ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਦੋਂ ਸਵਾਲ ਅਧਿਕਾਰਾਂ, ਚਰਿੱਤਰ ਅਤੇ ਸਨਮਾਨ ਦਾ ਹੋਵੇ

ਪ੍ਰਿੰਸੀਪਲ ਵਿਜੈ ਕੁਮਾਰ ਸ਼ਾਂਤਮਈ ਜ਼ਿੰਦਗੀ ਜੀਵੋ, ਗੁੱਸਾ ਨਾ ਕਰੋ, ਘੁਮੰਡ ਮਨੁੱਖ ਦਾ ਨਾਸ਼ ਕਰਦਾ ਹੈ ਅਤੇ ਲੜਾਈ ਝਗੜੇ ’ਚ ਪੈ ਕੇ ਮਨੁੱਖ ਆਪਣੇ ਦਿਮਾਗ਼ ਦਾ ਸਕੂਨ ਖੋ ਬੈਠਦਾ ਹੈ। ਮਨੁੱਖੀ ਜ਼ਿੰਦਗੀ ’ਚ ਸੱਚਮੁੱਚ ਇਨ੍ਹਾਂ ਗੱਲਾਂ ਦੀ ਵੱਡੀ ਅਹਿਮੀਅਤ ਹੈ। ਸਿਆਣੇ...
Advertisement

ਪ੍ਰਿੰਸੀਪਲ ਵਿਜੈ ਕੁਮਾਰ

ਸ਼ਾਂਤਮਈ ਜ਼ਿੰਦਗੀ ਜੀਵੋ, ਗੁੱਸਾ ਨਾ ਕਰੋ, ਘੁਮੰਡ ਮਨੁੱਖ ਦਾ ਨਾਸ਼ ਕਰਦਾ ਹੈ ਅਤੇ ਲੜਾਈ ਝਗੜੇ ’ਚ ਪੈ ਕੇ ਮਨੁੱਖ ਆਪਣੇ ਦਿਮਾਗ਼ ਦਾ ਸਕੂਨ ਖੋ ਬੈਠਦਾ ਹੈ। ਮਨੁੱਖੀ ਜ਼ਿੰਦਗੀ ’ਚ ਸੱਚਮੁੱਚ ਇਨ੍ਹਾਂ ਗੱਲਾਂ ਦੀ ਵੱਡੀ ਅਹਿਮੀਅਤ ਹੈ। ਸਿਆਣੇ ਲੋਕਾਂ ਦੀਆਂ ਇਨ੍ਹਾਂ ਨਸੀਹਤਾਂ, ਜ਼ਿੰਦਗੀ ਦੇ ਇਨ੍ਹਾਂ ਸਾਕਾਰਾਤਮਕ ਸਿਧਾਂਤਾਂ ਅਤੇ ਕਿਤਾਬੀ ਗਿਆਨ ਦੇ ਨਾਲ ਨਾਲ ਮਨੁੱਖੀ ਜ਼ਿੰਦਗੀ ਦੀ ਤਲਖ਼ ਹਕੀਕਤ ਇਹ ਵੀ ਹੈ ਕਿ ਜਦੋਂ ਮਨੁੱਖ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਵੇ, ਉਸ ਦੇ ਚਰਿੱਤਰ ਉੱਤੇ ਉਂਗਲਾਂ ਉਠਾਈਆਂ ਜਾਣ ਅਤੇ ਉਸ ਦੇ ਸਨਮਾਨ ਨੂੰ ਆਂਚ ਆਉਂਦੀ ਹੋਵੇ ਤਾਂ ਚੁੱਪ ਰਹਿਣਾ ਤੇ ਉਨ੍ਹਾਂ ਨੂੰ ਚੁਣੌਤੀ ਸਮਝ ਕੇ ਉਨ੍ਹਾਂ ਵਿਰੁੱਧ ਖੜ੍ਹੇ ਨਾ ਹੋਣਾ ਅਤੇ ਲੜਾਈ ਨਾ ਲੜਨਾ ਕਾਇਰਤਾ ਹੁੰਦੀ ਹੈ। ਮਰਹੂਮ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਦਾ ਕਹਿਣਾ ਸੀ ਕਿ ਕੱਛੂ ਦਾ ਖ਼ਰਗੋਸ਼ ਨੂੰ ਦੌੜ ’ਚ ਹਰਾਉਣਾ ਮਨੁੱਖ ਲਈ ਸਿੱਖਿਆਦਾਇਕ ਕਹਾਣੀ ਤਾਂ ਹੋ ਸਕਦੀ ਹੈ ਪਰ ਇਹ ਜ਼ਿੰਦਗੀ ਦੀ ਹਕੀਕਤ ਨਹੀਂ ਹੈ। ਪਾਂਡਵਾਂ ਨੇ ਕੌਰਵਾਂ ਤੋਂ ਪੰਜ ਪਿੰਡ ਮੰਗ ਕੇ ਵੀ ਲੜਾਈ ਨੂੰ ਟਾਲਣ ਦਾ ਯਤਨ ਕੀਤਾ ਪਰ ਰਾਜਾ ਧ੍ਰਿਤਰਾਸ਼ਟਰ ਵੱਲੋਂ ਪੰਜ ਪਿੰਡ ਦੇਣ ਤੋਂ ਨਾਂਹ ਕਰਨ ਦੇ ਬਾਵਜੂਦ ਪਾਂਡਵ ਆਪਣੇ ਅਧਿਕਾਰ ਲਈ ਲੜਾਈ ਨਾ ਲੜਦੇ ਤਾਂ ਉਨ੍ਹਾਂ ਨੇ ਯੋਧੇ ਕਹਾਉਣ ਦੀ ਥਾਂ ਕਾਇਰ ਕਹਾਉਣਾ ਸੀ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੇ ਮਜ਼ਾਕ ਦੇ ਪਾਤਰ ਬਣ ਜਾਣਾ ਸੀ। ਅਧਿਕਾਰ ਹੀ ਮਨੁੱਖ ਨੂੰ ਅਹੁਦੇ, ਗੱਦੀ, ਰਾਜ, ਮਾਣ ਸਨਮਾਨ ਅਤੇ ਸ਼ਾਨ ਪ੍ਰਦਾਨ ਕਰਦੇ ਹਨ। ਅਧਿਕਾਰਾਂ ਲਈ ਮਨੁੱਖ ਹੀ ਨਹੀਂ ਸਗੋਂ ਜਾਨਵਰ ਵੀ ਆਪਸ ਵਿੱਚ ਲੜਾਈ ਲੜਦੇ ਹਨ।

Advertisement

ਜਦੋਂ ਅਧਿਕਾਰ ਦਿੱਤੇ ਨਹੀਂ ਜਾਂਦੇ ਤਾਂ ਸਰਕਾਰਾਂ ਤੇ ਅਜਾਰੇਦਾਰਾਂ ਤੋਂ ਆਪਣੇ ਅਧਿਕਾਰਾਂ ਦੀ ਮੰਗ ਲਈ ਮੁਲਾਜ਼ਮਾਂ ਅਤੇ ਕਿਰਤੀਆਂ ਦੇ ਸੰਘਰਸ਼, ਭੁੱਖ ਹੜਤਾਲਾਂ ਅਤੇ ਮਰਨ ਵਰਤ ਚੱਲਦੇ ਰਹਿੰਦੇ ਹਨ। ਚਰਿੱਤਰ ਮਨੁੱਖੀ ਜ਼ਿੰਦਗੀ ਦਾ ਬਹੁਤ ਵੱਡਾ ਸਰਮਾਇਆ ਹੁੰਦਾ ਹੈ। ਚਰਿੱਤਰ ਦੇ ਮਹੱਤਵ ਨੂੰ ਪ੍ਰਗਟਾਉਂਦਾ ਇਹ ਕਥਨ ਕਿ ਧਨ ਮੁੜ ਹਾਸਲ ਹੋ ਸਕਦਾ ਹੈ ਪਰ ਚਰਿੱਤਰ ਉੱਤੇ ਇੱਕ ਵਾਰ ਉਂਗਲੀ ਉੱਠਣ ’ਤੇ ਮਨੁੱਖ ਆਪਣੀ ਇੱਜ਼ਤ ਮੁੜ ਨਹੀਂ ਬਣਾ ਸਕਦਾ।

ਕਈ ਵਾਰ ਮਨੁੱਖ ਨੂੰ ਅੱਗੇ ਵਧਦਿਆਂ ਵੇਖ ਲੋਕ ਉਸ ਨੂੰ ਬਦਨਾਮ ਕਰਨ ਵਾਸਤੇ ਉਸ ਦੇ ਚਰਿੱਤਰ ਉੱਤੇ ਤੁਹਮਤਾਂ ਲਗਾਉਣ ਲੱਗਦੇ ਹਨ। ਅਜਿਹੀ ਸਥਿਤੀ ’ਚ ਨਿਰਦੋਸ਼ ਹੁੰਦੇ ਹੋਏ ਆਪਣੇ ਚਰਿੱਤਰ ਉੱਤੇ ਤੁਹਮਤ ਲਗਾਉਣ ਵਾਲਿਆਂ ਵਿਰੁੱਧ ਖੜ੍ਹੇ ਨਾ ਹੋਣਾ ਅਤੇ ਉਨ੍ਹਾਂ ਨੂੰ ਜਵਾਬ ਨਾ ਦੇਣਾ, ਉਨ੍ਹਾਂ ਤੁਹਮਤਾਂ ਨਾਲ ਸਹਿਮਤ ਹੋਣਾ ਹੁੰਦਾ ਹੈ। ਚਰਿੱਤਰ ਉੱਤੇ ਤੁਹਮਤ ਲੱਗਣ ਸਮੇਂ ਇਹ ਤਰਕ ਦੇਣਾ ਕਿ ਰੱਬ ਤੁਹਮਤਾਂ ਲਗਾਉਣ ਵਾਲੇ ਨੂੰ ਆਪਣੇ ਆਪ ਜਵਾਬ ਦੇਵੇਗਾ, ਲੋਕਾਂ ਦਾ ਕੀ ਹੈ ਲੋਕਾਂ ਦਾ ਕੰਮ ਬੋਲਣਾ ਹੀ ਹੁੰਦਾ ਹੈ, ਚੁੱਪ ਰਹਿਣਾ ਹੀ ਠੀਕ ਹੁੰਦਾ ਹੈ- ਇਹ ਸਭ ਕੁਝ ਮਨ ਨੂੰ ਸਮਝਾਉਣ ਅਤੇ ਚੁਣੌਤੀ ਤੋਂ ਪਿੱਛਾ ਛੁਡਾਉਣ ਦੀ ਗੱਲ ਹੁੰਦੀ ਹੈ। ਰੋਜ਼ਮੱਰ੍ਹਾ ਦੀ ਮਨੁੱਖੀ ਜ਼ਿੰਦਗੀ ’ਚ ਰਿਸ਼ਵਤਖੋਰ, ਚੁਗਲਖੋਰ, ਕੰਮਚੋਰ, ਲੁਟੇਰਾ, ਸ਼ੋਸ਼ਣ ਕਰਨ ਵਾਲਾ, ਦੋਗਲਾ ਅਤੇ ਚਾਪਲੂਸ ਜਿਹੀਆਂ ਤੁਹਮਤਾਂ ਇੱਕ ਦੂਜੇ ਉੱਤੇ ਲਗਾਉਣਾ ਆਮ ਜਿਹੀ ਗੱਲ ਹੈ। ਕਈ ਵਾਰ ਲੋਕ ਆਪਣਾ ਮਤਲਬ ਕੱਢਣ ਲਈ ਵੀ ਦੂਜੇ ਉੱਤੇ ਅਜਿਹੀਆਂ ਤੁਹਮਤਾਂ ਲਗਾਉਂਦੇ ਹਨ। ਅਜਿਹੇ ਹਾਲਾਤ ਵਿੱਚ ਆਪਣੇ ਸਵੈਮਾਣ ਨੂੰ ਕਾਇਮ ਰੱਖਣ ਲਈ ਚੁੱਪ ਰਹਿਣ ਦੀ ਬਜਾਏ ਜਵਾਬ ਦੇਣਾ ਮਨੁੱਖ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ।

ਸਨਮਾਨ ਦੇਣਾ ਅਤੇ ਦੂਜਿਆਂ ਤੋਂ ਸਨਮਾਨ ਲੈਣ ਦੀ ਇੱਛਾ ਰੱਖਣਾ ਸਮਝਦਾਰ, ਦੂਰਅੰਦੇਸ਼, ਜ਼ਿੰਦਗੀ ਜਿਊਣ ਦੇ ਅਰਥਾਂ ਨੂੰ ਸਮਝਣ ਅਤੇ ਚੰਗੇ ਸੁਭਾਅ ਵਾਲੇ ਦਿਆਨਤਦਾਰ ਸੱਜਣ ਲੋਕਾਂ ਦੀ ਸ਼ਖ਼ਸੀਅਤ ਦਾ ਹਿੱਸਾ ਹੁੰਦਾ ਹੈ। ਪ੍ਰਸਿੱਧ ਵਾਰਤਕ ਲੇਖਕ ਨਰਿੰਦਰ ਸਿੰਘ ਕਪੂਰ ਦਾ ਕਹਿਣਾ ਹੈ ਕਿ ਸਨਮਾਨ ਦੇ ਬਦਲੇ ਦੂਜੇ ਨੂੰ ਵੱਧ ਤੋਂ ਵੱਧ ਸਨਮਾਨ ਦਿਓ ਪਰ ਅਪਮਾਨ ਨੂੰ ਸਹਿ ਕੇ ਦੁੱਖ ਕਦੇ ਵੀ ਨਾ ਕੱਟੋ, ਜਦੋਂ ਤੱਕ ਤੁਸੀਂ ਸਹਿਣਾ ਨਹੀਂ ਛੱਡੋਗੇ ਉਦੋਂ ਤੱਕ ਲੋਕ ਤੁਹਾਨੂੰ ਸਨਮਾਨ ਨਹੀਂ ਦੇਣਗੇ। ਦੂਜਿਆਂ ਤੋਂ ਸਨਮਾਨ ਲੈਣ ਲਈ ਉਨ੍ਹਾਂ ਨੂੰ ਸਨਮਾਨ ਦੇਣ ਦਾ ਗੁਣ ਕਦੇ ਨਾ ਛੱਡੋ ਅਤੇ ਛੋਟੇ ਛੋਟੇ ਆਪਣੇ ਹਿਤਾਂ ਲਈ ਕਦੇ ਵੀ ਆਪਣੇ ਸਨਮਾਨ ਨਾਲ ਸਮਝੌਤਾ ਨਾ ਕਰੋ। ਸਨਮਾਨ ਨਾਲ ਹੋਈਆਂ ਹਾਰਾਂ, ਅਪਮਾਨ ਨਾਲ ਹੋਈਆਂ ਜਿੱਤਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ। ਜਿਹੜੇ ਲੋਕ ਆਪਣੇ ਅਧਿਕਾਰਾਂ, ਚਰਿੱਤਰ ਅਤੇ ਸਨਮਾਨ ਲਈ ਚੁਣੌਤੀਆਂ ਨੂੰ ਕਬੂਲ ਕਰਦੇ ਹਨ, ਲੋਕ ਉਨ੍ਹਾਂ ਦੇ ਕਿਰਦਾਰ ਦੀ ਉਨ੍ਹਾਂ ਦੇ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਵੀ ਕਦਰ ਕਰਦੇ ਹਨ।

ਸੰਪਰਕ: 98726-27136

Advertisement