ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਦੋਂ ਮਕਬੂਜ਼ਾ ਕਸ਼ਮੀਰ ’ਚ ਤਿਰੰਗੇ ਲਹਿਰਾਉਣ ਲੱਗੇ

ਜਨਰਲ ਹਰਬਖ਼ਸ਼ ਸਿੰਘ ਦੀ ਰਣਨੀਤੀ ਰੰਗ ਲਿਆਈ ਜਨਰਲ ਹਰਬਖ਼ਸ਼ ਸਿੰਘ ਨੇ ਸੈਨਾ ਮੁਖੀ ਨੂੰ ਸਮਝਾਇਆ ਕਿ ਕਸ਼ਮੀਰ ’ਚ ਇਸ ਸਮੇਂ ਮਾਰਸ਼ਲ ਲਾਅ ਲਾਉਣਾ ਨਾ ਤਾਂ ਦੇਸ਼ ਹਿੱਤ ’ਚ ਹੋਵੇਗਾ ਅਤੇ ਨਾ ਹੀ ਕਸ਼ਮੀਰੀਆਂ ਨੂੰ ਕੋਈ ਰਾਹਤ ਮਿਲੇਗੀ। ਉਨ੍ਹਾਂ ਪਹਿਲਾ ਕਾਰਨ ਇਹ ਦੱਸਿਆ ਕਿ ਫ਼ੌਜ ਦੀ ਘਾਟ ਤਾਂ ਪਹਿਲਾਂ ਹੀ ਹੈ ਤੇ ਜੇਕਰ ਫ਼ੌਜੀ ਰਾਜ ਸਥਾਪਿਤ ਕਰ ਦਿੱਤਾ ਤਾਂ ਫਿਰ ਜੰਗ ਕੌਣ ਲਡ਼ੇਗਾ? ਦੂਜੀ ਵੱਡੀ ਗੱਲ ਇਹ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਰੇਡੀਓ ’ਤੇ ਵਾਰ ਵਾਰ ਐਲਾਨ ਕਰ ਰਿਹਾ ਸੀ ਕਿ ਇਹ ਬਗ਼ਾਵਤ ਕਸ਼ਮੀਰੀਆਂ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਜੇਕਰ ਮਾਰਸ਼ਲ ਲਾਅ ਲਗਾ ਦਿੱਤਾ ਜਾਂਦਾ ਹੈ ਤਾਂ ਪਾਕਿਸਤਾਨ ਦੀ ਵਿਚਾਰਧਾਰਾ ਦੀ ਪੁਸ਼ਟੀ ਹੋ ਜਾਵੇਗੀ ਤੇ ਜਨਤਾ ਆਤਮ-ਵਿਸ਼ਵਾਸ ਗੁਆ ਬੈਠੇਗੀ। ਆਰਮੀ ਕਮਾਂਡਰ ਦੀ ਇਸ ਵਿਚਾਰਧਾਰਾ ਨੂੰ ਰੱਖਿਆ ਸਕੱਤਰ ਨੇ ਕੈਬਨਿਟ ਮੀਟਿੰਗ ’ਚ ਰੱਖਿਆ ਤਾਂ ਸਰਕਾਰ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਜਨਰਲ ਹਰਬਖ਼ਸ਼ ਸਿੰਘ ਦੀ ਦੂਰਅੰਦੇਸ਼ੀ ਵਾਲੀ ਸੋਚ ਦੀ ਖ਼ੂਬ ਪ੍ਰਸ਼ੰਸਾ ਹੋਈ। ਯੋਜਨਾ ਮੁਤਾਬਿਕ ਘੁਸਪੈਠੀਆਂ ਨੂੰ ਖਦੇਡ਼ਿਆ, ਆਵਾਮ ਅੰਦਰ ਵਿਸ਼ਵਾਸ ਪੈਦਾ ਕੀਤਾ ਅਤੇ ਸਿਵਿਲ ਪ੍ਰਸ਼ਾਸਨ ਦੀ ਫ਼ੌਜੀ ਰਾਜ ਕਾਇਮ ਕੀਤੇ ਬਗੈਰ ਖ਼ੂਬ ਸਹਾਇਤਾ ਵੀ ਕੀਤੀ। ਭਾਰਤੀ ਫ਼ੌਜ ਨੇ 1965 ਦੀ ਜੰਗ ਦੌਰਾਨ ਉਡ਼ੀ-ਹਾਜੀਪੀਰ-ਪੁਣਛ ਟਿਥਵਾਲ ਤੇ ਕਾਰਗਿਲ ਸੈਕਟਰ ਦਾ ਕੁੱਲ 270 ਵਰਗ ਮੀਲ ਵਾਲਾ ਮਕਬੂਜ਼ਾ ਕਸ਼ਮੀਰ ਦਾ ਇਲਾਕਾ ਜਿੱਤ ਕੇ ਉੱਥੇ ਸਥਾਪਤ ਸਾਰੇ ਅਤਿਵਾਦੀ ਕੈਂਪਾਂ ਦਾ ਸਫ਼ਾਇਆ ਕਰ ਦਿੱਤਾ। ਕਸ਼ਮੀਰ ਵਾਦੀ ਅੰਦਰ ਦੇਸ਼ ਦੀ ਵੰਡ ਤੋਂ ਪਹਿਲਾਂ ਵਾਲੀ ਪੁਣਛ-ਕਹੂਟਾ-ਉਡ਼ੀ ਸੈਕਟਰ ਵਾਲੀ ਸਡ਼ਕ (ਜੋ ਪਾਕਿਸਤਾਨ ਨੇ ਅਣ-ਅਧਿਕਾਰਤ ਤੌਰ ’ਤੇ ਕਬਜ਼ੇ ਹੇਠ ਕਰ ਰੱਖੀ ਸੀ) ਨੂੰ ਫ਼ੌਜ ਨੇ 4 ਸਤੰਬਰ ਨੂੰ ਚਾਲੂ ਕਰ ਕੇ ਵਾਪਸ ਭਾਰਤ ਸਰਕਾਰ (ਜੰਮੂ ਕਸ਼ਮੀਰ) ਹਵਾਲੇ ਕਰ ਦਿੱਤਾ। ਹਾਜੀਪੀਰ ਦੇ ਉੱਤਰੀ ਸੈਕਟਰ ਅਧੀਨ 15 ਪਿੰਡਾਂ ਅਤੇ ਦੱਖਣੀ ਹਿੱਸੇ ਵਾਲੇ 85 ਪਿੰਡਾਂ ਦੀ 15 ਹਜ਼ਾਰ ਦੇ ਕਰੀਬ ਕੁੱਲ ਆਬਾਦੀ ਨੂੰ ਇਕੱਠਿਆਂ ਕਰ ਕੇ ਇੱਕ ਤਹਿਸੀਲ ਬਣਾ ਦਿੱਤੀ ਗਈ ਤੇ ਉੱਥੇ ਤਿਰੰਗੇ ਲਹਿਰਾਉਣ ਲੱਗੇ। ਇਸ ਇਲਾਕੇ ਦੀ ਦੇਖ-ਰੇਖ ਲਈ ਇੱਕ ਸਹਾਇਕ ਕਮਿਸ਼ਨਰ, ਇੱਕ ਤਹਿਸੀਲਦਾਰ, ਦੋ ਨਾਇਬ ਤਹਿਸੀਲਦਾਰ, ਪੰਜ ਹੋਰ ਮਾਲ ਅਫਸਰ ਅਤੇ 20 ਪਟਵਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਲਈ ਪਿੰਡਾਂ ਦੇ ਪਿੰਡ ਖਾਲੀ ਕਰ ਕੇ ਰਾਵਲਪਿੰਡੀ ਆਦਿ ਵੱਲ ਨੂੰ ਜਾ ਚੁੱਕੇ ਲੋਕ ਮੁਡ਼ ਆਪਣੇ ਵਤਨ ਨੂੰ ਪਰਤਣ ਲੱਗੇ। ਅਵਾਮ ਨੂੰ ਰਾਸ਼ਨ ਪਾਣੀ ਪਹੁੰਚਾਇਆ ਗਿਆ ਤੇ ਭਾਰਤੀ ਕਰੰਸੀ ਵੀ ਵੰਡੀ ਗਈ। ਕਾਸ਼! ਤਾਸ਼ਕੰਦ ਸਮਝੌਤੇ ਤਹਿਤ ਇਹ ਇਲਾਕਾ ਵਾਪਸ ਪਾਕਿਸਤਾਨ ਨੂੰ ਨਾ ਸੌਂਪਿਆ ਜਾਂਦਾ!
Advertisement

1965 ’ਚ ਹੋਈ ਭਾਰਤ-ਪਾਕਿਸਤਾਨ ਜੰਗ ਨੂੰ ਫ਼ੌਜ ਦੇ ਜੰਗੀ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਉਸ ਵਰ੍ਹੇ ਅਗਸਤ ਤੇ ਸਤੰਬਰ ਮਹੀਨਿਆਂ ਦੌਰਾਨ ਜੰਗਜੂਆਂ ਨੇ ਆਪਣੀਆਂ ਜਾਨਾਂ ਤਲੀ ’ਤੇ ਰੱਖ ਕੇ ਸੂਰਬੀਰਤਾ ਭਰਪੂਰ ਕਾਰਨਾਮੇ ਕਰ ਦਿਖਾਏ। ਜੰਗ ਦੀ 60ਵੀਂ ਵਰ੍ਹੇਗੰਢ ਸਮੇਂ ਦੇਸ਼ਵਾਸੀਆਂ ਵਿਸ਼ੇਸ਼ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਫ਼ੌਜ ਦੀਆਂ ਉਪਲੱਬਧੀਆਂ ਤੋਂ ਜਾਣੂ ਕਰਵਾਉਣਾ ਹੀ ਜੰਗੀ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਅਗਸਤ ਉਹ ਇਤਿਹਾਸਕ ਮਹੀਨਾ ਹੈ ਜਦੋਂ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ (ਮਕਬੂਜ਼ਾ) ਕਸ਼ਮੀਰ ’ਚ ਪਹਿਲਾਂ ਕੁਝ ਅਤਿਵਾਦੀ ਕੈਂਪਾਂ ਦਾ ਮਲੀਆਮੇਟ ਕੀਤਾ। ਫਿਰ ਪੈਰਾ ਬਟਾਲੀਅਨ ਦੇ ਨਿਧੜਕ ਅਤੇ ਸੂਰਬੀਰ ਯੋਧਿਆਂ ਨੇ ਬੇਹੱਦ ਖ਼ਰਾਬ ਮੌਸਮ ਦੇ ਬਾਵਜੂਦ ਹਾਜੀ ਪੀਰ ਦੱਰੇ ਦੇ ਇਰਦ-ਗਿਰਦ ਤਿੱਖੀਆਂ ਅਤੇ ਚੁਣੌਤੀਆਂ ਭਰਪੂਰ ਪਹਾੜੀਆਂ ਤੋਂ ਦੁਸ਼ਮਣ ਨੂੰ ਖਦੇੜ ਕੇ 28 ਅਗਸਤ ਨੂੰ ਸਵੇਰੇ 10.30 ਵਜੇ ਤਿਰੰਗਾ ਝੰਡਾ ਹਾਜੀ ਪੀਰ ’ਤੇ ਲਹਿਰਾ ਕੇ ਦੇਸ਼ ਦਾ ਮਾਣ ਵਧਾਇਆ।

Advertisement

ਫਿਰ ਪਾਕਿਸਤਾਨ ਦੇ ਕਬਜ਼ੇ ਹੇਠ ਪੁਰਾਣੀ ਪੁਣਛ-ਕਹੂਟਾ-ਹਾਜੀ ਪੀਰ ਸੜਕ ਨੂੰ ਸਤੰਬਰ ’ਚ ਚਾਲੂ ਕਰ ਕੇ ਉੜੀ-ਬਾਰਾਮੂਲਾ-ਸ੍ਰੀਨਗਰ ਨਾਲ ਜੋੜ ਦਿੱਤਾ ਤੇ ਤਿਰੰਗੇ ਲਹਿਰਾਉਣ ਲੱਗੇ। ਕਾਸ਼! ਇਹ ਤਿਰੰਗੇ ਸਦਾ ਲਈ ਉੱਥੇ ਲਹਿਰਾਉਂਦੇ ਰਹਿੰਦੇ।

ਸਾਡੇ ਵਾਸਤੇ ਇਹ ਜਾਨਣਾ ਜ਼ਰੂਰੀ ਹੈ ਕਿ 1965 ਦੀ ਜੰਗ ਬਾਰੇ ਯੋਜਨਾਬੰਦੀ ਕਿਸ ਪੱਧਰ ’ਤੇ ਅਤੇ ਕਿਵੇਂ ਕੀਤੀ ਗਈ? ਦੁਸ਼ਮਣ ਦੇ ਮਨਸੂਬੇ ਕੀ ਸਨ ਅਤੇ ਫ਼ਨਾਹ ਕਿਵੇਂ ਕੀਤੇ ਗਏ? ਜੰਗ ਦੇ ਮੈਦਾਨ ’ਚ ਪਹੁੰਚ ਕੇ ਜੰਗ ਲੜਾਉਣ ਵਾਲਾ ਆਖ਼ਰ ਸੀ ਕੌਣ? ਮਾਰਸ਼ਲ ਲਾਅ ਦੀ ਨੌਬਤ ਤੇ ਜੰਗੀ ਰਣਨੀਤੀ ਕੀ ਸੀ? ਬੀਤੇ ਕੁਝ ਸਮੇਂ ਤੋਂ ਸਾਡੇ ਹਾਕਮ ਦੇਸ਼ਵਾਸੀਆਂ ਨੂੰ ਇਹ ਵਿਸ਼ਵਾਸ ਤਾਂ ਦੇ ਰਹੇ ਹਨ ਕਿ ਮਕਬੂਜ਼ਾ ਕਸ਼ਮੀਰ ਹਾਸਿਲ ਕਰ ਕੇ ਹੀ ਛੱਡਾਂਗੇ, ਪਰ ਸੰਭਵ ਕਿਵੇਂ ਹੋਵੇਗਾ? ਇਨ੍ਹਾਂ ਸਾਰੇ ਬਿੰਦੂਆਂ ’ਤੇ ਵਿਚਾਰ ਚਰਚਾ ਕਰਨੀ ਬਣਦੀ ਹੈ।

ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨੀ ਹਮਲਾਵਰਾਂ ਨੂੰ ਭਾਰਤੀ ਫ਼ੌਜ ਨੇ ਪਿੱਛੇ ਧੱਕ ਦਿੱਤਾ ਤਾਂ ਪਾਕਿਸਤਾਨੀ ਹਾਕਮਾਂ ਅੰਦਰ ਬਦਲੇ ਦੀ ਭਾਵਨਾ ਪੈਦਾ ਹੋ ਗਈ। ਸੰਨ 1962 ਦੀ ਲੜਾਈ ਵਿੱਚ ਚੀਨ ਹੱਥੋਂ ਹੋਈ ਭਾਰਤ ਦੀ ਹਾਰ ਦਾ ਫ਼ਾਇਦਾ ਲੈਂਦਿਆਂ ਪਾਕਿਸਤਾਨ ਨੇ 1965 ਦੇ ਸ਼ੁਰੂ ’ਚ ਕੱਛ (ਗੁਜਰਾਤ) ਦੇ ਰਣ ਵਿੱਚ ਆਪਣੀ ਤਿਆਰੀ ਦਾ ਜਾਇਜ਼ਾ ਲਿਆ। ਫਿਰ ਮਈ 1965 ਵਿੱਚ ਕਾਰਗਿਲ ਅੰਦਰ ਟਰੇਲਰ ਦੇਖਣ ਉਪਰੰਤ ਅਗਸਤ 1965 ਵਿੱਚ ਲੜਾਈ ਦਾ ਬਿਗਲ ਵਜਾ ਦਿੱਤਾ।

1965 ਵਿੱਚ ਭਾਰਤੀ ਫ਼ੌਜ ਦੇ ਮੁਖੀ ਜਨਰਲ ਜੇ.ਐੱਨ. ਚੌਧਰੀ ਸਨ। ਫ਼ੌਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ। ਸਭ ਤੋਂ ਵੱਧ ਮਹੱਤਵਪੂਰਨ ਪੱਛਮੀ ਕਮਾਂਡ ਮੰਨੀ ਜਾਂਦੀ ਸੀ, ਜਿਸ ਦਾ ਹੈੱਡਕੁਆਰਟਰ ਸ਼ਿਮਲਾ ਵਿਖੇ ਸੀ ਅਤੇ ਇਸ ਦੀ ਵਾਗਡੋਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਨਵੰਬਰ 1964 ਵਿੱਚ ਸੰਭਾਲੀ ਸੀ। ਪੱਛਮੀ ਕਮਾਂਡ ਦੀ ਅਪਰੇਸ਼ਨਲ ਜ਼ਿੰਮੇਵਾਰੀ ਵਾਲਾ ਇਲਾਕਾ ਲੇਹ-ਲੱਦਾਖ ਤੋਂ ਸ਼ੁਰੂ ਹੋ ਕੇ ਜੰਮੂ ਕਸ਼ਮੀਰ, ਸਮੁੱਚੇ ਪੰਜਾਬ (ਮੌਜੂਦਾ ਹਿਮਾਚਲ ਤੇ ਹਰਿਆਣਾ ਸਮੇਤ), ਰਾਜਸਥਾਨ ਅਤੇ ਕੱਛ (ਗੁਜਰਾਤ) ਦੇ ਰਣ ਤੱਕ ਸੀ। ਲੜਾਈ ਦੌਰਾਨ ਕਮਾਂਡ ਦਾ ਟੈਕਨੀਕਲ ਹੈੱਡਕੁਆਰਟਰ ਅੰਬਾਲਾ ਸੀ। ਸਰਕਾਰ ਨੇ ਇਹ ਫ਼ੈਸਲਾ ਕੀਤਾ ਕਿ ਜੇਕਰ ਪਾਕਿਸਤਾਨ ਜੰਮੂ ਕਸ਼ਮੀਰ ਉੱਪਰ ਚੜ੍ਹਾਈ ਕਰਦਾ ਹੈ ਤਾਂ ਉਸ ਨੂੰ ਭਾਰਤ ’ਤੇ ਹਮਲਾ ਸਮਝਿਆ ਜਾਵੇਗਾ। ਇਸ ਅਨੁਸਾਰ ਫ਼ੌਜ ਨੇ ਆਪਣੀ ਰਣਨੀਤੀ ਬਣਾਈ।

ਪੱਛਮੀ ਕਮਾਂਡ ਨੂੰ ਜੰਮੂ ਕਸ਼ਮੀਰ ਵਾਸਤੇ ਪੁਖ਼ਤਾ ਰਣਨੀਤੀ ਬਣਾਉਣ ਦਾ ਜ਼ਿੰਮਾ ਸੌਂਪਿਆ ਗਿਆ। ਇਸ ਦੇ ਨਾਲ ਨਾਲ ਪੰਜਾਬ ਅਤੇ ਰਾਜਸਥਾਨ ਨਾਲ ਲੱਗਦੀ ਕੌਮਾਂਤਰੀ ਸੀਮਾ ਦੀ ਹਿਫ਼ਾਜ਼ਤ ਕਰਨੀ ਤੇ ਪਾਕਿਸਤਾਨ ਉੱਪਰ ਸੀਮਤ ਹਮਲੇ ਕਰਨਾ ਅਤੇ ਜੰਮੂ ਕਸ਼ਮੀਰ ਵੱਲ ਆਵਾਜਾਈ ਦੇ ਸਾਧਨ ਬਰਕਰਾਰ ਰੱਖਣਾ ਸੀ।

ਜਨਰਲ ਹਰਬਖ਼ਸ਼ ਸਿੰਘ ਨੂੰ ਇਹ ਗਿਆਨ ਸੀ ਕਿ ਸੰਭਾਵੀ ਜੰਗ ਲੜਨ ਦਾ ਉਦੇਸ਼ ਪ੍ਰਦੇਸ਼ਿਕ ਇਲਾਕੇ ਨੂੰ ਕਬਜ਼ੇ ਹੇਠ ਲੈਣ ਵਾਲਾ ਨਹੀਂ ਸੀ ਸਗੋਂ ਸੰਨ 1949 ਤੋਂ ਜੰਮੂ ਕਸ਼ਮੀਰ ’ਚ ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਕੀਤੀ ਜਾ ਰਹੀ ਉਲੰਘਣਾ ਨੂੰ ਠੱਲ੍ਹ ਪਾਉਣਾ ਸੀ। ਹਰ ਰੋਜ਼ ਔਸਤਨ ਛੇ-ਸੱਤ ਵਾਰੀ ਪਾਕਿਸਤਾਨ ਦੀ ਤਰਫ਼ੋਂ ਗੋਲਾਬਾਰੀ ਹੁੰਦੀ ਰਹਿੰਦੀ ਜਿਸ ਦੌਰਾਨ ਰਾਕਟ ਵੀ ਦਾਗ਼ੇ ਜਾਂਦੇ, ਕਦੇ ਤੋਪਾਂ ਵੀ ਗੂੰਜਦੀਆਂ। ਸੰਨ 1965 ਦੇ ਪਹਿਲੇ ਛੇ ਮਹੀਨਿਆਂ ਅੰਦਰ ਪਾਕਿਸਤਾਨ ਨੇ 1800 ਵਾਰੀ ਕੰਟਰੋਲ ਰੇਖਾ ਦੀ ਉਲੰਘਣਾ ਕੀਤੀ।

ਸੰਨ 1964 ਵਿੱਚ ਪੱਛਮੀ ਕਮਾਂਡ ਦੀ ਵਾਗਡੋਰ ਸੰਭਾਲਦੇ ਸਮੇਂ ਸਭ ਤੋਂ ਪਹਿਲਾਂ ਜਨਰਲ ਹਰਬਖ਼ਸ਼ ਸਿੰਘ ਨੇ ਆਪ੍ਰੇਸ਼ਨਲ ਪਲੈਨ ਨੂੰ ਨਵਾਂ ਰੂਪ ਦਿੱਤਾ। ਉਹ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ ਕਿ ਜਦੋਂ ਤਕ ਕੰਟਰੋਲ ਰੇਖਾ ਪਾਰ ਉੱਚੀਆਂ ਪਹਾੜੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਦੋਂ ਤਕ ਜੰਗਲ ਭਰੀਆਂ ਵਾਦੀਆਂ ਅਤੇ ਸੈਂਕੜੇ ਵਗਦੇ ਰਸਤਿਆਂ ਰਾਹੀਂ ਘੁਸਪੈਠੀਏ ਕਸ਼ਮੀਰ ਵਾਦੀ ’ਚ ਪ੍ਰਵੇਸ਼ ਕਰ ਗਏ ਤਾਂ ਸ੍ਰੀਨਗਰ ਸਥਾਪਤ 15 ਕੋਰ ਵਾਸਤੇ ਉਨ੍ਹਾਂ ਨੂੰ ਵਾਪਸ ਧੱਕਣਾ ਸੁਖਾਲਾ ਨਹੀਂ ਹੋਵੇਗਾ ਜਿਵੇਂ ਕਿ ਸੰਨ 1947-48 ’ਚ ਵਾਪਰਿਆ ਸੀ। ਇਸ ਵਾਸਤੇ ਹਾਜੀ ਪੀਰ ਅਤੇ ਕੁਝ ਕੁ ਹੋਰ ਉੱਚੀਆਂ ਚੋਟੀਆਂ ਵਾਲੀਆਂ ਦੁਸ਼ਮਣ ਦੀਆਂ ਪੋਸਟਾਂ ਨੂੰ ਉਨ੍ਹਾਂ ’ਤੇ ਹਮਲੇ ਕਰ ਕੇ ਆਪਣੇ ਕਬਜ਼ੇ ਹੇਠ ਸਿਰਫ਼ ਜਨਰਲ ਹਰਬਖ਼ਸ਼ ਸਿੰਘ ਦੀ ਦੂਰਅੰਦੇਸ਼ੀ ਵਾਲੀ ਰਣਨੀਤੀ ਸਦਕਾ ਲਿਆ ਗਿਆ।

ਦਰਅਸਲ, 1947-48 ਵਾਲੀ ਕਸ਼ਮੀਰ ਦੀ ਲੜਾਈ ਦੌਰਾਨ ਜਨਰਲ ਹਰਬਖ਼ਸ਼ ਸਿੰਘ ਨੇ ਪਹਿਲਾਂ ਇੱਕ ਪਲਟਨ ਦੇ ਕਮਾਂਡਿੰਗ ਅਫਸਰ ਵਜੋਂ ਅਤੇ ਬਾਅਦ ਵਿੱਚ ਬ੍ਰਿਗੇਡ ਕਮਾਂਡਰ ਦੀ ਹੈਸੀਅਤ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਅ ਕੇ ਦੁਸ਼ਮਣ ਨੂੰ ਖਦੇੜਦਿਆਂ ਮੁਜ਼ੱਫਰਾਬਾਦ ਤੱਕ ਪਿੱਛੇ ਧੱਕ ਦਿੱਤਾ ਸੀ। ਉਨ੍ਹਾਂ ਨੂੰ ਉੱਚ ਕੋਟੀ ਦੀ ਬਹਾਦਰੀ ਲਈ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ।

ਮਾਰਸ਼ਲ ਲਾਅ ਦੀ ਨੌਬਤ: ਸੰਨ 1947-48 ਦੀ ਜੰਗ ਵਿੱਚ ਨਮੋਸ਼ੀ ਭਰੀ ਹਾਰ ਦਾ ਬਦਲਾ ਲੈਣ ਦੀ ਭਾਵਨਾ ਨਾਲ ਪਾਕਿਸਤਾਨ ਦੇ ਫ਼ੌਜੀ ਹਾਕਮ ਜਨਰਲ ਅਯੂਬ ਖ਼ਾਨ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਅੰਦਰ ਸੰਨ 1965 ਦੇ ਸ਼ੁਰੂ ਵਿੱਚ ਚਾਰ ਗੁਰੀਲਾ ਟਰੇਨਿੰਗ ਕੈਂਪ ਸਥਾਪਤ ਕਰਕੇ ਭਾਰਤ ਅੰਦਰ ਘੁਸਪੈਠ ਦੀਆਂ ਤਿਆਰੀਆਂ ਵਿੱਢ ਦਿੱਤੀਆਂ। ਅਗਸਤ ਦੇ ਪਹਿਲੇ ਹਫ਼ਤੇ ‘ਆਪਰੇਸ਼ਨ ਜਿਬਰਾਲਟਰ’ ਦੇ ਨਾਂ ਹੇਠ ਤਕਰੀਬਨ ਨੌਂ ਹਜ਼ਾਰ ਘੁਸਪੈਠੀਆਂ ਨੂੰ ਸਿਖਲਾਈ ਉਪਰੰਤ 538 ਟਾਸਕ ਫੋਰਸਿਜ਼ ’ਚ ਵੰਡ ਕੇ ਇਸਲਾਮ ਦੇ ਨਾਅਰੇ ਹੇਠ ਜੰਮੂ ਕਸ਼ਮੀਰ ਦੇ ਇਲਾਕੇ ’ਚ ਕਾਰਗਿਲ ਤੋਂ ਲੈ ਕੇ ਜੰਮੂ ਦੇ ਪੱਛਮ ਵਾਲੀਆਂ ਪਹਾੜੀਆਂ ਵੱਲ ਧੱਕ ਦਿੱਤਾ।

ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਗਹਿਰੀ ਨੀਂਦ ਦਾ ਆਨੰਦ ਮਾਣ ਰਹੇ ਸਾਡੇ ਦੇਸ਼ ਦੇ ਹਾਕਮਾਂ ਨੂੰ ਸੂਹ ਤੱਕ ਨਹੀਂ ਲੱਗਣ ਦਿੱਤੀ। ਇਹ ਆਪਰੇਸ਼ਨ ਪਹਿਲੀ ਅਗਸਤ ਨੂੰ ਮੇਜਰ ਜਨਰਲ ਅਖ਼ਤਰ ਹੁਸੈਨ ਮਲਿਕ (12 ਡਵੀਜ਼ਨ) ਦੀ ਕਮਾਂਡ ਹੇਠ ਸ਼ੁਰੂ ਕੀਤਾ ਗਿਆ।

ਪਹਿਲੀ ਟੀਮ ਸੋਨਮਰਗ-ਕਾਰਗਿਲ, ਦੂਸਰੀ ਚੌਕੀਬਲ-ਕਿਰਨ, ਤੀਜੀ ਨਸਤਾਚੁਨ ਦੱਰਾ-ਟਿਥਵਾਲ, ਚੌਥੀ ਟੋਲੀ ਬਾਰਾਮੂਲਾ-ਉੜੀ-ਗੁਲਮਰਗ ਹਾਜੀਪੀਰ-ਪੁਣਛ ਅਤੇ ਪੰਜਵੀਂ ਮੈਂਦਰ-ਰਾਜੌਰੀ-ਨੌਸ਼ਹਿਰਾ ਭੇਜੀ। ਇਨ੍ਹਾਂ ਢੇਰ ਸਾਰੀਆਂ ਟੀਮਾਂ ਨੂੰ ਸੌਂਪੇ ਗਏ ਕੰਮਾਂ ਵਿੱਚ ਫ਼ੌਜੀ ਹੈੱਡਕੁਆਰਟਰਾਂ, ਮੋਟਰ ਗੱਡੀਆਂ ਵਾਲੇ ਕਾਫ਼ਲਿਆਂ, ਹਵਾਈ ਅੱਡੇ, ਰੇਡੀਓ ਸਟੇਸ਼ਨਾਂ ਤੇ ਗੋਲਾ ਬਾਰੂਦ ਦੇ ਜ਼ਖ਼ੀਰਿਆਂ ਨੂੰ ਤਬਾਹ ਕਰਨਾ ਸ਼ਾਮਿਲ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਸ਼ਮੀਰੀ ਨਾਗਰਿਕਾਂ ਅੰਦਰ ਹਥਿਆਰ, ਗੋਲਾ ਬਾਰੂਦ ਵੰਡਣਾ ਅਤੇ ਇਸ ਕਿਸਮ ਦਾ ਮਾਹੌਲ ਪੈਦਾ ਕਰਨਾ ਸੀ ਜਿਸ ਨਾਲ ਸਿਵਿਲ ਪ੍ਰਸ਼ਾਸਨ ਨੂੰ ਬੇਵੱਸ ਕੀਤਾ ਜਾ ਸਕੇ ਤਾਂ ਜੋ ਸ਼ਰੇਆਮ ਸਥਿਤੀ ਬਗ਼ਾਵਤ ਦਾ ਰੂਪ ਧਾਰਨ ਕਰ ਲਵੇ। ਇਹ ਵੀ ਕਲਪਨਾ ਕੀਤੀ ਗਈ ਕਿ ਹਾਜੀਪੀਰ ਵੱਲੋਂ ਆਉਣ ਵਾਲੇ ਘੁਸਪੈਠੀਏ 8 ਅਗਸਤ ਨੂੰ ਕਸ਼ਮੀਰ ਘਾਟੀ ’ਚ ਪੀਰ ਦਸਤਗੀਰ ਸਾਹਿਬ ਵਾਲੇ ਮੇਲੇ ’ਚ ਲੋਕਾਂ ਨਾਲ ਘੁਲਮਿਲ ਜਾਣਗੇ ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚਣੇ ਸਨ।

ਅਗਲਾ ਦਿਨ ਸ਼ੇਖ਼ ਅਬਦੁੱਲਾ ਦੀ ਕੈਦ ਦੀ ਵਰ੍ਹੇਗੰਢ ਵਾਲਾ ਸੀ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਘੁਸਪੈਠੀਏ ਇਸ ਜਲਸੇ ’ਚ ਹਥਿਆਰਾਂ ਸਮੇਤ ਸ਼ਾਮਿਲ ਹੋ ਕੇ ਬਗ਼ਾਵਤ ਦਾ ਬਿਗਲ ਵਜਾਉਣਗੇ। ਕਸ਼ਮੀਰ ਘਾਟੀ ’ਚ ‘ਇਨਕਲਾਬੀ ਸਰਕਾਰ’ ਕਾਇਮ ਕਰ ਕੇ ਬਾਹਰਲੇ ਮੁਲਕਾਂ ਖ਼ਾਸ ਤੌਰ ’ਤੇ ਪਾਕਿਸਤਾਨ ਨੂੰ ਮਾਨਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਜਾਵੇਗੀ। ਛੇ-ਸੱਤ ਅਗਸਤ ਨੂੰ ਸੈਂਕੜਿਆਂ ਦੀ ਨਫ਼ਰੀ ਵਾਲੇ ਘੁਸਪੈਠੀਆਂ ਨੇ ਫ਼ੌਜੀ ਕੈਂਪਾਂ ’ਤੇ ਹੱਲੇ ਬੋਲਣ ਦੇ ਨਾਲ ਕਈ ਪੁਲ ਉਡਾ ਕੇ ਸੰਚਾਰ ਸਾਧਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਜੰਮੂ ਕਸ਼ਮੀਰ ਵਾਲੀਆਂ ਭਰਪੂਰ ਕੋਸ਼ਿਸ਼ਾਂ ਜਾਰੀ ਰਹੀਆਂ। ਦਹਿਸ਼ਤ ਵਾਲਾ ਮਾਹੌਲ ਹਰ ਪਾਸੇ ਛਾ ਗਿਆ, ਜਿਸ ਕਾਰਨ ਪ੍ਰਸ਼ਾਸਨ ’ਤੇ ਦਬਾਅ ਵਧਦਾ ਜਾ ਰਿਹਾ ਸੀ। ਜੰਮੂ ਕਸ਼ਮੀਰ ਦੀ ਸਰਕਾਰ ਨੇ ਦਿੱਲੀ ਨਾਲ ਸੰਪਰਕ ਕਰ ਕੇ ਪੁਰਜ਼ੋਰ ਮੰਗ ਕੀਤੀ ਕਿ ਮਾਰਸ਼ਲ ਲਾਅ ਲਾਗੂ ਕਰਕੇ ਸਿਵਿਲ ਪ੍ਰਸ਼ਾਸਨ ਵੀ ਸੰਭਾਲੇ। ਤਤਕਾਲੀ ਫ਼ੌਜ ਮੁਖੀ ਜਨਰਲ ਚੌਧਰੀ ਉਸ ਸਮੇਂ ਜਲੰਧਰ ਵਿਖੇ ਜਨਰਲ ਹਰਬਖ਼ਸ਼ ਸਿੰਘ ਤੇ ਹੋਰ ਜਰਨੈਲਾਂ ਨਾਲ ਰਣਨੀਤੀ ਤੈਅ ਕਰ ਰਹੇ ਸਨ। ਉਨ੍ਹਾਂ ਨਾਲ ਸੰਪਰਕ ਕਰਕੇ ਰੱਖਿਆ ਸਕੱਤਰ ਨੇ ਵਿਚਾਰ ਜਾਣਨੇ ਚਾਹੇ।

ਸਮੀਖਿਆ ਤੇ ਸੁਝਾਅ: ਜਿਸ ਤੀਬਰਤਾ ਨਾਲ ਪਾਕਿਸਤਾਨ ਅਤਿਵਾਦੀ ਕੈਂਪਾਂ ਦਾ ਨਵੀਨੀਕਰਨ ਤੇ ਵਿਸਥਾਰ ਕਰਕੇ ਬਹੁਗਿਣਤੀ ਵਾਲੇ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਸਵੈ-ਨਿਰਭਰ ਛੋਟੇ-ਛੋਟੇ ਆਕਾਰ ਵਾਲੇ ਕੈਂਪਾਂ ਨੂੰ ਐੱਲਓਸੀ ਦੇ ਇਰਦ-ਗਿਰਦ ਜੰਗਲ ਭਰਪੂਰ ਇਲਾਕੇ ’ਚ ਤਾਇਨਾਤ ਕਰ ਰਿਹਾ ਹੈ, ਉਨ੍ਹਾਂ ਨਾਲ ਨਜਿੱਠਣਾ ਵੀ ਭਾਰਤ ਲਈ ਇੱਕ ਵੱਡੀ ਚੁਣੌਤੀ ਹੋਵੇਗੀ। ਭੂ-ਸਿਆਸਤ ’ਚ ਮਿਲ ਰਹੇ ਉਥਲ-ਪੁਥਲ ਵਾਲੇ ਸੰਕੇਤਾਂ ਤੇ ਰੂਸ-ਯੂਕਰੇਨ ਜੰਗ ਤੇ ਇਜ਼ਰਾਈਲ ਵੱਲੋਂ ਮਨੁੱਖਤਾ ਦੇ ਕੀਤੇ ਜਾ ਰਹੇ ਘਾਣ ਦੇ ਮੱਦੇਨਜ਼ਰ ਜੰਗ ਲੜ ਕੇ ਪੀਓਕੇ ਹਾਸਿਲ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਲੋੜ ਤਾਂ ਇਸ ਗੱਲ ਦੀ ਹੈ ਕਿ ਸਿਆਸੀ ਆਗੂ ਫ਼ੌਜ ਦਾ ਸਿਆਸੀਕਰਨ ਕਰਨ ਦੀ ਬਜਾਇ ਹਥਿਆਰਬੰਦ ਸੈਨਾਵਾਂ ਦੀਆਂ ਕਮਜ਼ੋਰੀਆਂ ਤੇ ਖ਼ਾਮੀਆਂ ਨੂੰ ਪੂਰਾ ਕਰਨ ਲਈ ਰੱਖਿਆ ਬਜਟ ਜੀਡੀਪੀ ਦਾ 3 ਤੋਂ 4 ਫ਼ੀਸਦੀ ਤਕ ਵਧਾਉਣ। ਇਸ ਪਾਸੇ ਸਰਕਾਰ ਤੁਰੰਤ ਧਿਆਨ ਦੇਵੇ, ਮਤੇ ਅਸੀਂ ਧੋਖਾ ਨਾ ਖਾ ਜਾਈਏ।

Advertisement
Show comments