ਪਾਣੀ
ਭਗਤਪੁਰ ਦਾ ਨਿੱਕਾ ਜਿਹਾ ਰੇਲਵੇ ਸਟੇਸ਼ਨ ਉਸ ਵੇਲੇ ਸੁੰਨਸਾਨ ਸੀ।
ਮੁਸਾਫ਼ਿਰ ਖ਼ਾਨੇ ਦੇ ਇੱਕ ਬੈਂਚ ਹੇਠ ਆਵਾਰਾ ਕੁੱਤਾ ਬੈਠਾ ਊਂਘ ਰਿਹਾ ਸੀ। ਉਸੇ ਬੈਂਚ ਉੱਤੇ ਬੌਰਾ ਘੂਕ ਸੁੱਤਾ ਹੋਇਆ ਸੀ।
ਭਗਤਪੁਰ ਦਾ ਸਟੇਸ਼ਨ ਉਸ ਸੁੱਤੇ ਹੋਏ ਬੰਦੇ ਦਾ ਘਰ ਸੀ। ਉਹ ਉੱਥੇ ਹੀ ਰਹਿੰਦਾ ਸੀ, ਉੱਥੇ ਹੀ ਸੌਂਦਾ ਸੀ। ਉੱਥੇ ਹੀ ਉਹਨੂੰ ਕੋਈ ਨਾ ਕੋਈ ਭੋਜਨ ਵੀ ਦੇ ਦਿੰਦਾ ਸੀ।
ਘੰਟੀ ਦੀ ਆਵਾਜ਼ ਨਾਲ ਬੌਰੇ ਦੀ ਨੀਂਦ ਉਖੜ ਗਈ। ਉਹ ਉੱਠ ਕੇ ਬੈਠ ਗਿਆ। ਉਹਦੇ ਮੈਲੇ-ਕੁਚੈਲੇ ਕੱਪੜੇ ਮੁੜ੍ਹਕੇ ਨਾਲ ਭਿੱਜੇ ਹੋਏ ਸਨ। ਉਹਨੂੰ ਤੇਹ ਵੀ ਲੱਗੀ ਹੋਈ ਸੀ।
ਤਿੰਨ ਵਜੇ ਵਾਲੀ ਗੱਡੀ ਆਉਣ ਵਾਲੀ ਸੀ। ਉਹ ਉੱਠ ਕੇ ਪਲੇਟਫਾਰਮ ਵੱਲ ਤੁਰ ਪਿਆ।
ਬੈਂਚ ਹੇਠ ਬੈਠੇ ਕੁੱਤੇ ਨੇ ਸਿਰ ਚੁੱਕ ਕੇ ਵੇਖਿਆ ਤੇ ਮੁੜ ਲੱਤਾਂ ਵਿੱਚ ਸਿਰ ਦੇ ਲਿਆ। ਪਲੇਟਫਾਰਮ ਦੇ ਨਲਕੇ ਕੋਲ ਨੀਲੇ ਕੱਪੜਿਆਂ ਵਾਲੇ ਦੋ ਰੇਲ ਕਰਮਚਾਰੀ ਖੜ੍ਹੇ ਸਨ। ਉਨ੍ਹਾਂ ਦੀਆਂ ਬਾਲਟੀਆਂ ਨਲਕੇ ਦੇ ਖੁਰੇ ਵਿੱਚ ਪਈਆਂ ਸਨ। ਬਾਲਟੀ ਨੂੰ ਕੁਝ ਉਰ੍ਹਾਂ ਕਰ ਕੇ ਅੱਲ੍ਹਾ ਰੱਖਾ ਨਲਕਾ ਗੇੜਨ ਲੱਗ ਪਿਆ।
ਬਾਲਟੀ ਭਰ ਗਈ।
ਅੱਲ੍ਹਾ ਰੱਖਾ ਦੇ ਸਾਥੀ ਗਿਰਧਾਰੀ ਨੇ ਬਾਲਟੀ ਚੁੱਕੀ ਤੇ ਖੁਰੇ ਦੇ ਬਾਹਰ ਰੱਖ ਦਿੱਤੀ।
ਅੱਲ੍ਹਾ ਰੱਖਾ ਨੇ ਦੂਸਰੀ ਬਾਲਟੀ ਪਾਣੀ ਦੀ ਧਾਰ ਹੇਠ ਕਰ ਲਈ।
ਉਨ੍ਹਾਂ ਦੇ ਵਿਹਲੇ ਹੋਣ ਦੀ ਉਡੀਕ ਵਿੱਚ ਬੌਰਾ ਨੇੜਲੇ ਬੈਂਚ ਉੱਤੇ ਬੈਠ ਗਿਆ।
ਉਸ ਬੈਂਚ ਉੱਤੇ ਰੁੱਖ ਦੀ ਛਾਂ ਸੀ। ਬੌਰੇ ਨੇ ਅੱਖਾਂ ਮੀਟ ਲਈਆਂ।
ਦੂਸਰੀ ਬਾਲਟੀ ਵੀ ਪਾਣੀ ਦੀ ਭਰ ਗਈ।
* * *
ਗਿਰਧਾਰੀ ਦੀ ਨਜ਼ਰ ਰੇਲ ਦੀ ਪਟੜੀ ਦੇ ਨਾਲ ਨਾਲ ਤੁਰਦੀ ਦੁਮੇਲ ਤੱਕ ਪਹੁੰਚ ਗਈ। ਉਹਨੇ ਇੱਕ ਭਰੀ ਹੋਈ ਬਾਲਟੀ ਚੁੱਕ ਲਈ ਤੇ ਧੌਣ ਅੱਲ੍ਹਾ ਰੱਖਾ ਵੱਲ ਮੋੜੀ, ‘‘ਸਿਗਨਲ ਡਾਊਨ ਹੋ ਗਿਆ ਏ। ਭਰਾਵਾ! ਮੈਂ ਲੈ ਚੱਲਿਆ ਈ ਹਿੰਦੂ-ਪਾਣੀ। ਤੂੰ ਵੀ ਚੁੱਕ ਆਪਣਾ ਮੁਸਲਮਾਨ ਪਾਣੀ ਤੇ ਪਿਆਸਿਆਂ ਨੂੰ ਪਾਣੀ ਪਿਆਉਣ ਦਾ ਪੁੰਨ ਖੱਟ।’’
ਅੱਲ੍ਹਾ ਰੱਖਾ ਨੇ ਉਹਨੂੰ ਟੋਕਿਆ, ‘‘ਰੁਕ! ਕੱਲ੍ਹ ਵੀ ਤੂੰ ਮੈਨੂੰ ਚਿੱਬੀ ਬਾਲਟੀ ਚੁਕਾ ਦਿੱਤੀ ਸੀ। ਪਤੈ, ਇਹ ਬਾਲਟੀ ਚੋਂਦੀ ਵੀ ਐ।’’
ਗਿਰਧਾਰੀ ਨੇ ਇੱਕ ਛਿਣ ਉਹਦੇ ਵੱਲ ਵੇਖਿਆ ਤੇ ਫਿਰ ਹੱਸ ਪਿਆ, ‘‘ਯਾਰ, ਐਵੇਂ ਗੁੱਸੇ ਨਾ ਹੋ। ਅੱਜ ਨਵੀਂ ਬਾਲਟੀ ਤੇਰੀ।’’
ਗਿਰਧਾਰੀ ਨੇ ਹਿੰਦੂ-ਪਾਣੀ ਵਾਲੀ ਬਾਲਟੀ ਅੱਲ੍ਹਾ ਰੱਖਾ ਵੱਲ ਕਰ ਦਿੱਤੀ ਤੇ ਮੁਸਲਮਾਨ ਪਾਣੀ ਵਾਲੀ ਬਾਲਟੀ ਆਪ ਚੁੱਕ ਲਈ।
ਬੌਰੇ ਨੇ ਉਲਝਣ ਜਿਹੀ ’ਚ ਮੱਥਾ ਖੁਰਕਿਆ ਤੇ ਫਿਰ ਦੋਹਾਂ ਨੂੰ ਸਾਂਝਾ ਸੁਆਲ ਪਾਇਆ, ‘‘ਮੈਂ ਵੀ ਪਾਣੀ ਪੀਣੈ! ਮੈਂ ਕਿਹੜਾ ਪਾਣੀ ਪੀਵਾਂ?’’
ਅੱਲ੍ਹਾ ਰੱਖਾ ਦੀਆਂ ਅੱਖਾਂ ਵਿੱਚ ਸ਼ਰਾਰਤ ਚਮਕੀ, ‘‘ਬੌਰਿਆ! ਇਹ ਤਾਂ ਤੈਨੂੰ ਪਤੈ। ਤੂੰ ਹੀ ਦੱਸ ਬਈ ਹਿੰਦੂ-ਪਾਣੀ ਪੀਣਾ ਏਂ ਕਿ ਮੁਸਲਮਾਨ ਪਾਣੀ?’’
‘‘ਮੈਨੂੰ ਕੀ ਪਤਾ? ... ਇਹ ਤਾਂ ਤੁਹਾਨੂੰ ਪਤਾ ਹੋਊ!’’
ਅੱਲ੍ਹਾ ਰੱਖਾ ਤੇ ਗਿਰਧਾਰੀ ਖਿੜਖਿੜਾ ਕੇ ਹੱਸੇ।
ਗੱਡੀ ਚੀਕਾਂ ਮਾਰਦੀ ਹੋਈ ਸਟੇਸ਼ਨ ਦੀ ਹੱਦ ਵਿੱਚ ਦਾਖ਼ਲ ਹੋ ਗਈ।
ਬੌਰੇ ਦੀ ਤੇਹ ਗੱਡੀ ਦੇ ਰੌਲੇ ਵਿੱਚ ਗੁਆਚ ਗਈ।
‘‘ਹਿੰਦੂ ਪਾਣੀ! ...ਹਿੰਦੂ ਪਾਣੀ! ...ਹਿੰਦੂ ਪਾਣੀ!’’ ਲਗਾਤਾਰ ਹੋਕਾ ਦਿੰਦਿਆਂ ਗਿਰਧਾਰੀ ਗੱਡੀ ਦੇ ਨਾਲ ਖੱਬੇ ਪਾਸੇ ਤੁਰ ਪਿਆ।
ਅੱਲ੍ਹਾ ਰੱਖਾ ਨੇ ‘‘ਮੁਸਲਮਾਨ ਪਾਣੀ! ... ਮੁਸਲਮਾਨ ਪਾਣੀ!’’ ਦੀ ਹੇਕ ਲਾਈ ਤੇ ਸੱਜੇ ਪਾਸੇ ਮੁੜ ਗਿਆ।
* * *
ਤਿੱਖੜ ਦੁਪਹਿਰ ਨੇ ਰੇਲ ਡੱਬਿਆਂ ਵਿੱਚ ਬੈਠੇ ਮੁਸਾਫ਼ਿਰਾਂ ਨੂੰ ਬੇਹਾਲ ਕੀਤਾ ਹੋਇਆ ਸੀ। ਗੱਡੀ ਰੁਕੀ ਤਾਂ ਉਹ ਉੱਤਰ ਉੱਤਰ ਕੇ ਪਾਣੀ ਪੀਣ ਲੱਗ ਪਏ।
ਪਾਣੀ ਪਿਆਉਣ ਵਾਲੇ ਨੂੰ ਵੇਖ ਕੇ ਨਿਆਣਾ ਵਿਲਕਿਆ, ‘‘ਮਾਂ, ਮੈਂ ਪਾਣੀ ਪੀਣੈ!’’
ਮਾਂ ਨੇ ਗੱਡੀ ਦੀ ਬਾਰੀ ਵਿੱਚੋਂ ਬਾਹਰ ਵੇਖਿਆ। ਅੱਲ੍ਹਾ ਰੱਖਾ ਨੇੜੇ ਹੀ ਕਿਸੇ ਪਿਆਸੇ ਮੁਸਾ਼ਫ਼ਿਰ ਨੂੰ ਪਾਣੀ ਪਿਲਾ ਰਿਹਾ ਸੀ। ਮਾਂ ਨੇ ਹਾਕ ਮਾਰੀ, ‘‘ਵੇ ਭਾਈ! ਮੇਰੇ ਮੁੰਡੇ ਨੂੰ ਵੀ ਦੋ ਚੂਲੀ ਪਾਣੀ ਪਿਆ ਜਾ।’’ ‘‘ਆਇਆ ਬੀਬੀ।’’
ਵਿਹਲਾ ਹੋ ਕੇ ਅੱਲ੍ਹਾ ਰੱਖਾ ਬਾਰੀ ਵੱਲ ਆ ਗਿਆ। ਉਹਨੇ ਬਾਲਟੀ ਭੁੰਜੇ ਰੱਖੀ ਤੇ ਡੋਲੂ ਭਰ ਕੇ ਅਗਾਂਹ ਹੋਇਆ। ਅਚਾਨਕ ਉਹ ਠਠੰਬਰ ਕੇ ਖਲੋ ਗਿਆ।
ਔਰਤ ਦੇ ਚੀਰ ਵਿੱਚ ਸੰਧੂਰ ਸੀ। ਮੁੰਡੇ ਦਾ ਮੁੰਡਨ ਹੁਣੇ ਹੁਣੇ ਹੋਇਆ ਜਾਪ ਰਿਹਾ ਸੀ।
ਉਸੇ ਵੇਲੇ ਔਰਤ ਦੀ ਘੋਖਵੀਂ ਨਜ਼ਰ ਵੀ ਅੱਲ੍ਹਾ ਰੱਖਾ ਵੱਲ ਚਲੀ ਗਈ। ਉਹ ਗੁੱਸੇ ਵਿੱਚ ਬੋਲੀ, ‘‘ਧਰਮ ਭ੍ਰਿਸ਼ਟ ਕਰਨ ਲੱਗਾ ਏਂ ਸਾਡਾ!’’
ਅੱਲ੍ਹਾ ਰੱਖਾ ਨੇ ਪਾਣੀ ਵਾਪਸ ਬਾਲਟੀ ਵਿੱਚ ਉਲੱਦ ਦਿੱਤਾ। ਭੈਂਗਾ ਹੋਇਆ ਬੋਲਿਆ, ‘‘ਕੋਈ ਨਾ ਬੀਬੀ, ਮੈਂ ਵੇਖਿਆ ਨਈਂ ਸੀ। ਹਿੰਦੂ-ਪਾਣੀ ਵਾਲਾ ਵੀ ਹੁਣੇ ਆਉਂਦੈ। ਮੈਂ ਛੇਤੀ ਭੇਜਦਾ ਵਾਂ ਉਹਨੂੰ।’’
‘‘ਮੁਸਲਮਾਨ ਪਾਣੀ! ... ਮੁਸਲਮਾਨ ਪਾਣੀ!’’ ਦਾ ਹੋਕਾ ਦਿੰਦਾ ਅੱਲ੍ਹਾ ਰੱਖਾ ਉੱਥੋਂ ਤੁਰ ਗਿਆ।
‘‘ਮੈਂ ਪਾਣੀ ਪੀਣਾ ਏਂ ਮਾਂ।’’ ਮੁੰਡੇ ਨੇ ਮੁੜ ਰਿਹਾੜ ਕੀਤੀ।
ਔਰਤ ਨੇ ਉਹਨੂੰ ਝੰਜੋੜਿਆ, ‘‘ਚੁੱਪ ਕਰ ਕੇ ਬੈਠਾ ਰਹੁ। ਹੋਰ ਕੁਝ ਚਿਰ ਨੂੰ ਆਪਣਾ ਟੇਸ਼ਣ ਆ ਜੂ, ਫੇਰ ਡੱਫ ਲਵੀਂ ਪਾਣੀ।’’
* * *
ਗੱਡੀ ਦੇ ਜਾਣ ਪਿੱਛੋਂ ਪਲੇਟਫਾਰਮ ਸੁੰਨਾ ਹੋ ਗਿਆ।
ਖਾਲੀ ਬਾਲਟੀਆਂ ਚੁੱਕੀ ਉਹ ਦੋਵੇਂ ਨਲਕੇ ਕੋਲ ਮੁੜ ਆਏ। ਬੌਰਾ ਉਦੋਂ ਤੱਕ ਵੀ ਉੱਥੇ ਹੀ ਸੀ। ਉਹਦੇ ਬੁੱਲ੍ਹਾਂ ਉੱਤੇ ਪੇਪੜੀ ਜੰਮੀ ਹੋਈ ਸੀ। ਉਹ ਜੀਭਿਆਣਾ ਜਿਹਾ ਬੈਂਚ ਉੱਤੇ ਬੈਠਾ ਹੋਇਆ ਸੀ। ਗਿਰਧਾਰੀ ਅਤੇ ਅੱਲ੍ਹਾ ਰੱਖਾ ਨੂੰ ਵੇਖ ਕੇ ਉਸ ਤਰਲਾ ਲਿਆ, ‘‘ਮੈਨੂੰ ਤੇਹ ਲੱਗੀ ਹੋਈ ਐ!’’
‘‘ਉਏ ਬੌਰਿਆ! ਹੱਦ ਐ ਤੇਰੇ ਵਾਲੀ। ਨਲਕਾ ਤੇਰੇ ਕੋਲ ਸੀ। ਜਿੰਨਾ ਮਰਜ਼ੀ ਪਾਣੀ ਪੀਵੀ ਜਾਂਦਾ।’’ ਗਿਰਧਾਰੀ ਨੇ ਕਿਹਾ।
‘‘ਮੈਨੂੰ ਕੀ ਪਤਾ, ਇਹ ਪਾਣੀ ਪੀਣਾ ਵੀ ਐਂ ਕਿ ਨਹੀਂ।’’
‘‘ਓਏ ਪਾਗਲਾ! ਪਹਿਲਾਂ ਵੀ ਤਾਂ ਤੂੰ ਇੱਥੋਂ ਪਾਣੀ ਪੀਂਦਾ ਏਂ। ਹੁਣ ਅਚਾਨਕ ਇਸ ਪਾਣੀ ਨੂੰ ਕੀ ਹੋ ਗਿਆ ਏ?’’
ਬੌਰਾ ਰੋਣਹਾਕਾ ਹੋਇਆ ਪਿਆ ਸੀ, ‘‘ਇਸ ਨਲਕੇ ਦਾ ਪਾਣੀ ਤਾਂ ਹਿੰਦੂ ਵੀ ਐ ਤੇ ਮੁਸਲਮਾਨ ਵੀ। ਮੈਂ ਤਾਂ ਨਿਰਾ ਆਦਮੀ ਆਂ। ਖੌਰੇ ਇਹ ਪਾਣੀ ਮੈਨੂੰ ਮਾਫ਼ਕ ਵੀ ਹੋਊ ਕਿ ਨਹੀਂ।’’
ਗਿਰਧਾਰੀ ਤੇ ਅੱਲ੍ਹਾ ਰੱਖਾ ਦਾ ਰੌਂਅ ਗੰਭੀਰ ਹੋ ਗਿਆ। ਕੁਝ ਚਿਰ ਤੱਕ ਦੋਹਾਂ ਨੂੰ ਕੋਈ ਗੱਲ ਹੀ ਨਾ ਅਹੁੜੀ।
ਅੱਲ੍ਹਾ ਰੱਖਾ ਨੇ ਮੱਥਾ ਖੁਰਕਿਆ, ‘‘ਵੇਖ ਬੌਰਿਆ! ਤੇਹ ਮਾਰਿਆਂ ਨੂੰ ਪਾਣੀ ਪਿਆਉਂਦਿਆਂ ਮੇਰੀ ਉਮਰ ਬੀਤ ਚੱਲੀ ਐ। ਅੱਜ ਤਕ ਵੀ ਕਿਸੇ ਨੇ ਮੈਥੋਂ ਪੀਣ ਲਈ ਬੰਦਾ-ਪਾਣੀ ਨਹੀਂ ਮੰਗਿਆ। ਸੱਚ ਮੰਨੀਂ, ਐਹੋ ਜਿਹਾ ਕੋਈ ਪਾਣੀ ਹੁੰਦਾ ਵੀ ਨਹੀਂ।’’
‘‘ਮੈਂ ਤਾਂ ਫਿਰ ਤੇਹ ਨਾਲ ਹੀ ਮਰ ਜਾਊ।’’ ਬੌਰਾ ਸਿਰ ਸੁੱਟ ਕੇ ਬੈਠ ਗਿਆ।
ਨੀਮ-ਪਾਗਲ ਬੰਦੇ ਦਾ ਕੀ ਕਰਨ ਉਹ ਦੋਵੇਂ। ਉਹ ਹਿੰਦੂ-ਪਾਣੀ ਜਾਂ ਮੁਸਲਮਾਨ-ਪਾਣੀ ਪੀਣ ਤੋਂ ਮੁਨਕਰ ਹੋ ਗਿਆ ਸੀ।
ਅਚਨਚੇਤੀ ਬੌਰਾ ਚੀਕ ਪਿਆ, ‘‘ਹੈਗਾ ਏ ਉਹ ਪਾਣੀ! ...ਹੈਗਾ ਏ! ...ਇਸੇ ਨਲਕੇ ਵਿੱਚ ਐ।’’
ਬੌਰੇ ਦੇ ਅੰਦਰ ਜਿਵੇਂ ਅਨੇਕ ਦੀਵੇ ਇਕੱਠੇ ਬਲ ਪਏ ਸਨ। ਉਹ ਪਲ-ਛਿਣ ਰੁਕਿਆ, ਫਿਰ ਬੋਲਿਆ, ‘‘ਆਹ ਜੀ, ਮੈਨੂੰ ਪਤਾ ਲੱਗ ਗਿਆ ਏ। ਨਲਕੇ ਦੇ ਅੰਦਰਲਾ ਪਾਣੀ ਸਿਰਫ਼ ਪਾਣੀ ਹੁੰਦਾ ਏ, ਜਿਹੜਾ ਕੋਈ ਮਰਜ਼ੀ ਪੀ ਲਵੇ।’’
ਜਦੋਂ ਅੱਲ੍ਹਾ ਰੱਖਾ ਨੇ ਨਲਕਾ ਗੇੜਿਆ ਸੀ, ਪਾਣੀ ਦੀ ਧਾਰ ਇੱਕੋ ਸੀ। ਅੱਡ ਅੱਡ ਬਾਲਟੀਆਂ ਵਿੱਚ ਪੈਣ ਸਾਰ ਹੀ ਉਹ ਪਾਣੀ ਹਿੰਦੂ ਵੀ ਹੋ ਗਿਆ ਸੀ ਤੇ ਮੁਸਲਮਾਨ ਵੀ। ਬੌਰਾ ਐਵੇਂ ਹੀ ਪਾਗਲਾਂਹਾਰ ਤੇਹ ਮਾਰ ਕੇ ਬੈਠਾ ਰਿਹਾ ਸੀ। ਉਹ ਕਾਹਲੀ ਨਾਲ ਨਲਕੇ ਵੱਲ ਅਹੁਲਿਆ। ਖੱਬੇ ਹੱਥ ਨਾਲ ਨਲਕੇ ਦੀ ਹੱਥੀ ਗੇੜਦਿਆਂ ਉਹ ਸੱਜੇ ਹੱਥ ਦੀ ਓਕ ਨਾਲ ਪਾਣੀ ਪੀਣ ਲੱਗ ਪਿਆ।