦ ਨੇ ਸਿੱਧਿਆਂ ਹੀ ਮੇਰੇ ਵੱਲ ਦੇਖਿਆ ਸੀ। ਜਿੱਦਾਂ ਕਹਿ ਰਿਹਾ ਹੋਵੇ ਕਿ ਹੁਣ ਚੁੱਪ ਬੈਠ ਕੇ ਨਹੀਂ ਸਰਨਾ। ਕੁਝ ਬੋਲਣਾ ਹੀ ਪੈਣਾ ਸੀ। ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕੀਤੀ ਸੀ, ‘‘ਡਾ. ਸਪੈਂਸਰ, ਆਪਣੀ ਗੱਲ ਸਿੱਧ ਕਰਨ ਲਈ ਮੈਨੂੰ ਪਿਛਾਂਹ ਜਾਣਾ ਪੈ ਰਿਹਾ। ਤਿੰਨ ਮਾਰਚ 1707 ਨੂੰ ਔਰੰਗਜ਼ੇਬ ਦੀ ਮੌਤ ਹੋਈ। ਇੱਥੋਂ ਹੀ ਮੁਗ਼ਲ ਸਲਤਨਤ ਦੀ ਡਾਊਨਫਾਲ ਸ਼ੁਰੂ ਹੋ ਗਈ। ਔਰੰਗਜ਼ੇਬ ਦੇ ਚੌਥੇ ਮੁੰਡੇ ਮੁਹੰਮਦ ਸ਼ਾਹ ਤੋਂ ਬਾਅਦ ਇੰਡੀਆ ਵੰਡਿਆ ਜਾਣ ਲੱਗਾ। 9 ਅਗਸਤ 1765 ਨੂੰ ਕਲਾਈਵ ਅਲਾਹਾਬਾਦ ’ਚ ਸ਼ਾਹ ਆਲਮ ਨੂੰ ਮਿਲਿਆ। ਸ਼ਾਹ ਆਲਮ ਨੇ ਇੱਕ ਸ਼ਾਹੀ ਫੁਰਮਾਨ ਜਾਰੀ ਕਰ ਕੇ ਬੰਗਾਲ, ਬਿਹਾਰ ਤੇ ਉੜੀਸਾ ਦੀ ਦੀਵਾਨੀ ਕੰਪਨੀ ਨੂੰ ਦੇ ਦਿੱਤੀ। ਇਹ ਮੁਗ਼ਲ ਸਲਤਨਤ ਦੇ ਤਾਬੂਤ ’ਚ ਪਹਿਲਾ ਕਿੱਲ ਸੀ। ਕਾਰਨਵਾਲਿਸ ਨੇ ਪਰਮਾਨੈਂਟ ਸੈਟਲਮੈਂਟ ਦੀ ਨੀਤੀ ਲਾਗੂ ਕੀਤੀ ਤਾਂ ਮੁਸਲਮਾਨ ਜ਼ਿਮੀਦਾਰਾਂ ਦਾ ਆਰਥਿਕ ਆਧਾਰ ਖੇਰੂੰ-ਖੇਰੂੰ ਹੋਣ ਲੱਗਾ। ਹਿੰਦੂ ਪਹਿਲਾਂ ਹੀ ਕੰਪਨੀ ’ਚ ਨੌਕਰੀਆਂ ਕਰਦੇ ਸੀ- ਉਨ੍ਹਾਂ ਨੇ ਮੌਕਾ ਸੰਭਾਲਿਆ। ਅੰਗਰੇਜ਼ੀ ਸਿੱਖਿਆ ਤੇ ਸਰਕਾਰੀ ਨੌਕਰੀਆਂ ’ਚ ਪੱਛੜਦੇ ਹੋਏ ਮੁਸਲਮਾਨ ਹੌਲੀ ਹੌਲੀ ਉਦਯੋਗਾਂ, ਬੈਂਕਾਂ, ਸ਼ੇਅਰ ਬਾਜ਼ਾਰਾਂ, ਵਪਾਰ ਹਰ ਪਾਸਿਉਂ ਪੱਛੜਣ ਲੱਗੇ। ਉਨ੍ਹਾਂ ਦੇ ਆਤਮ-ਗੌਰਵ ਤੇ ਆਤਮ-ਵਿਸ਼ਵਾਸ ਨੂੰ ਵੀ ਖੋਰਾ ਲੱਗਿਆ। ਉਨ੍ਹਾਂ ਦਾ ਗੌਰਵਸ਼ਾਲੀ ਅਤੀਤ, ਸ਼ਾਨੋ-ਸ਼ੌਕਤ ਤੇ ਉਨ੍ਹਾਂ ਦੇ ਮਹਾਨ ਬਾਦਸ਼ਾਹ ਉਨ੍ਹਾਂ ਲਈ ਬੀਤੇ ਦਿਨਾਂ ਦੀ ਗੱਲ ਹੋ ਗਈ ਸੀ।’’

ਮੈਂ ਸਾਹਮਣੇ ਬੈਠੇ ਪ੍ਰੋ. ਜਾਵੇਦ ਦੀ ਪ੍ਰਤੀਕਿਰਿਆ ਜਾਨਣ ਲਈ ਰੁਕਿਆ ਤਾਂ ਉਸ ਗੱਲ ਅਗਾਂਹ ਤੋਰਨ ਲਈ ਮੈਨੂੰ ਇਸ਼ਾਰਾ ਕੀਤਾ ਸੀ। ਮੈਂ ਫੇਰ ਸ਼ੁਰੂ ਹੋ ਗਿਆ ਸੀ, ‘‘ਵਾਰੇਨ ਹੇਸਿਟੰਗਜ਼ ਨੇ ਇੱਕ ਵਾਰੀ ਕੰਪਨੀ ਨੂੰ ਚਿੱਠੀ ਲਿਖੀ ਸੀ ਕਿ ਭਾਰਤ ਦੀਆਂ ਹਿੰਦੂ ਤੇ ਮੁਸਲਿਮ ਰਵਾਇਤਾਂ ਬੇਹੱਦ ਮਜ਼ਬੂਤ, ਪ੍ਰਭਾਵਸ਼ਾਲੀ ਤੇ ਪ੍ਰਾਚੀਨ ਨੇ। ਅੰਗਰੇਜ਼ਾਂ ਨੂੰ ਸਮਾਜਿਕ ਤੇ ਨਿਆਂਇਕ ਕਾਰਨਾਂ ਨਾਲ ਕਿਸੇ ਵੀ ਸਥਿਤੀ ’ਚ ਦਖਲ ਨ੍ਹੀਂ ਦੇਣਾ ਚਾਹੀਦਾ। 1857 ਦੀ ਅਸਫਲਤਾ ਤੋਂ ਬਾਅਦ ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਧਰਮਾਂ, ਫ਼ਿਰਕਿਆਂ ਤੇ ਕੌਮੀਅਤਾਂ ਦੇ ਰੂਪ ਵਿੱਚ ਦੇਖੇ ਜਾਣ ਲੱਗੇ। ਪਹਿਲਾਂ ਅਜਿਹਾ ਕੁਝ ਨ੍ਹੀਂ ਸੀ। ਦੇਖਣ ਵਾਲੀ ਗੱਲ ਇਹ ਵੀ ਸੀ ਕਿ 1857 ਦੀ ਅਸਫਲਤਾ ਮਗਰੋਂ ਬਦਲੇ ਹੋਏ ਹਾਲਾਤ ’ਚ ਉਹ ਨਵੀਂ ਤਰ੍ਹਾਂ ਦੇ ਘੱਟਗਿਣਤੀ ਵਰਗ ਦੇ ਰੂਪ ’ਚ ਦੇਖ ਰਹੇ ਸੀ। ਭਾਵੇਂ ਉਹ ਪਹਿਲਾਂ ਵੀ ਘੱਟ ਗਿਣਤੀ ’ਚ ਸਨ ਪਰ ਉਦੋਂ ਉਨ੍ਹਾਂ ਕੋਲ ਰਾਜਨੀਤਿਕ ਸੱਤਾ ਸੀ। ਹੁਣ ਉਹ ਸੱਤਾਹੀਣ ਸੀ। ਬੌਧਿਕਤਾ ਸੱਯਦ ਅਹਿਮਦ ਤੋਂ ਸ਼ੁਰੂ ਹੋਈ। ਅਹਿਮਦ ਨੇ ਹੀ ਅੰਗਰੇਜ਼ ਸਰਕਾਰ ਨੂੰ ਦੱਸਿਆ ਕਿ ਅੰਗਰੇਜ਼ਾਂ ਨੂੰ ਹਿੰਦੂ ਤੇ ਮੁਸਲਮਾਨ ਸਿਪਾਹੀਆਂ ਦੀਆਂ ਅਲੱਗ-ਅਲੱਗ ਰੈਜੀਮੈਂਟਾਂ ਰੱਖਣੀਆਂ ਚਾਹੀਦੀਆਂ ਨੇ, ਜਿਸ ਨਾਲ ਉਹ ਦੋਵੇਂ ਇੱਕ ਦੂਜੇ ਨਾਲ ਭਾਵਨਾਤਮਿਕ ਰੂਪ ਨਾਲ ਜੁੜ ਨਾ ਸਕਣ ਅਤੇ ਇੱਕ ਨੂੰ ਦਬਾਉਣ ਲਈ ਦੂਜੇ ਦੀ ਵਰਤੋਂ ਕੀਤੀ ਜਾ ਸਕੇ। ਅਹਿਮਦ ਦੇ ਵਿਚਾਰ ਉਸ ਦੀ ਪੁਸਤਕ ‘ਕਾਸਿਸ ਆਫ ਇੰਡੀਅਨ ਰਿਵੋਲਟ’ ’ਚ ਦਰਜ ਨੇ ਜਿਸ ਦੀਆਂ 500 ਕਾਪੀਆਂ ਛਪੀਆਂ ਸਨ। 498 ਕਾਪੀਆਂ ਇੰਗਲੈਂਡ ’ਚ ਸੰਸਦ ਮੈਂਬਰਾਂ ਤੇ ਹੋਰ ਮਹੱਤਵਪੂਰਨ ਵਿਅਕਤੀਆਂ ਨੂੰ ਭੇਜੀਆਂ ਗਈਆਂ। ਅਮੀਰ ਅਲੀ ਨੇ 1910 ’ਚ ਮੁਸਲਿਮ ਲੀਗ ਦੀ ਲੰਡਨ ’ਚ ਸ਼ਾਖਾ ਖੋਲ੍ਹੀ। ਅਲੀਗੜ੍ਹ ਯੂਨੀਵਰਸਿਟੀ ਦੇ ਅੰਗਰੇਜ਼ ਪ੍ਰਿੰਸੀਪਲ ਮਿਸਟਰ ਬੇਕ ਨੇ ਮੁਸਲਮਾਨਾਂ ਨੂੰ ਉਕਸਾਇਆ।’’

ਪ੍ਰੋ. ਜਾਵੇਦ ਨੇ ਵਿਚਕਾਰੋਂ ਟੋਕਦਿਆਂ ਤੇ ਖਿੱਝਦਿਆਂ ਕਿਹਾ ਸੀ, ‘‘ਪਤਾ ਨ੍ਹੀਂ ਕਿਉਂ ਸਾਡੇ ’ਚੋਂ ਧਰਮ ਮਨਫੀ ਨ੍ਹੀਂ ਹੁੰਦਾ। ਮੈਂ ਆਪ ਇਸ ਦਾ ਸ਼ਿਕਾਰ ਹਾਂ। ਡਾ. ਗੋਗਨਾ ਵੀ। ਮੈਨੂੰ ਸਮਝ ਨ੍ਹੀਂ ਆਉਂਦੀ ਜਾਂ ਡਾ. ਗੋਗਨਾ ਨੂੰ ਜਾਣ-ਬੁੱਝ ਕੇ ਸਾਵਰਕਰ ਦੀ ਪੁਸਤਕ ‘ਦਿ ਇੰਡੀਅਨ ਵਾਰ ਆਫ ਇੰਡੀਪੈਨਡੈਂਸ 1857’ ਕਿਉਂ ਭੁੱਲ ਗਈ। ਇਸ ਪੁਸਤਕ ਨੇ ਹਿੰਦੂ ਮੁਸਲਮਾਨਾਂ ’ਚ ਵੰਡ ਦੀ ਸ਼ੁਰੂਆਤ ਕੀਤੀ ਸੀ।’’

ਮੈਂ ਕਿਹਾ ਸੀ, ‘‘ਸੌਰੀ, ਮੈਂ ਭੁੱਲ ਗਿਆਂ। ਮੈਂ ਆਪਣੀ ਗੱਲ ਇਨ੍ਹਾਂ ਸ਼ਬਦਾਂ ਨਾਲ ਖ਼ਤਮ ਕਰਦਾ ਹਾਂ ਕਿ ਇਹ ਲੜਾਈ ਉੱਚ ਵਰਗ ਦੀ ਸੀ, ਜਿਨ੍ਹਾਂ ’ਚ ਮਨਸਬਦਾਰ, ਜਾਗੀਰਦਾਰ, ਜ਼ਿਮੀਂਦਾਰ ਆਦਿ ਸਨ। ਨਾ ਕਿ ਗ਼ਰੀਬ ਵਰਗ ਦੀ ਕਿਉਂ ਜੁ ਇਸ ’ਚ ਜੇ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਇਆ ਸੀ ਤਾਂ ਉਹ ਗ਼ਰੀਬ ਵਰਗ ਹੀ ਸੀ।’’

ਡਾ. ਸਪੈਂਸਰ ਸਾਡੀਆਂ ਗੱਲਾਂ ਤੋਂ ਉਕਤਾ ਗਿਆ ਸੀ। ਇਸੇ ਲਈ ਉਸ ਨੇ ਉੱਠਦਿਆਂ ਕਿਹਾ ਸੀ, ‘‘ਹੁਣ ਸੌਂ ਜਾਉ। ਬਾਕੀ ਗੱਲਾਂ ਕੱਲ੍ਹ ਨੂੰ ਕਰਾਂਗੇ।’’

ਡਾ. ਸਪੈਂਸਰ ਦੇ ਜਾਣ ਤੋਂ ਬਾਅਦ ਅਸੀਂ ਇੰਡੋ-ਪਾਕਿ ਦੋਸਤੀ ਦੇ ਨਾਂ ਦੇ ਜਾਮ ਟਕਰਾਏ ਸਨ।

ਮੈਂ ਜ਼ੋਰ ਦੇ ਕੇ ਕਿਹਾ ਸੀ, ‘‘ਸਾਨੂੰ ਇਹ ਗੱਲ ਮੰਨ ਕੇ ਚੱਲਣਾ ਚਾਹੀਦਾ ਏ ਕਿ ਵੰਡ ਨੂੰ ਭੁੱਲਣਾ ਮੁਸ਼ਕਲ ਏ। ਪਰ ਇਹਨੂੰ ਯਾਦ ਰੱਖਣਾ ਹੋਰ ਵੀ ਖ਼ਤਰਨਾਕ ਏ।’’

ਪ੍ਰੋ. ਜਾਵੇਦ ਨੇ ਮੇਰੇ ਵੱਲ ਔਖ ਜਿਹੀ ਨਾਲ ਦੇਖਦਿਆਂ ਹੋਇਆਂ ਕਿਹਾ ਸੀ, ‘‘ਜਿਨ੍ਹਾਂ ਨਾਲ ਬੀਤੀ ਏ, ਉਨ੍ਹਾਂ ਨੂੰ ਪੁੱਛ ਕੇ ਦੇਖੋ। ਉਹ ਅਜੇ ਜਿਊਂਦੇ ਨੇ। ਉਨ੍ਹਾਂ ਕੋਲ ਆਪਣੀਆਂ ਯਾਦਾਂ ਨੇ। ਵੰਡ ਦੇ ਇਤਿਹਾਸ ਦੀਆਂ ਯਾਦਾਂ। ਪਿੱਛੇ ਰਹਿ ਗਏ ਆਪਣੇ ਘਰਾਂ ਦੀਆਂ ਯਾਦਾਂ। ਉਨ੍ਹਾਂ ਦੇ ਕਿੱਸੇ ਕਹਾਣੀਆਂ ਸੁਣੋ। ਇਨ੍ਹਾਂ ਕਿੱਸੇ, ਕਹਾਣੀਆਂ ਨਾਲ ਬਹੁਤ ਕੁਝ ਜਾਣਿਆ ਜਾ ਸਕਦਾ।’’

ਡਾ. ਕਲੇਰ ਨੇ ਉਹਨੂੰ ਪੁੱਛਿਆ ਸੀ, ‘‘ਵੰਡ ਦੇ ਕਿੱਸੇ, ਕਹਾਣੀਆਂ ਨੂੰ ਲੱਭਣਾ ਸਾਡੇ ਲਈ ਕਿੰਨਾ ਕੁ ਫ਼ਾਇਦੇਮੰਦ ਹੋਵੇਗਾ?’’

ਪ੍ਰੋ. ਜਾਵੇਦ ਨੇ ਮੇਜ਼ ’ਤੇ ਮੁੱਕਾ ਮਾਰ ਕੇ ਕਿਹਾ ਸੀ, ‘‘ਬਹੁਤ ਹੀ ਮਹੱਤਵਪੂਰਨ ਏ। ਏਸ਼ੀਅਨ ਲੋਕਾਂ ਦੀ ਸਾਇਕੀ ਨੂੰ ਸਮਝਣ ਲਈ ਕਿੱਸੇ, ਕਹਾਣੀਆਂ ਦੀ ਬਹੁਤ ਅਹਿਮੀਅਤ ਏ। ਕਿਸੇ ਵੀ ਸ਼ਖ਼ਸ ਨੂੰ ਮਿਲ ਲਓ- ਉਹ ਆਪਣੀ ਆਪਬੀਤੀ ਸੁਣਾਉਣ ਲਈ ਕੋਈ ਕਹਾਣੀ ਅਵੱਸ਼ ਹੀ ਸੁਣਾਏਗਾ। ਇਸ ਤੋਂ ਬਿਨਾਂ ਉਹ ਆਪਣੀ ਗੱਲ ਦੱਸ ਹੀ ਨ੍ਹੀਂ ਸਕਦਾ। ਦੂਜੀ ਗੱਲ ਮੇਰੇ ਦੋਸਤ, ਤੁਸੀਂ ਇਹ ਗੱਲ ਕਿਉਂ ਭੁੱਲ ਜਾਂਦੇ ਹੋ ਕਿ ਅਸੀਂ ਕਿੰਨਾ ਕੁਝ ਗੁਆਇਆ। ਜਦੋਂ ਰੇਸ਼ਮਾ ਪਹਿਲੀ ਵਾਰ ਇੰਡੀਆ ਗਈ ਸੀ ਤਾਂ ਉਹ ਪ੍ਰਾਈਮ ਮਨਿਸਟਰ ਇੰਦਰਾ ਗਾਂਧੀ ਨੂੰ ਮਿਲੀ। ਇੰਦਰਾ ਗਾਂਧੀ ਨੇ ਉਹਨੂੰ ਪੁੱਛਿਆ, ‘ਮੇਰੇ ਲਾਇਕ ਕੋਈ ਕੰਮ ਦੱਸ।’ ਰੇਸ਼ਮਾ ਨੇ ਝੱਟ ਕਿਹਾ, ‘ਮੈਡਮ, ਤੁਸੀਂ ਬਾਰਡਰ ਖੋਲ੍ਹ ਦਿਓ। ਅਸੀਂ ਤਾਂ ਓਧਰ ਚਲੇ ਗਏ। ਪਰ ਸਾਡੇ ਪੀਰ-ਬਾਬੇ ਤਾਂ ਇੱਧਰ ਨੇ। ਫ਼ੌਜੀ ਸਾਨੂੰ ਉਨ੍ਹਾਂ ਦੀ ਮਜ਼ਾਰ ’ਤੇ ਜਾਣ ਨ੍ਹੀਂ ਦਿੰਦੇ। ਅਸੀਂ ਗਾਣਾ ਗਾਈਏ ਤੇ ਪੀਰ-ਬਾਬਿਆਂ ਨੂੰ ਨਾ ਸੁਣਾਈਏ ਤਾਂ ਗਾਉਣ ਦਾ ਕੀ ਫਾਇਦਾ?’ ਕਿੱਡਾ ਵੱਡਾ ਸੱਚ ਕਿਹਾ ਸੀ ਰੇਸ਼ਮਾ ਨੇ।... ਸਾਡੀਆਂ ਯਾਦਾਂ ਤਾਂ ਇੰਡੀਆ ’ਚ ਹੀ ਨੇ। ਸਾਡੀਆਂ ਧਾਰਮਿਕ ਥਾਵਾਂ ਅਜਮੇਰ ਸ਼ਰੀਫ਼, ਬਿਹਾਰ ਸ਼ਰੀਫ਼, ਨਿਜ਼ਾਮੂਦੀਨ, ਦੁਨੀਆ ’ਚ ਮਸ਼ਹੂਰ ਇਮਾਰਤਾਂ ਤਾਜਮਹਲ, ਜਾਮਾ ਮਸਜਿਦ, ਲਾਲ ਕਿਲ੍ਹਾ, ਫਤਿਹਪੁਰ ਸੀਕਰੀ ਇੱਥੇ ਹੀ ਰਹਿ ਗਈਆਂ। ਅਸੀਂ ਇਹ ਸਭ ਕੁਝ ਗੁਆਇਆ ਏ। ਦੱਸੋ ਤੁਸੀਂ ਕੀ ਗੁਆਇਆ? ਸਾਡੇ ਆਪਣੇ ਖਾਨਦਾਨ ਦੀਆਂ ਕਬਰਾਂ ਇੰਡੀਆ ’ਚ ਨੇ। ਮੇਰੇ ਬਾਬਾ ਜੀ ਨੂੰ ਜਦੋਂ ਨੂਰਮਹਿਲ ਯਾਦ ਆਉਂਦਾ ਜਾਂ ਕੋਈ ਗੱਲ ਚੱਲਦੀ ਤਾਂ ਉਹ ਅਕਸਰ ਕਹਿੰਦੇ- ‘ਸਾਡੇ ਦੇਸ਼ ’ਚ ਇਉਂ ਹੁੰਦਾ ਸੀ। ਅਸੀਂ ਆਪਣੇ ਦੇਸ਼ ’ਚ ਇਉਂ ਕਰਦੇ ਸੀ।’ ਉਨ੍ਹਾਂ ਕਦੇ ਇੰਡੀਆ ਦਾ ਨਾਂ ਨ੍ਹੀਂ ਲਿਆ। ਕਦੇ ਪਾਕਿਸਤਾਨ ਦਾ ਨਾਂ ਨ੍ਹੀਂ ਲਿਆ। ਉਨ੍ਹਾਂ ਦੀਆਂ ਸਮਰਿਤੀਆਂ ’ਚ ਤਾਂ ਉਨ੍ਹਾਂ ਦੀ ਜੰਮਣ ਭੋਇੰ ਵਸੀ ਸੀ। ਇਹਦਾ ਧਰਮ ਨਾਲ ਕੋਈ ਸੰਬੰਧ ਨ੍ਹੀਂ ਸੀ। ਇੱਕ ਗੱਲ ਹੋਰ ਦੇਖਣ ਵਾਲੀ ਏ ਕਿ ਵੰਡ ਦੀਆਂ ਖ਼ਾਮੋਸ਼ੀਆਂ ਕਈ ਤਰ੍ਹਾਂ ਦੀਆਂ ਨੇ। ਸਿਤਮ ਦੀ ਗੱਲ, ਵੰਡ ਵੇਲੇ ਨਾਲ ਸੰਬੰਧਤ ਕੋਈ ਸਮਾਰਕ ਨ੍ਹੀਂ ਬਣਿਆ। ਦੋਸਤੋ, ਸਾਡਾ ਇੱਕੋ ਕਲਚਰ ਏ। ਪੰਜਾਬੀ ਕਲਚਰ। ਕੋਈ ਤਾਂ ਕੰਮ ਕਰੋ। ਐਵੇਂ ਚੁੱਪ ਬੈਠ ਕੇ ਕੁਝ ਨ੍ਹੀਂ ਹੋਣਾ। ਘੱਟੋ-ਘੱਟ ਮੇਰੇ ਪਰਿਵਾਰ ਦੇ ਬੱਚਿਆਂ ਨੂੰ ਹੀ ਲੱਭਣ ’ਚ ਮੇਰੀ ਮੱਦਦ ਕਰੋ। ਸ਼ਾਇਦ ਉਨ੍ਹਾਂ ’ਚੋਂ ਕੋਈ ਜਿਊਂਦਾ ਹੋਵੇ।’’

ਡਾ. ਕਲੇਰ ਨੇ ਪੁੱਛਿਆ ਸੀ, ‘‘ਤੁਸੀਂ ਨਿੱਜ ਬਾਰੇ ਕਿਉਂ ਸੋਚਦੇ ਹੋ?’’

ਪ੍ਰੋ. ਜਾਵੇਦ ਦਾ ਜੁਆਬ ਸੀ, ‘‘ਨਿੱਜ ਤੋਂ ਹੀ ਗੱਲ ਅਗਾਂਹ ਤੁਰਦੀ ਹੁੰਦੀ ਏ। ਸ਼ਾਇਦ ਇਹਦੇ ਨਾਲ ਕਈ ਹੋਰ ਬੱਚਿਆਂ ਦਾ ਪਤਾ ਲੱਗ ਜਾਵੇ।’’

* * *

ਮੈਂ ਕੈਮਰਾਮੈਨ ਨੂੰ ਤਾਇਆ ਜੀ ਬਾਰੇ ਦੱਸਿਆ ਸੀ, ‘‘ਇਹ ਮੇਰੇ ਤਾਇਆ ਜੀ ਨੇ। ਮੇਰੇ ਭਾਪਾ ਜੀ ਨਾਲ ਨੂਰਮਹਿਲ ‘ਜਗਦੰਬੇ ਜਿਊਲਰਜ਼’ ’ਚ ਕੰਮ ਕਰਦੇ ਹੁੰਦੇ ਸੀ। ਇਨ੍ਹਾਂ ਦਾ ਪਿੰਡ ਨਵਾਂ ਪਿੰਡ ਸ਼ੌਂਕੀਆ ਏ। ਸਾਰਾ ਪਰਿਵਾਰ ਅਮਰੀਕਾ ਤੇ ਕੈਨੇਡਾ ਬੈਠਾ। ਇਹ ਪਿੱਛੇ ’ਕੱਲੇ ਨੇ। ਕਈ ਵਾਰ ਵੀਜ਼ੇ ਲਈ ਅਪਲਾਈ ਕੀਤਾ ਪਰ ਅੰਗਰੇਜ਼ਾਂ ਨੇ ਇਨ੍ਹਾਂ ਦੇ ਪਾਸਪੋਰਟ ’ਤੇ ਹਮੇਸ਼ਾ ਰੀਫਿਊਜ਼ ਦੀ ਸਟੈਂਪ ਲਾਈ ਏ...।’’

ਤਾਇਆ ਜੀ ਨੇ ਵਿਚਕਾਰੋਂ ਹੀ ਟੋਕ ਕੇ ਕਿਹਾ ਸੀ, ‘‘ਹੁਣ ਬਸ ਵੀ ਕਰ। ਪਹਿਲਾਂ ਪੈੱਗ ਪਾ।’’

ਮੈਨੂੰ ਉਨ੍ਹਾਂ ਦੇ ਪੈੱਗ ਦਾ ਅੰਦਾਜ਼ਾ ਸੀ। ਫੇਰ ਵੀ ਮੈਂ ਪੜ੍ਹਿਆਂ-ਲਿਖਿਆਂ ਵਾਲਾ ਪੈੱਗ ਪਾਇਆ। ਉਨ੍ਹਾਂ ਨੇ ਆਪਣੀਆਂ ਨਜ਼ਰਾਂ ਟੀਵੀ ਦੀ ਸਕਰੀਨ ’ਤੇ ਹੀ ਟਿਕਾਈ ਰੱਖੀਆਂ। ਇੱਕੋ ਸਾਹ ਵਿੱਚ ਗਲਾਸ ਖਾਲੀ ਕਰ ਦਿੱਤਾ। ਉਨ੍ਹਾਂ ਕਿਸੇ ਵੱਲ ਵੀ ਦੇਖਿਆ ਨਾ।

ਮੈਂ ਉਨ੍ਹਾਂ ਦੇ ਕੰਨ ਕੋਲ ਆਪਣਾ ਮੂੰਹ ਲਿਜਾ ਕੇ ਆਪਣੇ ਦੋਸਤਾਂ ਬਾਰੇ ਦੱਸਿਆ। ਮੈਂ ਕੁਝ ਪੁੱਛਣ ਹੀ ਲੱਗਾ ਕਿ ਉਨ੍ਹਾਂ ਬੁੱਲ੍ਹਾਂ ’ਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ।

ਪ੍ਰੋ. ਜਾਵੇਦ ਨੇ ਅਜੈ ਭਾਰਦਵਾਜ ਦੀ ਫ਼ਿਲਮ ‘ਰੱਬਾ ਹੁਣ ਕੀ ਕਰੀਏ’ ਉੱਥੋਂ ਲਾਈ ਸੀ ਜਿੱਥੇ ਮਾਲੇਰਕੋਟਲੇ ਲਾਗਲੇ ਪਿੰਡ ਦੇ ਇੱਕ ਅਪਟੂਡੇਟ ਸਰਦਾਰ ਨੇ ਦੱਸਣਾ ਸ਼ੁਰੂ ਕਰ ਕੀਤਾ ਸੀ, ‘‘ਉਨ੍ਹੀਂ ਦਿਨੀਂ ਮੈਂ ਇੱਥੇ ਖੜ੍ਹਾ ਹੁੰਦਾ ਸੀ। ਔਹ ਸਾਹਮਣਿਉਂ ਮੈਂ ਮੁਸਲਮਾਨਾਂ ਦੇ ਪਰਿਵਾਰਾਂ ਨੂੰ ਟੋਲੀਆਂ ’ਚ ਤੇ ’ਕੱਲੇ-’ਕੱਲੇ ਵੀ ਜਾਂਦਿਆਂ ਦੇਖਿਆ। ਇੱਕ ਦਿਨ ਇੱਕ ਔਰਤ ਜਾ ਰਹੀ ਸੀ। ਉਸ ਦੇ ਸਿਰ ’ਤੇ ਟਰੰਕ ਰੱਖਿਆ ਸੀ। ਕੁੱਛੜ ਬੱਚਾ ਚੁੱਕਿਆ ਸੀ। ਸਾਡੇ ਪਿੰਡ ਦਾ ਜਮਨਾ ਉਸ ਮਗਰ ਦੌੜਿਆ। ਜਦੋਂ ਜਮਨਾ ਔਰਤ ਦੇ ਨੇੜੇ ਪਹੁੰਚ ਗਿਆ ਤਾਂ ਉਸ ਔਰਤ ਨੇ ਟਰੰਕ ਸੁੱਟ ਦਿੱਤਾ। ਉਹ ਸਨਤੋੜ ਦੌੜੀ। ਜਮਨੇ ਨੂੰ ਪਿੱਛਾ ਕਰਦਿਆਂ ਦੇਖ ਕੇ ਔਰਤ ਨੇ ਆਪਣਾ ਬੱਚਾ ਵੀ ਸੁੱਟ ਦਿੱਤਾ। ਜਮਨੇ ਨੇ ਪਹਿਲਾਂ ਟਰੰਕ ਚੁੱਕਿਆ। ਫੇਰ ਬੱਚਾ। ਪਿੰਡ ਕੋਲ ਆ ਕੇ ਉਸ ਬੱਚੇ ਨੂੰ ਲੱਤਾਂ ਤੋਂ ਫੜ ਕੇ, ਘੁਮਾ ਕੇ ਉਸ ਦਾ ਸਿਰ ਟਾਹਲੀ ’ਚ ਮਾਰਿਆ। ਪਿੰਡ ਵਾਲਿਆਂ ਨੇ ਇਹਨੂੰ ਪੁੰਨ ਵਾਲਾ ਕੰਮ ਕਿਹਾ। ਜਮਨੇ ਨੂੰ ਦੁੱਧ ਪਿਲਾਇਆ। ਫੇਰ ਮੈਂ ਇਸੇ ਜਮਨੇ ਨੂੰ ਪਿਛਲੀ ਉਮਰੇ ਕੁੱਤੇ ਦੀ ਮੌਤੇ ਮਰਦਿਆਂ ਦੇਖਿਆ। ਉਸ ਦੇ ਸਿਰ ’ਚ ਕੀੜੇ ਪੈ ਗਏ।’’

ਤਾਇਆ ਜੀ ਦੇ ਕਹਿਣ ’ਤੇ ਪ੍ਰੋ. ਜਾਵੇਦ ਨੇ ਦੋ ਵਾਰ ਰਿਵਾਇੰਡ ਕਰ ਕੇ ਫਿਲਮ ਚਲਾਈ। ਡਾ. ਕਲੇਰ ਨੇ ਰਿਮੋਟ ਕੰਟਰੋਲ ਨਾਲ ਆਵਾਜ਼ ਉੱਚੀ ਕਰ ਦਿੱਤੀ।

ਤਾਇਆ ਜੀ ਉੱਠ ਕੇ ਖੜ੍ਹ ਗਏ। ਜਿੱਦਾਂ ਉਨ੍ਹਾਂ ਦੇ ਪੈਰਾਂ ਹੇਠ ਕਿਸੇ ਨੇ ਅੱਗ ਦੇ ਅੰਗਾਰੇ ਰੱਖ ਦਿੱਤੇ ਹੋਣ। ਉਨ੍ਹਾਂ ਦੋਵੇਂ ਹੱਥ ਜੋੜ ਕੇ ਉਤਾਂਹ ਨੂੰ ਦੇਖਿਆ ਤੇ ਮਰੀ ਜਿਹੀ ਆਵਾਜ਼ ਵਿੱਚ ਕਿਹਾ, ‘‘ਹੇ ਰੱਬਾ, ਇਹ ਤੂੰ ਕੀ-ਕੀ ਰੰਗ ਦਿਖਾਏ ਸੀ।’’

ਉਨ੍ਹਾਂ ਦਾ ਸਰੀਰ, ਭਿੱਜੀ ਹੋਈ ਬੱਕਰੀ ਵਾਂਗੂੰ ਕੰਬਿਆ। ਉਨ੍ਹਾਂ ਸਾਡੇ ਵੱਲ ਓਪਰਿਆਂ ਵਾਂਗੂੰ ਦੇਖਿਆ। ਮੈਨੂੰ ਲੱਗਾ ਕਿ ਜ਼ਿਆਦਾ ਉਮਰ ਹੋਣ ਕਰ ਕੇ ਉਹ ਕਮਜ਼ੋਰ ਹੋ ਗਏ ਸਨ। ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਕਿ ਮੈਨੂੰ ਇੰਨੀ ਛੇਤੀ ਅਜਿਹੀ ਭਾਵੁਕ ਕਿਸਮ ਦੀ ਫਿਲਮ ਨਹੀਂ ਦਿਖਾਉਣੀ ਚਾਹੀਦੀ ਸੀ।

ਉਨ੍ਹਾਂ ਕਿਹਾ, ‘‘ਪੁੱਤ, ਮੈਨੂੰ ਪਿੰਡ ਛੱਡ ਆ। ਮੈਨੂੰ ਦਿਸਣੋਂ ਹਟਦਾ ਜਾਂਦਾ।’’

ਉਨ੍ਹਾਂ ਨੂੰ ਨੌਰਮਲ ਕਰਨ ਲਈ ਮੈਂ ਇੱਕ ਹੋਰ ਪੈੱਗ ਪਾ ਕੇ ਦਿੱਤਾ। ਉਨ੍ਹਾਂ ਨੀਵੀਂ ਪਾਈ ਹੀ ਗਲਾਸ ਖਾਲੀ ਕਰ ਕੇ ਮੇਰੇ ਵੱਲ ਨੂੰ ਕਰ ਦਿੱਤਾ। ਕਿਹਾ, ‘‘ਮੇਰਾ ਗਲਾਸ ਭਰ ਦੇ।’’

ਡਾ. ਕਲੇਰ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਉਨ੍ਹਾਂ ਨੂੰ ਹੋਰ ਪੈੱਗ ਨਾ ਦੇਵਾਂ। ਵਿਸਕੀ ਤੇਜ਼ ਸੀ। ਇਹਨੇ ਤਾਇਆ ਜੀ ਦੇ ਪੈਰ ਚੁੱਕ ਦੇਣੇ ਸਨ। ਫਿਰ ਉਹ ਬੋਲਣ ਜੋਗੇ ਨਹੀਂ ਰਹਿਣੇ ਸਨ।

ਪ੍ਰੋ. ਜਾਵੇਦ ਨੇ ਮੇਰੇ ਹੱਥੋਂ ਬੋਤਲ ਫੜ ਲਈ। ਗਲਾਸ ਭਰ ਕੇ ਤਾਇਆ ਜੀ ਨੂੰ ਫੜਾ ਦਿੱਤਾ ਸੀ।

ਤਾਇਆ ਜੀ ਚੁੱਪ ਸਨ।

ਸਾਨੂੰ ਉਨ੍ਹਾਂ ਦੀ ਚੁੱਪ ਅੱਖਰੀ ਸੀ।

ਮੈਂ ਉਨ੍ਹਾਂ ਨੂੰ ਗੱਲੀਂ ਲਾਉਣ ਲਈ ਆਪਣੇ ਭਾਪਾ ਜੀ ਦੀਆਂ ਗੱਲਾਂ ਛੇੜ ਲਈਆਂ। ਉਹ ਭਾਪਾ ਜੀ ਦੇ ਹਮਉਮਰ ਸਨ। ਉਨ੍ਹਾਂ ਦੋਵਾਂ ਨੇ ਇੱਕੋ ਹੀ ਦੁਕਾਨ ’ਤੇ ਚਾਲੀ ਸਾਲ ਕੰਮ ਕੀਤਾ। ਸਾਡੇ ਪਰਿਵਾਰਾਂ ਦਾ ਆਪਸ ਵਿੱਚ ਆਉਣ ਜਾਣ ਸੀ। ਬਹੁਤ ਹੀ ਜ਼ਿਆਦਾ। ਭਾਵੇਂ ਉਹ ਭਾਪਾ ਜੀ ਤੋਂ ਉਮਰ ਵਿੱਚ ਵੱਡੇ ਸਨ, ਪਰ ਉਹ ਭਾਪਾ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਕਿਉਂ ਜੁ ਉਨ੍ਹਾਂ ਭਾਪਾ ਜੀ ਕੋਲੋਂ ਸੁਨਿਆਰਾ ਕੰਮ ਸਿੱਖਿਆ ਸੀ। ਇੱਕ ਵਾਰ, ਜਦੋਂ ਮੋਰਾਰਜੀ ਦੇਸਾਈ ਨੇ ਨਵੀਂ ਗੋਲਡ ਪਾਲਿਸੀ ਲਾਗੂ ਕੀਤੀ ਤਾਂ ਸਰਾਫ਼ਾਂ ਦੇ ਕੰਮ ਬੰਦ ਹੋਣ ਕਿਨਾਰੇ ਪਹੁੰਚ ਗਏ। ਫੜੋ-ਫੜਾਈ ਚੱਲ ਰਹੀ। ਉਨ੍ਹੀਂ ਦਿਨ੍ਹੀਂ ‘ਜਗਦੰਬੇ ਜਿਊਲਰਜ਼’ ਨੇ ਆਪਣੀ ਦੁਕਾਨ ਨੂਰਮਹਿਲ ਤੋਂ ਬਦਲ ਕੇ ਤਾਇਆ ਜੀ ਦੇ ਪਿੰਡ ਲੈ ਆਂਦੀ। ਸਾਰੇ ਕਾਰੀਗਰ ਉੱਥੇ ਆ ਗਏ। ਦੋ ਸਾਲ ਤਾਇਆ ਜੀ ਦੇ ਚੁਬਾਰੇ ਵਿੱਚ ਟੂੰਮਾਂ ਬਣਾਉਣ ਦਾ ਕੰਮ ਚਲਾਇਆ। ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਤੇ ਭਾਪਾ ਜੀ ਵਿਚਕਾਰ ਰਿਸ਼ਤੇ ਹੋਰ ਗੂੜ੍ਹੇ ਹੋ ਗਏ। ਭਾਪਾ ਜੀ ਰਾਤ ਨੂੰ ਵੀ ਉੱਥੇ ਹੀ ਰੁਕ ਜਾਂਦੇ। ਹੁਣ ਭਾਵੇਂ ਭਾਪਾ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਤਾਇਆ ਜੀ ਜਦੋਂ ਵੀ ਨੂਰਮਹਿਲ ਆਉਂਦੇ, ਸਾਡੇ ਘਰ ਅਵੱਸ਼ ਗੇੜਾ ਮਾਰਦੇ। ਸਾਡੇ ਦੁੱਖਾਂ-ਸੁਖਾਂ ਵਿੱਚ ਸ਼ਾਮਿਲ ਹੁੰਦੇ।

ਪ੍ਰੋ. ਜਾਵੇਦ ਨੇ ਉਨ੍ਹਾਂ ਨੂੰ ਛੇੜਨ ਲਈ ਮੈਨੂੰ ਇਸ਼ਾਰਾ ਕੀਤਾ।

ਉਨ੍ਹਾਂ ਦੇ ਚਿਹਰੇ ’ਤੇ ਅਜੀਬ ਤਰ੍ਹਾਂ ਦੀ ਘਬਰਾਹਟ, ਦੁੱਖ ਤੇ ਖ਼ਾਮੋਸ਼ੀ ਦੇ ਭਾਵ ਸਨ। ਉਨ੍ਹਾਂ ਨੇ ਮੇਰੇ ਵੱਲ ਮੂੰਹ ਘੁੰਮਾ ਕੇ ਪੁੱਛਿਆ, ‘‘ਪੁੱਤ, ਕਦੋਂ ਆਇਆਂ ਸਪੇਨ ਤੋਂ?’’

‘‘ਪੰਜ ਦਿਨ ਪਹਿਲਾਂ। ਮੈਂ ਤੁਹਾਨੂੰ ਦੱਸਿਆ ਤਾਂ ਸੀ।’’

‘‘ਮੈਨੂੰ ਚੇਤਾ ਭੁੱਲ ਗਿਆ। ਕਦੋਂ ਵਾਪਸ ਜਾਣਾ?’’

‘‘ਤਿੰਨ ਹਫ਼ਤਿਆਂ ਬਾਅਦ।’’

‘‘ਮੈਨੂੰ ਕਾਸ ਲਈ ਸੱਦਿਆ ਸੀ?’’

‘‘ਤੁਸੀਂ ਮੇਰੇ ਤਾਇਆ ਜੀ ਹੋ। ਮੈਂ ਤੁਹਾਨੂੰ ਕਿਉਂ ਨ੍ਹੀਂ ਸੱਦ ਸਕਦਾ।’’ ਮੈਂ ਇੱਕ ਵਾਰ ਫੇਰ ਉਨ੍ਹਾਂ ਦੇ ਗੋਡੀਂ ਹੱਥ ਲਾਇਆ। ਉਨ੍ਹਾਂ ਮੈਨੂੰ ਜੱਫੀ ਪਾ ਲਈ।

‘‘ਬਾਰ੍ਹਾਂ ਬੱਚਿਆਂ ਵਾਲੀ ਉਹ ਕਹਾਣੀ ਸੁਣਾਉ, ਜਿਹੜੀ ਤੁਸੀਂ ਭਾਪਾ ਜੀ ਨਾਲ ਸ਼ਰਾਬ ਪੀਂਦਿਆਂ ਹੋਇਆਂ ਇੱਕ ਵਾਰ ਸੁਣਾਈ ਸੀ।’’

‘‘ਪਹਿਲਾਂ ਮੈਨੂੰ ਇੱਕ ਹੋਰ ਪੈੱਗ ਪਾ ਕੇ ਦੇ। ਗਲਾਸ ਭਰ ਦੇ। ਨੱਕੋ-ਨੱਕ। ਮੈਂ ਸੱਚ ਬੋਲਣ ਜੋਗਾ ਤਾਂ ਹੋ ਜਾਵਾਂ...। ਪੁੱਤ, ਆਹ ਫਿਲਮ ਦੀ ਕਹਾਣੀ ਤਾਂ ਕੁਝ ਵੀ ਨ੍ਹੀਂ। ਮੈਂ ਆਪਣੇ ਅੱਖੀਂ ਇਸ ਤੋਂ ਵੱਡਾ ਪਾਪ ਹੁੰਦਾ ਦੇਖਿਆ। ਪਾਪ। ਅਨਰਥ। ਘੋਰ ਆਹ ਦੇਖ ਮੇਰਾ ਜ਼ਖ਼ਮ। ਪਿਛਲੇ ਤੀਹ ਸਾਲਾਂ ਤੋਂ ਇਸ ਨੂੰ ਰੱਤੀ ਭਰ ਵੀ ਮੋੜ ਨ੍ਹੀਂ ਪਿਆ। ਮੈਂ ਦੇਸੀ ਦਵਾ-ਦਾਰੂ ਬਥੇਰੀ ਕੀਤੀ। ਅੰਗਰੇਜ਼ੀ ਇਲਾਜ ਵੀ ਕਰਵਾਇਆ। ਮੁੰਡਿਆਂ ਨੇ ਲੱਖਾਂ ਰੁਪਏ ਖਰਚ ਦਿੱਤੇ। ਜੋਕਾਂ ਲਵਾਈਆਂ ਪਰ ਇਹ ਬਾਰ੍ਹਾਂ ਜ਼ਖ਼ਮ ਨ੍ਹੀਂ ਭਰੇ। ਇਹ ਭਰਨੇ ਵੀ ਨ੍ਹੀਂ। ਇੱਕ ਵਾਰ ਇਸ ’ਚ ਕੀੜੇ ਪੈ ਗਏ। ਮੈਂ ਤਿੰਨ ਦਿਨ ਉਨ੍ਹਾਂ ਨੂੰ ਕੁਝ ਨਾ ਕਿਹਾ। ... ਮਰੇ ਬੱਚੇ ਮੈਨੂੰ ਦਿਸਦੇ ਸੀ। ਚੌਥੇ ਦਿਨ, ਜਦੋਂ ਦਰਦ ਨਾਲ ਮੈਂ ਬੇਹੋਸ਼ ਹੋਣ ਵਾਲਾ ਸੀ ਤਾਂ ਤੇਰੀ ਤਾਈ ਨੇ ਫਿਨਾਇਲ ਦੇ ਤੇਲ ਦਾ ਤੂੰਬਾ ਅਗਾਂਹ ਨੂੰ ਕਰ ਕੇ ਧੱਕਿਆ। ... ਮੈਂ ਆਪਣੇ ਕੀਤੇ ਦੀ ਸਜ਼ਾ ਭੁਗਤ ਰਿਹਾਂ। ਅਜੇ ਹੋਰ ਪਤਾ ਨ੍ਹੀਂ ਕਿੰਨੀ ਕੁ ਭੁਗਤਣੀ ਏ...।’’

ਪ੍ਰੋ. ਜਾਵੇਦ, ਡਾ. ਕਲੇਰ ਤੇ ਕੈਮਰਾਮੈਨ ਕਦੇ ਮੇਰੇ ਤੇ ਕਦੇ ਤਾਇਆ ਜੀ ਦੇ ਮੂੰਹ ਵੱਲ ਦੇਖ ਰਹੇ ਸਨ।

ਮੈਂ ਉਨ੍ਹਾਂ ਨੂੰ ਛੇੜਿਆ, ‘‘ਵਿਚਲੀ ਗੱਲ ਤਾਂ ਦੱਸੋ।’’

ਉਨ੍ਹਾਂ ਨੇ ਕਿਹਾ, ‘‘ਪੁੱਤ, ਸੱਚ ਦੱਸਣਾ ਬਹੁਤ ਔਖਾ ਹੁੰਦਾ। ਬਹੁਤ ਸਾਰੇ ਸੱਚ ਤਾਂ ਬੰਦੇ ਦੇ ਨਾਲ ਹੀ ਮਰ ਜਾਂਦੇ ਨੇ। ਉਹ ਏਨੇ ਭੈੜੇ ਕੰਮ ਕਰਦਾ ਏ ਕਿ ਕਿਸੇ ਨੂੰ ਦੱਸ ਹੀ ਨ੍ਹੀਂ ਸਕਦਾ। ਮੇਰਾ ਅੱਖੀਂ ਦੇਖਿਆ ਸੱਚ ਵੀ ਐਦਾਂ ਦਾ ਸੀ। ਦੱਸਣ ਨੂੰ ਮੇਰਾ ਹੌਸਲਾ ਨ੍ਹੀਂ ਪੈਂਦਾ। ਪਹਿਲਾਂ ਇੱਕ ਹੋਰ ਪੈੱਗ ਪਾ।’’

ਮੈਂ ਵਿਸਕੀ ਦਾ ਗਲਾਸ ਭਰ ਦਿੱਤਾ ਤੇ ਐਲ.ਸੀ.ਡੀ. ਦੀ ਆਵਾਜ਼ ਨਾਂ-ਮਾਤਰ ਕਰ ਦਿੱਤੀ।

ਉਨ੍ਹਾਂ ਦੱਸਿਆ, ‘‘ਰੌਲੇ ਪਏ ਤਾਂ ਆਲੇ-ਦੁਆਲੇ ਦੇ ਪਿੰਡਾਂ ’ਚ ਲੁੱਟ-ਮਾਰ ਸ਼ੁਰੂ ਹੋ ਗਈ। ਨੂਰਮਹਿਲ ਬਹੁਤ ਸਾਰੇ ਮੁਸਲਮਾਨ ਰਹਿੰਦੇ ਸੀ। ਤਕੜੇ ਰਾਤੋਂ ਰਾਤ ਨਿਕਲ ਗਏ। ਗ਼ਰੀਬ-ਹਮਾਤੜ ਫਸ ਗਏ। ਮੈਂ, ਸੁਰਜਨ ਤੇ ਕਰਤਾਰਾ ਲੁੱਟਣ ਲਈ ਨੂਰਮਹਿਲ ਗਏ ਸੀ। ਅਸੀਂ ਕਈ ਘਰਾਂ ’ਚੋਂ ਚੀਜ਼ਾਂ ’ਕੱਠੀਆਂ ਕਰ ਲਈਆਂ। ਫੇਰ ਸਾਡੇ ਨਾਲ ਜੋਗਾ ਵੀ ਆ ਰਲਿਆ। ਉਸ ਦਾ ਘਰ ਬਿਲਗੇ ਨੂੰ ਜਾਂਦੇ ਰਾਹ ਵਾਲੇ ਪਾਸੇ ਪੈਂਦਾ। ਅਸੀਂ ਇੱਕ ਘਰ ’ਚ ਵੜੇ ਤਾਂ ਉੱਥੇ ਇੱਕ ਬੰਦ ਕਮਰੇ ’ਚ ਕਈ ਨਿਆਣੇ ਦਿੱਸੇ। ਦੋ ਤੋਂ ਲੈ ਕੇ ਅੱਠ ਸਾਲਾਂ ਦੀ ਉਮਰ ਦੇ। ਸਹਿਮੇ ਤੇ ਡਰੇ ਹੋਏ। ਉਹ ‘ਅੰਮਾ ਕਿੱਥੇ ਏ? ਅੰਮਾ ਕਿੱਥੇ ਏ?’ ਪੁੱਛ ਰਹੇ ਸੀ। ਅਸੀਂ ਸੋਚੀਂ ਪੈ ਗਏ ਕਿ ਇਨ੍ਹਾਂ ਦਾ ਕੀ ਕਰੀਏ। ਘਰ ’ਚ ਕੋਈ ਨ੍ਹੀਂ ਸੀ। ਘਰ ਚੀਜ਼ਾਂ ਨਾਲ ਭਰਿਆ ਪਿਆ ਸੀ। ਸਾਨੂੰ ਪਤਾ ਨਾ ਲੱਗੇ ਕਿ ਅਸੀਂ ਇੱਥੋਂ ਕੀ-ਕੀ ਚੁੱਕੀਏ। ਅਸੀਂ ਜੱਕੋ-ਤੱਕੀ ਕਰਦੇ ਬਾਹਰ ਵੀਹੀ ’ਚ ਆ ਕੇ ਖੜ੍ਹ ਗਏ। ਪੰਜ-ਸੱਤ ਮਿੰਟਾਂ ਬਾਅਦ ਸਾਨੂੰ ਪੰਡਤ ਬਿਸ਼ਨ ਦਾਸ ਆਉਂਦਾ ਦਿਸਿਆ। ਉਹ ਨੇੜੇ ਆਇਆ ਤਾਂ ਸੁਰਜਨ ਨੇ ਉਹਨੂੰ ਬੱਚਿਆਂ ਬਾਰੇ ਦੱਸਿਆ। ਉਹਨੇ ਸਾਨੂੰ ਕਿਹਾ ਕਿ ਅਸੀਂ ਉਨ੍ਹਾਂ ਬੱਚਿਆਂ ਦਾ ਅਰਦਾਸਾ ਸੋਧ ਦੇਈਏ। ਸਪੋਲੀਆਂ ਨੂੰ ਜੀਉਂਦਾ ਨ੍ਹੀਂ ਰੱਖਣਾ ਚਾਹੀਦਾ। ਉਹਨੇ ਇਸ ਕੰਮ ਲਈ ਸਾਨੂੰ ਦਸ ਰੁਪਏ ਫੜਾਏ। ਅਸੀਂ ਨਾਂਹ-ਨਾਂਹ ਕਰੀ ਗਏ। ਸਾਡੇ ’ਚੋਂ ਕਿਸੇ ਦਾ ਵੀ ਉਨ੍ਹਾਂ ਨੂੰ ਮਾਰਨ ਦਾ ਹੀਆ ਨਾ ਪਿਆ। ਬਿਸ਼ਨ ਦਾਸ ਨੇ ਮੁਸਲਮਾਨਾਂ ਵੱਲੋਂ ਹਿੰਦੂਆਂ ਤੇ ਸਿੱਖਾਂ ਦੇ ਕਤਲੇਆਮ ਦੀਆਂ ਅਨੇਕਾਂ ਘਟਨਾਵਾਂ ਸੁਣਾਈਆਂ। ਉਦੋਂ ਹੀ ਜਥੇਦਾਰ ਜਵਾਲਾ ਸਿੰਘ ਸਿੱਧੂ ਵੀ ਆ ਗਿਆ। ਉਹਨੇ ਸਾਨੂੰ ਹੱਲਾਸ਼ੇਰੀ ਦਿੱਤੀ। ਅਸੀਂ ਤਿੰਨਾਂ ਨੇ ਬੱਚਿਆਂ ਨੂੰ ਭੇਡ ਬੱਕਰੀਆਂ ਵਾਂਗੂੰ ਹੱਕ ਲਿਆ। ਸ਼ਹਿਰੋਂ ਬਾਹਰ ਨਕੋਦਰ ਵਾਲੇ ਪਾਸੇ ਆਬੇ ਕੋਲ ਲੈ ਆਏ। ਜਵਾਲੇ ਤੇ ਜੋਗੇ ਨੇ ਵੱਡਾ ਸਾਰਾ ਟੋਆ ਪੁੱਟਿਆ। ਅਸੀਂ ਇੱਕ-ਇੱਕ ਕਰ ਕੇ ਬੱਚਿਆਂ ਨੂੰ ਟੋਏ ’ਚ ਸੁੱਟਿਆ। ਮੈਂ ਗਿਣਤੀ ਕੀਤੀ। ਬਾਰ੍ਹਾਂ ਬੱਚੇ ਸੀ। ਬੱਚਿਆਂ ਨੇ ਚੀਕਾਂ ਮਾਰੀਆਂ। ਮੈਂ ਕੰਨਾਂ ’ਚ ਉਂਗਲਾਂ ਲੈ ਲਈਆਂ। ਅੱਖਾਂ ਬੰਦ ਕਰ ਲਈਆਂ। ਮੈਨੂੰ ਤਾਂ ਕੰਬਣੀ ਛਿੜ ਗਈ ਸੀ। ਜਵਾਲੇ ਤੇ ਜੋਗੇ ਨੇ ਜਿਉਂਦਿਆਂ ਬੱਚਿਆਂ ਨੂੰ ਦਫ਼ਨ ਕਰ ਦਿੱਤਾ। ਮੈਂ ਤਾਂ ਦਸ ਰੁਪਏ ਸੁੱਟ ਕੇ ਸਨਤੋੜ ਪਿੰਡ ਨੂੰ ਦੌੜ ਆਇਆ...।’’ ਉਨ੍ਹਾਂ ਅੱਖਾਂ ਬੰਦ ਕਰ ਲਈਆਂ ਸਨ। ਮੂੰਹ ਵਿੱਚ ਕਿੰਨਾ ਚਿਰ ਬੁੜਬੁੜਾਏ ਤੇ ਫੇਰ ਜਿੱਦਾਂ ਆਪਣੀ ਗੁਆਚੀ ਹੋਈ ਤਾਕਤ ਇਕੱਠੀ ਕਰ ਰਹੇ ਹੋਣ, ਉਵੇਂ ਜਿਹਾ ਕੀਤਾ ਸੀ। ਉਹ ਪਹਿਲਾਂ ਨਾਲੋਂ ਉੱਚੀ ਆਵਾਜ਼ ਵਿੱਚ ਬੋਲੇ ਸੀ, ‘‘ਮੈਂ ਆਪਣੇ ਜਿਉਂਦਿਆਂ ਜੀਅ ਇਹ ਜ਼ਖ਼ਮ ਨ੍ਹੀਂ ਭਰਨ ਦੇਣੇ। ਇਹ ਜ਼ਖ਼ਮ ਰਿਸਦੇ ਰਹਿਣੇ ਚਾਹੀਦੇ ਨੇ। ਇਨ੍ਹਾਂ ’ਚ ਵਾਰ-ਵਾਰ ਕੀੜੇ ਪੈਣੇ ਚਾਹੀਦੇ ਨੇ। ਮੈਂ ਉਹ ਬੱਚੇ ਬਚਾ ਸਕਦਾ ਸੀ। ਮੈਂ ਜਵਾਲੇ ਤੇ ਜੋਗੇ ਨਾਲੋਂ ਤਕੜਾ ਸੀ... ਮੈਂ ਤਾਂ ਜਮਨੇ ਨਾਲੋਂ ਵੀ ਮਾੜੀ ਮੌਤੇ ਮਰਨਾ ਚਾਹੁੰਦਾ ਆਂ।’’

ਉਨ੍ਹਾਂ ਨੇ ਬੋਤਲ ਚੁੱਕੀ ਤੇ ਆਪਣੇ ਅੱਲ੍ਹੇ ਜ਼ਖ਼ਮਾਂ ’ਤੇ ਆਏ ਖਰਿੰਡਾਂ ਨੂੰ ਨੌਹਾਂ ਨਾਲ ਛੇੜ ਕੇ ਉੱਪਰ ਸ਼ਰਾਬ ਡੋਲਣੀ ਸ਼ੁਰੂ ਕਰ ਦਿੱਤੀ।

ਸਾਡੇ ਵਿੱਚ ਇੰਨੀ ਤਾਕਤ ਨਹੀਂ ਰਹੀ ਸੀ ਕਿ ਅਸੀਂ ਉਨ੍ਹਾਂ ਨੂੰ ਰੋਕ ਸਕੀਏ।

ਪ੍ਰੋ. ਜਾਵੇਦ ਨੇ ਜੇਬ ਵਿੱਚੋਂ ਰੁਮਾਲ ਕੱਢ ਕੇ ਅੱਖਾਂ ਪੂੰਝੀਆਂ। ਹਰੀ ਭਟਨਾਗਰ ਕੋਲੋਂ ਵੀਡੀਓ ਕੈਮਰਾ ਖੋਹ ਲਿਆ। ਕੈਸੇਟ ਕੱਢ ਕੇ ਬਾਹਰ ਗਟਰ ਵਿੱਚ ਸੁੱਟ ਆਂਦੀ।

ਸੰਪਰਕ: 98148-03254

Advertisement
Show comments