ਅੱਥਰੂਆਂ ਦੇ ਬੋਲ
ਕੇਸਰ ਸਿੰਘ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਬਹੁਤ ਹੀ ਤੰਗਦਸਤੀ ਵਿੱਚ ਪੜ੍ਹਾਇਆ ਅਤੇ ਨੌਕਰੀ ਸਿਰੇ ਕਰ ਦਿੱਤਾ ਸੀ। ਨੌਕਰੀ ਮਿਲਣ ਤੋਂ ਪਹਿਲਾਂ ਦੋਵੇਂ ਪੁੱਤਰਾਂ ਨੇ ਵੀ ਆਪਣੇ ਪਿਤਾ ਨਾਲ ਜਾਨ ਤੋੜ ਕੇ ਮਿਹਨਤ ਕੀਤੀ ਅਤੇ ਘਰ ਦੀ ਹਾਲਤ ਨੂੰ ਬਿਹਤਰ ਬਣਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਸੀ। ਸਵੇਰੇ ਉੱਠ ਆਪਣੇ ਮੁੱਢਲੇ ਕੰਮਾਂ ਤੋਂ ਵਿਹਲੀ ਹੋ ਮਹਿੰਦਰ ਕੌਰ ਚਾਹ ਬਣਾ ਦਿੰਦੀ। ਕੇਸਰ ਚਾਹ ਪੀ ਕੇ ਪਸ਼ੂਆਂ ਨੂੰ ਨੀਰਾ ਪਾ ਦਿੰਦਾ ਤੇ ਮਹਿੰਦਰ ਕੌਰ ਮੱਝਾਂ ਦੀਆਂ ਧਾਰਾਂ ਕੱਢ ਦੁੱਧ-ਵਾਧ ਸੰਭਾਲ ਕੇ ਲੱਸੀ ਰਿੜਕਣ ਬੈਠ ਜਾਂਦੀ। ਉਹ ਰਜਵੰਤ ਅਤੇ ਹਰਬੰਸ ਨੂੰ ਤਿਆਰ ਕਰ ਕੇ ਸਕੂਲ ਭੇਜ ਦਿੰਦੀ ਅਤੇ ਆਪ ਕੇਸਰ ਦੀ ਹਾਜ਼ਰੀ ਲੈ ਕੇ ਖੇਤ ਚਲੀ ਜਾਂਦੀ। ਉਸ ਵੇਲੇ ਤੱਕ ਕੇਸਰ ਖੇਤਾਂ ਦਾ ਗੇੜਾ ਮਾਰ ਵਿਹਲਾ ਹੋ ਜਾਇਆ ਕਰਦਾ ਸੀ। ਉਹ ਦੋਵੇਂ ਜੀਅ ਬੈਠ ਦਹੀਂ ਮੱਖਣ ਨਾਲ ਫੁਲਕਾ ਛਕ ਲੈਂਦੇ ਅਤੇ ਵਾਹਿਗੂਰੂ ਦਾ ਸ਼ੁਕਰਾਨਾ ਕਰਦੇ ਹੋਏ ਘਰ ਕਬੀਲਦਾਰੀ ਦੀਆਂ ਗੱਲਾਂ ਕਰ ਲਿਆ ਕਰਦੇ। ਉੱਧਰ ਦੋਵੇਂ ਪੁੱਤ ਸਕੂਲੋਂ ਛੁੱਟੀ ਹੋਣ ’ਤੇ ਘਰ ਪੁੱਜ ਜਾਂਦੇ ਅਤੇ ਇਧਰ ਮਹਿੰਦਰ ਕੌਰ ਖੇਤ ’ਚੋਂ ਸਬਜ਼ੀ ਤੋੜ ਕੇ ਘਰ ਆ ਜਾਂਦੀ। ਰਾਜਵੰਤ ਅਤੇ ਹਰਬੰਸ ਘਰੇ ਆ ਕੇ ਰੋਟੀ ਖਾ ਸਕੂਲ ਦਾ ਕੰਮ ਕਰਨ ਬੈਠ ਜਾਂਦੇ। ਇਉਂ ਸਮਾਂ ਆਪਣੀ ਟੋਰ ਤੁਰਿਆ ਜਾ ਰਿਹਾ ਸੀ। ਸੂਰਜ ਉੱਗਣ ਤੋਂ ਡੁੱਬਣ ਤੱਕ ਸਾਰਿਆਂ ਦਾ ਸਮਾਂ ਕੰਮ ਵਿੱਚ ਹੀ ਬੀਤਦਾ ਜਾ ਰਿਹਾ ਸੀ। ਦੋਵੇਂ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਸਨ ਅਤੇ ਕਦੇ ਵੀ ਸਕੂਲ ਤੋਂ ਦੋਵਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਸੀ ਸਗੋਂ ਅਧਿਆਪਕ ਦੋਵਾਂ ਦੀ ਪ੍ਰਸੰਸਾ ਕਰਦੇ ਸਨ। ਇੱਕ ਅਧਿਆਪਕ ਰੋਜ਼ਾਨਾ ਹੀ ਛੁੱਟੀ ਸਮੇਂ ਕੇਸਰ ਸਿੰਘ ਦੇ ਘਰ ਅੱਗੋਂ ਲੰਘ ਕੇ ਆਪਣੇ ਘਰ ਨੂੰ ਜਾਂਦਾ। ਜਦੋਂ ਵੀ ਕੇਸਰ ਸਿੰਘ ਨਾਲ ਦੁਆ ਸਲਾਮ ਹੁੰਦੀ ਤਾਂ ਉਹ ਬੱਚਿਆਂ ਸਬੰਧੀ ਆਪਣੀ ਰਾਏ ਦੇ ਦਿੰਦਾ ਸੀ ਕਿ ਇਹ ਦੋਵੇਂ ਹੀ ਬਹੁਤ ਲਾਇਕ ਹਨ ਅਤੇ ਇੰਜ ਜਾਪਦਾ ਹੈ ਕਿ ਤੁਹਾਡਾ ਨਾਂ ਜੱਗ ’ਤੇ ਰੋਸ਼ਨ ਕਰਨਗੇ। ਇੰਜ ਹੀ ਹੋਇਆ, ਰਜਵੰਤ ਸੂਬੇ ਅਤੇ ਹਰਬੰਸ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਆਇਆ ਸੀ। ਖ਼ੁਸ਼ੀ ਮਨਾਈ ਗਈ। ਉਸ ਅਧਿਆਪਕ ਦੀ ਨੇਕ ਸਲਾਹ ਸਦਕਾ ਉਹ ਅਗਲੇਰੀ ਪੜ੍ਹਾਈ ਵੀ ਪੂਰੀ ਕਰ ਚੁੱਕੇ ਤਾਂ ਨੌਕਰੀ ਲਈ ਇਮਤਿਹਾਨ ਦੇ ਕੇ ਦੋਵੇਂ ਬੈਂਕ ਵਿੱਚ ਨੌਕਰੀ ਲੱਗ ਗਏ। ਹੁਣ ਤਾਂ ਕੇਸਰ ਸਿੰਘ ਦੀ ਅੱਡੀ ਥੱਲੇ ਨਹੀਂ ਲਗਦੀ ਸੀ। ਮਹਿੰਦਰ ਕੌਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਰਜਵੰਤ ਦਾ ਵਿਆਹ ਸੁਰਜੀਤ ਕੌਰ ਅਤੇ ਹਰਬੰਸ ਦਾ ਵਿਆਹ ਦਲਜੀਤ ਕੌਰ ਨਾਲ ਕਰ ਦਿੱਤਾ ਗਿਆ। ਵਿਆਹ ਵਿੱਚ ਭਰਵਾਂ ਇਕੱਠ ਕਰਨ ਦੀ ਬਜਾਏ ਸਾਦੇ ਵਿਆਹ ਕੀਤੇ ਗਏ। ਸੁਰਜੀਤ ਕੌਰ ਕੰਮ ਦੀ ਸੁਚੱਜੀ ਸੀ। ਉਹ ਘਰ ਦਾ ਕੰਮ ਸੰਭਾਲਦੀ ਸੀ। ਦਲਜੀਤ ਕੌਰ ਅਮੀਰ ਘਰ ਤੋਂ ਸੀ। ਉਹ ਕੰਮ ਨਹੀਂ ਕਰਨਾ ਚਾਹੁੰਦੀ ਸੀ ਅਤੇ ਗਾਹੇ-ਬਗਾਹੇ ਕੰਮ ਤੋਂ ਟਲਣ ਦੀ ਕੋਸ਼ਿਸ਼ ਕਰਦੀ। ਸੁਰਜੀਤ ਕੌਰ ਉਸ ਨੂੰ ਛੋਟੀ ਭੈਣ ਸਮਝਦੀ ਸੀ। ਦੋਹਾਂ ਵਿੱਚ ਪਿਆਰ ਬਥੇਰਾ ਸੀ। ਇਉਂ ਘਰ ਦਾ ਤੋਰਾ ਤੁਰਿਆ ਜਾ ਰਿਹਾ ਸੀ। ਸਵੇਰੇ ਦੋਵੇਂ ਭਰਾ ਕਾਰ ਰਾਹੀਂ ਬੈਂਕ ਚਲੇ ਜਾਂਦੇ ਸੀ। ਕੇਸਰ ਸਿੰਘ ਖੇਤ ਨੂੰ ਚਲਾ ਜਾਂਦਾ। ਸੁਰਜੀਤ ਕੌਰ ਹਾਜ਼ਰੀ ਤਿਆਰ ਕਰ ਦਿੰਦੀ ਅਤੇ ਮਹਿੰਦਰ ਕੌਰ ਹਾਜ਼ਰੀ ਲੈ ਕੇ ਖੇਤ ਚਲੀ ਜਾਂਦੀ। ਉਹ ਕੇਸਰ ਸਿੰਘ ਨਾਲ ਗੱਲਾਂ ਬਾਤਾਂ ਕਰ, ਪਸ਼ੂਆਂ ਲਈ ਪੱਠਿਆਂ ਦਾ ਪ੍ਰਬੰਧ ਕਰ, ਗੇਲੇ ਨੂੰ ਨਾਲ ਲੈ ਕੇ ਉੱਥੋਂ ਸਬਜ਼ੀ ਲੈ ਘਰ ਨੂੰ ਆ ਜਾਂਦੀ। ਗੇਲਾ ਪੱਠੇ ਕੁਤਰ ਕੇ ਮੱਝਾਂ ਨੂੰ ਪਾ ਦਿੰਦਾ। ਇਉਂ ਗੇਲਾ ਵੀ ਘਰ ਲਈ ਮਦਦਗਾਰ ਸਾਬਤ ਹੋ ਰਿਹਾ ਸੀ। ਉਹ ਖੇਤੀ ਦੇ ਕੰਮਾਂ ਵਿੱਚ ਕੇਸਰ ਦਾ ਹੱਥ ਵਟਾ ਦਿਆ ਕਰਦਾ ਸੀ ਅਤੇ ਇਸ ਬਦਲੇ ਉਸ ਨੂੰ ਤਨਖ਼ਾਹ ਮਿਲ ਜਾਂਦੀ ਸੀ। ਘਰ ਦੇ ਛੋਟੇ ਮੋਟੇ ਕੰਮਾਂ ਲਈ ਗੇਲੇ ਦੀ ਘਰਵਾਲੀ ਸਿਮਰੋ ਵੀ ਸਵੇਰੇ ਹੀ ਆ ਜਾਂਦੀ ਸੀ। ਉਹ ਘਰ ਦੀ ਸਾਫ਼ ਸਫ਼ਾਈ ਅਤੇ ਗੋਹਾ ਕੂੜਾ ਵੀ ਕਰ ਦਿੰਦੀ ਸੀ। ਉਸ ਨੂੰ ਬਣਦੀ ਮਜ਼ਦੂਰੀ ਦੇ ਦਿੱਤੀ ਜਾਂਦੀ ਸੀ।
ਸਮੇਂ ਨੇ ਕਰਵਟ ਲਈ ਦੋਹਾਂ ਨੂੰਹਾਂ ਦੇ ਪੈਰ ਭਾਰੀ ਹੋ ਗਏ। ਮਹਿੰਦਰ ਕੌਰ ਉਨ੍ਹਾਂ ਦਾ ਧਿਆਨ ਰੱਖ ਰਹੀ ਸੀ। ਸਿਮਰੋ ਨੇ ਘਰ ਦੇ ਹੋਰ ਕੰਮਾਂ ਵਿੱਚ ਵੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਆਖ਼ਰ ਉਡੀਕ ਖ਼ਤਮ ਹੋਈ ਤੇ ਅੱਗੜ ਪਿੱਛੜ ਰਜਵੰਤ ਅਤੇ ਹਰਬੰਸ ਨੂੰ ਵਾਹਿਗੁਰੂ ਨੇ ਪੁੱਤਰਾਂ ਦੀ ਦਾਤ ਬਖ਼ਸ਼ੀ। ਖ਼ੁਸ਼ੀ ਮਨਾਈ ਗਈ। ਰੱਬ ਨੇ ਮਿਹਰ ਰੱਖੀ, ਦੋਵੇਂ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਤੰਦਰੁਸਤ ਸਨ।
ਹਰਬੰਸ ਦੀ ਬਦਲੀ ਹੋ ਗਈ। ਹੁਣ ਉਹ ਦੋਵੇਂ ਇਕੱਠੇ ਨਹੀਂ ਸਨ ਜਾ ਸਕਦੇ। ਹਰਬੰਸ ਨੇ ਨਵੀਂ ਕਾਰ ਲੈ ਲਈ। ਉਹ ਆਪਣੀ ਵੱਖਰੀ ਕਾਰ ’ਤੇ ਜਾਣ ਲੱਗ ਪਿਆ। ਸੁਰਜੀਤ ਕੌਰ ਨੇ ਪਰਿਵਾਰ ਦੀ ਸਲਾਹ ਨਾਲ ਆਪਣੇ ਬੱਚੇ ਦਾ ਨਾਂ ਲੱਡੂ ਜਾਂ ਲਖਵੀਰ ਸਿੰਘ ਰੱਖ ਲਿਆ ਅਤੇ ਦਲਜੀਤ ਕੌਰ ਨੇ ਵੀਰੂ ਜਾਂ ਮਨਵੀਰ ਸਿੰਘ ਰੱਖ ਲਿਆ। ਲੱਡੂ ਆਪਣੇ ਮਾਤਾ ਪਿਤਾ ਨਾਲ ਕਦੇ ਕਦੇ ਬਾਜ਼ਾਰ ਚਲਾ ਜਾਂਦਾ ਸੀ ਅਤੇ ਉਸ ਦੀ ਮਾਂ ਸੁਰਜੀਤ ਕੌਰ ਆਪਣੀ ਲੋੜ ਦੀਆਂ ਵਸਤਾਂ ਲੈ ਕੇ ਅਤੇ ਕੁਝ ਬਾਹਰ ਦਾ ਖਾ ਪੀ ਕੇ ਸ਼ਾਮ ਢਲੇ ਘਰ ਆ ਜਾਂਦੇ ਸਨ। ਕੇਸਰ ਸਿੰਘ ਹੁਣ ਬਜ਼ੁਰਗ ਹੋ ਚਲਿਆ ਸੀ। ਹੁਣ ਉਸ ਤੋਂ ਖੇਤੀ ਦਾ ਕੰਮ ਮੁਸ਼ਕਿਲ ਨਾਲ ਹੀ ਹੁੰਦਾ ਸੀ। ਮਹਿੰਦਰ ਕੌਰ ਵੀ ਜ਼ਿਆਦਾ ਸਮਾਂ ਭਜਨ ਪਾਠ ਵਿੱਚ ਬਤੀਤ ਕਰਦੀ ਸੀ। ਕਦੇ ਕਦੇ ਉਹ ਦੋਵੇਂ ਆਪਣੇ ਪੁੱਤਾਂ ਰਜਵੰਤ ਜਾਂ ਹਰਬੰਸ ਦੇ ਪਰਿਵਾਰ ਨਾਲ ਸ਼ਹਿਰ ਜਾ ਆਉਂਦੇ ਅਤੇ ਕਿਸੇ ਨਾ ਕਿਸੇ ਗੁਰਦੁਆਰੇ ਦੇ ਦਰਸ਼ਨ ਕਰ ਵਾਪਸ ਆ ਜਾਂਦੇ। ਲੱਡੂ ਅਤੇ ਵੀਰੂ ਵੀ ਵੱਡੇ ਹੋ ਰਹੇ ਸਨ। ਉਹ ਆਪਣੇ ਦਾਦੇ ਦਾਦੀ ਕੋਲ ਖੇਡ ਲੈਂਦੇ। ਸੁਰਜੀਤ ਅਤੇ ਦਲਜੀਤ ਮਿਲ ਕੇ ਘਰ ਦਾ ਕੰਮ ਕਰ ਲਿਆ ਕਰਦੀਆਂ। ਸਿਮਰੋ ਵੀ ਉਨ੍ਹਾਂ ਨਾਲ ਘਰ ਦੇ ਕੰਮ ਵਿੱਚ ਮਦਦ ਕਰ ਦਿੰਦੀ ਸੀ। ਦੋਵੇਂ ਨੂੰਹਾਂ ਸਿਮਰੋ ਨੂੰ ਦੱਸ ਕੇ ਕੰਮ ਕਰਵਾ
ਲੈਂਦੀਆਂ ਸਨ। ਗੇਲਾ ਹੁਣ ਪਸ਼ੂਆਂ ਦਾ ਕੰਮ ਕਰਦਾ ਸੀ ਅਤੇ ਸਿਮਰੋ ਘਰ ਦੀ ਸਾਫ਼ ਸਫ਼ਾਈ। ਇਉਂ ਸਮਾਂ ਲੰਘ ਰਿਹਾ ਸੀ।
ਬੈਂਕ ਵਿੱਚ ਛੁੱਟੀ ਹੋਣ ਕਾਰਨ ਰਜਵੰਤ ਅਤੇ ਹਰਬੰਸ ਘਰ ਹੀ ਸਨ। ਸਾਰਾ ਪਰਿਵਾਰ ਨਾਸ਼ਤਾ ਕਰ ਰਿਹਾ ਸੀ ਕਿ ਇਕਦਮ ਰਜਵੰਤ ਦੇ ਦਰਦ ਹੋਇਆ। ਦਰਦ ਇੰਨਾ ਸੀ ਕਿ ਉਸ ਤੋਂ ਸਹਾਰਿਆ ਨਹੀਂ ਜਾ ਰਿਹਾ ਸੀ। ਹਰਬੰਸ ਨੇ ਕਾਰ ਕੱਢੀ। ਕਾਹਲੀ ਨਾਲ ਰਜਵੰਤ ਨੂੰ ਉਸ ਵਿੱਚ ਲਿਟਾਇਆ, ਸੁਰਜੀਤ ਕੌਰ ਨੂੰ ਨਾਲ ਲਿਆ ਅਤੇ ਡਾਕਟਰ ਵੱਲ ਚੱਲ ਪਏ। ਲੱਡੂ ਨੂੰ ਘਰ ਚਾਚੀ ਦਲਜੀਤ ਕੌਰ ਕੋਲ ਹੀ ਛੱਡ ਦਿੱਤਾ। ਛੇਤੀ ਹੀ ਡਾਕਟਰ ਕੋਲ ਪੁੱਜੇ। ਉਸ ਨੇ ਚੈੱਕ ਕਰ ਕੇ ਦੱਸਿਆ ਕਿ ਰਜਵੰਤ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਨੇ ਦਵਾਈ ਦਿੱਤੀ, ਟੀਕੇ ਲਾਏ ਤੇ ਦਾਖਲ ਕਰ ਲਿਆ। ਪੂਰੀ ਪੜਤਾਲ ਕਰ ਉਸ ਨੇ ਦੱਸਿਆ ਕਿ ਸਟੈਂਟ ਪਾਉਣ ਦੀ ਲੋੜ ਹੈ। ਉਸ ਨੇ ਘਰਦਿਆਂ ਨਾਲ ਸਲਾਹ ਕਰਨ ਤੋਂ ਬਾਅਦ ਸਟੈਂਟ ਪਾ ਦਿੱਤਾ। ਕੁਝ ਦੇਰ ਡਾਕਟਰ ਨੇ ਆਰਾਮ ਕਰਨ ਲਈ ਆਖਿਆ। ਰਾਤ ਭਰ ਹਸਪਤਾਲ ਵਿੱਚ ਰੱਖਿਆ। ਅਗਲੇਰੇ ਦਿਨ ਫਿਰ ਚੈੱਕ ਕੀਤਾ ਅਤੇ ਦੱਸਿਆ ਕਿ ਹਾਲਤ ਠੀਕ ਹੈ ਅਤੇ ਸ਼ਾਮ ਨੂੰ ਛੁੱਟੀ ਦੇ ਦਿੱਤੀ। ਕੁਝ ਦੇਰ ਆਰਾਮ ਕਰਨ ਦੀ ਸਲਾਹ ਦਿੱਤੀ ਅਤੇ ਲੋੜੀਂਦੀਆਂ ਦਵਾਈਆਂ ਦੱਸ ਕੇ ਘਰੇ ਭੇਜ ਦਿੱਤਾ। ਰਜਵੰਤ ਨੂੰ ਆਰਾਮ ਦੀ ਲੋੜ ਸੀ। ਇਸ ਲਈ ਉਸ ਨੇ ਆਪਣੀ ਇੱਕ ਹਫ਼ਤੇ ਦੀ ਛੁੱਟੀ ਭੇਜ ਦਿੱਤੀ। ਸੁਰਜੀਤ ਉਸ ਦਾ ਖ਼ਾਸ ਖ਼ਿਆਲ ਰੱਖ ਰਹੀ ਸੀ। ਲੱਡੂ ਵੀ ਵੀਰੂ ਨਾਲ ਖੇਡਣ ਲੱਗ ਪਿਆ ਸੀ। ਦਲਜੀਤ ਉਸ ਦਾ ਪੂਰਾ ਧਿਆਨ ਰੱਖ ਰਹੀ ਸੀ। ਕੇਸਰ ਸਿੰਘ ਅਤੇ ਮਹਿੰਦਰ ਕੌਰ ਰਜਵੰਤ ਨੂੰ ਠੀਕ ਹੁੰਦੇ ਦੇਖ ਪਰਮਾਤਮਾ ਦਾ ਸ਼ੁਕਰ ਮਨਾ ਰਹੇ ਸਨ। ਅਗਲੇ ਦਿਨ ਉਨ੍ਹਾਂ ਨੇ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਕਿ ਪਰਿਵਾਰ ਵਿਚਲੇ ਸਾਰੇ ਜੀਆਂ ਉਪਰ ਪਰਮਾਤਮਾ ਦੀ ਮਿਹਰ ਰਹੇ ਅਤੇ ਸਮੂਹ ਪਰਿਵਾਰ ਤੰਦਰੁਸਤ ਰਹੇ। ਰਜਵੰਤ ਦਵਾਈ ਨਾਲ ਬਿਹਤਰ ਹੋ ਰਿਹਾ ਸੀ। ਹਰਬੰਸ ਰੋਜ਼ਾਨਾ ਆਪਣੀ ਡਿਊਟੀ ’ਤੇ ਜਾਣ ਲੱਗ ਪਿਆ। ਹੁਣ ਰਜਵੰਤ ਦਾ ਹਾਲ ਜਾਣਨ ਲਈ ਕੋਈ ਨਾ ਕੋਈ ਆ ਜਾਇਆ ਕਰਦਾ ਸੀ। ਕਦੇ ਫੋਨ ’ਤੇ ਹੀ ਕੋਈ ਦੋਸਤ ਹਾਲ ਪੁੱਛ ਲੈਂਦਾ। ਰਜਵੰਤ ਹੀ ਫੋਨ ’ਤੇ ਗੱਲਬਾਤ ਕਰ ਲਿਆ ਕਰਦਾ ਸੀ| ਜਦੋਂ ਵੀ ਕੋਈ ਘਰੇ ਮਿਲਣ ਲਈ ਆਉਂਦਾ ਤਾਂ ਸੁਰਜੀਤ ਕੌਰ ਚਾਹ ਪਾਣੀ ਵਿੱਚ ਲੱਗ ਜਾਂਦੀ। ਭਾਵੇਂ ਰਜਵੰਤ ਨੂੰ ਆਰਾਮ ਕਰਨ ਦੀ ਹਦਾਇਤ ਸੀ ਪਰ ਉਹ ਫਿਰ ਵੀ ਮਹਿਮਾਨਾਂ ਨਾਲ ਘੁਲ ਮਿਲ ਜਾਂਦਾ ਸੀ। ਸੁਰਜੀਤ ਕੌਰ ਆਪ ਤਾਂ ਉਸ ਨੂੰ ਰੋਕਣ ਤੋਂ ਝਿਜਕਦੀ ਸੀ। ਉਹ ਆਪਣੀ ਸੱਸ ਮਹਿੰਦਰ ਕੌਰ ਜਾਂ ਆਪਣੇ ਸਹੁਰੇ ਕੇਸਰ ਸਿੰਘ ਰਾਹੀਂ ਰਜਵੰਤ ਨੂੰ ਜ਼ਿਆਦਾ ਬੋਲਣ ਤੋਂ ਮਨ੍ਹਾ ਕਰ ਦਿੰਦੀ ਸੀ।
ਦੋਵਾਂ ਭਰਾਵਾਂ ਨੇ ਸਲਾਹ ਕੀਤੀ ਕਿ ਹੁਣ ਆਪਾਂ ਲੁਧਿਆਣੇ ਦੇ ਵੱਡੇ ਹਸਪਤਾਲ ਜਾ ਕੇ ਚੈੱਕ ਕਰਵਾ ਲਈਏ ਤਾਂ ਜੋ ਪੂਰੀ ਤਸੱਲੀ ਹੋ ਜਾਵੇ ਤੇ ਰਜਵੰਤ ਕੰਮ ’ਤੇ ਜਾਣਾ ਸ਼ੁਰੂ ਕਰ ਸਕੇ। ਅਗਲੇ ਦਿਨ ਰਜਵੰਤ, ਹਰਬੰਸ ਅਤੇ ਸੁਰਜੀਤ ਕੌਰ ਲੁਧਿਆਣੇ ਲਈ ਚੱਲ ਪਏ। ਹਾਲੇ ਅੱਧੀ ਵਾਟ ਹੀ ਗਏ ਸਨ ਕਿ ਉਨ੍ਹਾਂ ਦੀ ਕਾਰ ਵਿੱਚ ਸਾਹਮਣੇ ਤੋਂ ਆ ਰਿਹਾ ਤੇਜ਼ ਰਫ਼ਤਾਰ ਟਰੱਕ ਵੱਜਿਆ। ਟੱਕਰ ਬਹੁਤ ਹੀ ਭਿਆਨਕ ਸੀ। ਹਰਬੰਸ ਕਾਰ ਚਲਾ ਰਿਹਾ ਸੀ। ਨਾਲ ਦੀ ਸੀਟ ’ਤੇ ਰਜਵੰਤ ਬੈਠਾ ਸੀ ਅਤੇ ਸੁਰਜੀਤ ਕੌਰ ਪਿੱਛੇ ਵਾਲੀ ਸੀਟ ’ਤੇ ਬੈਠੀ ਸੀ। ਟਰੱਕ ਰਜਵੰਤ ਵਾਲੇ ਪਾਸਿਓਂ ਟਕਰਾਇਆ ਸੀ। ਬਾਰੀ ਦਾ ਸ਼ੀਸ਼ਾ ਟੁੱਟ ਕੇ ਕੇ ਰਜਵੰਤ ਨੂੰ ਅਜਿਹਾ ਵੱਜਿਆ ਕਿ ਉਸ ਦੇ ਖ਼ੂਨ ਦੀ ਤਤੀਰੀ ਪੈਣ ਲੱਗ ਪਈ। ਹਰਬੰਸ ਦੇਖ ਕੇ ਘਬਰਾ ਗਿਆ। ਰਜਵੰਤ ਦਾ ਸਿਰ ਇਕਦਮ ਸੀਟ ’ਤੇ ਵੱਜਣ ਕਾਰਨ ਉਹ ਬੇਹੋਸ਼ ਹੋ ਗਿਆ। ਸੁਰਜੀਤ ਕੌਰ ਵੀ ਘਬਰਾ ਗਈ। ਉਸ ਦੇ ਤਾਂ ਥੋੜ੍ਹੀ ਹੀ ਸੱਟ ਵੱਜੀ ਜਾਪਦੀ ਸੀ। ਜਿਉਂ ਹੀ ਹਰਬੰਸ ਕਾਰ ਵਿੱਚੋਂ ਨਿਕਲਿਆ ਲੋਕ ਇਕੱਠੇ ਹੋ ਗਏ। ਇੱਕ ਹੋਰ ਕਾਰ ਰੋਕ ਕੇ ਉਸ ਦੀ ਮਿੰਨਤ ਕਰ ਕੇ ਰਜਵੰਤ ਨੂੰ ਉਸ ਵਿੱਚ ਪਾਇਆ ਗਿਆ। ਆਪਣੀ ਕਾਰ ਨੂੰ ਉੱਥੇ ਹੀ ਛੱਡ ਉਹ ਤਿੰਨੇ ਕਾਰ ਵਿੱਚ ਨੇੜਲੇ ਹਸਪਤਾਲ ਵਿੱਚ ਪੁੱਜੇ। ਖ਼ੂਨ ਜਿਆਦਾ ਨਿਕਲ ਜਾਣ ਕਾਰਨ ਡਾਕਟਰ ਨੇ ਦੱਸਿਆ ਕਿ ਇਹ ਤਾਂ ਖ਼ਤਮ ਹੋ ਚੁੱਕਾ ਹੈ। ਹਰਬੰਸ ਅਤੇ ਸੁਰਜੀਤ ਦੀਆਂ ਸੱਟਾਂ ਉੱਪਰ ਦਵਾਈ ਆਦਿ ਲਾ ਕੇ ਡਾਕਟਰ ਨੇ ਛੁੱਟੀ ਦੇ ਦਿੱਤੀ। ਹਰਬੰਸ ਹੋਰੀਂ ਕਾਰ ਵਾਲੇ ਦਾ ਧੰਨਵਾਦ ਕਰ ਹੋਰ ਕਾਰ ਮੰਗਵਾ ਕੇ ਘਰ ਨੂੰ ਚੱਲ ਪਏ।
ਜਦੋਂ ਘਰ ਪੁੱਜੇ ਤਾਂ ਚੀਕ ਚਿਹਾੜਾ ਪੈ ਗਿਆ। ਸੁਰਜੀਤ ਕੌਰ ਦੀ ਦੁਨੀਆ ਉੱਜੜ ਚੁੱਕੀ ਸੀ। ਕੇਸਰ ਸਿੰਘ ਅਤੇ ਮਹਿੰਦਰ ਕੌਰ ਦਾ ਰੋ ਰੋ ਕੇ ਬੁਰਾ ਹਾਲ ਸੀ। ਦਲਜੀਤ ਕੌਰ ਦੋਵੇਂ ਬੱਚਿਆਂ ਨੂੰ ਸੰਭਾਲ ਰਹੀ ਸੀ। ਕੇਸਰ ਕਹਿਣ ਲੱਗਾ ਕਿ ਅੱਜ ਮੇਰੀ ਇੱਕ ਬਾਂਹ ਟੁੱਟ ਗਈ ਹੈ। ਅਚਾਨਕ ਆਏ ਤੂਫ਼ਾਨ ਨੇ ਘਰ ਨੂੰ ਨੀਂਹਾਂ ਤੋਂ ਹਿਲਾ ਦਿੱਤਾ ਹੈ। ਹਰਬੰਸ ਅਤੇ ਦਲਜੀਤ ਵੀ ਰੋ ਰਹੇ ਸਨ। ਪਿੰਡ ਦੀ ਪੰਚਾਇਤ ਤੇ ਹੋਰ ਲੋਕ ਵੀ ਅਫ਼ਸੋਸ ਕਰਨ ਆ ਰਹੇ ਸਨ। ਸੁਰਜੀਤ ਕੌਰ ਦੇ ਬੁੱਢੇ ਮਾਪੇ ਵੀ ਪੁੱਜ ਗਏ। ਅਖੀਰ ਅੰਤਿਮ ਰਸਮਾਂ ਦਾ ਪ੍ਰਬੰਧ ਕਰ ਸਸਕਾਰ ਕਰ ਦਿੱਤਾ ਗਿਆ। ਲੱਡੂ ਅਤੇ ਵੀਰੂ ਨੂੰ ਕੋਈ ਸਮਝ ਨਹੀਂ ਸੀ, ਉਹ ਤਾਂ ਭੁੱਖ ਨਾਲ ਵਿਲਕ ਰਹੇ ਸਨ। ਉਨ੍ਹਾਂ ਨੂੰ ਸੰਭਾਲਣ ਵਿੱਚ ਸਿਮਰੋ, ਦਲਜੀਤ ਦੀ ਮਦਦ ਕਰ ਰਹੀ ਸੀ। ਸਾਰੇ ਰਿਸ਼ਤੇਦਾਰ ਅਤੇ ਮਿੱਤਰ ਹੌਲੀ ਹੌਲੀ ਜਾਣ ਲੱਗੇ। ਸੁਰਜੀਤ ਕੌਰ ਦੀ ਮਾਂ ਰੁਕ ਗਈ ਜਦੋਂਕਿ ਉਸ ਦਾ ਬਾਪ ਵਾਪਸ ਚਲਾ ਗਿਆ। ਆਉਂਦੇ ਐਤਵਾਰ ਦਾ ਭੋਗ ਰੱਖਿਆ ਗਿਆ। ਭੋਗ ਨੇੜੇ ਦੇ ਗੁਰਦੁਆਰੇ ਵਿੱਚ ਪਾਇਆ ਜਾਣਾ ਸੀ। ਮਹਿੰਦਰ ਕੌਰ ਨੂੰ ਦਲਜੀਤ ਕੌਰ ਨੇ ਸਮਝਾਇਆ ਕਿ ਸੁਰਜੀਤ ਕੌਰ ਨੂੰ ਪੇਕੇ ਭੇਜ ਦਿੱਤਾ ਜਾਵੇ। ਲੱਡੂ ਨੂੰ ਆਪਣੇ ਵੀਰੂ ਨਾਲ ਹੀ ਪਾਲ ਲਵੇਗੀ। ਜੇ ਸੁਰਜੀਤ ਕੌਰ ਇੱਥੇ ਰਹੀ ਤਾਂ ਆਪਣੀ ਜ਼ਮੀਨ ਵੰਡੀ ਜਾਵੇਗੀ ਤੇ ਗੁਜ਼ਾਰਾ ਮੁਸ਼ਕਿਲ ਹੋ ਜਾਵੇਗਾ। ਮਹਿੰਦਰ ਕੌਰ ਨੇ ਕੇਸਰ ਸਿੰਘ ਨਾਲ ਸਲਾਹ ਕੀਤੀ। ਉਸ ਨੂੰ ਇਹ ਗੱਲ ਨਾ ਜਚੀ। ਦਲਜੀਤ ਅਤੇ ਹਰਬੰਸ ਨੇ ਜ਼ੋਰ ਪਾਇਆ ਤਾਂ ਉਹ ਵੀ ਮੰਨ ਗਿਆ। ਭੋਗ ਤੋਂ ਇੱਕ ਦਿਨ ਪਹਿਲਾਂ ਮਹਿੰਦਰ ਕੌਰ ਨੇ ਸੁਰਜੀਤ ਕੌਰ ਦੀ ਮਾਂ ਨੂੰ ਸਮਝਾਇਆ, ‘‘ਲੱਡੂ ਨੂੰ ਅਸੀਂ ਰੱਖ ਲਵਾਂਗੇ, ਤੁਸੀਂ ਸੁਰਜੀਤ ਕੌਰ ਦੇ ਭਵਿੱਖ ਦਾ ਫ਼ੈਸਲਾ ਕਰ ਲਉ। ਇਸ ਨੂੰ ਘਰ ਰੱਖੋ ਜਾਂ ਹੋਰ ਵਿਆਹ ਕਰ ਦੇਵੋ ਇਹ ਤੁਹਾਡੀ ਤੇ ਸੁਰਜੀਤ ਕੌਰ ਦੀ ਮਰਜ਼ੀ ਹੈ। ਸਾਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ। ਅਸੀਂ ਇਸ ਨੂੰ ਕੱਲ੍ਹ ਭੋਗ ਪਿੱਛੋਂ ਤੁਹਾਡੇ ਨਾਲ ਤੋਰ ਦੇਣਾ ਹੈ।’’ ਸੁਰਜੀਤ ਕੌਰ ਇਕਦਮ ਘਬਰਾ ਗਈ ਕਿ ਇਹ ਕੀ ਹੋ ਰਿਹਾ ਹੈ। ਅਗਲੇ ਦਿਨ ਭੋਗ ਪੈ ਚੁੱਕਿਆ ਤਾਂ ਪੰਚਾਇਤ ਬੁਲਾ ਕੇ ਸੁਰਜੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਫ਼ੈਸਲਾ ਸੁਣਾ ਦਿੱਤਾ ਗਿਆ। ਸੁਰਜੀਤ ਲਈ ਆਪਣੀ ਇੱਕੋ ਇੱਕ ਆਂਦਰ ਨੂੰ ਹਮੇਸ਼ਾ ਲਈ ਛੱਡ ਪੇਕੇ ਘਰ ਜਾਣ ਲਈ ਮੰਨਣਾ ਬਹੁਤ ਹੀ ਮੁਸ਼ਕਿਲ ਸੀ। ਉਸ ਦੇ ਅੱਥਰੂ ਆਪਮੁਹਾਰੇ ਵਹਿਣ ਲੱਗੇ। ਉਸ ਨੇ ਆਪਣੇ ਸਹੁਰੇ ਪਰਿਵਾਰ ਦੇ ਇਕੱਲੇ ਇਕੱਲੇ ਜੀਅ ਦੇ ਤਰਲੇ ਕੀਤੇ। ਜਦੋਂ ਉਸ ਨੇ ਦਿਸਿਆ ਕਿ ਕੋਈ ਵੀ ਪਰਿਵਾਰਕ ਮੈਂਬਰ ਉਸ ਦੀ ਬੇਨਤੀ ’ਤੇ ਗੌਰ ਕਰਨ ਲਈ ਤਿਆਰ ਨਹੀਂ ਤਾਂ ਉਸ ਕੋਲ ਆਪਣੇ ਮਾਪਿਆਂ ਨਾਲ ਜਾਣ ਤੋਂ ਬਿਨਾ ਕੋਈ ਚਾਰਾ ਨਾ ਰਿਹਾ। ਉਹ ਆਪਣੀ ਵਸਦੀ ਰਸਦੀ ਦੁਨੀਆ ਲੁਟਾ ਕੇ ਉਦਾਸ ਚਿੱਤ ਆਪਣੇ ਲੱਡੂ ਨੂੰ ਅੰਤਿਮ ਵਾਰ ਮਿਲਣ ਲਈ ਅੰਦਰ ਵੱਲ ਹੋਈ। ਮਹਿੰਦਰ ਕੌਰ ਨੇ ਉਸ ਨੂੰ ਅਜਿਹਾ ਕਰਨ ਤੋਂ ਸਖ਼ਤੀ ਨਾਲ ਵਰਜ ਦਿੱਤਾ ਤਾਂ ਉਸ ਤੋਂ ਆਪਣੇ ਅੱਥਰੂ ਰੋਕੇ ਨਾ ਗਏ ਸਗੋਂ ਉਨ੍ਹਾਂ ਦਾ ਵਹਿਣ ਤੇਜ਼ ਹੋ ਗਿਆ। ਉਸ ਦੇ ਅੱਥਰੂ ਬਹੁਤ ਕੁਝ ਆਖ ਰਹੇ ਸਨ। ਉਹ ਆਪਣਾ ਸਭ ਕੁਝ ਗੁਆ ਮਾਪਿਆਂ ਨਾਲ ਟੁਰ ਪਈ। ਬੇਵੱਸ ਮਾਪੇ ਆਪਣੀ ਬੀਬੀ ਧੀ ਨੂੰ ਨਾਲ ਲੈ ਤੁਰੇ। ਇਸ ਉਦਾਸ ਪਲ ਨੂੰ ਸਾਰੀ ਪੰਚਾਇਤ ਅਤੇ ਪਿੰਡ ਵਾਲੇ ਨਮ ਅੱਖਾਂ ਨਾਲ ਵੇਖ ਰਹੇ ਸਨ। ਲੱਡੂ ਨੂੰ ਤਾਂ ਕੁਝ ਸਮਝ ਨਹੀਂ ਸੀ ਕਿ ਇਹ ਸਭ ਕੀ ਵਾਪਰ ਰਿਹਾ ਹੈ। ਉਹ ਤਾਂ ਆਪਣੇ ਛੋਟੇ ਭਰਾ ਵੀਰੂ ਨਾਲ ਖਿਡੌਣਿਆਂ ਨਾਲ ਖੇਡਣ ਵਿੱਚ ਮਸਤ ਸੀ।
ਸੁਰਜੀਤ ਆਪਣੇ ਪੇਕੇ ਘਰ ਜਾ ਕੁਝ ਦਿਨ ਗੁੰਮ ਸੁੰਮ ਰਹੀ, ਅੱਥਰੂ ਵਹਾਉਂਦੀ ਰਹੀ। ਉਹ ਹਾਲਾਤ ਨਾਲ ਸਮਝੌਤਾ ਕਰਨ ਦਾ ਯਤਨ ਕਰਦੀ ਪਰ ਅੱਥਰੂ ਆਪਮੁਹਾਰੇ ਹੋ ਚੁੱਕੇ ਸਨ, ਰੋਕਿਆਂ ਨਹੀਂ ਰੁਕਦੇ ਸਨ। ਉਸ ਦੇ ਮਾਪੇ ਵੀ ਪ੍ਰੇਸ਼ਾਨ ਸਨ, ਪਰ ਸਮਝਦੇ ਸਨ ਕਿ ਅਥਰੂ ਵਗਣ ਨਾਲ ਮਨ ਕੁਝ ਤਾਂ ਹੌਲਾ ਹੋਵੇਗਾ। ਉਸ ਦੀ ਅਕਲ ਜਵਾਬ ਦੇ ਚੁੱਕੀ ਸੀ ਪਰ ਉਸ ਨੇ ਅਸਲੀਅਤ ਦਾ ਸਾਹਮਣਾ ਤਾਂ ਕਰਨਾ ਹੀ ਸੀ। ਹੌਲੀ ਹੌਲੀ ਸਮਾਂ ਲੰਘਣ ਲੱਗਾ। ਉਸ ਨੇ ਆਪਣੇ ਆਪ ਨੂੰ ਮਾਪਿਆਂ ਦੀ ਸੇਵਾ ਅਤੇ ਘਰ ਦੇ ਕੰਮਾਂ ਵਿੱਚ ਉਲਝਾਉਣਾ ਸ਼ੁਰੂ ਕਰ ਦਿੱਤਾ। ਮਾਪਿਆਂ ਨੂੰ ਵੀ ਕੁਝ ਤਸੱਲੀ ਹੋਈ। ਇਹ ਫ਼ੈਸਲਾ ਕਰਵਾ ਕੇ ਦਲਜੀਤ ਕੌਰ ਅਤੇ ਮਹਿੰਦਰ ਕੌਰ ਨੇ ਜ਼ਮੀਨ ਦੀ ਵੰਡ ਹੋਣੋਂ ਬਚਾਅ ਲਈ ਸੀ। ਇਸ ’ਤੇ ਉਹ ਮਨ ਹੀ ਮਨ ਖ਼ੁਸ਼ ਸਨ।
ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਅੱਜ ਹੋਰ ਤੇ ਭਲਕੇ ਹੋਰ ਰੰਗ ਵਿਖਾਉਂਦਾ ਹੈ। ਉਧਰ ਦੋਵੇਂ ਭਰਾਵਾਂ ਨੂੰ ਸਕੂਲ ਪਾ ਦਿੱਤਾ ਗਿਆ। ਮਹਿੰਦਰ ਕੌਰ ਅਤੇ ਦਲਜੀਤ ਕੌਰ ਰਲਮਿਲ ਕੇ ਬੱਚਿਆਂ ਨੂੰ ਤਿਆਰ ਕਰ ਕੇ ਸਕੂਲ ਛੱਡ ਆਉਂਦੀਆਂ। ਪਹਿਲਾਂ ਪਹਿਲਾਂ ਤਾਂ ਦੋਵੇਂ ਇਕੱਠੀਆਂ ਹੀ ਛੱਡਣ ਜਾਂਦੀਆਂ ਸਨ, ਫਿਰ ਵਾਰੀ ਵਾਰੀ ਜਾਣ ਲੱਗੀਆਂ। ਹਰਬੰਸ ਸਿੰਘ ਬੈਂਕ ਜਾਣ ਲੱਗਾ ਸੀ। ਸਮਾਂ ਤੇਜ਼ ਰਫ਼ਤਾਰ ਨਾਲ ਲੰਘਣ ਲੱਗਾ। ਬੱਚੇ ਅਗਲੀਆਂ ਜਮਾਤਾਂ ਵਿੱਚ ਹੋ ਰਹੇ ਸਨ। ਇਉਂ ਦੋਵਾਂ ਨੇ ਦਸਵੀਂ ਪਾਸ ਕਰ ਲਈ। ਲਖਵੀਰ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਨਵੀਰ ਮਸਾਂ ਹੀ ਪਾਸ ਹੋ ਸਕਿਆ। ਹੁਣ ਉਨ੍ਹਾਂ ਨੂੰ ਕਾਲਜ ਦਾਖਲ ਕਰਵਾਉਣਾ ਸੀ। ਕੇਸਰ ਸਿੰਘ ਅਤੇ ਹਰਬੰਸ ਸਿੰਘ ਦੀ ਰਾਇ ਸੀ ਕਿ ਦੋਵਾਂ ਨੂੰ ਇੱਕੋ ਕਾਲਜ ਵਿੱਚ ਪਾਇਆ ਜਾਵੇ। ਇਸ ਵਿੱਚ ਅੜਚਣ ਸੀ ਕਿਉਂਕਿ ਦੋਵਾਂ ਦੇ ਨੰਬਰਾਂ ਵਿੱਚ ਖਾਸਾ ਫ਼ਰਕ ਸੀ। ਜਾਪਦਾ ਸੀ ਕਿ ਇੱਕੋ ਕਾਲਜ ਵਿੱਚ ਦਾਖਲਾ ਮਿਲਣਾ ਮੁਸ਼ਕਿਲ ਹੈ। ਦਲਜੀਤ ਨਹੀਂ ਚਾਹੁੰਦੀ ਸੀ ਕਿ ਲਖਵੀਰ ਨੂੰ ਹੋਰ ਪੜ੍ਹਾਇਆ ਜਾਵੇ। ਉਹ ਚਾਹੁੰਦੀ ਸੀ ਕਿ ਉਹ ਖੇਤੀ ਵਿੱਚ ਆਪਣੇ ਦਾਦੇ ਦੀ ਮਦਦ ਕਰੇ ਅਤੇ ਮਨਵੀਰ ਨੂੰ ਕਿਸੇ ਚੰਗੇ ਕੋਰਸ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਜੋ ਪੜ੍ਹ ਲਿਖ ਕੇ ਆਪਣੇ ਬਾਪ ਵਾਂਗ ਚੰਗਾ ਅਫ਼ਸਰ ਲੱਗ ਸਕੇ। ਕਾਲਜ ਵਿੱਚ ਦਾਖਲੇ ਬਾਰੇ ਪਤਾ ਕੀਤਾ ਤਾਂ ਖ਼ਬਰ ਮਿਲੀ ਕਿ ਕਾਲਜ ਵਾਲੇ ਲਖਵੀਰ ਨੂੰ ਦਾਖਲ ਕਰਨ ਲਈ ਤਿਆਰ ਸਨ, ਵਜ਼ੀਫ਼ਾ ਵੀ ਦੇ ਰਹੇ ਸਨ ਅਤੇ ਹੋਸਟਲ ’ਚ ਰਹਿਣ ਦਾ ਸਾਰਾ ਖਰਚ ਵੀ ਕਾਲਜ ਵੱਲੋਂ ਕਰਨ ਲਈ ਤਿਆਰ ਸਨ ਜਦੋਂਕਿ ਮਨਵੀਰ ਨੂੰ ਦਾਖਲ ਕਰਨ ਤੋਂ ਟਾਲਾ ਵੱਟ ਰਹੇ ਸਨ। ਹਰਬੰਸ ਦੀ ਜਾਣ-ਪਛਾਣ ਕਾਰਨ ਕਾਲਜ ਵਾਲੇ ਕੁਝ ਡੋਨੇਸ਼ਨ ਲੈ ਕੇ ਮਨਵੀਰ ਨੂੰ ਵੀ ਦਾਖਲ ਕਰਨ ਲਈ ਰਾਜ਼ੀ ਹੋ ਗਏ। ਦੋਵਾਂ ਨੂੰ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਗਿਆ। ਦੋਵੇਂ ਹੋਸਟਲ ਵਿੱਚ ਰਹਿਣ ਲੱਗ ਪਏ। ਉਨ੍ਹਾਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ। ਲਖਵੀਰ ਨੇ ਮਨ ਲਾ ਕੇ ਪੜ੍ਹਾਈ ਸ਼ੁਰੂ ਕਰ ਦਿੱਤੀ ਜਦੋਂਕਿ ਮਨਵੀਰ ਦਾ ਮਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਸੀ ਲੱਗਦਾ। ਲਖਵੀਰ ਉਸ ਨੂੰ ਸਮਝਾਉਂਦਾ, ‘‘ਵੀਰੇ, ਤੂੰ ਮਾਪਿਆਂ ਦਾ ਇੰਨਾ ਖਰਚ ਕਰਵਾਇਆ ਹੈ ਪੜ੍ਹਾਈ ਵੱਲ ਧਿਆਨ ਦਿਆ ਕਰ।’’ ਪਰ ਉਹ ਉਸ ਦੀ ਬਿਲਕੁਲ ਨਹੀਂ ਸੁਣਦਾ ਸੀ। ਜਦੋਂ ਉਸ ਨੇ ਆਪਣੀ ਤੇ ਵੀਰੇ ਦੀ ਪੜ੍ਹਾਈ ਦੀ ਰਿਪੋਰਟ ਘਰ ਦਿੱਤੀ ਤਾਂ ਦਲਜੀਤ ਨੇ ਲਖਵੀਰ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਤੂੰ ਆਪਣੀ ਫ਼ਿਕਰ ਕਰ, ਇਸ ਬਾਰੇ ਤੈਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਸੁਣ ਕੇ ਲਖਵੀਰ ਦੇ ਮਨ ਨੂੰ ਭਾਰੀ ਸੱਟ ਵਜੀ ਤੇ ਉਸ ਨੇ ਮਹਿਸੂਸ ਕੀਤਾ ਕਿ ਕੀ ਮੈਂ ਤੇ ਮਨਵੀਰ ਸਕੇ ਭਰਾ ਹਾਂ? ਮੇਰੀ ਮਾਂ ਦਲਜੀਤ ਕੌਰ ਨਹੀਂ ਹੋ ਸਕਦੀ। ਇਹ ਗੱਲ ਉਸ ਨੇ ਕਿਸੇ ਨਾਲ ਵੀ ਸਾਂਝੀ ਨਾ ਕੀਤੀ। ਉਸ ਨੇ ਦਾਦੇ ਨੂੰ ਕਹਿ ਕੇ ਮਨਵੀਰ ਨਾਲੋਂ ਵੱਖਰਾ ਕਮਰਾ ਲੈ ਲਿਆ ਅਤੇ ਮਨਵੀਰ ਆਪਣੇ ਦੋਸਤਾਂ ਨਾਲ ਰਹਿਣ ਲੱਗਿਆ। ਲਖਵੀਰ ਨੂੰ ਹੁਣ ਤੱਕ ਇਹੋ ਸਮਝਾਇਆ ਗਿਆ ਸੀ ਕਿ ਉਸ ਦੇ ਮਾਪਿਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਤੈਨੂੰ ਤੇਰੇ ਦਾਦਾ ਦਾਦੀ ਅਤੇ ਦਲਜੀਤ ਤੇ ਹਰਬੰਸ ਨੇ ਪਾਲਿਆ ਹੈ। ਇਸ ਲਈ ਦਲਜੀਤ ਹੀ ਹੁਣ ਤੇਰੀ ਮਾਂ ਅਤੇ ਹਰਬੰਸ ਸਿੰਘ ਤੇਰਾ ਬਾਪ ਹੈ। ਉਹ ਆਪਣੀ ਪੜ੍ਹਾਈ ਵੱਲ ਵੱਧ ਧਿਆਨ ਦੇਣ ਲੱਗਿਆ। ਉਂਜ ਉਸ ਦਾ ਦਿਲ ਇਹ ਸਭ ਕੁਝ ਮੰਨਣ ਤੋਂ ਇਨਕਾਰੀ ਸੀ। ਉਸ ਦੇ ਦਿਲ ’ਚੋਂ ਇਹ ਆਵਾਜ਼ ਆਉਂਦੀ ਸੀ ਕਿ ‘ਮੇਰੀ ਮਾਂ ਮਰੀ ਨਹੀਂ, ਜ਼ਿੰਦਾ ਹੈ ਅਤੇ ਮੈਂ ਉਸ ਦੀ ਖੋਜ ਕਰਨੀ ਹੈ’।
ਮਨਵੀਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਲਖਵੀਰ ਨੂੰ ਪਾਰਟੀ ਲਈ ਆਖਦਾ ਤਾਂ ਉਹ ਮਨ੍ਹਾਂ ਕਰ ਦਿੰਦਾ ਅਤੇ ਹੋਰ ਮਿਹਨਤ ਨਾਲ ਪੜ੍ਹਾਈ ਵੱਲ ਧਿਆਨ ਦਿੰਦਾ। ਪਾਰਟੀਆਂ ਵਿੱਚ ਨਸ਼ੇ ਦੀ ਵਰਤੋਂ ਹੋਣ ਲੱਗ ਪਈ। ਲਖਵੀਰ ਨੇ ਘਰ ਕਿਸੇ ਨਾਲ ਵੀ ਨਸ਼ੇ ਵਾਲੀ ਗੱਲ ਸਾਂਝੀ ਨਾ ਕੀਤੀ। ਮਨਵੀਰ ਨਸ਼ੇ ਦੇ ਟੀਕੇ ਵੀ ਲਾਉਣ ਲੱਗ ਪਿਆ। ਲਖਵੀਰ ਨੂੰ ਇਹ ਸਭ ਬਿਲਕੁਲ ਵੀ ਭਾਉਂਦਾ ਨਹੀਂ ਸੀ। ਉਹ ਦਾ ਧਿਆਨ ਪੜ੍ਹਾਈ ਉੱਪਰ ਹੀ ਸੀ। ਉਸ ਨੇ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਜਦੋਂਕਿ ਮਨਵੀਰ ਉਸ ਤੋਂ ਕਾਫ਼ੀ ਪਿੱਛੇ ਰਹਿ ਗਿਆ। ਲਖਵੀਰ ਨੇ ਪੀ ਸੀ ਐੱਸ ਦਾ ਇਮਤਿਹਾਨ ਦਿੱਤਾ ਤੇ ਕਾਮਯਾਬ ਹੋ ਗਿਆ। ਉਸ ਨੂੰ ਤਹਿਸੀਲਦਾਰ ਲਾ ਦਿੱਤਾ ਗਿਆ। ਉਹ ਸਿਖਲਾਈ ਪੂਰੀ ਕਰ ਕੇ ਨੇੜੇ ਦੇ ਜ਼ਿਲ੍ਹੇ ਵਿੱਚ ਨੌਕਰੀ ਕਰਨ ਲੱਗਿਆ, ਪਰ ਉਸ ਦੇ ਮਨ ਅੰਦਰ ਆਪਣੀ ਮਾਂ ਨੂੰ ਲੱਭਣ ਦੀ ਇੱਛਾ ਸੀ। ਇੱਕ ਦੋ ਵਾਰ ਉਸ ਨੇ ਆਪਣੇ ਦਾਦੇ ਨੂੰ ਪੁੱਛਿਆ ਤਾਂ ਉਸ ਨੇ ਵੀ ਘਰ ਹੋਏ ਫ਼ੈਸਲੇ ਮੁਤਾਬਿਕ ਉਸ ਨੂੰ ਦੱਸਿਆ, ‘‘ਦਲਜੀਤ ਕੌਰ ਹੀ ਤੇਰੀ ਮਾਂ ਅਤੇ ਹਰਬੰਸ ਸਿੰਘ ਹੀ ਤੇਰਾ ਬਾਪ ਹੈ। ਤੈਨੂੰ ਕੋਈ ਵਹਿਮ ਹੈ। ਚਿੰਤਾ ਨਾ ਕਰਿਆ ਕਰ। ਸਾਨੂੰ ਹੁਣ ਤੇਰੇ ਵਿਆਹ ਦਾ ਫ਼ਿਕਰ ਹੈ।’’ ਲਖਵੀਰ ਨੇ ਕਿਹਾ, ‘‘ਜਦੋਂ ਕਹੋਗੇ ਵਿਆਹ ਕਰਾ ਲਵਾਂਗਾ। ਮੈਂ ਆਪਣੇ ਪੈਰਾਂ ਸਿਰ ਹੋ ਗਿਆ ਹਾਂ। ਮੈਨੂੰ ਤਾਂ ਇਹ ਫ਼ਿਕਰ ਹੈ ਕਿ ਮਨਵੀਰ ਦਾ ਕੀ ਬਣੇਗਾ। ਉਹ ਹਰ ਸਮੇਂ ਨਸ਼ੇ ਵਿੱਚ ਰਹਿੰਦਾ ਹੈ।’’
ਲਖਵੀਰ ਨੂੰ ਆਪਣੀ ਮਾਂ ਦਾ ਪਤਾ ਕਰਨ ਲਈ ਕੋਈ ਵੀ ਸੁਰਾਗ਼ ਨਹੀਂ ਸੀ ਮਿਲ ਰਿਹਾ ਸੀ। ਇੱਕ ਦਿਨ ਨਸ਼ੇ ਦੀ ਤੋੜ ਵਿੱਚ ਮਨਵੀਰ ਨੇ ਦਲਜੀਤ ਨੂੰ ਕੁੱਟ ਦਿੱਤਾ ਕਿਉਂਕਿ ਉਹ ਉਸ ਨੂੰ ਨਸ਼ਾ ਖਰੀਦਣ ਲਈ ਪੈਸੇ ਨਹੀਂ ਸੀ ਦੇ ਰਹੀ। ਗੇਲੇ ਤੇ ਸਿਮਰੋ ਨੇ ਉਸ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਮਨਵੀਰ ਨੇ ਉਨ੍ਹਾਂ ਨੂੰ ਵੀ ਸੱਟਾਂ ਮਾਰ ਦਿੱਤੀਆਂ। ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਤਾ ਲੱਗਣ ’ਤੇ ਲਖਵੀਰ ਵੀ ਪਤਾ ਲੈਣ ਲਈ ਹਸਪਤਾਲ ਪੁੱਜ ਗਿਆ। ਤਿੰਨਾਂ ਨੂੰ ਜ਼ਖ਼ਮੀ ਦੇਖ ਕੇ ਉਸ ਦਾ ਮਨ ਦੁਖੀ ਹੋਇਆ ਤੇ ਉਹ ਵਾਰੀ ਵਾਰੀ ਦਲਜੀਤ, ਗੇਲੇ ਅਤੇ ਸਿਮਰੋ ਤੋਂ ਸਾਰੀ ਗੱਲ ਧਿਆਨ ਨਾਲ ਸੁਣਨ ਲੱਗਾ। ਉਹ ਚਾਹੁੰਦਾ ਸੀ ਕਿ ਮਨਵੀਰ ਨੂੰ ਸਿੱਧੇ ਰਸਤੇ ਪਾਇਆ ਜਾਵੇ ਪਰ ਇਸ ਕੰਮ ਲਈ ਦਲਜੀਤ ਅਤੇ ਹਰਬੰਸ ਦੀ ਸਹਿਮਤੀ ਜ਼ਰੂਰੀ ਸੀ। ਜਦੋਂ ਉਸ ਨੇ ਦਲਜੀਤ ਨੂੰ ਪੁੱਛਿਆ ਤਾਂ ਉਹ ਅਸਲੀਅਤ ਨੂੰ ਲੁਕੋ ਕਹਿਣ ਲੱਗੀ ਕਿ ਮੈਂ ਤਾਂ ਡਿੱਗ ਪਈ ਸੀ ਕਿ ਮੈਨੂੰ ਪਾਸੇ ਕਰਨ ਲਈ ਮਨਵੀਰ ਨੇ ਜ਼ਰਾ ਕੁ ਹੱਥ ਲਾਇਆ ਸੀ। ਪਰ ਗੇਲਾ ਤੇ ਸਿਮਰੋ ਫਿਸ ਪਏ। ਉਨ੍ਹਾਂ ਨੇ ਦੱਸਿਆ, ‘‘ਪਾਪਾ ਜੀ ਦੇ ਬੈਂਕ ਅਤੇ ਬਾਬਾ ਜੀ ਦੇ ਖੇਤ ਚਲੇ ਜਾਣ ਮਗਰੋਂ ਮਨਵੀਰ ਰੋਜ਼ਾਨਾ ਦਲਜੀਤ ਨਾਲ ਲੜਾਈ ਕਰਦਾ ਹੈ ਤੇ ਉਸ ਤੋਂ ਪੈਸੇ ਲੈ ਜਾਂਦਾ ਹੈ। ਅੱਜ ਉਸ ਨੇ ਇਨਕਾਰ ਕੀਤਾ ਤਾਂ ਇਸ ਨੇ ਕੋਲ ਪਿਆ ਘੋਟਣਾ ਚੁੱਕ ਲਿਆ ਤੇ ਦੋ ਤਿੰਨ ਉਸ ਦੇ ਜੜ੍ਹ ਦਿੱਤੇ। ਇਸ ਕਾਰਨ ਉਹ ਡਿੱਗ ਪਈ। ਅਸੀਂ ਦੋਵੇਂ ਨੇੜੇ ਹੀ ਕੰਮ ਕਰ ਰਹੇ ਸੀ। ਨੇੜੇ ਪੁੱਜ ਉਸ ਨੂੰ ਹਟਾਉਣਾ ਚਾਹਿਆ ਅਤੇ ਮੈਂ ਉਸ ਦੇ ਹੱਥੋਂ ਘੋਟਣਾ ਖੋਹ ਰਿਹਾ ਸੀ। ਉਸ ਨੇ ਮੇਰੇ ਵੀ ਚਾਰ ਪੰਜ ਜੜ੍ਹ ਦਿੱਤੀਆਂ। ਮੈਂ ਤਾਂ ਉੱਥੇ ਹੀ ਡਿੱਗ ਪਿਆ ਤੇ ਇਹੀ ਹਾਲ ਇਸ ਨੇ ਸਿਮਰੋ ਦਾ ਕੀਤਾ। ਮੈਂ ਤਾਂ ਸੋਚਿਆ ਕਿ ਅਸੀਂ ਤਾਂ ਮਾਰੇ ਗਏ। ਕਾਫ਼ੀ ਖ਼ੂਨ ਇਕੱਠਾ ਹੋ ਗਿਆ ਤਾਂ ਇਹ ਘੋਟਣਾ ਸੁੱਟ ਕੇ ਭੱਜ ਗਿਆ। ਪਿੰਡ ਵਾਲੇ ਰੌਲਾ ਸੁਣ ਕੇ ਸਾਡੀ ਮਦਦ ਲਈ ਅੱਪੜੇ ਤੇ ਸਾਨੂੰ ਇੱਥੇ ਹਸਪਤਾਲ ਵਿੱਚ ਲਿਆ ਸੁੱਟਿਆ। ਹੁਣ ਦਵਾਈਆਂ ਨਾਲ ਕੁਝ ਆਰਾਮ ਮਿਲਿਆ ਹੈ। ਹਾਲੇ ਵੀ ਪਾਸਾ ਨਹੀਂ ਲਿਆ ਜਾਂਦਾ, ਦਰਦ ਬਹੁਤ ਹੁੰਦਾ ਹੈ। ਸਿਮਰੋ ਦੀ ਆਵਾਜ਼ ਤਾਂ ਮਸਾਂ ਹੀ ਨਿਕਲਦੀ ਹੈ।’’
ਲਖਵੀਰ ਨੂੰ ਪੱਕ ਹੋ ਗਿਆ ਕਿ ਦਲਜੀਤ ਆਪਣੇ ਪੁੱਤਰ ਮਨਵੀਰ ਨੂੰ ਬਚਾਉਣਾ ਚਾਹੁੰਦੀ ਹੈ। ਮੈਨੂੰ ਉਹ ਅਸਲੀਅਤ ਨਹੀਂ ਦੱਸ ਰਹੀ ਕਿਉਂਕਿ ਮੈਂ ਉਸ ਦਾ ਪੁੱਤਰ ਨਹੀਂ ਹਾਂ। ਮੇਰੀ ਮਾਂ ਕੋਈ ਹੋਰ ਹੈ। ਉਹ ਜਿੱਥੇ ਵੀ ਹੈ, ਮੈਂ ਲੱਭ ਕੇ ਰਹਾਂਗਾ। ਮੈਨੂੰ ਪਤਾ ਹੈ ਕਿ ਮਾਂ ਦੇ ਪੈਰਾਂ ਵਿੱਚ ਜੰਨਤ ਹੁੰਦੀ ਹੈ। ਮੈਨੂੰ ਉਸ ਦੇ ਮਿਲਣ ’ਤੇ ਹੀ ਪੂਰਨ ਖ਼ੁਸ਼ੀ ਮਿਲੇਗੀ। ਚਾਹੇ ਕੁਝ ਵੀ ਕਰਨਾ ਪਵੇ, ਮੈਂ ਉਸ ਨੂੰ ਜ਼ਰੂਰ ਹੀ ਲੱਭ ਲਵਾਂਗਾ। ਵਾਹਿਗੁਰੂ ਹੀ ਮੈਨੂੰ ਰਸਤਾ ਦਿਖਾਵੇਗਾ। ਉਸ ਨੂੰ ਜਾਪਦਾ ਸੀ ਕਿ ਗੇਲੇ ਤੇ ਸਿਮਰੋ ਨੂੰ ਜ਼ਰੂਰ ਪਤਾ ਹੋਵੇਗਾ ਕਿਉਂ ਜੋ ਮੈਂ ਉਨ੍ਹਾਂ ਨੂੰ ਛੋਟੇ ਹੁੰਦੇ ਤੋਂ ਸਾਡੇ ਘਰ ਕੰਮ ਕਰਦੇ ਦੇਖਦਾ ਰਿਹਾ ਹਾਂ।
ਲਖਵੀਰ ਨੇ ਡਾਕਟਰੀ ਇਲਾਜ ਲਈ ਡਾਕਟਰ ਨੂੰ ਸਾਰੇ ਬਿਲ ਦੇਣ ਦੀ ਜ਼ਿੰਮੇਵਾਰੀ ਲੈ ਲਈ ਅਤੇ ਆਖਿਆ ਕਿ ਜਿੰਨਾ ਮਰਜ਼ੀ ਖਰਚ ਹੋ ਜਾਵੇ ਤਿੰਨਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਪਹਿਲਾਂ ਛੁੱਟੀ ਨਹੀਂ ਦੇਣੀ ਹੈ। ਗੇਲਾ ਅਤੇ ਸਿਮਰੋ ਮੈਨੂੰ ਓਨੇ ਹੀ ਪਿਆਰੇ ਹਨ ਜਿੰਨੀ ਮਾਂ ਦਲਜੀਤ ਕੌਰ। ਇਸ ਲਈ ਸਾਰਿਆਂ ਦਾ ਪੂਰੇ ਧਿਆਨ ਨਾਲ ਇਲਾਜ ਕਰਨਾ ਹੈ। ਹਰ ਦੂਜੇ ਤੀਜੇ ਦਿਨ ਉਹ ਕੰਮ ਵਿੱਚੋਂ ਪਤਾ ਲੈਣ ਲਈ ਆ ਜਾਇਆ ਕਰਦਾ ਸੀ। ਜਦੋਂ ਇੱਕ ਦਿਨ ਉਸ ਨੂੰ ਜਾਪਿਆ ਕਿ ਸਿਮਰੋ ਦੀ ਹਾਲਤ ਕਾਫ਼ੀ ਠੀਕ ਹੈ ਤਾਂ ਉਹ ਉਸ ਕੋਲ ਬੈਠ ਗਿਆ ਤੇ ਘਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਛੋਹ ਲਈਆਂ। ਉਸ ਨੇ ਪੁੱਛਿਆ, ‘‘ਤੂੰ ਮੈਨੂੰ ਇਹ ਦੱਸ ਕਿ ਕੀ ਮੈਂ ਦਲਜੀਤ ਕੌਰ ਦਾ ਪੁੱਤਰ ਹਾਂ?’’ ਸਿਮਰੋ ਇਹ ਸੁਆਲ ਸੁਣ ਕੇ ਹੈਰਾਨ ਹੋ ਗਈ। ਇਸ ਗੱਲ ’ਤੇ ਪਰਦਾ ਰੱਖਣ ਲਈ ਉਨ੍ਹਾਂ ਨੂੰ ਸਹੁੰਆਂ ਪਾਈਆਂ ਗਈਆਂ ਸਨ ਅਤੇ ਕੁਝ ਨਕਦ ਰਕਮ ਵੀ ਦਿੱਤੀ ਗਈ ਸੀ। ਸਿਮਰੋ ਉੱਤਰ ਦੇਣ ਵਿੱਚ ਹਿਚਕਿਚਾਹਟ ਮਹਿਸੂਸ ਕਰ ਰਹੀ ਸੀ। ਲਖਵੀਰ ਵੀ ਉਸ ਦਾ ਮਨ ਭਾਂਪ ਗਿਆ। ਉਸ ਨੇ ਕਿਹਾ, ‘‘ਤੂੰ ਡਰ ਨਾ। ਮੈਨੂੰ ਸੱਚੋ ਸੱਚ ਦੱਸ ਦੇ। ਮੈਂ ਤੈਨੂੰ ਇਨਾਮ ਦੇਵਾਂਗਾ। ਤੁਹਾਨੂੰ ਆਪਣੇ ਕੋਲ ਰਖਾਂਗਾ। ਜੇਕਰ ਤੁਸੀਂ ਵੱਖਰੇ ਰਹਿਣਾ ਹੈ ਤਾਂ ਵਧੀਆ ਘਰ ਪਾ ਕੇ ਦੇ ਸਕਦਾ ਹਾਂ।’’ ਜਿਉਂ ਹੀ ਉਸ ਨੇ ਲਾਲਚ ਦਿੱਤਾ ਤਾਂ ਸਿਮਰੋ ਨੇ ਗੇਲੇ ਵੱਲ ਦੇਖਿਆ ਜੋ ਸੁੱਤਾ ਪਿਆ ਸੀ। ਸਿਮਰੋ ਨੇ ਲਖਵੀਰ ਨੂੰ ਕਿਹਾ, ‘‘ਮੈਨੂੰ ਘਬਰਾਹਟ ਹੋ ਰਹੀ ਹੈ। ਮੈਨੂੰ ਬਾਹਰ ਲੈ ਚੱਲ।’’ ਲਖਵੀਰ ਸਮਝ ਗਿਆ ਕਿ ਸਿਮਰੋ ਉਸ ਨਾਲ ਵੱਖਰੇ ਹੋ ਕੇ ਗੱਲ ਕਰਨਾ ਚਾਹੁੰਦੀ ਹੈ। ਉਹ ਉਸ ਨੂੰ ਸਹਾਰਾ ਦੇ ਕੇ ਬਾਹਰ ਲੈ ਗਿਆ। ਨਰਸ ਨੇ ਦੇਖਿਆ, ਪਰ ਕੁਝ ਨਾ ਬੋਲੀ। ਬਾਹਰ ਜਾ ਕੇ ਸਿਮਰੋ ਨੇ ਲਖਵੀਰ ਨੂੰ ਕਿਹਾ, ‘‘ਤੁਹਾਨੂੰ ਮੈਨੂੰ ਬਚਾਉਣਾ ਹੋਵੇਗਾ ਕਿਉਂਕਿ ਜੇਕਰ ਮਨਵੀਰ ਨੂੰ ਪਤਾ ਲੱਗਾ ਕਿ ਭੇਤ ਮੈਂ ਖੋਲ੍ਹਿਆ ਹੈ ਤਾਂ ਉਹ ਮੈਨੂੰ ਅਤੇ ਗੇਲੇ ਨੂੰ ਮਾਰ ਦੇਵੇਗਾ।’’ ਲਖਵੀਰ ਨੇ ਕਿਹਾ, ‘‘ਡਰਨ ਦੀ ਲੋੜ ਨਹੀਂ। ਮੈਂ ਇਸ ਗੱਲ ਦੀ ਕਿਸੇ ਨੂੰ ਖ਼ਬਰ ਵੀ ਨਹੀਂ ਹੋਣ ਦਿਆਂਗਾ। ਤੂੰ ਮੈਨੂੰ ਸਾਰੀ ਗੱਲ ਦੱਸ ਦੇ।’’ ਸਿਮਰੋ ਬੋਲੀ, ‘‘ਤੂੰ ਦਲਜੀਤ ਕੌਰ ਦਾ ਨਹੀਂ, ਸੁਰਜੀਤ ਕੌਰ ਦਾ ਪੁੱਤਰ ਹੈਂ। ਤੇਰਾ ਪਿਤਾ ਰਜਵੰਤ ਸਿੰਘ ਇੱਕ ਸੜਕ ਹਾਦਸੇ ਵਿੱਚ ਪੂਰਾ ਹੋ ਗਿਆ ਸੀ। ਭੋਗ ਤੋਂ ਬਾਅਦ ਸਾਰਿਆਂ ਨੇ ਰਲ ਕੇ ਤੇਰੀ ਮਾਂ ਨੂੰ ਪੇਕੇ ਭੇਜ ਦਿੱਤਾ ਸੀ ਤੇ ਤੇਰਾ ਪਾਲਣ ਪੋਸ਼ਣ ਤੇਰੀ ਚਾਚੀ ਦਲਜੀਤ ਕੌਰ ਅਤੇ ਤੇਰੀ ਦਾਦੀ ਨੇ ਰਲ ਕੇ ਕੀਤਾ।’’ ਲਖਵੀਰ ਨੇ ਪੁੱਛਿਆ, ‘‘ਮੇਰੇ ਨਾਨਕੇ ਕਿੱਥੇ ਹਨ?’’ ਸਿਮਰੋ ਨੇ ਦੱਸ ਦਿੱਤਾ। ਇਹ ਸੁਣ ਕੇ ਲਖਵੀਰ ਮਨ ਹੀ ਮਨ ਬਹੁਤ ਖ਼ੁਸ਼ ਹੋਇਆ। ਫਿਰ ਉਹ ਸਿਮਰੋ ਨੂੰ ਅੰਦਰ ਛੱਡ ਆਇਆ ਤੇ ਨਰਸ ਨੂੰ ਉਸ ਨੂੰ ਦਵਾਈ ਦੇਣ ਲਈ ਕਿਹਾ ਕਿਉਂਕਿ ਬਾਕੀ ਮਰੀਜ਼ਾਂ ਨੂੰ ਦਵਾਈ ਦੇ ਬੈਠੀ ਸੀ। ਜਦੋਂ ਪਹਿਲਾਂ ਸਿਮਰੋ ਨੂੰ ਦਵਾਈ ਲਈ ਆਵਾਜ਼ ਦਿੱਤੀ ਸੀ ਤਾਂ ਲਖਵੀਰ ਨੇ ਥੋੜ੍ਹਾ ਇੰਤਜ਼ਾਰ ਕਰਨ ਲਈ ਕਹਿ ਦਿੱਤਾ ਸੀ।
ਹੁਣ ਲਖਵੀਰ ਦਾ ਟੀਚਾ ਆਪਣੀ ਮਾਂ ਨੂੰ ਮਿਲਣ ਦਾ ਸੀ। ਉਹ ਆਪਣੇ ਨਾਨਕੇ ਘਰ ਜਾ ਕੇ ਆਪਣੀ ਅਸਲੀ ਮਾਂ ਸੁਰਜੀਤ ਕੌਰ ਨੂੰ ਮਿਲਣਾ ਚਾਹੁੰਦਾ ਸੀ। ਉਹ ਇਸ ਲਈ ਬਹੁਤ ਉਤਾਵਲਾ ਸੀ। ਸਿਮਰੋ ਨੇ ਨਾਨਕੇ ਪਿੰਡ ਦਾ ਅੰਦਾਜ਼ਾ ਦੇ ਦਿੱਤਾ ਸੀ। ਲਖਵੀਰ ਚਾਹੁੰਦਾ ਸੀ ਕਿ ਉਹ ਆਪਣੇ ਨਾਨਕੇ ਪਿੰਡ ਜਾ ਕੇ ਨਾਨਕੇ ਘਰ ਦੀ ਭਾਲ ਕਰੇ ਅਤੇ ਆਪਣੀ ਮਾਂ ਨੂੰ ਆਪਣੇ ਨਾਲ ਲਿਆ ਕੇ ਕੋਲ ਹੀ ਰੱਖੇ ਅਤੇ ਉਸ ਦੀ ਪੂਰੀ ਸੇਵਾ ਕਰੇ। ਉਹ ਅਗਲੇ ਦਿਨ ਹੀ ਨਾਨਕੇ ਪਿੰਡ ਪੁੱਜ ਗਿਆ। ਮਾਂ ਤੋਂ ਵਿਛੜਿਆਂ ਉਸ ਨੂੰ ਲਗਭਗ ਤਿੰਨ ਦਹਾਕੇ ਲੰਘ ਗਏ ਸਨ। ਉਸ ਪਿੰਡ ਦੀ ਨਵੀਂ ਪਨੀਰੀ ਨੂੰ ਸੁਰਜੀਤ ਕੌਰ ਜਾਂ ਉਸ ਦੇ ਮਾਪਿਆਂ ਦੇ ਘਰ ਦਾ ਕੋਈ ਇਲਮ ਨਹੀਂ ਸੀ। ਉਹ ਪਿੰਡ ਦੀ ਗਲੀ ਵਿੱਚ ਤੁਰਿਆ ਜਾ ਰਿਹਾ ਸੀ ਤਾਂ ਇੱਕ ਥਾਂ ਉਸ ਨੂੰ ਕੁਝ ਬਜ਼ੁਰਗ ਤਾਸ਼ ਖੇਡਦੇ ਮਿਲੇ। ਉਸ ਨੇ ਪੂਰੇ ਸਤਿਕਾਰ ਨਾਲ ਫਤਹਿ ਬੁਲਾਈ। ਉਸ ਨੇ ਪੁੱਛਿਆ, ‘‘ਸੁਰਜੀਤ ਕੌਰ ਮੇਰੇ ਪਿੰਡ ਕੌਲੀ ਜ਼ਿਲ੍ਹਾ ਸੰਗਰੂਰ ਵਿੱਚ ਵਿਆਹੀ ਸੀ। ਉਸ ਦਾ ਘਰਵਾਲਾ ਬੈਂਕ ਵਿੱਚ ਸੀ ਅਤੇ ਸੜਕ ਹਾਦਸੇ ’ਚ ਪੂਰਾ ਹੋ ਗਿਆ ਸੀ। ਇਹ ਲਗਭਗ 30 ਸਾਲ ਪਹਿਲਾਂ ਦੀ ਘਟਨਾ ਹੈ। ਮੈਂ ਉਨ੍ਹਾਂ ਦਾ ਘਰ ਲੱਭ ਰਿਹਾ ਹਾਂ। ਇਸ ਲਈ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ। ਇੱਕ ਬਜ਼ੁਰਗ ਬੋਲਿਆ,‘‘ ਹਾਂ! ਮੈਨੂੰ ਇਹ ਸਾਰੀ ਘਟਨਾ ਇੰਨ-ਬਿੰਨ ਯਾਦ ਹੈ ਜਿਵੇਂ ਇਹ ਹਾਲੇ ਨੇੜੇ ਹੀ ਘਟੀ ਹੋਵੇ। ਮੈਂ ਵੀ ਉਸ ਦੇ ਭੋਗ ’ਤੇ ਗਿਆ ਸੀ ਕਿਉਂਕਿ ਸੁਰਜੀਤ ਕੌਰ ਮੇਰੀ ਭਤੀਜੀ ਹੈ। ਬਹੁਤ ਕਹਿਣ ਦੇ ਬਾਵਜੂਦ ਉਸ ਨੇ ਹੋਰ ਵਿਆਹ ਨਹੀਂ ਕਰਵਾਇਆ। ਉਹ ਆਪਣੇ ਪੁੱਤਰ ਦੇ ਵਿਯੋਗ ਵਿੱਚ ਇਸ ਆਸ ਨਾਲ ਦਿਨ ਕੱਟ ਰਹੀ ਹੈ ਕਿ ਇੱਕ ਦਿਨ ਵਾਹਿਗੁਰੂ ਮਿਹਰ ਕਰੇਗਾ ਅਤੇ ਉਸ ਦਾ ਆਪਣੇ ਪੁੱਤਰ ਨਾਲ ਮੇਲ ਹੋਵੇਗਾ। ਮੇਰਾ ਭਰਾ ਤਾਂ ਉੱਥੇ ਜਾ ਚੁੱਕਾ ਹੈ ਜਿੱਥੋਂ ਕਦੇ ਵੀ ਕੋਈ ਵਾਪਸ ਨਹੀਂ ਆਇਆ...’’ ਇਹ ਬੋਲਦਿਆਂ ਉਸ ਦੀਆਂ ਅੱਖਾਂ ਵਿੱਚੋਂ ਨਮੀ ਝਲਕ ਰਹੀ ਸੀ। ਲਖਵੀਰ ਦਾ ਮਨ ਵੀ ਭਰ ਆਇਆ। ਕੁਝ ਰੁਕ ਕੇ ਉਸ ਨੇ ਉਸ ਬਜ਼ੁਰਗ ਨੂੰ ਕਿਹਾ, ‘‘ਚਾਚਾ ਜੀ, ਮੈਨੂੰ ਸੁਰਜੀਤ ਕੌਰ ਨੂੰ ਮਿਲਾ ਦਿਓ। ਮੈਂ ਉਸ ਦਾ ਅਭਾਗਾ ਪੁੱਤਰ ਹਾਂ ਜਿਸ ਨੂੰ ਆਪਣੀ ਮਾਂ ਤੋਂ ਵਿਛੜਿਆਂ ਬਹੁਤ ਸਾਲ ਹੋ ਗਏ ਹਨ। ਮੈਂ ਇਹ ਸਮਝ ਸਕਦਾ ਹਾਂ ਕਿ ਉਸ ਨੇ ਦੁੱਖ ਵਿੱਚ ਇੰਨਾ ਸਮਾਂ ਕਿਵੇਂ ਅੱਥਰੂਆਂ ਸੰਗ ਬਿਤਾਇਆ ਹੋਵੇਗਾ। ਹੁਣ ਤੁਸੀਂ ਹੋਰ ਦੇਰ ਨਾ ਕਰੋ। ਮੇਰੇ ਨਾਲ ਹੀ ਚੱਲੋ ਤਾਂ ਜੋ ਉਸ ਉਡੀਕਦੀ ਮਾਂ ਦੇ ਤਪਦੇ ਕਲੇਜੇ ਨੂੰ ਠੰਢ ਪਾ ਸਕਾਂ।’’ ਲਖਵੀਰ ਨੇ ਚਾਚੇ ਨੂੰ ਨਾਲ ਲਿਆ ਅਤੇ ਘਰ ਵੱਲ ਤੁਰ ਪਏ। ਜਦੋਂ ਘਰ ਪੁੱਜੇ ਤਾਂ ਦੇਖਿਆ ਕਿ ਲਖਵੀਰ ਦੀ ਨਾਨੀ ਅਤੇ ਮਾਂ ਘਰ ਦੇ ਦਰਵਾਜ਼ੇ ਵਿੱਚ ਬੈਠੀਆਂ ਗੱਲੀਂ ਰੁੱਝੀਆਂ ਹੋਈਆਂ ਸਨ। ਸੁਰਜੀਤ ਕੌਰ ਦਾ ਚਾਚਾ ਤਾਂ ਚੁੱਪ ਰਿਹਾ, ਪਰ ਲਖਵੀਰ ਨੇ ਪਹਿਲਾਂ ਆਪਣੀ ਨਾਨੀ ਦੇ ਪੈਰ ਛੂਹੇ ਅਤੇ ਫਿਰ ਆਪਣੀ ਮਾਂ ਦੇ ਗਲ ਲੱਗ ਗਿਆ। ਜਦੋਂ ਮਾਂ-ਪੁੱਤ ਦਾ ਮੇਲ ਹੋਇਆ ਤਾਂ ਸੁਰਜੀਤ ਕੌਰ ਇੱਕ ਵਾਰ ਹੈਰਾਨ ਹੋਈ, ਪਰ ਫਿਰ ਉਸ ਦੇ ਮਨ ਅੰਦਰ ਖ਼ਿਆਲ ਆਇਆ ਕਿ ਮੈਨੂੰ ਇਉਂ ਮਿਲਣ ਵਾਲਾ ਮੇਰਾ ਲੱਡੂ ਹੀ ਹੋ ਸਕਦਾ ਹੈ। ਉਸ ਨੇ ਲੱਡੂ ਦੀਆਂ ਅੱਖਾਂ ਵਿੱਚ ਹੰਝੂ ਡਿੱਠੇ ਤਾਂ ਰੋ ਕੇ ਆਪਣਾ ਮਨ ਹਲਕਾ ਕਰਨ ਲੱਗ ਪਈ। ਦੋਵਾਂ ਦੇ ਅੱਥਰੂ ਇੱਕ ਦੂਜੇ ਦਾ ਦੁੱਖ ਪਿਘਲਾ ਰਹੇ ਸਨ। ਜਦੋਂ ਇਸ ਅਵਸਥਾ ਵਿੱਚ ਕਾਫ਼ੀ ਸਮਾਂ ਲੰਘ ਗਿਆ ਤਾਂ ਬਜ਼ੁਰਗ ਚਾਚਾ ਬੋਲਿਆ, ‘‘ਭਰਜਾਈ, ਇਹ ਤਾਂ ਦੋਹਤਮਾਨ ਹੈ ਜੋ ਆਪਣੀ ਮਾਂ ਸੁਰਜੀਤ ਕੌਰ ਕੋਲ ਆਇਆ ਹੈ।’’ ਜ਼ਿਆਦਾ ਉਮਰ ਕਾਰਨ ਨਾਨੀ ਪੂਰਾ ਸਾਫ਼ ਨਹੀਂ ਦੇਖ ਸਕਦੀ ਸੀ। ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੀ ਸੀ ਕਿ ਪਰਮਾਤਮਾ ਨੇ ਮਿਹਰ ਕਰਕੇ ਉਸ ਦੀ ਧੀ ਦਾ ਕਾਲ਼ਜਾ ਠਾਰ ਦਿੱਤਾ ਹੈ। ਲਖਵੀਰ ਨੇ ਮਾਂ ਨੂੰ ਆਪਣੇ ਬਾਰੇ ਦੱਸਿਆ, ‘‘ਮੈਂ ਹੁਣ ਸਰਕਾਰੀ ਨੌਕਰ ਹਾਂ ਅਤੇ ਤੈਨੂੰ ਆਪਣੇ ਨਾਲ ਲੈ ਕੇ ਜਾਵਾਂਗਾ।’’ ਸੁਰਜੀਤ ਕੌਰ ਬੋਲੀ, ‘‘ਵਾਹ! ਵੇ ਲੱਡੂ, ਤੂੰ ਤਾਂ ਕਮਾਲ ਕਰ ਦਿੱਤੀ। ਮੈਂ ਅੱਜ ਬਹੁਤ ਖ਼ੁਸ਼ ਹਾਂ। ਮੈਂ ਤੇਰੇ ਨਾਲ ਜ਼ਰੂਰ ਚਲਾਂਗੀ। ਤੂੰ ਮੈਨੂੰ ਇਹ ਦੱਸ ਕਿ ਮੇਰੀ ਨੂੰਹ ਕਿਹੋ ਜਿਹੀ ਹੈ ਉਸ ਨੂੰ ਨਾਲ ਲੈ ਕੇ ਆਉਣਾ ਸੀ।’’ ਲਖਵੀਰ ਨੇ ਕਿਹਾ, ‘‘ਮੇਰੀ ਭੋਲੀ ਮਾਂ! ਮੇਰਾ ਪਹਿਲਾ ਕੰਮ ਤੈਨੂੰ ਲੱਭਣਾ ਸੀ। ਮੈਨੂੰ ਪਤਾ ਹੈ ਕਿ ਮਾਂ ਦੇ ਪੈਰਾਂ ਵਿੱਚ ਜੰਨਤ ਹੁੰਦੀ ਹੈ ਅਤੇ ਉਹ ਜੰਨਤ ਮੈਂ ਪਾ ਲਈ ਹੈ। ਹੁਣ ਮੈਂ ਤੁਹਾਨੂੰ ਨਾਲ ਲਿਜਾਵਾਂਗਾ। ਫਿਰ ਆਪਾਂ ਰਲ ਕੇ ਤੇਰੀ ਨੂੰਹ ਦੀ ਤਲਾਸ਼ ਕਰਾਂਗੇ। ਤੂੰ ਮੇਰੇ ਸਿਰ ’ਤੇ ਹੱਥ ਰੱਖੀਂ। ਅਸੀਂ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਾਂਗੇ। ਮੈਨੂੰ ਪਤਾ ਹੈ ਕਿ ਤੁਸੀਂ ਦੁੱਖਾਂ ਦੇ ਸਮੁੰਦਰ ਵਿੱਚ ਸੀ। ਹੁਣ ਆਪਾਂ ਸਾਰੇ ਖ਼ੁਸ਼ੀਆਂ ਮਾਣਾਂਗੇ।’’ ਸ਼ਾਮ ਤਕ ਰੁਕ ਕੇ ਦੋਵੇਂ ਮਾਂ-ਪੁੱਤ ਘਰ ਲਈ ਚੱਲ ਪਏ।
ਸੰਪਰਕ: 1-657-464-4066