‘ਅਸੀਂ ਗੁਨਾਹਗਾਰ ਹਾਂ’
ਇਸ ਤੋਂ ਪਹਿਲਾਂ ਕਿ ਜੱਜ ਸਾਹਿਬ ਆਪਣੀ ਗੱਲ ਪੂਰੀ ਕਰਦੇ, ਸੈਂਟਰਲ ਜੇਲ੍ਹ ਲਾਹੌਰ ਤੋਂ ਅਸਿਸਟੈਂਟ ਜੇਲਰ ਬਖਸ਼ੀ ਰਾਮ ਨੇ ਸਲੂਟ ਮਾਰ ਕੇ ਰੀਡਰ ਦੇ ਹੱਥ ਇੱਕ ਪਰਵਾਨਾ ਫੜਾਇਆ ਅਤੇ ਕਿਹਾ ਕਿ ਜੇਲ੍ਹਰ ਸਾਹਿਬ ਨੇ ਭਗਤ ਸਿੰਘ ਦੀ ਅਪੀਲ ਦੇ ਸਬੰਧ ਵਿੱਚ ਪਟੀਸ਼ਨ ਕਰਤਾਵਾਂ ਦੀ ਬੇਨਤੀ ’ਤੇ ਤੁਰੰਤ ਗੌਰ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਬਖਸ਼ੀ ਰਾਮ ਬੇਨਤੀ ਕਰ ਕੇ ਅਦਾਲਤ ਦੇ ਹੁਕਮ ਨੂੰ ਉਡੀਕਦਾ ਇੱਕ ਬੰਨੇ ਖੜ੍ਹਾ ਹੋ ਜਾਂਦਾ ਹੈ।
ਜਸਟਿਸ ਸੀ. ਫੋਰਡ: (ਰੀਡਰ ਤੋਂ ਜੇਲ੍ਹ ਤੋਂ ਆਈ ਅਰਜ਼ੀ ਲੈਂਦੇ ਹੋਏ ਬਖਸ਼ੀ ਰਾਮ ਨੂੰ ਜਾਣ ਦਾ ਇਸ਼ਾਰਾ ਕਰਦੇ ਹਨ। ਉਹ ਸਲੂਟ ਮਾਰ ਕੇ ਚਲਾ ਜਾਂਦਾ ਹੈ। ਜੱਜ ਸਾਹਿਬ ਪਟੀਸ਼ਨ ’ਤੇ ਨਿਗਾਹ ਮਾਰ ਕੇ ਰੀਡਰ ਨੂੰ ਵਾਪਸ ਦੇ ਦਿੰਦੇ ਹਨ।) ਅਦਾਲਤ ਇਸ ਅਪੀਲ ਸਬੰਧੀ ਆਪਣੀ ਸੁਣਵਾਈ ਪੂਰੀ ਕਰ ਚੁੱਕੀ ਹੈ। ਅਦਾਲਤ ਨੇ ਹੁਣ ਤੱਕ ਇਸ ਅਪੀਲ ਨੂੰ ਬਹੁਤ ਹੀ ਨਿਰਪੱਖ ਅਤੇ ਨਿਆਂਪੂਰਨ ਢੰਗ ਨਾਲ ਚਲਾਇਆ ਹੈ ਅਤੇ ਸਾਰੀਆਂ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ-ਪੂਰਾ ਮੌਕਾ ਦਿੱਤਾ ਹੈ। ਇਸ ਲਈ ਦਿਆਨਤਦਾਰੀ ਦਾ ਪੱਲਾ ਨਾ ਛੱਡਦੇ ਹੋਏ ਅਸੀਂ ਇਸ ਪਟੀਸ਼ਨ ’ਤੇ ਗੌਰ ਕਰਨ ਨੂੰ ਤਿਆਰ ਹਾਂ। ਰੀਡਰ ਪੜ੍ਹਨ ਲਈ ਪਟੀਸ਼ਨ ਆਸਫ਼ ਅਲੀ ਨੂੰ ਦੇ ਦਿੰਦਾ ਹੈ।
ਆਸਫ਼ ਅਲੀ: (ਰੀਡਰ ਤੋਂ ਪਟੀਸ਼ਨ ਲੈ ਕੇ ਪੜ੍ਹਦੇ ਹੋਏ) ਇਹ ਪਟੀਸ਼ਨ ਭਗਤ ਸਿੰਘ ਵੱਲੋਂ ਹੈ ਅਤੇ ਜੇਲ੍ਹ ਸੁਪਰਡੰਟ ਦੇ ਮਾਰਫ਼ਤ ਇਸ ਕੋਰਟ ਨੂੰ ਭੇਜੀ ਗਈ ਹੈ। ਇਸ ਉੱਤੇ ਅੱਜ 10 ਜਨਵਰੀ 1930 ਦੀ ਤਾਰੀਖ ਹੈ।
ਭਗਤ ਸਿੰਘ ਦੀ ਪਟੀਸ਼ਨ: ‘‘ਪੂਰੇ ਅਦਬ ਨਾਲ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਅਦਾਲਤ ਦੀ ਕਾਰਵਾਈ ਪੂਰੀ ਹੋਣ ’ਤੇ ਸਾਨੂੰ ਜੇਲ੍ਹ ਦੀ ਵੈਨ ਵਿੱਚ ਕੇਂਦਰੀ ਜੇਲ੍ਹ ਵਿਖੇ ਲਿਜਾਇਆ ਜਾ ਰਿਹਾ ਸੀ। ਹਾਈਕੋਰਟ ਦੀ ਇਮਾਰਤ ਦੇ ਬਾਹਰ ਨਾਅਰੇ ਲਗਾਉਂਦੇ ਨੌਜਵਾਨਾਂ ਦਾ ਇਕੱਠ ਸੀ। ਵੈਨ ਆਉਂਦੀ ਵੇਖ ਉਹ ਵੈਨ ਦੇ ਦੁਆਲੇ ਹੋ ਨਾਅਰੇ ਲਗਾਉਣ ਲੱਗੇ। ਉਨ੍ਹਾਂ ਦੇ ਇਸ ਕਾਰਜ ਵਿੱਚ ਇੱਕ ਭਾਵਨਾਤਮਕ ਉਤੇਜਨਾ ਤੋਂ ਵੱਧ ਕੁਝ ਨਹੀਂ ਸੀ ਜਿਹੜਾ ਦੁੱਧ ਵਿੱਚ ਆਏ ਉਬਾਲ ਵਾਂਗ ਉੱਠਿਆ ਸੀ। ਡਰਾਈਵਰ ਦੇ ਵੈਨ ਹੌਲੀ ਕਰ ਲੈਣ ਨਾਲ ਨੌਜਵਾਨ ਹੋਰ ਨੇੜੇ ਹੋ ਗਏ ਅਤੇ ਵੈਨ ਨੂੰ ਰੁਕਣਾ ਪਿਆ। ਕੁਝ ਨੌਜਵਾਨ ਮੰਗ ਕਰਨ ਲੱਗੇ ਕਿ ਅਸੀਂ ਭਗਤ ਸਿੰਘ ਨੂੰ ਕੁਝ ਮਿੰਟਾਂ ਲਈ ਮਿਲਣਾ ਹੈ। ਉਨ੍ਹਾਂ ਦੀ ਇਹ ਮੰਗ ਨਾ ਤਾਂ ਜਾਇਜ਼ ਸੀ ਅਤੇ ਨਾ ਹੀ ਸੰਭਵ। ਪੁਲੀਸ ਦੀ ਹੋਰ ਨਫ਼ਰੀ ਆ ਜਾਣ ਨਾਲ ਨੌਜਵਾਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਅਤੇ ਵੈਨ ਜੇਲ੍ਹ ਵੱਲ ਚੱਲ ਪਈ। ਇਸ ਘਟਨਾ ਦੇ ਵਾਪਰਨ ਵਿੱਚ ਕੁਲ ਦੋ ਮਿੰਟ ਤੋਂ ਜ਼ਿਆਦਾ ਦਾ ਵਕਤ ਨਹੀਂ ਲੱਗਾ ਸੀ।
‘‘ਨੌਜਵਾਨਾਂ ਦੇ ਭਾਵਨਾਤਮਕ ਵਹਾਓ ਜਾਂ ਆਪਹੁਦਰੇ ਵਤੀਰੇ ਨੂੰ ਇੱਕ ਪਾਸੇ ਰੱਖ ਦੇਈਏ ਤਾਂ ਕੀ ਇਸ ਪੱਖੋਂ ਪੁਲੀਸ ਦਾ ਬੰਦੋਬਸਤ ਸਹੀ ਸੀ? ਸੜਕ ਨੂੰ ਜੇਲ੍ਹ ਲਾਰੀ ਦੇ ਪਾਸ ਕਰਨ ਲਈ ਖਾਲੀ ਰੱਖਣਾ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਸੀ ਅਤੇ ਇਸ ਲਈ ਹੀ ਉਨ੍ਹਾਂ ਨੂੰ ਉੱਥੇ ਤਾਇਨਾਤ ਕੀਤਾ ਗਿਆ ਸੀ। ਇਹ ਪੁਲੀਸ ਅਮਲੇ ਅਤੇ ਸਬੰਧਤ ਅਫ਼ਸਰਾਂ ਦੀ ਨਾਕਾਬਲੀਅਤ ਦਾ ਸਬੂਤ ਸੀ। ਪਰ ਹੋਇਆ ਕੀ?
‘‘ਇਸ ਘਟਨਾ ਦੀ ਆੜ ਲੈ ਕੇ ਮੁੱਖ ਸਕੱਤਰ ਸਾਹਿਬ ਕੱਲ੍ਹ ਸ਼ਾਮ ਨੂੰ ਗਵਰਨਰ ਸਾਹਿਬ ਨੂੰ ਮਿਲੇ ਅਤੇ ਕਿਸੇ ਤਰ੍ਹਾਂ ਇਸ ਅਪੀਲ ਦੀ ਸੁਣਵਾਈ ਨੂੰ
ਵਿੱਚ ਵਿਚਕਾਰ ਪੂਰਾ ਕਰਵਾਉਣ ਲਈ ਕਿਹਾ। ਗਵਰਨਰ ਸਾਹਿਬ ਨੇ ਚੀਫ਼ ਜਸਟਿਸ ਸਰ ਸ਼ਾਦੀ
ਲਾਲ ਨਾਲ ਗੱਲ ਕਰਨ ਦਾ ਵਾਅਦਾ ਕੀਤਾ। ਗਵਰਨਰ ਸਾਹਿਬ ਦੇ ਜ਼ੋਰ ਦੇਣ ’ਤੇ ਇਸ ਅਦਾਲਤ ਦਾ ਰਾਤ ਨੂੰ 9 ਵਜੇ ਸੈਸ਼ਨ ਬੁਲਾਇਆ ਗਿਆ ਤਾਂ
ਜੋ ਸਰਕਾਰ ਦੀ ਬੇਨਤੀ ’ਤੇ ਗੌਰ ਕੀਤਾ ਜਾ ਸਕੇ।
ਉਸ ਸੈਸ਼ਨ ਦੌਰਾਨ ਕੀ ਹੋਇਆ, ਇਹ ਅਦਾਲਤ ਬਿਹਤਰ ਜਾਣਦੀ ਹੈ। ਸਾਨੂੰ ਤਾਂ ਜੇਲ੍ਹ ਵਿੱਚ ਹੁਕਮ ਪਹੁੰਚੇ ਸਨ ਕਿ ਸਵੇਰੇ ਅਦਾਲਤ ਨਹੀਂ ਆਉਣਾ
ਹੈ। ਕਿਉਂ ਨਹੀਂ ਆਉਣਾ? ਇਹ ਨਹੀਂ ਦੱਸਿਆ
ਗਿਆ ਸੀ।
‘‘ਇਸ ਅਦਾਲਤ ਨੇ ਸਰਕਾਰ ਦੀ ਦਲੀਲ ਸੁਣ ਕੇ ਅਤੇ ਕਾਨੂੰਨ ਵਿਵਸਥਾ ਦੀ ਦੁਹਾਈ ਸਦਕਾ ਇਸ ਕੇਸ ਦੀ ਚੱਲ ਰਹੀ ਕਾਰਵਾਈ ਨੂੰ ਵਿੱਚ ਵਿਚਾਲੇ ਰੋਕ ਦਿੱਤਾ ਹੈ। ਜੇ ਰਾਤ ਨੂੰ 9 ਵਜੇ ਅਦਾਲਤ ਲੱਗ ਸਕਦੀ ਸੀ, ਸਰਕਾਰੀ ਵਕੀਲ ਤੇ ਹੋਰ ਅਮਲਾ ਆ ਸਕਦੇ ਸਨ ਤਾਂ ਆਸਫ਼ ਅਲੀ ਜੀ ਨੂੰ ਵੀ ਸੱਦਿਆ ਜਾ ਸਕਦਾ ਸੀ ਤਾਂ ਜੋ ਦੂਜੀ ਧਿਰ ਨੂੰ ਵੀ ਪੂਰਾ ਸੁਣਿਆ ਜਾਣ ਦਾ ਮੌਕਾ ਦਿੱਤਾ ਦਿਖਾਇਆ ਜਾ ਸਕਦਾ। ਇਹ ਤਾਂ ਨੇਚੁਰਲ ਜਸਟਿਸ ਦੀ ਮੁੱਢਲੀ ਲੋੜ ਹੈ। ਪਰ ਸਰਕਾਰੀ ਜਬਰ ਅਤੇ ਹੰਕਾਰ ਇਸ ਦੀ ਲੋੜ ਨਹੀਂ ਸਮਝਦਾ ਅਤੇ ਮਾਣਯੋਗ ਅਦਾਲਤ ਸਾਥ ਦੇਣ ਤੋਂ ਕਤਰਾਉਂਦੀ ਨਹੀਂ।
‘‘ਆਸਫ਼ ਅਲੀ ਜੀ ਨੇ ਅਪੀਲ ਦੀ ਸ਼ੁਰੂਆਤ ਵਿੱਚ ਅਦਾਲਤੀ ਰਵੱਈਏ ’ਤੇ ਕੁਝ ਸੁਆਲ ਕੀਤਾ ਸੀ ਤਾਂ ਮਾਈ ਲਾਰਡਸ ਨੇ ਇਸ ’ਤੇ ਉਜਰ ਕੀਤਾ ਸੀ। ਆਸਫ਼ ਅਲੀ ਜੀ ਨੇ ਆਪਣੀ ਉਹ ਟਿੱਪਣੀ ਸੈਸ਼ਨ ਅਦਾਲਤ ਲਈ ਕਹਿ ਕੇ ਗੱਲ ਟਾਲ ਦਿੱਤੀ ਸੀ। ਪਰ ਕੀ ਇਸ ਅਦਾਲਤ ਨੇ ਵੀ ਆਸਫ਼ ਅਲੀ ਜੀ ਦੇ ਉਹ ਸ਼ਬਦ ਆਪਣੇ ਆਪ ਲਈ ਸਹੀ ਸਾਬਤ ਨਹੀਂ ਕਰ ਦਿੱਤੇ ਹਨ।
‘‘ਸਾਮਰਾਜ ਦੀ ਇਸ ਅਦਾਲਤ ਵਿੱਚ ਅਸੀਂ ਕਿਸੇ ਇਨਸਾਫ਼ ਦੀ ਆਸ ਵਿੱਚ ਨਹੀਂ ਆਏ। ਇਨਸਾਫ਼ ਹੋ ਵੀ ਕਿਵੇਂ ਸਕਦਾ ਹੈ? ਸਾਰਾ ਕੇਸ ਝੂਠੀਆਂ ਅਤੇ ਬੇਮਾਅਨੀਆਂ ਗਵਾਹੀਆਂ ’ਤੇ ਟਿਕਿਆ ਹੋਇਆ ਹੈ ਜਿਨ੍ਹਾਂ ਨੂੰ ਰੱਬੀ ਸੋਚ ਵਾਂਗ ਤਸ਼ਤਰੀ ’ਚ ਸਜਾਇਆ ਜਾ ਰਿਹਾ ਹੈ। ਸਾਰੇ ਮੌਕੇ ਦੇ ਗਵਾਹ, ਬੰਬ ਮਾਹਿਰ, ਕੈਮੀਕਲ ਮਾਹਿਰ, ਪੁਲੀਸ ਅਫ਼ਸਰ, ਲੱਕੜੀ ਮਾਹਿਰ- ਕੋਈ ਵੀ ਸੱਚ ਨਹੀਂ ਬੋਲ ਰਿਹਾ। ਇੱਕ ਕਹਾਣੀ ਘੜ ਕੇ ਸਾਰਿਆਂ ਨੂੰ ਉਹ ਕਹਾਣੀ ਸੱਚੀ ਕਰਨ ਦੇ ਕਰਮ ਵਿੱਚ ਲਗਾ ਦਿੱਤਾ ਗਿਆ ਹੈ। ਅਦਾਲਤ ਇਸ ’ਤੇ ਕਿੰਤੂ ਕਰਨ ਦੀ ਬਜਾਏ ਇਸ ਨੂੰ ਨਾ ਸਿਰਫ਼ ਸਵੀਕਾਰਦੀ ਹੈ ਬਲਕਿ ਪੂਰੀ ਕਾਨੂੰਨੀ ਰੰਗਤ ਦਿੰਦੀ ਹੈ। ਅਸੈਂਸਰਾਂ ਦੀਆਂ ਰਿਪੋਰਟਾਂ ਨੂੰ ਗਿਣਿਆ ਹੀ ਨਹੀਂ ਗਿਆ ਕਿਉਂਕਿ ਉਹ ਸਰਕਾਰੀ ਕਹਾਣੀ ਦੇ ਪੂਰੀ ਤਰ੍ਹਾਂ ਫਿੱਟ ਨਹੀਂ ਆਉਂਦੀਆਂ ਸਨ।
(ਆਸਫ਼ ਅਲੀ ਪਟੀਸ਼ਨ ਦਾ ਦੂਜਾ ਪੰਨਾ ਪਰਤਦੇ ਹਨ।)
‘‘ਜਦੋਂ ਅਦਾਲਤਾਂ ਦੇ ਸਾਰੇ ਫ਼ੈਸਲੇ ਸਰਕਾਰ ਦੀ ਮਰਜ਼ੀ ਨਾਲ ਸਰਕਾਰ ਨੂੰ ਮਨਜ਼ੂਰ ਤਰਜ਼ ’ਤੇ ਹੀ ਹੋਣੇ ਹੁੰਦੇ ਹਨ, ਫਿਰ ਇਹ ਅਦਾਲਤੀ ਕਾਰਵਾਈ ਤੋਂ ਕਿਉਂ ਡਰਦੀ ਹੈ? ਸਰਕਾਰ ਅਜਿਹਾ ਕਿਉਂ ਚਾਹੁੰਦੀ ਹੈ ਕਿ ਮੁਕੱਦਮੇ ਦੀ ਕਾਰਵਾਈ ਸਵੇਰੇ ਸ਼ੁਰੂ ਹੋਵੇ ਤੇ ਸ਼ਾਮ ਤੱਕ ਫ਼ੈਸਲਾ ਸੁਣਾ ਦਿੱਤਾ ਜਾਵੇ। ਉਹ ਇਹ ਭੁੱਲ ਜਾਂਦੇ ਹਨ ਕਿ ਮੁਜਰਮਾਂ ਕੋਲ ਤਾਂ ਅਦਾਲਤੀ ਕਾਰਵਾਈ ਨੂੰ ਦੇਖ ਕੇ ਖ਼ੁਸ਼ ਹੋਣ ਅਤੇ ਤਾੜੀ ਮਾਰਨ ਤੋਂ ਵੱਧ ਕੁਝ ਨਹੀਂ ਹੁੰਦਾ। ਚੱਲਦੀ ਕਾਰਵਾਈ ਉਨ੍ਹਾਂ ਨੂੰ ਕੁਝ ਢਾਰਸ ਦੇ ਦਿੰਦੀ ਹੈ ਤੇ ਵਕੀਲਾਂ ਦੀਆਂ ਬਹਿਸਾਂ ਵਿੱਚੋਂ ਉਨ੍ਹਾਂ ਨੂੰ ਕੁਝ ਇਨਸਾਫ਼ ਮਿਲਦਾ ਦਿਸਣ ਲੱਗਦਾ ਹੈ। ਪਰ ਹੁੰਦਾ ਹੈ ਇਹ ਨਿਰਾ ਚਲਿੱਤਰ। ਇਲੂਜ਼ਨ। ਫ਼ੈਸਲਾ ਉਹ ਹੀ ਹੁੰਦਾ ਹੈ ਜੋ ਸਰਕਾਰ ਨੂੰ ਭਾਉਂਦਾ ਹੈ।
‘‘ਇਸ ਅਦਾਲਤ ਨੇ ਅਪੀਲ ਦੀ ਪਹਿਲੇ ਦਿਨ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਅਦਾਲਤ ਦੇ ਬਾਹਰ ਕੀ ਹੁੰਦਾ ਹੈ ਇਸ ਨਾਲ ਅਦਾਲਤ ਨੂੰ ਕੋਈ ਮਤਲਬ ਨਹੀਂ। ਫਿਰ ਇਹ ਅਚਾਨਕ ਅਦਾਲਤ ਦੇ ਬਾਹਰ ਹੋਈ ਮਾਮੂਲੀ ਜਿਹੀ ਘਟਨਾ ਉੱਤੇ ਸਰਕਾਰ ਅਤੇ ਅਦਾਲਤ ਦਾ ਇੰਨਾ ਤਿੱਖਾ ਪ੍ਰਤੀਕਰਮ ਕਿਉਂ, ਕਿ ਅਚਾਨਕ ਸਾਡੀ ਅਦਾਲਤ ਦੀ ਹਾਜ਼ਰੀ ’ਤੇ ਹੀ ਪਾਬੰਦੀ ਲਗਾ ਦਿੱਤੀ। ਸਾਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੇਣਾ ਹੈ ਜਾਂ ਨਹੀਂ, ਇਹ ਤੁਹਾਡੇ ਹੁਕਮਾਂ ਅਧੀਨ ਹੈ ਪਰ ਇਸ ਦਾ ਪੁਰਜ਼ੋਰ ਵਿਰੋਧ ਕਰਨਾ ਅਤੇ ਇਸ ਨੂੰ ਸਵੀਕਾਰ ਨਾ ਕਰਨਾ ਸਾਡੇ ਵੱਸ ਵਿੱਚ ਹੈ। ਤੁਸੀਂ ਚਾਹੁੰਦੇ ਹੋ ਕਿ ਅਸੀਂ ਅਦਾਲਤ ਵਿੱਚ ਆਪਣੀ ਗੱਲ ਤੁਹਾਡੀਆਂ ਸ਼ਰਤਾਂ ’ਤੇ ਰੱਖੀਏ। ਅਸੀਂ ਇਸ ਤੋਂ ਇਨਕਾਰੀ ਹਾਂ। ਅਸੀਂ ਆਪਣੀ ਗੱਲ ਆਪਣੀਆਂ ਸ਼ਰਤਾਂ ’ਤੇ ਹੀ ਰੱਖਾਂਗੇ ਤਾਂ ਜੋ ਦੋਵੇਂ ਧਿਰਾਂ
ਬਰਾਬਰੀ ਦੇ ਪੱਲੜੇ ਵਿੱਚ ਖੜ੍ਹੀਆਂ ਹੋਣ। ਜੇ ਤਰਾਜ਼ੂ ਸਰਕਾਰੀ ਤਾਕਤ ਵੱਲ ਝੁਕਦਾ ਹੈ ਤਾਂ ਅਸੀਂ ਇਸ ਤੋਂ ਬਾਗ਼ੀ ਹਾਂ।
ਜਸਟਿਸ ਐਡੀਸਨ: ਕਾਊਂਸਲਰ
(ਜੱਜ ਸਾਹਿਬ ਆਸਫ਼ ਅਲੀ ਨੂੰ ਰੁਕਣ ਦਾ ਇਸ਼ਾਰਾ ਕਰਦੇ ਮਹਿਸੂਸ ਹੁੰਦੇ ਹਨ।)
ਆਸਫ਼ ਅਲੀ: ਮਾਈ ਲਾਰਡ (ਕਹਿ ਕੇ ਚੁੱਪ ਕਰ ਜਾਂਦਾ ਹੈ।)
(ਜਸਟਿਸ ਫੋਰਡ ਜਸਟਿਸ ਐਡੀਸਨ ਨਾਲ ਗੱਲ ਕਰਦੇ ਵਿਖਾਈ ਦਿੰਦੇ ਹਨ। ਜਸਟਿਸ ਫੋਰਡ ਗੱਲ ਮੁੱਕਣ ’ਤੇ ਆਸਫ਼ ਅਲੀ ਨੂੰ ਇਸ਼ਾਰਾ ਕਰਦੇ ਹਨ ਕਿ ਉਹ ਪਟੀਸ਼ਨ ਨੂੰ ਪੜ੍ਹਨਾ ਜਾਰੀ ਰੱਖੇ।)
‘‘ਅਸੀਂ ਅਸੈਂਬਲੀ ਵਿੱਚ ਦੋ ਬੰਬ ਸੁੱਟੇ। ਆਪਣੇ ਇਸ ਕੰਮ ਨੂੰ ਅਸੀਂ ਲਿਖਤੀ ਤੌਰ ’ਤੇ ਸਵੀਕਾਰ ਕੀਤਾ ਹੈ। ਆਪਣੀ ਜ਼ਿੰਦਗੀ ਦਾਅ ’ਤੇ ਲਗਾ ਕੇ ਜੇ ਅਸੀਂ ਆਪਣੇ ਮੰਤਵ ਨੂੰ ਲੋਕਾਂ ਤੱਕ ਪਹੁੰਚਾ ਸਕੀਏ ਕਿ ਅਸੀਂ ਅਜਿਹਾ ਕਿਉਂ ਕੀਤਾ ਹੈ। ਤੁਸੀਂ ਸਾਨੂੰ ਸਾਡੇ ਕੰਮ ਲਈ ਦੋਸ਼ੀ ਸਿੱਧ ਕਰਨ ’ਤੇ ਤੁਲੇ ਹੋਏ ਹੋ ਪਰ ਇਹ ਦੱਸਣ ਦਾ ਮੌਕਾ ਦੇਣ ਨੂੰ ਤਿਆਰ ਨਹੀਂ ਕਿ ਅਸੀਂ ਅਜਿਹਾ ਕਿਉਂ ਕੀਤਾ, ਜਦੋਂਕਿ ਮਹੱਤਵਪੂਰਨ ਹਿੱਸਾ ਇਸ ਦੇ ਪਿੱਛੇ ਕਾਰਜਸ਼ੀਲ ਉਦੇਸ਼ ਹੈ। ਕੀ ਆਪਣੇ ਮੰਤਵ ਬਾਰੇ ਅਦਾਲਤ ਅਤੇ ਲੋਕਾਂ ਨੂੰ ਦੱਸਣਾ ਗੁਨਾਹ ਹੈ ਤਾਂ ਅਸੀਂ ਇਸ ਦੇ ਗੁਨਾਹਗਾਰ ਹਾਂ। ਅਸੀਂ ਇਸ ਗੱਲ ਦੇ ਹਾਮੀ ਹਾਂ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਬੰਦ ਹੋਵੇ। ਕੀ ਅਜਿਹਾ ਸੋਚਣਾ ਦੋਸ਼ਪੂਰਨ ਹੈ? ਅਸੀਂ ਸਰਕਾਰ ਨੂੰ ਆਗਾਹ ਕਰਨਾ ਚਾਹੁੰਦੇ ਹਾਂ ਕਿ ਲੋਕਾਂ ਵਿੱਚ ਬੇਚੈਨੀ ਫੈਲ ਰਹੀ ਹੈ ਅਤੇ ਇਹ ਭਵਿੱਖ ਵਿੱਚ ਭਾਰੀ ਤਬਾਹੀ ਦਾ ਰੂਪ ਲੈ ਸਕਦੀ ਹੈ। ਕੀ ਅਜਿਹਾ ਸੋਚਣਾ ਜੁਰਮ ਹੈ? ਅਸੀਂ ਵਾਰ-ਵਾਰ ਇਹ ਦੁਹਰਾ ਰਹੇ ਹਾਂ ਕਿ ਅਸੀਂ ਮਨੁੱਖਤਾ ਨੂੰ ਨਿੱਠ ਕੇ ਪਿਆਰਦੇ ਹਾਂ ਅਤੇ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੇ ਹੱਕ ਵਿੱਚ ਨਹੀਂ ਹਾਂ ਪਰ ਤੁਸੀਂ ਸਾਨੂੰ ਇਸ ਦਾ ਹੀ ਦੋਸ਼ੀ ਗਰਦਾਨਦੇ ਹੋ। ਅਸੀਂ ਖਾਲੀ ਥਾਵਾਂ ’ਤੇ ਬੰਬ ਸੁੱਟੇ ਅਤੇ ਤੁਸੀਂ ਸਾਡੇ ’ਤੇ ਇਰਾਦਾ ਕਤਲ ਦਾ ਦੋਸ਼ ਲਗਾਉਂਦੇ ਹੋ। ਇਹ ਹਕੀਕਤ ਨਹੀਂ। ਇਹ ਤੱਥ ਨਹੀਂ। ਨਾ ਸਾਡਾ ਅਜਿਹਾ ਇਰਾਦਾ ਸੀ ਅਤੇ ਨਾ ਅਜਿਹਾ ਕੁਝ ਵਾਪਰਿਆ। ਇਹ ਸਿਰਫ਼ ਤੁਹਾਡਾ ਕਾਨੂੰਨੀ ਜਿੰਨ ਹੈ ਜਿਸ ਨੂੰ ਤੁਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜਦੋਂ ਚਾਹੁੰਦੇ ਹੋ ਬੋਤਲ ਵਿੱਚੋਂ ਕੱਢ ਲੈਂਦੇ ਹੋ।
‘‘ਪਿਛਲੇ ਦੋ ਦਿਨ ਅਦਾਲਤ ਨੇ ਸਾਨੂੰ ਆਪਣੀ ਗੱਲ ਕਹਿਣ ਦਾ ਕਾਫ਼ੀ ਸਾਵਾਂ ਮੌਕਾ ਦਿੱਤਾ। ਅਸੀਂ ਬਹੁਤ ਧੰਨਵਾਦੀ ਸਾਂ ਅਤੇ ਅਦਾਲਤ ਦੇ ਗ਼ੈਰ-ਪੱਖਪਾਤੀ ਰਵੱਈਏ ਤੋਂ ਕੁਝ ਪ੍ਰਭਾਵਿਤ ਵੀ ਸਾਂ। ਅਦਾਲਤ ਦੇ ਰੁਖ਼ ਨਾਲ ਚੱਲਦੇ ਹੋਏ ਅਸੀਂ ਕਿਤੇ ਵੀ ਆਪਣੇ ਵਾਰਤਾਲਾਪ ਵਿੱਚ ਸਖ਼ਤੀ ਦਾ ਰੁਖ਼ ਨਾ ਅਪਣਾਇਆ। ਪਰ ਅਖ਼ੀਰ ਇਹ ਸਭ ਛਲ ਹੀ ਸਿੱਧ ਹੋਇਆ। ਇਹ ਅਦਾਲਤ ਵੀ ਸਰਕਾਰੀ ਦਬਾਅ ਹੇਠ ਪਹਿਲੇ ਹੱਲੇ ਹੀ ਰੇਤ ਦੇ ਕਿਲੇ ਵਾਂਗ ਢਹਿ ਗਈ। ਸਾਡੇ ਰਾਹ ਵੱਖਰੇ-ਵੱਖਰੇ ਹਨ। ਅਸੀਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਨਾ ਹੈ ਅਤੇ ਇਸ ਰਾਹ ’ਤੇ ਜਾਨਾਂ ਵਾਰ ਦੇਣੀਆਂ ਹਨ। ਤੁਸੀਂ ਜਿਸ ਸਾਮਰਾਜਸ਼ਾਹੀ ਦੇ ਰਾਜਭਾਗ ਦੇ ਅੰਗ ਹੋ ਇਸ ਦੀ ਰਾਖੀ ਕਰਨੀ ਹੈ, ਜਿਸ ਲਈ ਤੁਸੀਂ ਕਾਨੂੰਨ ਅਤੇ ਵਿਵਸਥਾ ਦੇ ਨਾਂ ’ਤੇ ਅਤੇ ਇਨਸਾਫ਼ ਦੇ ਨਾਂ ’ਤੇ ਹਰ ਹਰਬਾ ਇਸਤੇਮਾਲ ਕਰੋਗੇ, ਇਸ ਲਈ ਸਾਡੇ ਰਾਹ ਵੱਖਰੇ ਹੁੰਦੇ ਹੋਏ ਵੀ ਇੱਕ-ਦੂਸਰੇ ਨਾਲ ਟਕਰਾਉਂਦੇ ਰਹਿਣਗੇ। ਅਸੀਂ ਆਪਣੇ ਲੋਕਾਂ ਤੋਂ ਦੂਰ ਨਹੀਂ ਹੋ ਸਕਦੇ ਅਤੇ ਤੁਸੀਂ ਨਿਜ਼ਾਮ ਤੋਂ। ਸਾਡੇ ਲਈ ਇਨਸਾਫ਼ ਦਾ ਅਰਥ ਲੋਕ ਹਿਤ ਵਿੱਚ ਉਸ ਨਿਜ਼ਾਮ ਨਾਲ ਲੋਹਾ ਲੈਣਾ ਹੈ, ਜਿਸ ਦੇ ਤੁਸੀਂ ਪੈਰੋਕਾਰ ਹੋ। ਟਕਰਾਅ ਤੋਂ ਬਿਨਾਂ ਸਮਾਜੀ ਤਬਦੀਲੀਆਂ ਨਹੀਂ ਆ ਸਕਦੀਆਂ। ਅਸੀਂ ਇਸ ਟਕਰਾਅ ਦੇ ਅਲੰਬਰਦਾਰ ਹਾਂ। ਤੁਸੀਂ ਇਸ ਟਕਰਾਅ ਤੋਂ ਡਰਦੇ ਹੋ।
(ਆਸਫ਼ ਅਲੀ ਦੀ ਆਵਾਜ਼ ਵਿੱਚ ਜੋਸ਼ ਭਰ ਆਉਂਦਾ ਹੈ।)
‘‘ਅਸੀਂ ਤੁਹਾਡੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ, ਆਪਣੇ ਹੱਕ ਸੱਚ ਦੀ ਲੜਾਈ ਲੜਦੇ ਹਾਂ ਅਤੇ ਆਪਣੇ ਲੋਕਾਂ ਲਈ ਤੁਹਾਡੀ ਵਿਉਂਤੀ ਵਿਵਸਥਾ ਦੇ ਗੁਨਾਹਗਾਰ ਹਾਂ। ਤੁਹਾਡੇ ਕੋਲੋਂ ਇਨਸਾਫ਼ ਦੀ
ਆਸ ਰੱਖਣਾ ਰੇਗਿਸਤਾਨ ਵਿੱਚੋਂ ਪਾਣੀ ਕੱਢਣ ਦੇ ਤੁੱਲ ਹੈ। ਇਸ ਲਈ ਅਸੀਂ ਅਜਿਹਾ ਕੋਈ ਭਰਮ ਨਹੀਂ ਪਾਲਿਆ। ਪਰ ਇਹ ਗੱਲ ਅਸੀਂ ਲੁਕ ਛੁਪ ਕੇ ਨਹੀਂ, ਭਰੀ ਅਦਾਲਤ ਵਿੱਚ ਸਭਨਾਂ ਦੇ ਸਾਹਮਣੇ ਕਹਿਣਾ ਚਾਹੁੰਦੇ ਸਾਂ, ਜਿਸ ਲਈ ਅਦਾਲਤ ਵਿੱਚ ਸਾਡੀ ਮੌਜੂਦਗੀ ਜ਼ਰੂਰੀ ਸੀ ਅਤੇ ਇਸ ਲਈ ਹੀ ਸਾਡੇ ਆਉਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਪਰ ਮਜ਼ਲੂਮ ਦੀ ਪੁਕਾਰ ਤਾਂ ਸੱਤ ਕੰਧਾਂ ਪਾੜ ਕੇ ਵੀ ਗੂੰਜ ਉੱਠਦੀ ਹੈ। ਪ੍ਰਹਿਲਾਦ ਭਗਤ ਦੀਵਾਰ ਪਾੜ ਕੇ ਪ੍ਰਗਟ ਹੋਇਆ ਸੀ। ਅਸੀਂ ਅਦਾਲਤ ਨੂੰ ਆਪਣੀ ਸਥਿਤੀ ਭਲੀ-ਭਾਂਤ ਪ੍ਰਗਟ ਕਰ ਦਿੱਤੀ ਹੈ ਅਤੇ ਬੇਨਤੀ ਕਰਦੇ ਹਾਂ ਕਿ ਕੁਦਰਤੀ ਨਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹੋਏ ਜੇਲ੍ਹ ਸੁਪਰਡੰਟ ਨੂੰ ਸਾਨੂੰ ਤੁਰੰਤ ਹਾਜ਼ਰ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਸਾਡੀ ਗ਼ੈਰ- ਮੌਜੂਦਗੀ ਵਿੱਚ ਅਪੀਲ ਸਬੰਧੀ ਕੋਈ ਕਾਰਵਾਈ
ਨਾ ਕੀਤੀ ਜਾਵੇ ਅਤੇ ਅਦਾਲਤ ਕਿਸੇ ਸਰਕਾਰੀ ਦਬਾਅ ਅਧੀਨ ਫ਼ੈਸਲੇ ਦਾ ਹੁਕਮ ਜਾਰੀ ਨਾ ਕਰੇ।
ਇਹ ਦੋ ਵਿਚਾਰਧਾਰਾਵਾਂ ਦੇ ਵਿਚਕਾਰ ਫ਼ੈਸਲਾਕੁੰਨ ਜੰਗ ਦੀ ਸ਼ੁਰੂਆਤ ਹੈ। ਅਦਾਲਤ ਨੇ ਵੀ ਆਪਣੀ ਧਿਰ ਚੁਣਨੀ ਹੈ ਕਿ ਉਹ ਕਿੱਧਰ ਖੜੋਵੇਗੀ।
‘ਇਨਕਲਾਬ ਜ਼ਿੰਦਾਬਾਦ’
ਬਿਨੈਕਾਰ ਭਗਤ ਸਿੰਘ।
(ਜਸਟਿਸ ਸੀ. ਫੋਰਡ ਅਤੇ ਜਸਟਿਸ ਐਡੀਸਨ ਦੇ ਚਿਹਰਿਆਂ ’ਤੇ ਆਇਆ ਕ੍ਰੋਧ ਹੁਣ ਕੋਈ ਲੁਕਿਆ ਨਹੀਂ ਰਿਹਾ ਸੀ। ਅਦਾਲਤ ਦੇ ਗੁੱਸੇ ਅਤੇ ਸਿੱਟੇ ਦੀ ਪਰਵਾਹ ਨਾ ਕਰਦਿਆਂ ਅਦਾਲਤ ਵਿੱਚ ਬੈਠੇ ਕੁਝ ਲੋਕ ਖੜ੍ਹੇ ਹੋ ਗਏ ਅਤੇ ਤਾੜੀਆਂ ਮਾਰਨ ਲੱਗੇ। ਭਗਤ ਸਿੰਘ ਦੇ ਸ਼ਬਦਾਂ ਤੋਂ ਮਿਲੀ ਤਸੱਲੀ ਉਨ੍ਹਾਂ ਦੇ ਚਿਹਰਿਆਂ ’ਤੇ ਫੈਲੀ ਮੁਸਕਰਾਹਟ ਤੋਂ ਸਪੱਸ਼ਟ ਦਿਸ ਰਹੀ ਸੀ। ਪਰ ਇਸ ਤੋਂ ਪਹਿਲਾਂ ਕਿ ਅਦਾਲਤ ਵਿੱਚ ਖੜ੍ਹੇ ਪੁਲੀਸ ਕਰਮਚਾਰੀ ਕੋਈ ਕਾਰਵਾਈ ਕਰਦੇ ਜਾਂ ਜੱਜ ਸਾਹਿਬ ਕੁਝ ਹੁਕਮ ਕਰਦੇ ਸਾਰੇ ਤੁਰੰਤ ਆਪਣੀਆਂ ਸੀਟਾਂ ’ਤੇ ਬੈਠ ਗਏ।)
ਸੰਪਰਕ: 98150-00873
(ਦਿੱਲੀ ਅਸੈਂਬਲੀ ਬੰਬ ਦੇ ਫ਼ੈਸਲੇ ਵਿਰੁੱਧ ਭਗਤ ਸਿੰਘ ਦੀ ਲਾਹੌਰ ਹਾਈ ਕੋਰਟ ਵਿੱਚ ਦਾਇਰ ਕੀਤੀ ਅਪੀਲ ’ਤੇ ਆਧਾਰਿਤ ਹਰੀਸ਼ ਜੈਨ ਦੇ ਵੱਡ-ਆਕਾਰੀ ਨਾਟਕ ‘ਗੁਨਾਹਗਾਰ’ ਵਿੱਚੋਂ)