ਹਰਿਮੰਦਰ ਸਾਹਿਬ ਦਾ ਇਕਲੌਤਾ ਵਿਰਾਸਤੀ ਕੰਧ ਚਿੱਤਰ
ਅੰਮ੍ਰਿਤਸਰ ਸਥਿਤ ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਜਹਾਨ ਵਿੱਚ ਇੱਕ ਨਿਵੇਕਲਾ ਅਧਿਆਤਮਿਕ ਅਸਥਾਨ ਹੈ, ਜੋ ਕਲਾ ਅਤੇ ਭਵਨ ਉਸਾਰੀ ਕਲਾ ਦੇ ਪੱਖੋਂ ਬੇਜੋੜ ਹੈ। ਮੁੱਖ ਦਰਬਾਰ ਦੇ ਅੰਦਰ ਦੀਆਂ ਕੰਧਾਂ, ਥਮਲਿਆਂ, ਝਰੋਖਿਆਂ, ਦਹਿਨ ਅਤੇ ਛੱਤ ਉੱਤੇ ਮੁਹਰਾਕਸ਼ੀ, ਜੜ੍ਹਤਕਾਰੀ, ਟੁਕੜੀ, ਨੱਕਾਸ਼ੀ ਅਤੇ ਪੱਥਰ ਦਾ ਬਿਹਤਰੀਨ ਕਲਾਤਮਿਕ ਕੰਮ ਹੋਇਆ ਹੈ। ਕਿਸੇ ਵੇਲੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਦੀਆਂ ਕੰਧਾਂ ’ਤੇ ਅਨੇਕਾਂ ਫਰੈਸਕੋ ਚਿੱਤਰ ਹੁੰਦੇ ਸਨ। ਪਰਦੀਪ ਸਿੰਘ ਅਰਸ਼ੀ ਇੱਕ ਜਗ੍ਹਾ ਐੱਚ.ਐੱਚ. ਕੌਲ ਦਾ ਹਵਾਲਾ ਦਿੰਦਿਆਂ ਲਿਖਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀਆਂ ਕੰਧਾਂ ਉੱਤੇ ਮਿਥਿਹਾਸਕ ਦ੍ਰਿਸ਼ਾਂ ਤੇ ਪਸ਼ੂ ਪੰਛੀਆਂ ਦੇ ਮੋਟਿਫਾਂ ਨੂੰ ਲੈ ਕੇ ਲਗਭਗ ਤਿੰਨ ਸੌ ਚਿੱਤਰ ਸਨ, ਜਿਹੜੇ ਦੂਰੋਂ ਵੇਖਿਆਂ ਇੱਕ ਲਟਕੇ ਪਰਸ਼ੀਅਨ ਗਲੀਚੇ ਦੀ ਤਰ੍ਹਾਂ ਲੱਗਦੇ ਸਨ। ਇਹ ਸਭ ਚਿੱਤਰ ਬੁੰਗਿਆਂ ਦੇ ਢਾਹੁਣ ਦੇ ਨਾਲ ਖ਼ਤਮ ਹੋ ਚੁੱਕੇ ਹਨ।
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੀ ਉੱਤਰੀ ਬਾਹੀ ’ਤੇ ਬਣੀਆਂ ਤੰਗ ਪੌੜੀਆਂ, ਜੋ ਉੱਪਰੀ ਮੰਜ਼ਿਲ ਨੂੰ ਜਾਂਦੀਆਂ ਹਨ, ਤੋਂ ਉੱਪਰ ਵੱਲ ਚੜ੍ਹਦਿਆਂ ਪੌੜੀ ’ਤੇ ਹੀ ਖਲ੍ਹੋਈਏ ਤਾਂ ਅੰਦਰ ਸਾਹਮਣੇ ਕੰਧ ’ਤੇ ਫਰੈਸਕੋ ਚਿੱਤਰ ਬਣਿਆ ਹੋਇਆ ਹੈ, ਜੋ ਪ੍ਰਬੰਧਕਾਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਖ਼ਰਾਬ ਹੋ ਰਿਹਾ ਹੈ। ਇਸ ਵੇਲੇ ਪੂਰੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਇਹ ਇੱਕ ਹੀ ਕੰਧ ਚਿੱਤਰ ਬਚਿਆ ਹੈ। ਇਸ ਚਿੱਤਰ ਦੇ ਹੇਠਾਂ ਇੱਕ ਤਪੱਸਵੀ ਰਿਸ਼ੀ ਦਾ ਮੋਟਿਫ਼ ਵੀ ਚਿਤਰਿਆ ਗਿਆ ਹੈ। ਪੌੜੀਆਂ ਦੀਆਂ ਕੰਧਾਂ ਅਤੇ ਕਾੱਰਨਸ ਉੱਪਰ ਤੇ ਹੇਠਾਂ ਆਇਤਾਕਾਰ ਹਾਸ਼ੀਆਂ ਵਿੱਚ ਫੁੱਲ, ਬੂਟਿਆਂ, ਪੱਤੀਆਂ ਦੇ ਇੱਕੋ ਜਿਹੇ ਪੈਟਰਨ ਬਣਾ ਕੇ ਨੱਕਾਸ਼ੀ ਕੀਤੀ ਗਈ ਹੈ। ਕੰਧ ਦੇ ਵਿਚਕਾਰ ਚਿੱਟੀ ਪੱਟੀ ਦੇ ਹਾਸ਼ੀਏ ਦਾ ਵਖਰੇਵਾਂ ਦੇ ਕੇ ਵਰਗਾਕਾਰ ਜਗ੍ਹਾ ’ਤੇ ਫੁੱਲਾਂ, ਪੱਤਿਆਂ ਨਾਲ ਗੁਲਦਸਤਾਨੁਮਾ ਨੱਕਾਸ਼ੀ ਨਾਲ ਕੰਧਾਂ ਨੂੰ ਸਜਾਇਆ ਗਿਆ ਹੈ। ਛੱਤ ’ਤੇ ਜੁਮੈਟਰੀਕਲ ਡਿਜ਼ਾਈਨ ਬਣਾਏ ਗਏ ਹਨ। ਕੰਧਾਂ ’ਤੇ ਲੱਗੇ ਲੱਕੜ ਦੇ ਫਰੇਮ ਦੱਸਦੇ ਹਨ ਕਿ ਕਿਸੇ ਵੇਲੇ ਇਸ ਕਲਾਤਮਿਕ ਕੰਮ ਨੂੰ ਸ਼ੀਸ਼ੇ ਨਾਲ ਢੱਕਿਆ ਗਿਆ ਹੋਵੇਗਾ। ਨੱਕਾਸ਼ੀ ਤਾਂ ਹਾਲੇ ਬਿਹਤਰ ਸਥਿਤੀ ਵਿੱਚ ਹੈ ਪਰ ਕੰਧ ਚਿੱਤਰ ਦਾ ਮੁੱਖ ਹਿੱਸਾ ਨੁਕਸਾਨਿਆ ਜਾ ਰਿਹਾ ਹੈ।
ਬੁੰਗੇ ਢਾਹੁਣ ਨਾਲ ਪਰਿਕਰਮਾ ਦੇ ਕੰਧ ਚਿੱਤਰ ਤਾਂ ਪਹਿਲਾਂ ਹੀ ਖ਼ਤਮ ਹੋ ਚੁੱਕੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੂਜੀ ਮੰਜ਼ਿਲ ਦੀਆਂ ਕੰਧਾਂ ’ਤੇ ਵੀ ਅਨੇਕਾਂ ਕੰਧ ਚਿੱਤਰ ਹੁੰਦੇ ਸਨ, ਜੋ ਸਾਕਾ ਨੀਲਾ ਤਾਰਾ ਕਾਰਨ ਢਹਿ ਢੇਰੀ ਹੋ ਗਏ। ਤਖ਼ਤ ਦੀ ਪੁਨਰ ਸਥਾਪਨਾ ਕਰ ਲੈਣ ’ਤੇ ਵੀ ਦੁਬਾਰਾ ਨਹੀਂ ਚਿੱਤਰੇ ਗਏ। ਸਪਸ਼ਟ ਹੈ ਕਿ ਸਾਰਾ ਜ਼ੋਰ ਤੇ ਇੱਛਾ ਤਖ਼ਤ ਸਾਹਿਬ ਦੀ ਜਲਦ ਮੁੜ ਉਸਾਰੀ ਕਰਨ ’ਤੇ ਸੀ, ਵਿਰਾਸਤੀ ਕਲਾ ਪੱਖ ਵੱਲ ਪਿੱਠ ਵਿਖਾ ਦਿੱਤੀ ਗਈ ਤੇ ਪੂਰਵਵਰਤੀਆਂ ਦੀ ਸੋਚ ਨੂੰ ਮੂਲੋਂ ਨਕਾਰਦਿਆਂ ਇੱਕ ਵੀ ਕੰਧ ਚਿੱਤਰ ਨਹੀਂ ਬਣਵਾਇਆ ਗਿਆ। ਅਜਿਹੇ ਨਕਾਰਾਤਮਿਕ ਰਵੱਈਏ ਦਰਮਿਆਨ ਪੂਰੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਇਹ ਇਕਲੌਤਾ ਕੰਧ ਚਿੱਤਰ ਹੈ, ਜਿਸ ਨੂੰ ਬਚਾਏ ਜਾਣ ਦੀ ਸ਼ਦੀਦ ਲੋੜ ਹੈ।
ਇਸ ਲੇਖ ਨਾਲ ਪ੍ਰਕਾਸ਼ਿਤ ਚਿੱਤਰ ਦੇਖ ਕੇ ਪਾਠਕਾਂ ਨੂੰ ਲੱਗਦਾ ਹੋਵੇਗਾ ਕਿ ਚਿੱਤਰ ਦੀ ਹਾਲਤ ਤਾਂ ਠੀਕ ਹੈ ਪਰ ਵਾਸਤਵ ਵਿੱਚ ਅਜਿਹਾ ਨਹੀਂ। 36 ਸਾਲ ਪਹਿਲਾਂ ਚਿੱਤਰ ਦੀ ਇਹ ਫੋਟੋ ਐੱਮ.ਫਿਲ. ਕਰਨ ਤੋਂ ਬਾਅਦ ਸੰਨ 1989 ਵਿੱਚ ਲੋਕ ਚਿੱਤਰਕਲਾ ’ਤੇ ਪੀਐੱਚ.ਡੀ ਕਰਦਿਆਂ ਵਿਸ਼ੇ ਅਨੁਸਾਰ ਸਾਮੱਗਰੀ ਇਕੱਤਰ ਕਰਨ ਵੇਲੇ ਖਿੱਚੀ ਸੀ। ਉਸ ਸਮੇਂ ਪੌੜੀਆਂ ਖੁੱਲ੍ਹੀਆਂ ਰਹਿੰਦੀਆਂ ਸਨ ਪਰ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਪੌੜੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਬੰਦ ਹੀ ਰੱਖਣ ਦਾ ਇਹ ਫ਼ੈਸਲਾ ਸ਼ਾਇਦ ਸ਼ਰਧਾਲੂਆਂ ਦੀ ਜ਼ਿਆਦਾ ਗਿਣਤੀ ਦੇ ਮੱਦੇਨਜ਼ਰ ਪ੍ਰਬੰਧਕਾਂ ਨੇ ਲਿਆ ਹੋ ਸਕਦਾ ਹੈ। ਹਾਲਾਂਕਿ ਪੌੜੀਆਂ ਵਿੱਚ ਇੱਕ ਖਿੜਕੀ ਵੀ ਹੈ, ਜੋ ਬੰਦ ਹੀ ਰਹਿੰਦੀ ਹੈ, ਜਿਸ ਦੀ ਵਜ੍ਹਾ ਕਰਕੇ ਸਲ੍ਹਾਬ ਅਤੇ ਭੜਾਸ ਦਾ ਪੈਦਾ ਹੋਣਾ ਕੁਦਰਤੀ ਹੈ। ਇਸ ਕਾਰਨ ਚਿੱਤਰ ਦੀਆਂ ਕਈ ਥਾਵਾਂ ਤੋਂ ਰੰਗ ਦੀਆਂ ਪੱਪੜੀਆਂ ਲੱਥ ਰਹੀਆਂ ਹਨ। ਵੈਸੇ ਵੀ ਸਲ੍ਹਾਬ ਸਰੋਵਰ ਦੇ ਜਲ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦੀਆਂ ਕੰਧਾਂ ’ਤੇ ਮਾਰ ਕਰ ਰਹੀ ਹੈ। ਕੁਝ ਵਰ੍ਹੇ ਪਹਿਲਾਂ ਆਈ ਆਈ ਟੀ ਰੁੜਕੀ ਤੋਂ ਆਈ ਮਾਹਿਰਾਂ ਦੀ ਟੀਮ ਨੇ ਵੀ ਆਪਣੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਸੀ। ਸਰੋਵਰ ਦੀ ਕਾਰ ਸੇਵਾ ਵੇਲੇ ਨੀਹਾਂ ਦੇ ਟਰੀਟਮੈਂਟ ਦੀ ਲੋੜ ਹੈ ਤਾਂ ਜੋ ਅੰਦਰਲੇ ਕਲਾਤਮਿਕ ਕੰਮ ਨੂੰ ਲੰਮੇ ਸਮੇਂ ਤੱਕ ਬਚਾਇਆ ਜਾ ਸਕੇ। ਇਹ ਵੀ ਕਿਹਾ ਜਾਂਦਾ ਹੈ ਕਿ ਸੰਗਤਾਂ ਦੇ ਹੱਥ ਲਗਾਉਣ ਨਾਲ ਚਿੱਤਰ ਹੋਰ ਖ਼ਰਾਬ ਹੋ ਰਿਹਾ ਹੈ ਤਾਂ ਅਜਿਹੇ ਵਿੱਚ ਇਸ ਨੂੰ ਥੋੜ੍ਹੀ ਵਿੱਥ ਦੇ ਕੇ ਸ਼ੀਸ਼ੇ ਵਿੱਚ ਮੜ੍ਹਿਆ ਜਾ ਸਕਦਾ ਹੈ ਤਾਂ ਜੋ ਅੰਦਰ ਹਵਾ ਵੀ ਫਿਰ ਸਕੇ। ਦਰਬਾਰ ਦੇ ਅੰਦਰ ਪਹਿਲੀ ਮੰਜ਼ਿਲ ’ਤੇ ਕੀਤੀ ਨੱਕਾਸ਼ੀ ਨੂੰ ਤਾਂ ਪਹਿਲਾਂ ਹੀ ਸ਼ੀਸ਼ੇ ਨਾਲ ਢੱਕਿਆ ਹੋਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ 195 ਵਰ੍ਹੇ ਪਹਿਲਾਂ ਬਣੇ ਇਸ ਚਿੱਤਰ ਦੀ ਉਮਰ ਵੀ ਇਸ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਹੈ। ਜੇਕਰ ਪ੍ਰਬੰਧਕਾਂ ਦਾ ਫ਼ੈਸਲਾ ਪੌੜੀਆਂ ਸਦਾ ਲਈ ਬੰਦ ਰੱਖਣ ਦਾ ਰਿਹਾ ਤਾਂ ਇਹ ਵਿਰਾਸਤੀ ਚਿੱਤਰ ਆਪਣੀ ਮੌਤੇ ਆਪ ਹੀ ਮਰ ਜਾਏਗਾ।
ਚਿੱਤਰ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਹਾੜੀ ਕਾਂਗੜਾ ਸ਼ੈਲੀ ਵਿੱਚ ਬਣੇ ਇਸ ਕੰਧ ਚਿੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ। ਮਹਾਰਾਜੇ ਨੇ ਪਹਿਲਾਂ ਇਹ ਖ਼ੂਬਸੂਰਤ ਕਲਮੀ ਚਿੱਤਰ ਕਾਂਗੜੇ ਦੇ ਰਾਜਾ ਸੰਸਾਰ ਚੰਦ ਦੇ ਸੰਗ੍ਰਹਿ ਵਿੱਚ ਦੇਖਿਆ ਸੀ। ਇਸ ਚਿੱਤਰ ਦੇ ਵਿਸ਼ੇ ਅਤੇ ਸੁਹਜ ਨੂੰ ਦੇਖ ਕੇ ਉਸ ਦੇ ਮਨ ਵਿੱਚ ਇੱਛਾ ਜਾਗੀ ਕਿ ਅਜਿਹਾ ਚਿੱਤਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣਵਾਇਆ ਜਾਏ। ਲਿਹਾਜ਼ਾ ਸੰਨ 1830-31 ਦੌਰਾਨ ਕਾਂਗੜੇ ਦੇ ਇੱਕ ਚਿੱਤਰਕਾਰ ਨੂੰ ਬੁਲਾ ਕੇ ਅਸਲ ਵਾਂਗ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਉਹੋ ਜਿਹਾ ਚਿੱਤਰ ਪੌੜੀਆਂ ਦੀ ਕੰਧ ’ਤੇ ਫਰੈਸਕੋ ਰੂਪ ਵਿੱਚ ਚਿਤਰਿਆ।
ਇਤਿਹਾਸ ਵੱਲ ਝਾਤੀ ਮਾਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਹਰਿਮੰਦਰ ਸਾਹਿਬ ਤਾਂ ਕੀ, ਅੰਮ੍ਰਿਤਸਰ ਵੀ ਕਦੇ ਨਹੀਂ ਆਏ ਹਾਲਾਂਕਿ ਹਰਿਮੰਦਰ ਸਾਹਿਬ ਤੋਂ ਕੁਝ ਕੁ ਦੂਰੀ ’ਤੇ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਸਥਾਨ ਸੀ। ਇੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਸ਼ੁਭਾਇਮਾਨ ਹੈ। ਗੁਰੂ ਤੇਗ ਬਹਾਦਰ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਪਰ ਮੀਣਿਆਂ ਨੇ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਪਰਿਕਰਮਾ ਵਿੱਚੋਂ ਹੀ ਵਾਪਸ ਮੋੜ ਦਿੱਤਾ ਕਿਉਂਕਿ ਉਨ੍ਹਾਂ ਆਪਣੀ ਹੀ ਗੁਰਗੱਦੀ ਚਲਾ ਲਈ ਸੀ। ਸੰਮਤ 1696 ਵਿੱਚ ਮਿਹਰਬਾਨ ਦਾ ਦੇਹਾਂਤ ਹੋਣ ਤੋਂ ਬਾਅਦ ਸੰਮਤ 1757 ਤੱਕ ਉਸ ਦੇ ਪੁੱਤਰ ਹਰਿ ਜੀ ਦਾ ਕਬਜ਼ਾ ਇਸ ਉੱਪਰ ਰਿਹਾ। ਮਿਹਰਬਾਨ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਦੇ ਪਲੇਠੇ ਪੁੱਤਰ ਅਤੇ ਗੁਰੂ ਅਰਜਨ ਦੇਵ ਜੀ ਦੇ ਭਤੀਜੇ ਸਨ। ਵਿਸਾਖ ਸੁਦੀ ਇਕਾਦਸ਼ੀ ਸੰਮਤ 1753 ਵਿੱਚ ਹਰਿ ਜੀ ਦੇ ਦੇਹਾਂਤ ਤੋਂ ਤਿੰਨ ਵਰ੍ਹੇ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਭੇਜਿਆ ਤੇ ਕਬਜ਼ਾ ਲਿਆ। ਇਹ ਮਹਾਰਾਜਾ ਰਣਜੀਤ ਸਿੰਘ ਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਸ਼ਰਧਾ ਸੀ, ਜਿਸ ਦੇ ਸਨਮੁੱਖ ਉਸ ਨੇ ਇਹ ਇਕਲੌਤਾ ਕੰਧ ਚਿੱਤਰ ਬਣਵਾਇਆ, ਜਿਸ ਨੂੰ ਅੱਜ ਬਚਾਏ ਜਾਣ ਦੀ ਲੋੜ ਹੈ।
ਇਸ ਚਿੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਘੋੜੇ ’ਤੇ ਸਵਾਰ ਪੰਜ ਪਿਆਰਿਆਂ ਨਾਲ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਜਾ ਰਹੇ ਚਿਤਰੇ ਹਨ। ਸੁਨਹਿਰੀ ਡਾਟ ਵਿੱਚ ਬਣੇ ਇਸ ਚਿੱਤਰ ਦੀ ਸੱਜੀ ਨੁੱਕਰ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਬਣਿਆ ਹੋਇਆ ਹੈ। ਚਿੱਤਰ ਵਿੱਚ ਪੰਜ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਚਿਤਰੇ ਗਏ ਹਨ, ਜਿਨ੍ਹਾਂ ਨੂੰ 1699 ਈਸਵੀ ਦੀ ਵਿਸਾਖ ਨੂੰ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਿੰਘ ਸਜਾਇਆ ਸੀ।
ਗੁਰੂ ਸਾਹਿਬ ਸਮੇਤ ਚਿੱਤਰ ਵਿਚਲੇ ਸਾਰੇ ਪਾਤਰ ਇੱਕ ਚਸ਼ਮ ਚਿੱਤਰੇ ਹਨ। ਚਿੱਤਰ ਵਿੱਚ ਗੁਰੂ ਸਾਹਿਬ ਨੇ ਲੰਮਾ ਪੀਲੇ ਰੰਗ ਦਾ ਸ਼ਾਹੀ ਚੋਗਾ ਪਹਿਨਿਆ ਹੈ। ਗਲ਼ੇ ਅਤੇ ਬੰਦ ਉੱਤੇ ਸੁਨਹਿਰੀ ਗੋਟਾ ਲੱਗਾ ਹੋਇਆ ਹੈ। ਲੱਕ ’ਤੇ ਉਨ੍ਹਾਂ ਕਮਰਕੱਸਾ ਸਾਰੇ ਪਿਆਰਿਆਂ ਦੀ ਤਰ੍ਹਾਂ ਬੰਨ੍ਹਿਆ ਹੋਇਆ ਹੈ। ਉਨ੍ਹਾਂ ਨੇ ਅੰਮ੍ਰਿਤ ਛਕ ਕੇ ਲੰਮੀ ਕਿਰਪਾਨ ਧਾਰਨ ਕੀਤੀ ਹੋਈ ਹੈ। ਸਿਰ ਉੱਤੇ ਕਲਗੀ ਲੱਗੀ ਸ਼ਾਹੀ ਪੱਗੜੀ ਸੋਭ ਰਹੀ ਹੈ। ਸ਼ਾਹੀ ਪਹਿਰਾਵਾ ਪਹਿਨੀ ਕਾਲ਼ੀ ਦਾਹੜੀ ਨਾਲ ਗੁਰੂ ਸਾਹਿਬ ਭਰ ਜਵਾਨੀ ਦੀ ਅਵਸਥਾ ਵਿੱਚ ਸ਼ਹਿਨਸ਼ਾਹ ਲੱਗ ਰਹੇ ਹਨ। ਗੁਰੂ ਸਾਹਿਬ ਵਧੀਆ ਨਸਲ ਦੇ ਅਰਬੀ ਘੋੜੇ ’ਤੇ ਸਵਾਰ ਹਨ। ਘੋੜੇ ਨੂੰ ਕਾਠੀ ’ਤੇ ਸੁਨਹਿਰੀ ਕੱਪੜਾ ਵਿਛਾ ਕੇ ਸੁਨਹਿਰੀ ਲਗਾਮਾਂ ਨਾਲ ਸ਼ਿੰਗਾਰਿਆ ਹੋਇਆ ਹੈ। ਘੋੜੇ ਦੇ ਅਗਲੇ ਤੇ ਪਿਛਲੇ ਸੱਜੇ ਪੌੜ ਹਵਾ ਵਿੱਚ ਹਨ, ਜੋ ਘੋੜੇ ਦੀ ਗਤੀ ਦਰਸਾ ਰਹੇ ਹਨ। ਚਿੱਤਰ ਵਿੱਚ ਦੋ ਪਿਆਰਿਆਂ ਦੇ ਕੋਲ ਇੱਕ-ਇੱਕ ਬਾਜ਼ ਹੈ। ਇੱਥੇ ਚਿੱਤਰਕਾਰ ਨੇ ਥੋੜ੍ਹੀ ਮਿੱਥ ਤੋੜੀ ਹੈ। ਗੁਰੂ ਸਾਹਿਬ ਦੇ ਹਰ ਚਿੱਤਰ ਵਿੱਚ ਅਮੂਮਨ ਉਨ੍ਹਾਂ ਦੇ ਸੱਜੇ ਹੱਥ ’ਤੇ ਬਾਜ਼ ਬੈਠਾ ਹੁੰਦਾ ਸੀ ਪਰ ਇਸ ਚਿੱਤਰ ਵਿੱਚ ਉਨ੍ਹਾਂ ਦੇ ਹੱਥਾਂ ਵਿੱਚ ਘੋੜੇ ਦੀਆਂ ਲਗਾਮਾਂ ਹਨ, ਬਾਜ਼ ਨਹੀਂ ਬਲਕਿ ਬਾਜ਼ ਦੋ ਪਿਆਰਿਆਂ ਦੇ ਹੱਥਾਂ ’ਤੇ ਹੈ। ਗੁਰੂ ਸਾਹਿਬ ਦਾ ਧਿਆਨ ਅਗਾਂਹ ਹੈ ਜਦੋਂਕਿ ਉਨ੍ਹਾਂ ਦੇ ਘੋੜੇ ਅੱਗੇ ਤੁਰਦੇ ਦੋ ਪਿਆਰਿਆਂ ਦਾ ਧਿਆਨ ਪਿਛਾਂਹ ਆਉਂਦੇ ਗੁਰੂ ਸਾਹਿਬ ਵੱਲ ਹੈ। ਸ਼ਸਤਰਧਾਰੀ ਇਨ੍ਹਾਂ ਪਿਆਰਿਆਂ ਵਿੱਚੋਂ ਇੱਕ ਨੇ ਨੀਲੇ ਸੁਰਮਈ ਰੰਗ ਦਾ ਨਿਸ਼ਾਨ ਸਾਹਿਬ ਚੁੱਕਿਆ ਹੋਇਆ ਹੈ, ਜਿਸ ’ਤੇ ਇੱਕ ਕਿਰਪਾਨ, ਇੱਕ ਢਾਲ ਅਤੇ ਹੇਠਾਂ ਇੱਕ ਕਟਾਰ ਬਣੀ ਹੋਈ ਹੈ।
ਇਤਿਹਾਸ ਵੱਲ ਦੇਖੀਏ ਤਾਂ ਨਿਸ਼ਾਨ ਸਾਹਿਬ ਗੁਰੂ ਅਮਰਦਾਸ ਜੀ ਦੇ ਵੇਲੇ ਝੁਲਾਇਆ ਜਾਣਾ ਸ਼ੁਰੂ ਹੋਇਆ। ਇਹ ਨਿਸ਼ਾਨ ਸਾਹਿਬ ਸਫ਼ੈਦ ਰੰਗ ਦਾ ਬਿਨਾਂ ਕਿਸੇ ਚਿੰਨ੍ਹ ਦੇ ਸੀ, ਜੋ ਸ਼ਾਂਤੀ ਦਾ ਪ੍ਰਤੀਕ ਸੀ। ਸਮੇਂ-ਸਮੇਂ ਸਿਰ ਨਿਸ਼ਾਨ ਸਾਹਿਬ ਦੇ ਕੱਪੜੇ ਦਾ ਰੰਗ ਬਦਲਦਾ ਰਿਹਾ। ਮੁਗ਼ਲਾਂ ਹੱਥੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਾ ਜਾਣ ਮਗਰੋਂ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਨਿਸ਼ਾਨ ਸਾਹਿਬ ਪੀਲੇ ਬਸੰਤੀ ਰੰਗ ਦਾ ਹੋ ਗਿਆ। ਬਸੰਤੀ ਰੰਗ ਸਿੱਖਾਂ ਦੇ ਜੰਗਜੂ ਮਾਦੇ ਨੂੰ ਪੇਸ਼ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਨੀਲੇ ਸੁਰਮਈ ਰੰਗ ਦਾ ਨਿਸ਼ਾਨ ਸਾਹਿਬ ਬਖ਼ਸ਼ਿਆ। ਨੀਲਾ ਰੰਗ ਅਧਿਆਤਮਿਕਤਾ ਦਾ ਪ੍ਰਤੀਕ ਹੈ। ਕਲਗੀਧਰ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਲਈ ਆਖਿਆ। ਇਸੇ ਕਰਕੇ ਪ੍ਰਤੀਕ ਰੂਪ ਵਿੱਚ ਨਿਸ਼ਾਨ ਸਾਹਿਬ ’ਤੇ ਕਿਰਪਾਨ, ਢਾਲ ਅਤੇ ਕਟਾਰ ਦੇ ਚਿੰਨ੍ਹ ਬਣਾਏ ਗਏ। ਕਿਰਪਾਨ ਤੇ ਕਟਾਰ ਵਰਗੇ ਸ਼ਸਤਰ ਦਾ ਨਿਸ਼ਾਨ ਸਾਹਿਬ ’ਤੇ ਪ੍ਰਦਰਸ਼ਨ ਵੈਰੀਆਂ ਉੱਤੇ ਸ਼ਸਤਰਾਂ ਸਦਕਾ ਹਾਵੀ ਹੋਣ ਦਾ ਸੂਚਕ ਹੈ ਜਦੋਂਕਿ ਲੋਹੇ ਦੀ ਢਾਲ ਦੁਸ਼ਮਣਾਂ ਨੂੰ ਚਿੱਤ ਕਰਨ ਅਤੇ ਮਜ਼ਲੂਮ ਦੀ ਰਾਖੀ ਕਰਨ ਦੀ ਪ੍ਰਤੀਕ ਹੈ। ਸੋ ਸਮੇਂ-ਸਮੇਂ ਹੋਈਆਂ ਜੰਗਾਂ ਦੇ ਚਲਦਿਆਂ ਅਤੇ ਬਦਲਦੀ ਸਿੱਖ ਵਿਚਾਰਧਾਰਾ ਕਾਰਨ ਇਹ ਬਦਲਾਅ ਆਏ।
ਜੰਗਾਂ-ਯੁੱਧਾਂ ਵੇਲੇ ਜਥੇ ਵਿੱਚ ਸਭ ਤੋਂ ਮੂਹਰੇ ਨਿਸ਼ਾਨਬਰਦਾਰ ਹੀ ਸਿੱਖ ਜਥਿਆਂ ਦੀ ਅਗਵਾਈ ਕਰਦੇ ਸਨ। ਨਿਸ਼ਾਨ ਸਾਹਿਬ ਦੇ ਉੱਪਰੀ ਹਿੱਸੇ ਵਿੱਚ ਤੀਰ ਹੁੰਦਾ ਹੈ। ਸੰਕਟਕਾਲੀ ਪ੍ਰਸਥਿਤੀਆਂ ਵਿੱਚ ਤੀਰ ਦੁਸ਼ਮਣ ਤੋਂ ਰਾਖੀ ਲਈ ਵਰਤਿਆ ਜਾਂਦਾ ਸੀ। ਚਿੱਤਰ ਵਿੱਚ ਤੀਰ ਤੋਂ ਹੇਠਾਂ ਲਾਲ ਕੱਪੜੇ ਦਾ ਇੱਕ ਲੰਮਾ ਫਰਲਾ ਲਹਿਰਾਅ ਰਿਹਾ ਹੁੰਦਾ ਸੀ, ਜੋ ਹੁਣ ਸਮਾਂ ਪੈਣ ’ਤੇ ਮਨਫ਼ੀ ਕਰ ਦਿੱਤਾ ਗਿਆ ਹੈ। ਡਾਂਗ ਜਾਂ ਬਾਂਸ, ਜਿਸ ਵਿੱਚ ਨਿਸ਼ਾਨ ਸਾਹਿਬ ਟੰਗਿਆ ਜਾਂਦਾ ਸੀ, ਨੂੰ ਸਲ੍ਹੋਤਰ ਕਿਹਾ ਜਾਂਦਾ ਹੈ। ਨਿਸ਼ਾਨ ਸਾਹਿਬ ਦਾ ਮੁੱਖ ਕੱਪੜਾ ਤਿਕੋਣਾ ਹੁੰਦਾ ਹੈ, ਜਿਸ ਦੀ ਕਤਰਨ ਥੱਲਿਓਂ ਉੱਪਰ ਕੀਤੀ ਜਾਂਦੀ ਸੀ ਪਰ ਹੁਣ ਇਹ ਉਲਟ ਹੋ ਗਿਆ ਹੈ। 1609 ਵਿੱਚ ਪਹਿਲੀ ਵਾਰ ਅਕਾਲ ਤਖ਼ਤ ਸਾਹਿਬ ’ਤੇੇ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ। ਅਕਾਲ ਤਖ਼ਤ ’ਤੇੇ ਹੀ ਬਾਅਦ ਵਿੱਚ ਮੀਰੀ-ਪੀਰੀ ਦੇ ਦੋ ਨਿਸ਼ਾਨ ਸਾਹਿਬ ਝੁਲਾਏ ਜਾਣ ਲੱਗੇ।
ਸਿੱਖ ਮਿਸਲਾਂ ਦੇ ਗਠਨ ਅਤੇ ਸਿੱਖ ਰਾਜ ਦੀ ਕਾਇਮੀ ਵੇਲੇ ਇਹੀ ਜੰਗੀ ਸ਼ਸਤਰ ਰਾਜਸੀ ਝੰਡੇ ਵਿੱਚ ਵੀ ‘ਅਕਾਲ ਸਹਾਇ’ ਅਤੇ ‘ਸਰਕਾਰ-ਏ-ਖਾਲਸਾ’ ਲਿਖ ਕੇ ਲਹਿਰਾਏ ਜਾਣ ਲੱਗੇ। ਅੰਗਰੇਜ਼ੀ ਕਾਲ ਦੌਰਾਨ ਨਿਸ਼ਾਨ ਸਾਹਿਬ ਦਾ ਨੀਲਾ ਰੰਗ ਕੇਸਰੀ ਵਿੱਚ ਤਬਦੀਲ ਹੋ ਗਿਆ ਅਤੇ ਸ਼ਸਤਰ ਮਨਫ਼ੀ ਹੋ ਗਏ। ਹੁਣ ਸ਼ਸਤਰਾਂ ਦੀ ਜਗ੍ਹਾ ਖੰਡਾ ਚਿਹਨਿਤ ਹੋਣ ਲੱਗਾ। ਹਾਲ ਹੀ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਫਿਰ ਕੇਸਰੀ ਤੋਂ ਬਸੰਤੀ ਕਰ ਦਿੱਤਾ ਗਿਆ ਹੈ।
ਵਿਚਾਰ ਅਧੀਨ ਕੰਧ ਚਿੱਤਰ ਵਿੱਚ ਗੁਰੂ ਸਾਹਿਬ ਦੇ ਪਿੱਛੇ ਇੱਕ ਪਿਆਰਾ ਚਉਰ ਕਰਦਾ ਜਾ ਰਿਹਾ ਹੈ। ਇਸ ਦੇ ਨਾਲ ਇੱਕ ਪਿਆਰੇ ਨੇ ਪੱਤੇਨੁਮਾ ਸੁਨਹਿਰੀ ਸ਼ਾਹੀ ਨਿਸ਼ਾਨ ਚੁੱਕਿਆ ਹੋਇਆ ਹੈ, ਜੋ ਦਸ਼ਮੇਸ਼ ਪਿਤਾ ਦੀ ਸ਼ਾਹੀ ਪ੍ਰਭੂਸੱਤਾ ਨੂੰ ਬਿਆਨਦਾ ਹੈ। ਗੁਰੂ ਸਾਹਿਬ ਦੇ ਘੋੜੇ ਦੇ ਨਾਲ-ਨਾਲ ਇੱਕ ਕਤੂਰਾ ਵੀ ਚੱਲ ਰਿਹਾ ਹੈ, ਜਿਸ ਦਾ ਮੂੰਹ ਉਤਾਂਹ ਆਪਣੇ ਮਾਲਿਕ ਵੱਲ ਹੈ। ਚਿੱਤਰਕਾਰਾਂ/ਸ਼ਿਲਪਕਾਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ’ਤੇ ਸਵਾਰ ਚਿੱਤਰ ਨਾਲ ਕੁੱਤੇ ਦਾ ਮੋਟਿਫ਼ ਕਿਉਂ ਜੋੜਿਆ? ਇਤਿਹਾਸ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਆਉਂਦਾ। ਇਹ ਸ਼ਾਇਦ ਗੁਰੂ ਸਾਹਿਬ ਦਾ ਜਾਨਵਰ ਪ੍ਰੇਮੀ ਹੋਣਾ ਹੈ। ਕੁੱਤਾ ਵੈਸੇ ਵੀ ਵਫ਼ਾਦਾਰ ਜਾਨਵਰ ਹੈ, ਜੋ ਮਾਲਕ ਦਾ ਕਦੀ ਸਾਥ ਨਹੀਂ ਛੱਡਦਾ। ਆਨੰਦਪੁਰ ਛੱਡਦਿਆਂ ਗੁਰੂ ਸਾਹਿਬ ਦੇ ਨਾਲ-ਨਾਲ ਕੁੱਤਾ ਵੀ ਮੋਹ ਵੱਸ ਤੁਰ ਪੈਂਦਾ ਹੈ। ਦਰਅਸਲ, ਕੁੱਤੇ ਦਾ ਮੋਟਿਫ਼ ਚਿੱਤਰਕਾਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅਜਿਹੇ ਘੋੜਸਵਾਰੀ ਦੇ ਚਿੱਤਰ ਨਾਲ ਹੀ ਚਿਤਰਿਆ ਹੈ। ਉਨ੍ਹਾਂ ਨਾਲ ਸਬੰਧਿਤ ਕਿਸੇ ਹੋਰ ਚਿੱਤਰ ਦੇ ਵਿਸ਼ੇ ਅਤੇ ਕਿਸੇ ਹੋਰ ਗੁਰੂ ਦੇ ਨਾਲ ਵੀ ਨਹੀਂ ਚਿਤਰਿਆ।
ਕੁਦਰਤੀ ਜਲ ਰੰਗਾਂ ਨਾਲ ਬਣੇ ਇਸ ਚਿੱਤਰ ਵਿੱਚ ਚਿੱਤਰਕਾਰ ਨੇ ਸ਼ੁੱਧ ਸੋਨੇ ਨੂੰ ਸੁਨਹਿਰੀ ਰੰਗ ਵਜੋਂ ਵਰਤਿਆ ਹੈ। ਇਸੇ ਕਰਕੇ ਡਾਟ, ਘੋੜੇ ’ਤੇ ਦਿੱਤੀ ਸੁਨਹਿਰੀ ਚਾਦਰ, ਲਗਾਮਾਂ ਤੇ ਸ਼ਾਹੀ ਚਿੰਨ੍ਹ ਦੂਰੋਂ ਚਮਕਦੇ ਹਨ। ਚਿੱਤਰ ਦੇ ਹੇਠਾਂ ਉਸ ਪਹਾੜੀ ਚਿੱਤਰਕਾਰ ਨੇ ਆਪਣਾ ਨਾਂ ਨਹੀਂ ਲਿਖਿਆ ਜਦੋਂਕਿ ਕਈ ਵਾਰ ਕੰਧ ਚਿੱਤਰਾਂ ਦੇ ਰਚਨਹਾਰਿਆਂ ਨੇ ਨੁੱਕਰ ਵਿੱਚ ਜਾਂ ਬਚੀ ਥਾਂ ’ਤੇ ਆਪਣਾ ਅਤੇ ਟਹਿਲ ਸੇਵਾ ਕਰਾਉਣ ਵਾਲਿਆਂ ਦਾ ਨਾਂ ਲਿਖਿਆ ਹੁੰਦਾ ਸੀ। ਸੋ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕੰਧ ਚਿੱਤਰ ਦੀ ਸਿਰਜਣਾ ਨਾਲ ਇਹ ਵੀ ਮਿਥ ਟੁੱਟਦੀ ਹੈ ਕਿ ਸਿੱਖ ਧਰਮ ਵਿੱਚ ਤਸਵੀਰੀ ਕਲਾ ਨੂੰ ਮਾਨਤਾ ਨਹੀਂ।
ਸੰਨ 1830 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਕੰਧਾਂ ਉੱਪਰ ਸੋਨੇ ਦੀ ਪਰਤ ਚੜ੍ਹਵਾਈ। ਇਸ ਫਰੈਸਕੋ ਚਿੱਤਰ ਦੇ ਨਾਲ ਮਿਲਦਾ ਜੁਲਦਾ ਚਿੱਤਰ ਮਹਾਰਾਜੇ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਾਹਰੀ ਕੰਧ ’ਤੇ ਸੋਨ ਪੱਤਰੇ ਵਿੱਚ ਵੀ ਬਣਵਾਇਆ। ਇਸ ਸ਼ਿਲਪੀ ਚਿੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਘੋੜੇ ਉੱਪਰ ਸ਼ਸਤਰਧਾਰੀ ਹੋ ਕੇ ਸਵਾਰ ਹਨ। ਉਨ੍ਹਾਂ ਦੇ ਸੱਜੇ ਹੱਥ ’ਤੇ ਬਾਜ਼ ਬੈਠਾ ਹੈ ਤੇ ਖੱਬੇ ਹੱਥ ਵਿੱਚ ਲਗਾਮਾਂ ਹਨ। ਇੱਕ ਪਿਆਰਾ ਗਲ਼ ਵਿੱਚ ਢਾਲ ਲਟਕਾਈ, ਖਾਲਸਾਈ ਨਿਸ਼ਾਨ ਸਾਹਿਬ ਚੁੱਕੀ ਗੁਰੂ ਸਾਹਿਬ ਦੇ ਘੋੜੇ ਦੇ ਅੱਗੇ-ਅੱਗੇ ਚੱਲ ਰਿਹਾ ਹੈ। ਪਿੱਛੇ ਇੱਕ ਪਿਆਰਾ ਚਉਰ ਕਰਦਾ ਜਾ ਰਿਹਾ ਹੈ। ਇੱਥੇ ਘੋੜੇ ਦੇ ਨਾਲ ਤੁਰਦਾ ਕੁੱਤਾ ਨਹੀਂ ਉੱਕਰਿਆ ਗਿਆ। ਸੋਨੇ ਵਿੱਚ ਸ਼ਿਲਪਕਾਰ ਨੇ ਤਿੰਨ ਆਕ੍ਰਿਤੀਆਂ ਹੀ ਉੱਕਰੀਆਂ ਹਨ ਜਦੋਂਕਿ ਕੰਧ ਚਿੱਤਰ ਵਿੱਚ ਗੁਰੂ ਸਾਹਿਬ ਸਮੇਤ ਸੱਤ ਮਾਨਵੀ ਆਕ੍ਰਿਤੀਆਂ ਹਨ।
ਸੋਨ ਪੱਤਰੇ ਵਿੱਚ ਇਸ ਵਿਸ਼ੇ ਨੂੰ ਲੈ ਕੇ ਇੱਕ ਹੋਰ ਚਿੱਤਰ ਗੁਰਦੁਆਰਾ ਬਾਬਾ ਅਟੱਲ, ਅੰਮ੍ਰਿਤਸਰ ਵਿਖੇ ਵੀ ਉੱਕਰਿਆ ਦੇਖਿਆ ਜਾ ਸਕਦਾ ਹੈ। ਇਸ ਚਿੱਤਰ ਵਿੱਚ ਗੁਰੂ ਸਾਹਿਬ ਘੋੜੇ ’ਤੇ ਸਵਾਰ ਹਨ ਅਤੇ ਨਾਲ ਹੀ ਪੰਜ ਪਿਆਰੇ ਤੇ ਇੱਕ ਕੁੱਤਾ ਵੀ ਦੌੜ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਫਰੈਸਕੋ ਚਿੱਤਰ ਨਾਲੋਂ ਥੋੜ੍ਹੇ ਬਹੁਤੇ ਫ਼ਰਕ ਨਾਲ ਇੱਕ ਚਿੱਤਰ ਹੁਸ਼ਿਆਰਪੁਰ ਦੇ ਰਾਮਟਟਵਾਲੀ ਦੇ ਬੈਰਾਗੀ ਮੰਦਿਰ ਅਤੇ ਪਟਿਆਲਾ ਦੇ ਕਿਲ੍ਹਾ ਮੁਬਾਰਕ ਦੀ ਇੱਕ ਕੰਧ ’ਤੇ ਵੀ ਬਣਿਆ ਹੋਇਆ ਹੈ। ਅਜਿਹਾ ਰਲਦਾ ਮਿਲਦਾ ਇੱਕ ਕਲਮੀ ਚਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ (1850-60 ਈ.) ਪੁਰਾਤਨ ਹੱਥ ਲਿਖਤ ਸਰੂਪ ਦੇ ਸ਼ੁਰੂਆਤੀ ਅੰਗ ’ਤੇ ਚਿਤਰਿਆ ਮਿਲਦਾ ਹੈ। ਫ਼ਰਕ ਏਨਾ ਹੈ ਕਿ ਇਸ ਵਿੱਚ ਨਿਸ਼ਾਨ ਸਾਹਿਬ ਤੇ ਸ਼ਾਹੀ ਨਿਸ਼ਾਨ ਲਾਲ ਹਰੇ ਰੰਗ ਦੇ ਹਨ।
ਕੁਲ ਮਿਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪੰਜ ਪਿਆਰੇ ਅਤੇ ਬਾਹਰ ਕੰਧ ’ਤੇ ਸੰਗਮਰਮਰ ਵਿੱਚ ਬਣੇ ਤਪੱਸਵੀ ਰਿਸ਼ੀ ਦੇ ਮੋਟਿਫ਼ ਤੋਂ ਇਲਾਵਾ ਸੋਨੇ ਦੇ ਪੱਤਰੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਬਾਲੇ ਮਰਦਾਨੇ ਨੂੰ ਵੀ ਉੱਕਰਿਆ ਗਿਆ ਹੈ। ਦਰਬਾਰ ਸਾਹਿਬ ਨੂੰ ਸਜਾਉਣ ਦਾ ਕਲਾਤਮਿਕ ਕੰਮ ਆਪੋ ਆਪਣੇ ਖੇਤਰ ਵਿੱਚ ਮਾਹਿਰਾਂ ਨੇ ਕੀਤਾ ਹੈ। ਜਿਨ੍ਹਾਂ ਕਸਬੀ ਨੱਕਾਸ਼ਾਂ/ ਚਿੱਤਰਕਾਰਾਂ/ ਜੜ੍ਹਤਕਾਰਾਂ/ ਸੰਗਤਰਾਸ਼ਾਂ/ ਸ਼ਿਲਪਕਾਰਾਂ ਨੇ ਕੰਮ ਕੀਤਾ, ਉਨ੍ਹਾਂ ਵਿੱਚ ਸਰਬ ਪ੍ਰਥਮ ਭਾਈ ਕੇਹਰ ਸਿੰਘ, ਬਾਬਾ ਬਿਸ਼ਨ ਸਿੰਘ, ਬਾਬਾ ਕਿਸ਼ਨ ਸਿੰਘ, ਭਾਈ ਹਰੀ ਸਿੰਘ, ਮਹੰਤ ਈਸ਼ਰ ਸਿੰਘ, ਭਾਈ ਜਵਾਹਰ ਸਿੰਘ, ਭਾਈ ਹਰਨਾਮ ਸਿੰਘ, ਭਾਈ ਈਸ਼ਰ ਸਿੰਘ, ਲਾਲ ਸਿੰਘ, ਭਾਈ ਮੰਗਲ ਸਿੰਘ, ਹੁਕਮ ਸਿੰਘ, ਭਾਈ ਮਹਿਤਾਬ ਸਿੰਘ, ਕਪੂਰ ਸਿੰਘ, ਮਿਸਤਰੀ ਜੈਮਲ ਸਿੰਘ, ਮਿਸਤਰੀ ਜੀਤ ਸਿੰਘ, ਬਾਬਾ ਦਰਜਾ ਮਲ, ਮਿਸਤਰੀ ਨਰਾਇਣ ਸਿੰਘ, ਭਾਈ ਆਤਮਾ ਸਿੰਘ, ਭਾਈ ਵੀਰ ਸਿੰਘ ਅਤੇ ਗਿਆਨ ਸਿੰਘ ਨੱਕਾਸ਼ ਸ਼ਾਮਿਲ ਹਨ। ਭਾਈ ਗਿਆਨ ਸਿੰਘ ਦੇ ਪੜਪੋਤੇ ਪ੍ਰਿੰਸੀਪਲ ਹਰਪ੍ਰੀਤਪਾਲ ਸਿੰਘ ਦੱਸਦੇ ਹਨ ਕਿ ਭਾਈ ਗਿਆਨ ਸਿੰਘ ਨੇ ਲਗਭਗ 32 ਵਰ੍ਹੇ ਹਰਿਮੰਦਰ ਸਾਹਿਬ ਵਿੱਚ ਕਲਾਤਮਿਕ ਕੰਮ ਕੀਤਾ। ਇਨ੍ਹਾਂ ਨੱਕਾਸ਼ਾਂ ਵਿੱਚੋਂ ਹੁਕਮ ਸਿੰਘ ਨੱਕਾਸ਼, ਜੈਮਲ ਸਿੰਘ, ਗਿਆਨ ਸਿੰਘ, ਮਹਿਤਾਬ ਸਿੰਘ ਨੇ ਬਾਬਾ ਅਟੱਲ ਦੇ ਗੁਰਦੁਆਰੇ ਦੀ ਪਹਿਲੀ ਮੰਜ਼ਿਲ ਉੱਤੇ ਬਣੀ ਪੂਰੀ ਜਨਮ ਸਾਖੀ ਨੂੰ ਕੰਧਾਂ ਉੱਤੇ ਵੀ ਚਿੱਤਰਿਆ।
ਇਨ੍ਹਾਂ ਤੋਂ ਇਲਾਵਾ ਸੋਨੇ ਦਾ ਕੰਮ ਕਰਨ ਵਾਲੇ ਚਨਿਓਟ ਦੇ ਯਾਰ ਮੁਹੰਮਦ ਖ਼ਾਨ, ਚੁਗਤਾਈ, ਨੈਣ ਸੁਖ ਵਰਗੇ ਦੂਰ-ਦੁਰਾਡੇ ਦੇ ਅਨੇਕਾਂ ਗ਼ੈਰ ਸਿੱਖ ਕਲਾਕਾਰਾਂ ਨੇ ਵੀ ਵਰ੍ਹਿਆਂਬੱਧੀ ਅਣਥੱਕ ਮਿਹਨਤ ਕਰਕੇ ਵਿਭਿੰਨ ਕਲਾਵਾਂ ਦੇ ਸੁਮੇਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕਲਾਤਮਿਕ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਏ, ਜੋ ਅਣਗੌਲੇ ਹੀ ਰਹਿ ਗਏ। ਸੋ ਗੁਰੂ ਸਾਹਿਬਾਨ ਦੀ ਅਦਭੁੱਤ ਭਵਨ ਉਸਾਰੀ ਕਲਾ ਦ੍ਰਿਸ਼ਟੀ, ਚਾਰੇ ਪਾਸੇ ਸ਼ਾਂਤ ਅੰਮ੍ਰਿਤ ਸਰੋਵਰ ’ਚ ਉੱਠਦੀਆਂ ਪਾਵਨ ਤਰੰਗਾਂ; ਗੁਰੂਆਂ, ਭਗਤਾਂ, ਭੱਟਾਂ ਦੀ ਬਾਣੀ ਦਾ ਨਿਰੰਤਰ ਵਿਸਮਾਦੀ ਗਾਇਨ, ਅਨੇਕਾਂ ਕਲਾਕਾਰਾਂ/ ਸ਼ਿਲਪੀਆਂ ਦਾ
ਕੀਤਾ ਬੇਜੋੜ ਕਲਾਤਮਿਕ ਕੰਮ ਅਤੇ ਸੱਚਖੰਡ ਅੰਦਰ ਜਾਗਤ ਜੋਤਿ ਦੇ ਦਰਸ਼ਨ ਕਰ ਤ੍ਰਿਪਤ ਹੁੰਦੀ ਆਤਮਾ ਨੂੰ ਰੂਹਾਨੀ ਮੰਡਲਾਂ ਵਿੱਚ ਵਿਚਰਣ ਦਾ ਆਭਾਸ ਕਰਾਉਂਦਾ ਹੈ। ਇਸੇ ਕਰਕੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫੁਰਮਾਇਆ ਹੈ:
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।।