ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੋਹ

ਪੀ ਲੰਕੇਸ਼ ਕੰਨੜ ਭਾਸ਼ਾ ਦਾ ਕਵੀ, ਕਹਾਣੀਕਾਰ, ਨਾਟਕਕਾਰ, ਫਿਲਮਸਾਜ਼ ਅਤੇ ਪੱਤਰਕਾਰ ਸੀ। ਉਹ ‘ਲੰਕੇਸ਼ ਪੱਤਰਿਕੇ’ ਨਾਂ ਦੇ ਹਫ਼ਤਾਵਾਰੀ ਅਖ਼ਬਾਰ ਦਾ ਬਾਨੀ ਸੰਪਾਦਕ ਸੀ, ਜੋ ਸਾਲ 2000 ’ਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਧੀ ਗੌਰੀ ਲੰਕੇਸ਼ ਚਲਾਉਂਦੀ ਰਹੀ। ਹਥਲੀ...
Advertisement

ਪੀ ਲੰਕੇਸ਼ ਕੰਨੜ ਭਾਸ਼ਾ ਦਾ ਕਵੀ, ਕਹਾਣੀਕਾਰ, ਨਾਟਕਕਾਰ, ਫਿਲਮਸਾਜ਼ ਅਤੇ ਪੱਤਰਕਾਰ ਸੀ। ਉਹ ‘ਲੰਕੇਸ਼ ਪੱਤਰਿਕੇ’ ਨਾਂ ਦੇ ਹਫ਼ਤਾਵਾਰੀ ਅਖ਼ਬਾਰ ਦਾ ਬਾਨੀ ਸੰਪਾਦਕ ਸੀ, ਜੋ ਸਾਲ 2000 ’ਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਧੀ ਗੌਰੀ ਲੰਕੇਸ਼ ਚਲਾਉਂਦੀ ਰਹੀ। ਹਥਲੀ ਕਹਾਣੀ ‘ਛੋਹ’ ਸਮਾਜ ਵਿੱਚ ਜਾਤ-ਪਾਤ ਤੇ ਛੂਤ-ਛਾਤ ਦੀ ਸਮੱਸਿਆ ’ਤੇ ਬੜੇ ਸੁਹਜਮਈ ਢੰਗ ਨਾਲ ਝਾਤ ਪੁਆਉਂਦੀ ਹੈ। ਇਸ ਨੂੰ ਪੰਜਾਬੀ ਰੂਪ ਲਵਲੀਨ ਜੌਲੀ (ਸੰਪਰਕ: 97779-29702) ਨੇ ਦਿੱਤਾ ਹੈ।

 

Advertisement

ਉਨ੍ਹੀਂ ਦਿਨੀਂ ਬਸਲਿੰਗਾ ਨੂੰ ਉੱਕਾ ਵਿਹਲ ਨਹੀਂ ਸੀ। ਵਾਹੀ ਦੇ ਕੰਮ ਵਿੱਚ ਢਿੱਲ ਪੈ ਜਾਏ ਤਾਂ ਫਿਰ ਜ਼ਮੀਨ ਵਿੱਚ ਹਲ ਚਲਾਉਣਾ ਕਿੰਨਾ ਔਖਾ ਹੋ ਜਾਂਦਾ ਹੈ। ਉਸ ਦੇ ਦੋਵੇਂ ਬਲਦਾਂ ਵਿੱਚੋਂ ਇੱਕ ਤਾਂ ਜੋਗ ਲਾਹੁੰਦਿਆਂ ਹੀ ਲੰਮਾ ਪੈ ਜਾਂਦਾ। ਚਾਹੇ ਕਿੰਨਾ ਮਾਰੋ ਕੁੱਟੋ ਉੱਠਣ ਦਾ ਨਾਂ ਹੀ ਨਾ ਲੈਂਦਾ। ਜਾਪਦਾ ਸੀ ਕਿ ਦੂਜਾ ਵੀ ਆਪਣੇ ਸਾਥੀ ਵਰਗਾ ਹੀ ਹੋ ਰਿਹਾ ਸੀ। ਲੰਮਾ ਸਮਾਂ ਪਿਆ ਉਹ ਇੱਕ ਵਾਰੀ ਮਾਰ ਖਾ ਕੇ ਹੀ ਉੱਠਦਾ। ਸਾਥੀ ਦੇ ਉੱਠਣ ਦੀ ਉਡੀਕ ਵਿੱਚ ਰਹਿੰਦਾ। ਲੱਗਦਾ ਸੀ ਉਹ ਕੰਮ ਕਰ ਕੇ ਖ਼ੁਸ਼ ਨਹੀਂ ਸੀ। ਵਿਹਲਾ ਪਿਆ ਹੀ ਖ਼ੁਸ਼ ਰਹਿੰਦਾ। ਇਸ ਲਈ ਬਸਲਿੰਗਾ ਦੋਵਾਂ ਨੂੰ ਬਦਲ ਕੇ ਨਵੇਂ ਬਲਦ ਲੈਣ ਦੀ ਸੋਚ ਰਿਹਾ ਸੀ।

ਬੱਚੇ ਦੀ ਤਬੀਅਤ ਠੀਕ ਨਹੀਂ ਸੀ। ਉਸ ਦੀ ਪਤਨੀ ਸਿੱਦਲਿੰਗੀ ਉਸ ਨੂੰ ਕਿੰਨੀ ਵਾਰੀ ਕਹਿ ਚੁੱਕੀ ਸੀ ਕਿ ਉਸ ਨੂੰ ਸ਼ਿਵਨੂਰ ਸਵਾਮੀ ਨੂੰ ਦਿਖਾਈਏ। ਉਸ ਦੀ ਖੰਘ ਠੀਕ ਹੋਣ ਦਾ ਨਾਂ ਨਹੀਂ ਸੀ ਲੈ ਰਹੀ। ਇਸ ਦਰਮਿਆਨ ਬਸਲਿੰਗਾ ਨੂੰ ਇੱਕ ਹੋਰ ਮੁਸੀਬਤ ਆਣ ਪਈ। ਬਸਲਿੰਗਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਮੁਸੀਬਤ ਉਸ ਨੂੰ ਏਨਾ ਪਰੇਸ਼ਾਨ ਕਰ ਦੇਵੇਗੀ। ਆਪਣੇ ਲੰਮੇ ਪਏ ਰਹਿਣ ਵਾਲੇ ਆਲਸੀ ਬਲਦਾਂ ਦੀ ਅਦਲਾ ਬਦਲੀ ਕਰਨ ਲਈ ਉਸ ਨੂੰ ਝੂਠ ਬੋਲਣੇ ਪੈਣੇ ਸਨ ਜੋ ਉਸ ਲਈ ਮੁਸੀਬਤ ਸੀ। ਝੂਠ ਬੋਲਣ ਲਈ ਹਿੰਮਤ ਅਤੇ ਗੱਲਾਂ ਬਣਾਉਣ ਦੀ ਚਤੁਰਾਈ ਉਸ ਵਿੱਚ ਨਹੀਂ ਸੀ। ਜਦੋਂ ਵੀ ਉਹ ਆਪਣੇ ਬਲਦਾਂ ਦੀਆਂ ਸਿਫ਼ਤਾਂ ਕਰਨ ਵਾਲੀਆਂ ਗੱਲਾਂ ਬਾਰੇ ਸੋਚਦਾ ਤਾਂ ਉਸ ਦਾ ਸਿਰ ਘੁੰਮ ਜਾਂਦਾ। ਇਹ ਸਭ ਤਾਂ ਠੀਕ ਸੀ ਪਰ ਇਸ ਵੇਲੇ ਬਸਲਿੰਗਾ ਦੀ ਖੱਬੀ ਅੱਖ ਵਿੱਚ ਪੀੜ ਵਧਦੀ ਜਾਂਦੀ ਸੀ।

ਪਹਿਲਾਂ ਉਸ ਨੇ ਸੋਚਿਆ ਕਿ ਅੱਖ ਦੁਖਣੀ ਆ ਗਈ ਹੋਵੇਗੀ। ਅੱਖ ਦੀ ਕੋਈ ਮਾਮੂਲੀ ਤਕਲੀਫ਼ ਹੋਵੇਗੀ। ਅੱਖ ਲਾਲ ਨਹੀਂ ਸੀ ਹੋਈ ਪਰ ਅੱਖ ਦੁਆਲੇ ਪੀੜ ਵਧ ਰਹੀ ਸੀ। ਦੂਜੀ ਅੱਖ ਵਿੱਚ ਪੀੜ ਨਹੀਂ ਸੀ। ਉਸ ਨੂੰ ਲੱਗਿਆ ਖੱਬੀ ਅੱਖ ਪੀੜ ਕਰਕੇ ਕਮਜ਼ੋਰ ਹੁੰਦੀ ਜਾਂਦੀ ਸੀ। ਉਸ ਨੂੰ ਡਰ ਲੱਗਣ ਲੱਗ ਪਿਆ। ਉਸ ਨੇ ਸ਼ਹਿਰ ਦੇ ਆਪਣੀ ਜਾਣ-ਪਛਾਣ ਵਾਲੇ ਡਾਕਟਰਾਂ ਨੂੰ ਦਿਖਾਇਆ। ਉਨ੍ਹਾਂ ਨੇ ਪੀੜ ਦਾ ਸਾਰਾ ਹਾਲ ਪੁੱਛਿਆ, ਅੱਖ ਦੀ ਪੁਤਲੀ ਉੱਪਰ ਕਰ ਕੇ ਵੇਖਿਆ। ਬਿਮਾਰੀ ਦੀ ਸਮਝ ਨਾ ਆਉਣ ’ਤੇ ਵੀ ਉਨ੍ਹਾਂ ਨੇ ਬਸਲਿੰਗਾ ਨੂੰ ਹੌਸਲਾ ਦੇਣ ਲਈ ਚਿੰਤਾ ਨਾ ਕਰਨ ਲਈ ਕਹਿੰਦਿਆਂ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕੀਤੀਆਂ। ਆਪਣੇ ਡਾਕਟਰੀ ਚਮਤਕਾਰਾਂ ਦੇ ਕਿੱਸੇ ਸੁਣਾਏ। ਅੱਖਾਂ ਵਿੱਚ ਲਾਉਣ ਲਈ ਮੱਲ੍ਹਮ ਦਿੱਤੀ। ਥੋੜ੍ਹੀ ਜਿਹੀ ਤਸੱਲੀ ਨਾਲ ਬਸਲਿੰਗਾ ਘਰ ਆ ਗਿਆ। ਡਾਕਟਰ ਦੇ ਆਖੇ ਅਨੁਸਾਰ ਉਹ ਗਰਮ ਕੱਪੜੇ ਤੇ ਗਰਮ ਨਮਕ ਨਾਲ ਸੇਕ ਦਿੰਦਾ ਰਿਹਾ ਪਰ ਅੱਖ ਦੀ ਪੀੜ ਤੇ ਧੁੰਦਲਾਪਣ ਨਾ ਘਟੇ। ਜਦੋਂ ਉਸ ਨੇ ਇਹ ਗੱਲ ਸਿੱਦਲਿੰਗੀ ਨੂੰ ਦੱਸੀ ਤਾਂ ਉਸ ਨੂੰ ਯਕੀਨ ਨਾ ਆਇਆ। ਉਹ ਇਸ ਨੂੰ ਬਸਲਿੰਗਾ ਦੀਆਂ ਮਨਘੜਤ ਗੱਲਾਂ ਸਮਝਣ ਲੱਗੀ। ਬਸਲਿੰਗਾ ਨੂੰ ਉਸ ਦੀਆਂ ਲਾਪਰਵਾਹੀ ਵਿੱਚ ਕਹੀਆਂ ਗੱਲਾਂ ਸੁਣ ਕੇ ਗੁੱਸਾ ਚੜ੍ਹ ਗਿਆ। ਉਹ ਬੇਵੱਸ ਜਿਹਾ ਹੋ ਗਿਆ। ਆਪਣੀ ਪੀੜ ਦੀ ਗੱਲ ਕਰ ਕੇ ਉਸ ਨੇ ਲੋਕਾਂ ਸਾਹਮਣੇ ਆਪਣਾ ਦੁੱਖੜਾ ਰੋਇਆ। ਅਣਵਾਹੀ ਜ਼ਮੀਨ, ਬੱਚੇ ਦੀ ਬਿਮਾਰੀ, ਆਲਸੀ ਬਲਦ, ਸਭ ਕੁਝ ਉਸ ਨੂੰ ਗੌਣ ਲੱਗਣ ਲੱਗ ਪਏ। ਕਿਸੇ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਤਿੰਮਪਾ ਨੂੰ ਦਿਖਾ। ਸਰਕਾਰੀ ਹਸਪਤਾਲ ਦਾ ਮਤਲਬ ਹੈ ਯਤੀਮ ਤੇ ਲਾਵਾਰਿਸ ਦੇ ਜਾਣ ਦੀ ਥਾਂ। ਇਉਂ ਸੋਚਣ ਤੇ ਮੰਨਣ ਵਾਲੇ ਬਸਲਿੰਗਾ ਨੂੰ ਵੀ ਇਹ ਆਖ਼ਰੀ ਯਤਨ ਜਾਪਿਆ। ਡਾ. ਤਿੰਮਪਾ ਬਾਰੇ ਦੱਸਣ ਵਾਲੇ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਕਈ ਪ੍ਰਾਈਵੇਟ ਜਾਂ ਗ਼ੈਰ-ਸਰਕਾਰੀ ਡਾਕਟਰ ਵੀ ਭੈੜੇ ਹੁੰਦੇ ਹਨ।

ਤਿੰਮਪਾ ਇੱਕ ਅਤਿਅੰਤ ਰੁੱਝਿਆ ਹੋਇਆ ਡਾਕਟਰ ਸੀ। ਉਸ ਦੇ ਹਸਪਤਾਲ ਦੇ ਸਾਹਮਣੇ ਦਸ-ਵੀਹ ਬੰਦੇ ਕਤਾਰ ਵਿੱਚ ਖੜ੍ਹੇ ਸਨ। ਸਭ ਗ਼ਰੀਬ ਸਨ। ਬਸਲਿੰਗਾ ਵੀ ਜਾ ਕੇ ਖਲੋ ਗਿਆ। ਜਦੋਂ ਉਸ ਦੀ ਵਾਰੀ ਆਈ ਤਾਂ ਉਸ ਨੇ ਡਾ. ਤਿੰਮਪਾ ਦੇ ਸਾਹਮਣੇ ਖਲੋ ਕੇ ਆਪਣਾ ਸਾਰਾ ਰੋਣਾ ਰੋ ਦਿੱਤਾ। ਆਪਣੇ ਸੁਸਤ ਬਲਦਾਂ ਤੋਂ ਲੈ ਕੇ ਆਪਣੀ ਉੱਡ ਗਈ ਨੀਂਦ ਅਤੇ ਚੈਨ ਖ਼ਰਾਬ ਕਰਨ ਵਾਲੀ ਪੀੜ ਦਾ ਸਾਰਾ ਹਾਲ ਸੁਣਾ ਦਿੱਤਾ। ਤਿੰਮਪਾ ਨੇ ਉਸ ਦੀ ਅੱਖ ਦੀ ਜਾਂਚ ਕੀਤੀ। ਉਹ ਆਪਣੀਆਂ ਗੱਲਾਂ ਨਾਲ ਹੀ ਮਰੀਜ਼ ਨੂੰ ਵਿਸ਼ਵਾਸ ਤੇ ਯਕੀਨ ਕਰਾ ਦੇਣ ਵਾਲਾ ਡਾਕਟਰ ਸੀ। ਉਸ ਨੇ ਬਸਲਿੰਗਾ ਦੀ ਅੱਖ ਦਾ ਨਾਪ ਲਿਆ, ਸਪੱਸ਼ਟਤਾ ਨੂੰ ਜਾਂਚਿਆ। ਪੀੜ ਦਾ ਕਾਰਨ ਲੱਭਿਆ ਅਤੇ ਅਖ਼ੀਰ ਵਿੱਚ ਕਿਹਾ, ‘‘ਤੇਰੀ ਅੱਖ ਠੀਕ ਹੋ ਜਾਏਗੀ ਪਰ ਅਪਰੇਸ਼ਨ ਕਰਨਾ ਪਏਗਾ। ਤੂੰ ਇਸ ਲਈ ਤਿਆਰ ਹੈਂ? ਕੋਈ ਚਿੰਤਾ ਤਾਂ ਨਹੀਂ?’’ ‘‘ਕੀ ਬਿਲਕੁਲ ਠੀਕ ਹੋ ਜਾਏਗੀ?’’ ਬਸਲਿੰਗਾ ਨੇ ਇਸ ਭਾਵ ਨਾਲ ਵੇਖਿਆ। ਤਿੰਮਪਾ ਨੇ ਯਕੀਨ ਦਿਵਾਉਣ ਵਾਲੀਆਂ ਗੱਲਾਂ ਕੀਤੀਆਂ। ਬਸਲਿੰਗਾ ਨੂੰ ਵਿਸ਼ਵਾਸ ਹੋ ਗਿਆ। ਸਿੱਦਲਿੰਗੀ ਨੇ ਪੁੱਛਿਆ ਪਰ ਉਸ ਨੇ ਸਿਰਫ਼ ਡਾਕਟਰ ਦਾ ਨਾਂ ਦੱਸਿਆ। ਸਾਰਾ ਹਾਲ ਦੱਸਣ ਦੀ ਨਾ ਉਸ ਵਿੱਚ ਇੱਛਾ ਸੀ ਤੇ ਨਾ ਉਤਸ਼ਾਹ। ਅਗਲੇ ਦਿਨ ਆਪਣੇ ਡੰਗਰਾਂ ਦਾ ਕੰਮ ਮੁਕਾ ਕੇ ਉਹ ਹਸਪਤਾਲ ਵੱਲ ਤੁਰ ਪਿਆ। ਤਿੰਮਪਾ ਏਨਾ ਚੰਗਾ ਡਾਕਟਰ ਸੀ, ਉਸ ਨੂੰ ਲੱਗਿਆ ਜਿਵੇਂ ਡਾਕਟਰ ਉਸ ਨੂੰ ਹੀ ਉਡੀਕ ਰਿਹਾ ਸੀ। ਉਸ ਦੇ ਮਨ ਵਿੱਚ ਡਾਕਟਰ ਲਈ ਖ਼ਾਸ ਲਗਾਓ ਤੇ ਪਿਆਰ ਜਾਗ ਉੱਠਿਆ। ਉਸ ਦੇ ਖੇਤ, ਬਲਦ ਅਤੇ ਬੱਚਾ- ਇਨ੍ਹਾਂ ਸਾਰਿਆਂ ਦਾ ਭਵਿੱਖ ਉਸ ਉੱਪਰ ਹੀ ਨਿਰਭਰ ਸੀ। ਤਜਰਬੇਕਾਰ ਡਾਕਟਰ ਨੇ ਬਸਲਿੰਗਾ ਨੂੰ ਅਪਰੇਸ਼ਨ ਲਈ ਤਿਆਰ ਕਰ ਕੇ ਕੁਝ ਹੀ ਪਲਾਂ ਵਿੱਚ ਅਪਰੇਸ਼ਨ ਖ਼ਤਮ ਕਰ ਦਿੱਤਾ। ਫਿਰ ਉਸ ਦਾ ਹੱਥ ਫੜ ਕੇ ਕਿਹਾ, ‘‘ਦੇਖ ਇਹ ਬੜਾ ਸੂਖ਼ਮ ਅਪਰੇਸ਼ਨ ਹੈ। ਦੋ ਹਫ਼ਤੇ ਸਿਰ ’ਤੇ ਪਾਣੀ ਨਹੀਂ ਪਾਉਣਾ। ਅੱਖ ਵਿੱਚ ਪਾਣੀ ਪੈ ਜਾਣ ਨਾਲ ਅੰਨ੍ਹੇ ਹੋ ਜਾਣ ਦਾ ਖ਼ਤਰਾ ਹੈ। ਇਹ ਗੱਲ ਚੰਗੀ ਤਰ੍ਹਾਂ ਯਾਦ ਰੱਖੀਂ।’’

ਬਸਲਿੰਗਾ ਦੇ ਮਨ ਵਿੱਚ ਡਾ. ਤਿੰਮਪਾ ਪ੍ਰਤੀ ਵਿਲੱਖਣ ਪ੍ਰੇਮ ਪੈਦਾ ਹੋ ਗਿਆ ਸੀ, ਪਰ ਉਸ ਦੇ ਪਹੁੰਚਦਿਆਂ ਹੀ ਸਿੱਦਲਿੰਗੀ ਨੇ ਬਖੇੜਾ ਖੜ੍ਹਾ ਕਰ ਦਿੱਤਾ। ਉਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਤਿੰਮਪਾ ਅਛੂਤ ਹੈ। ‘ਜਿਹੜੀ ਗੱਲ ਮੈਨੂੰ ਵੀ ਨਹੀਂ ਪਤਾ, ਸਿੱਦਲਿੰਗੀ ਨੇ ਕਿਵੇਂ ਜਾਣ ਲਈ।’ ਇਹ ਸੋਚ ਕੇ ਉਹ ਬੜਾ ਹੈਰਾਨ ਹੋਇਆ। ਉਸ ਨੂੰ ਜਾਪਣ ਲੱਗਾ ਕਿ ਡਾ. ਤਿੰਮਪਾ ਤੇ ਉਸ ਦੇ ਵਿਚਕਾਰ ਦਾ ਸਬੰਧ ਅਲੱਗ ਸਾਂਚੇ ਵਿੱਚ ਢਾਲਿਆ ਗਿਆ ਸੀ। ਇੱਕ ਪਲ ਉਸ ਨੂੰ ਲੱਗਾ ਕਿ ਮੈਨੂੰ ਛੂਹਣ ਤੋਂ ਪਹਿਲਾਂ ਉਹ ਆਪਣੀ ਜਾਤ ਬਾਰੇ ਦੱਸ ਦਿੰਦੇ ਤਾਂ ਚੰਗਾ ਹੁੰਦਾ, ਪਰ ਇਸ ਖ਼ਿਆਲ ਨੂੰ ਭੈੜਾ ਸਮਝ ਕੇ ਉਸ ਨੇ ਆਪਣੇ ਆਪ ਨੂੰ ਕੋਸਿਆ। ਉਸ ਨੂੰ ਲੱਗਿਆ ਕਿ ਉਸ ਦੇ ਆਪਣੇ ਅੰਦਰ ਕੋਈ ਕਮੀ ਰਹਿ ਗਈ ਸੀ। ਇਹ ਸੋਚ ਕੇ ਉਹ ਦੁਖੀ ਹੋ ਗਿਆ। ਉਸ ਨੇ ਫ਼ੈਸਲਾ ਕਰ ਲਿਆ ਕਿ ਇਹ ਗੱਲ ਉਹ ਕਿਸੇ ਨੂੰ ਨਹੀਂ ਦੱਸੇਗਾ। ਸਿੱਦਲਿੰਗੀ ਵੀ ਇਹ ਗੱਲ ਮੰਨ ਗਈ, ਪਰ ਸੂਤਕ ਦੂਰ ਕਰਨ ਲਈ ਤਾਂ ਬਸਲਿੰਗਾ ਨੂੰ ਨਹਾਉਣਾ ਚਾਹੀਦਾ ਹੈ। ਡਾਕਟਰ ਦੀਆਂ ਪਿਆਰ ਨਾਲ ਸਮਝਾਈਆਂ ਗੱਲਾਂ ਉਹ ਭਾਵੇਂ ਭੁੱਲਿਆ ਨਹੀਂ ਸੀ ਪਰ ਉਹ ਡਾਵਾਂਡੋਲ ਹੋਇਆ, ਉਲਝਣ ਜਿਹੀ ਵਿੱਚ ਪੈ ਗਿਆ। ਸਿੱਦਲਿੰਗੀ ਨੇ ਉਸ ਦੀ ਅੱਖ ਨੂੰ ਬਿਨਾਂ ਗਿੱਲਿਆਂ ਕੀਤਿਆਂ ਗਰਮ ਪਾਣੀ ਨਾਲ ਨੁਹਾ ਦਿੱਤਾ। ਮਨ, ਤਨ ਹੌਲਾ ਹੋ ਗਿਆ। ਪੱਟੀਆਂ ਵਿੱਚ ਬੱਝੀ ਅੱਖ ਦੋ ਦਿਨ ਠੀਕ ਰਹੀ। ਤੀਜੇ ਦਿਨ ਟੱਸ ਟੱਸ ਕਰਨ ਲੱਗੀ। ਫਿਰ ਤੋਂ ਪੀੜ ਸ਼ੁਰੂ ਹੋ ਗਈ। ਬਸਲਿੰਗਾ ਉਲਝਣ ਵਿੱਚ ਫਸਿਆ ਪਛਤਾਉਣ ਲੱਗਾ। ਝੂਠ ਬੋਲਣ ਵਿੱਚ ਅਸਮਰੱਥ ਬਸਲਿੰਗਾ ਇੱਕ ਹਫ਼ਤੇ ਦੇ ਅੰਦਰ ਹੀ ਤਿੰਮਪਾ ਨੂੰ ਛੱਡ ਕੇ ਦੂਸਰੇ ਡਾਕਟਰਾਂ ਨੂੰ ਆਪਣੀ ਅੱਖ ਵਿਖਾਉਣ ਗਿਆ। ਜੋ ਕੁਝ ਵੀ ਹੋਇਆ, ਉਸ ਨੇ ਦੱਸ ਦਿੱਤਾ। ਉਨ੍ਹਾਂ ਦੀ ਸਲਾਹ ਤੇ ਦਵਾਈ ਦਾ ਕੋਈ ਅਸਰ ਨਾ ਹੋਇਆ। ਉਹ ਲਾਚਾਰ ਹੋ ਕੇ ਡਾ. ਤਿੰਮਪਾ ਕੋਲ ਗਿਆ। ਉਹ ਪਿਆਰ ਨਾਲ ਸਵਾਲ ਪੁੱਛਣ ਲੱਗੇ। ਬਸਲਿੰਗਾ ਨੇ ਜਵਾਬ ਦਿੱਤਾ ਤੇ ਝੂਠ ਬੋਲਿਆ, ‘‘ਮੈਂ ਆਪਣੇ ਸਿਰ ਨੂੰ ਪਾਣੀ ਛੁਹਾਇਆ ਤਕ ਨਹੀਂ।’’ ਉਸ ਨੂੰ ਕੰਬਦਿਆਂ ਵੇਖ ਕੇ ਡਾ. ਤਿੰਮਪਾ ਨੇ ਆਪਣੇ ਮਨ ਦੀ ਗੱਲ ਕਰ ਦਿੱਤੀ। ਜਦੋਂ ਉਸ ਨੂੰ ਲੱਗਿਆ ਕਿ ਉਸ ਦੇ ਝੂਠ ਦਾ ਡਾਕਟਰ ਨੂੰ ਪਤਾ ਲੱਗ ਗਿਆ ਹੈ ਤਾਂ ਬਸਲਿੰਗਾ ਹੱਕਾ ਬੱਕਾ ਰਹਿ ਗਿਆ।

ਡਾ. ਤਿੰਮਪਾ ਨੇ ਠੰਢੇ ਦਿਲ ਨਾਲ ਕਿਹਾ, ‘‘ਬਸਲਿੰਗਾ, ਤੂੰ ਬਹੁਤ ਚੰਗਾ ਹੈਂ। ਜੋ ਹੋ ਗਿਆ ਸੋ ਹੋ ਗਿਆ। ਠੀਕ ਠੀਕ ਦੱਸ।’’

ਬਸਲਿੰਗਾ ਸੁਣ ਕੇ ਸੁੰਨ ਹੋ ਗਿਆ। ਜੋ ਉਸ ਨੇ ਝੂਠ ਬੋਲਿਆ ਸੀ, ਉਸ ਨੇ ਸਭ ਕੁਝ ਦੱਸ ਦਿੱਤਾ ਤੇ ਚੁੱਪਚਾਪ ਬਹਿ ਗਿਆ, ਜਿਵੇਂ ਉਸ ਦੇ ਮਨ ਤੋਂ ਬੋਝ ਉਤਰ ਗਿਆ ਹੋਵੇ।

‘‘ਕਿਸੇ ਤਰ੍ਹਾਂ ਮੇਰਾ ਇੱਕ ਵਾਰੀ ਫਿਰ ਅਪਰੇਸ਼ਨ ਕਰ ਦਿਉ, ਮੈਂ ਤੁਹਾਡੀ ਗੱਲ ਨਹੀਂ ਟਾਲਾਂਗਾ।’’

ਡਾ. ਤਿੰਮਪਾ ਨੇ ਸਿਰ ਹਿਲਾਉਂਦਿਆਂ ਕਿਹਾ, ‘‘ਹੋਰ ਅਪਰੇਸ਼ਨ ਕਰਨ ਨਾਲ ਕੁਝ ਨਹੀਂ ਹੋਵੇਗਾ। ਇਸ ਜ਼ਖ਼ਮ ਲਈ ਦਵਾਈ ਦਿਆਂਗਾ। ਉਹ ਲਾਉਣੀ ਨਾ ਭੁੱਲੀਂ।’’

ਪਤਾ ਨਹੀਂ ਬਸਲਿੰਗਾ ਨੂੰ ਕਿਉਂ ਗੁੱਸਾ ਆਇਆ। ਉਸ ਨੂੰ ਲੱਗਾ ਤਿੰਮਪਾ ਨੇ ਉਸ ਦੀ ਜ਼ਾਤ ਤਾਂ ਪਹਿਲਾਂ ਹੀ ਭਿੱਟ ਦਿੱਤੀ ਸੀ। ਹੁਣ ਉਸ ਤੋਂ ਖਹਿੜਾ ਛੁਡਾ ਰਿਹਾ ਸੀ। ਤਿੰਮਪਾ ਦਾ ਹੀ ਹੱਥ ਲੱਗ ਰਿਹਾ ਸੀ। ਆਪਣੇ ਜਾਣੇ-ਪਛਾਣੇ ਲੋਕਾਂ ਵਿੱਚ ਸਾਰੀ ਗੱਲ ਦੱਸ ਕੇ ਤਿੰਮਪਾ ਦੀ ਟੀਕਾ ਟਿੱਪਣੀ ਕੀਤੀ। ਸਾਰੀ ਗੱਲ ਘੁਮਾ ਫਿਰਾ ਕੇ ਇਸ ਤਰ੍ਹਾਂ ਦੱਸੀ ਕਿ ਉਨ੍ਹਾਂ ਨੂੰ ਵੀ ਤਿੰਮਪਾ ’ਤੇ ਗੁੱਸਾ ਆ ਜਾਵੇ। ਜਿਉਂ ਜਿਉਂ ਉਹ ਦੱਸਦਾ ਗਿਆ, ਉਸ ਨੂੰ ਯਕੀਨ ਹੁੰਦਾ ਗਿਆ ਕਿ ਜੋ ਗੱਲ ਉਹ ਘੁਮਾ ਫਿਰਾ ਕੇ ਦੱਸ ਰਿਹਾ ਹੈ, ਉਹੀ ਸੱਚ ਹੈ। ਕਈ ਵਾਰੀ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਜਿਵੇਂ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹੀ। ਆਪਣੇ ਅੰਦਰ ਪਲ ਰਹੇ ਹੋਛੇਪਣ ਨੂੰ ਵੇਖ ਕੇ ਹੈਰਾਨ ਹੋ ਜਾਂਦਾ। ਉਸ ਨੂੰ ਜਾਪਿਆ ਕਿ ਇਹ ਬਲਦਾਂ ਦੀ ਅਦਲਾ ਬਦਲੀ ਕਰਨ ਵਿੱਚ ਕੰਮ ਆਵੇਗਾ। ਇਹ ਝੂਠ ਟੱਬਰ ਲਈ ਸਹਾਇਕ ਹੋਵੇਗਾ। ਪਤਨੀ ਸਿੱਦਲਿੰਗੀ ਨਾਲ ਗੱਲਾਂ ਕਰਦਿਆਂ ਉਸ ਨੂੰ ਆਪਣੀ ਆਵਾਜ਼ ਵਿੱਚ ਵਧੇਰੇ ਉਤਸ਼ਾਹ ਆ ਗਿਆ ਜਾਪਦਾ। ਉਸ ਨੂੰ ਲੱਗਿਆ ਕਿ ਸ਼ੇਖੀ ਮਾਰਨੀ ਵੀ ਸਿੱਖਣੀ ਚਾਹੀਦੀ ਹੈ। ਜੇ ਮਜ਼ਦੂਰੀ ਮਿਲਣ ਵਿੱਚ ਢਿੱਲ ਹੋ ਗਈ ਤਾਂ ਉਧਾਰ ਲੈ ਕੇ ਕੰਮ ਸਾਰਨ ਵਿੱਚ ਵੀ ਡੀਂਗਬਾਜ਼ੀ ਕੰਮ ਆ ਸਕਦੀ ਹੈ।

ਬਸਲਿੰਗਾ ਦਾ ਦੁਖਾਂਤ ਇੱਕ ਪਾਸੇ ਦਾ ਨਹੀਂ ਸੀ। ਜਦੋਂ ਖੱਬੀ ਅੱਖ ਦੀ ਨਜ਼ਰ ਦੇ ਨਾਲ ਪੀੜ ਵੀ ਖ਼ਤਮ ਹੋ ਗਈ ਤਾਂ ਸੱਜੀ ਅੱਖ ਵਿੱਚ ਪੀੜ ਹੋਣੀ ਸ਼ੁਰੂ ਹੋ ਗਈ ਸੀ। ਜਦੋਂ ਖੱਬੀ ਅੱਖ ਵਿੱਚ ਪੀੜ ਸ਼ੁਰੂ ਹੋਈ ਸੀ ਤਾਂ ਉਦੋਂ ਉਹ ਬਹੁਤ ਅਣਜਾਣ ਸੀ ਪਰ ਐਤਕੀਂ ਢਿੱਲ ਕੀਤੇ ਬਿਨਾਂ ਬੜੀ ਚੁਸਤੀ ਤੇ ਹਿੰਮਤ ਨਾਲ ਉਹ ਕਈ ਡਾਕਟਰਾਂ ਨੂੰ ਮਿਲਿਆ। ਆਪਣੀ ਲਿੰਗਾਇਤ ਜਾਤੀ ਦੇ ਜਾਣੇ-ਪਛਾਣੇ ਰਾਜਨੀਤਕ ਨੇਤਾ ਰੁਦਰੱਪਾ ਨੂੰ ਨਾਲ ਲੈ ਕੇ ਕਈ ਡਾਕਟਰਾਂ ਕੋਲ ਗਿਆ। ਕੁਝ ਡਾਕਟਰਾਂ ਨੇ ਕਿਹਾ, ‘‘ਅਪਰੇਸ਼ਨ ਕਰਨ ਦੀ ਕੋਈ ਲੋੜ ਹੀ ਨਹੀਂ ਸੀ। ਉਸ ਡਾਕਟਰ ਤਿੰਮਪਾ ਨੂੰ ਸਮਝ ਹੀ ਨਹੀਂ, ਇਸ ਲਈ ਉਸ ਨੇ ਅਪਰੇਸ਼ਨ ਕਰ ਦਿੱਤਾ।’’ ਉਸ ਨੂੰ ਦਵਾਈ ਦੇ ਕੇ ਹਮਦਰਦੀ ਜਤਾਈ, ਪਰ ਬਸਲਿੰਗਾ ਦੀ ਪੀੜ ਨਾ ਘਟੀ। ਨਾ ਹੀ ਉਲਝਣ ਤੇ ਸ਼ੱਕ ਦੂਰ ਹੋਇਆ। ਇਸ ਅੱਖ ਦੀ ਬਿਮਾਰੀ ਦਾ ਕੋਈ ਤਾਂ ਇਲਾਜ ਹੋਵੇਗਾ। ਇਸ ਤਰ੍ਹਾਂ ਆਪਣੇ ਆਪ ਨੂੰ ਭਰੋਸਾ ਦੇ ਕੇ ਉਹ ਆਲੇ-ਦੁਆਲੇ ਦੇ ਸਾਰੇ ਡਾਕਟਰਾਂ ਕੋਲ ਹੋ ਆਇਆ। ਅਖ਼ੀਰ ਡੀਂਗਬਾਜ਼ੀ ਦੇ ਰੌਂਅ ਵਿੱਚ ਹੀ ਉਹ ਡਾਕਟਰ ਤਿੰਮਪਾ ਨੂੰ ਮਿਲਿਆ। ਡਾ. ਤਿੰਮਪਾ ਨੇ ਆਪਣੇ ਮਰੀਜ਼ ਵਿੱਚ ਆਈ ਤਬਦੀਲੀ ਨੂੰ ਬਾਰੀਕੀ ਨਾਲ ਵੇਖਿਆ। ਉਸ ਦੀ ਆਵਾਜ਼ ਉੱਚੀ ਹੋ ਗਈ ਸੀ। ਉਹ ਅਣਜਾਣੇ ਹੀ ਛੋਟਾ ਹੋ ਰਿਹਾ ਸੀ। ਉਸ ਦੀ ਬਿਮਾਰੀ ਸਰੀਰਕ ਤੋਂ ਮਾਨਸਿਕ ਪੱਧਰ ’ਤੇ ਪਹੁੰਚਣ ਲੱਗ ਪਈ ਸੀ।

ਡਾਕਟਰ ਤਿੰਮਪਾ ਨੇ ਬੜੀ ਦੁੱਖ ਭਰੀ ਆਵਾਜ਼ ਵਿੱਚ ਕਿਹਾ, ‘‘ਬਸਲਿੰਗਾ, ਮੈਂ ਤੈਨੂੰ ਇੱਕ ਡਾਕਟਰ ਦੀ ਹੈਸੀਅਤ ਵਿੱਚ ਛੂਹਿਆ ਸੀ। ਪਰ ਤੇਰੇ ਵਰਗੇ ਸਰਲ ਸਿੱਧੇ ਆਦਮੀ ਵਿੱਚ ਇਸ ਛੂਹਣ ਦੀ ਕਿਰਿਆ ਨੇ ਉਹ ਕੁਝ ਕਰ ਦਿੱਤਾ, ਜਿਸ ਦਾ ਮੈਂ ਅੰਦਾਜ਼ਾ ਵੀ ਨਹੀਂ ਸੀ ਲਾਇਆ। ਉਹ ਤੇਰੀ ਗ਼ਲਤੀ ਨਹੀਂ। ਇਸ ਲਈ ਮੈਂ ਕਿਸੇ ਨੂੰ ਵੀ ਦੋਸ਼ ਨਹੀਂ ਦਿੰਦਾ। ਤੂੰ ਹੁਣ ਇੱਕ ਕੰਮ ਕਰ, ਮੇਰਾ ਨਾਂ ਲੈ ਕੇ ਡਾਕਟਰ ਚੰਦਰੱਪਾ ਨੂੰ ਮਿਲ। ਉਹ ਵੀ ਮੇਰੇ ਵਾਂਗ ਚੰਗਾ ਡਾਕਟਰ ਹੈ। ਗ਼ਲਤ ਨਾ ਸਮਝੀਂ।’’ ਇਹ ਸਭ ਸੁਣ ਕੇ ਵੀ ਬਸਲਿੰਗਾ ਦੇ ਮਨ ਵਿੱਚ ਡਾਕਟਰ ਤਿੰਮਪਾ ਦੇ ਲਈ ਕੋਈ ਦੁਰਭਾਵਨਾ ਨਹੀਂ ਸੀ। ਹੁਣ ਉਸ ਦੇ ਮਨ ਵਿੱਚ ਇਹ ਸਵਾਲ ਉੱਠ ਖਲੋਤਾ ਕਿ ਡਾਕਟਰ ਤਿੰਮਪਾ ਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਉਸ ਦੇ ਬਾਰੇ ਉਸ ਦੀ ਜਾਤ ਬਾਰੇ ਜੋ ਗੱਲਾਂ ਕਰਦਾ ਰਿਹਾ ਹਾਂ, ਉਹ ਸਭ ਉਹ ਜਾਣ ਗਿਆ ਹੋਵੇਗਾ। ਉਸ ਦੇ ਮਨ ਵਿੱਚ ਉੱਠਿਆ ਇਹ ਡਰ ਕਦੇ ਮੂੜ੍ਹਤਾ ਤੇ ਕਦੇ ਹੰਕਾਰ ਦਾ ਰੂਪ ਧਾਰਨ ਕਰ ਲੈਂਦਾ।

ਉਸ ਨੇ ਡਾ. ਤਿੰਮਪਾ ਦੇ ਹਸਪਤਾਲ ਤੋਂ ਬਾਹਰ ਆ ਕੇ ਰਾਜਨੀਤਕ ਨੇਤਾ ਰੁਦਰੁੱਪਾ ਨੂੰ ਕਹਿ ਕੇ ਡਾ. ਚੰਦਰੱਪਾ ਦੀ ਜਾਤ ਦਾ ਪਤਾ ਕਰਵਾ ਲਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਤਿੰਮਪਾ ਵਾਂਗ ਨੀਵੀਂ ਜਾਤ ਦਾ ਨਹੀਂ ਸੀ।

ਉਸ ਦੀ ਤਸੱਲੀ ਹੋ ਗਈ ਤੇ ਉਹ ਝੱਟ ਜਾ ਕੇ ਡਾ. ਚੰਦਰੱਪਾ ਨੂੰ ਮਿਲਿਆ। ਉੱਥੇ ਇੱਕ ਹੋਰ ਅਜੀਬ ਘਟਨਾ, ਜਿਸ ਦੀ ਬਸਲਿੰਗਾ ਨੂੰ ਉੱਕਾ ਉਮੀਦ ਨਹੀਂ ਸੀ, ਉਸ ਦੀ ਉਡੀਕ ਕਰ ਰਹੀ ਸੀ। ਬਸਲਿੰਗਾ ਦੀ ਸੱਜੀ ਅੱਖ ਦੇ ਪੂਰੇ ਇਤਿਹਾਸ ਨੂੰ ਬਸਲਿੰਗਾ ਦੇ ਘੁਮਾ ਫਿਰਾ ਕੇ ਕਹਿਣ ਦੇ ਢੰਗ ਅਨੁਸਾਰ ਸੁਣ ਕੇ ਡਾ. ਚੰਦਰੱਪਾ ਨੇ ਕਿਹਾ, ‘‘ਜੋ ਕੰਮ ਡਾਕਟਰ ਤਿੰਮਪਾ ਕੋਲੋਂ ਨਹੀਂ ਹੋ ਸਕਿਆ, ਉਹ ਮੇਰੇ ਵਰਗਿਆਂ ਕੋਲੋਂ ਨਹੀਂ ਹੋ ਸਕਦਾ। ਡਾਕਟਰ ਤਿੰਮਪਾ ਸਾਡੇ ਚਿਕਿਤਸਾ ਸੰਸਾਰ ਦੇ ਪ੍ਰਸਿੱਧ, ਬੜੇ ਇਮਾਨਦਾਰ ਅਤੇ ਲਾਇਕ ਡਾਕਟਰ ਹਨ। ਜੇ ਤੂੰ ਜਾ ਕੇ ਉਨ੍ਹਾਂ ਨੂੰ ਮਿਲੇਂਗਾ ਤਾਂ ਹੀ ਇਹ ਇੱਕ ਰਹਿ ਗਈ ਅੱਖ ਬਚ ਸਕਦੀ ਹੈ।’’

ਬਸਲਿੰਗਾ ਰਾਜਨੀਤਕ ਨੇਤਾ ਰੁਦਰੁੱਪਾ ਨਾਲ ਬਾਹਰ ਆ ਗਿਆ। ਧੁੱਪ ਵਿੱਚ ਸਿਰ ’ਤੇ ਹੱਥ ਰੱਖ ਕੇ ਬਹਿ ਗਿਆ। ਉਸ ਦੇ ਮੂੰਹੋਂ ਗੱਲ ਨਹੀਂ ਸੀ ਨਿਕਲ ਰਹੀ। ਪਤਨੀ ਦੀਆਂ ਗੱਲਾਂ ਵੀ ਕੰਨਾਂ ਵਿੱਚ ਨਹੀਂ ਸੀ ਪੈ ਰਹੀਆਂ। ਅੱਖ ਵਿੱਚ ਬੜੀ ਪੀੜ ਹੋ ਰਹੀ ਸੀ। ਬਸਲਿੰਗਾ ਨੂੰ ਸਮਝ ਆ ਗਈ ਕਿ ਹੌਲੀ ਹੌਲੀ ਉਸ ਦੀ ਨਜ਼ਰ ਘਟਦੀ ਜਾ ਰਹੀ ਸੀ। ਇਹ ਵੀ ਸਮਝ ਵਿੱਚ ਆਉਣ ਲੱਗ ਪਿਆ ਕਿ ਡੀਂਗਬਾਜ਼ੀ, ਝੂਠ, ਜਾਤ, ਮੱਠ ਦਾ ਸਵਾਮੀ ਕੋਈ ਵੀ ਉਸ ਦੀ ਅੱਖ ਨਹੀਂ ਸਨ ਬਚਾ ਸਕਦੇ। ਸਰੀਰਕ ਪੀੜ ਨਾਲੋਂ ਵੀ ਵੱਧ ਮਾਨਸਿਕ ਪੀੜ ਨਾਲ ਭਰ ਗਿਆ। ਡਾਕਟਰ ਤਿੰਮਪਾ ਦੀਆਂ ਬਿਜਲੀ ਵਾਂਗ ਚਲਦੀਆਂ ਉਂਗਲਾਂ, ਪਿਆਰ ਭਰਿਆ ਚਿਹਰਾ ਯਾਦ ਆਇਆ। ਆਪਣੇ ਖੇਤ, ਬਲਦ, ਖੇਤ ਦੇ ਕੰਢੇ ਖਲੋਤਾ ਅੰਬ ਦਾ ਰੁੱਖ, ਪਾਰਿਜਾਤ ਦੇ ਫੁੱਲ ਯਾਦ ਆਏ। ਉਹ ਸਿੱਧਾ ਡਾ. ਤਿੰਮਪਾ ਕੋਲ ਗਿਆ। ਪੀੜ ਹੋ ਰਹੀ ਅੱਖ ਵਿੱਚੋਂ ਹੰਝੂ ਟਪਕ ਰਹੇ ਸਨ। ਉਸ ਨੇ ਡਾਕਟਰ ਦਾ ਹੱਥ ਫੜ ਲਿਆ। ਉਸ ਦੇ ਗਲੇ ਲੱਗ ਕੇ ਜ਼ੋਰ ਜ਼ੋਰ ਦੀ ਰੋਣ ਲੱਗਾ। ਤਿੰਮਪਾ ਟੱਸ ਤੋਂ ਮੱਸ ਨਾ ਹੋਇਆ, ਸਿਰ ’ਤੇ ਹੱਥ ਵੀ ਨਾ ਫੇਰਿਆ। ਰੋਣਾ ਬੰਦ ਹੋਣ ’ਤੇ ਬਸਲਿੰਗਾ ਪਤਾ ਨਹੀਂ ਕੀ ਬੁੜਬੁੜਾਉਣ ਲੱਗਾ। ਉਹ ਉਸ ਨੂੰ ਤੇ ਤਿੰਮਪਾ ਨੂੰ ਸਮਝ ਆਉਣ ਵਾਲੀ ਗੱਲ ਸੀ।

ਸਾਹਮਣੇ ਬੈਠੇ ਹੋਏ ਬਸਲਿੰਗਾ ਨੂੰ ਡਾਕਟਰ ਤਿੰਮਪਾ ਇੱਕ ਟਕ ਵੇਖਦਾ ਰਿਹਾ। ਸੋਚਣ ਲੱਗਾ ਕਿ ਉਹ ਉਸ ਨੂੰ ਕਿਉਂ ਚੰਗਾ ਲੱਗਦਾ ਸੀ। ਉਸ ਵਿੱਚ ਪਹਿਲਾਂ ਵਾਲੀ ਨਿਸ਼ਕਪਟਤਾ ਫਿਰ ਜਾਗ ਉੱਠੀ ਸੀ। ਇਹ ਵੀ ਕਾਰਨ ਹੋ ਸਕਦਾ ਹੈ ਕਿ ਉਸ ਨੂੰ ਵੇਖ ਕੇ ਉਸ ਦੀ ਜਾਤ ਜਾਣਨ ਦੀ ਇੱਛਾ ਵੀ ਮਨ ਵਿੱਚ ਨਹੀਂ ਜਾਗੀ। ਮਨੁੱਖ ਦੀ

ਪੀੜ, ਬੇਚੈਨੀ, ਸੰਭਵ ਹੋਛਾਪਣ, ਚੰਗਿਆਈ ਦੀ ਗਵਾਹੀ ਦੇ ਰੂਪ ਵਿੱਚ ਜੋ ਕੁਝ ਦਿਸਦਾ ਹੈ, ਉਹ ਵੀ ਕਾਰਨ ਹੋ ਸਕਦੇ ਹਨ।

ਬਸਲਿੰਗਾ ਡਾਕਟਰ ਦੀਆਂ ਨਿਰਛਲ ਅੱਖਾਂ ਨੂੰ ਵੇਖਦਾ ਹੀ ਰਹਿ ਗਿਆ। ਤਿੰਮਪਾ ਦੀਆਂ ਅੱਖਾਂ ਵੀ ਭਰ ਆਈਆਂ। ਹੰਝੂ ਬਣ ਕੇ ਡਿੱਗਣ ਤੋਂ ਪਹਿਲਾਂ ਉਸ ਨੇ ਕਿਹਾ, ‘‘ਐਤਕੀਂ ਸਿਰ ’ਤੇ ਪਾਣੀ ਨਾ ਪਾਈਂ। ਅੱਖ ਠੀਕ ਹੋ ਜਾਵੇਗੀ।’’ ਸਿਰਫ਼ ਏਨਾ ਕਹਿ ਕੇ ਉਹ ਅਪਰੇਸ਼ਨ ਦੀ ਤਿਆਰੀ ਕਰਨ ਲੱਗਾ। ਸਾਰੇ ਝੂਠਾਂ ਤੋਂ ਮੁਕਤ ਬਸਲਿੰਗਾ, ਬੱਚੇ ਵਾਂਗ ਬੈਠਾ ਉਸ ਨੂੰ ਵੇਖਦਾ ਰਿਹਾ।

Advertisement
Show comments