ਨੌਵੇਂ ਪਾਤਸ਼ਾਹ ਤੇ ਤੌਹੀਦ
ਵੀਹਵੀਂ ਸਦੀ ਦੇ ਉੱਘੇ ਸ਼ਾਇਰ ਅੱਲਾਮਾ ਇਕਬਾਲ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਾਰੇ ਆਪਣੀ ਰਚਨਾ ‘ਨਾਨਕ’ ’ਚ ਲਿਖਿਆ ਹੈ: ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖ਼ਵਾਬ ਸੇ।
ਤੌਹੀਦ ਤੋਂ ਭਾਵ ਹੈ ਕਿ ਪਰਮਾਤਮਾ ਇੱਕ ਹੈ। ਦਰਅਸਲ, ਸਭ ਧਰਮ ਜਾਂ ਅਧਿਆਤਮ ਦੇ ਮਾਰਗ ਇੱਕੋ ਈਸ਼ਵਰ ਨਾਲ ਜੁੜਨ ਦੇ ਵੱਖੋ-ਵੱਖਰੇ ਰਾਹ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਨੇ ਇੱਕ ਪਰਮਾਤਮਾ ਦੀ ਹੋਂਦ ਦਾ ਹੋਕਾ ਦਿੱਤਾ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਇੱਕ ਪਰਮਾਤਮਾ ਦੀ ਹੋਂਦ ਨੂੰ ਮੰਨਿਆ ਅਤੇ ਗੁਰਬਾਣੀ ਦੇ ਸਿਧਾਂਤਾਂ ਨੂੰ ਅਮਲੀ ਜਾਮਾ ਪਹਿਨਾਇਆ। ਉਨ੍ਹਾਂ ਵੱਲੋਂ ਕਸ਼ਮੀਰੀ ਪੰਡਿਤਾਂ ਦੀ ਫਰਿਆਦ ’ਤੇ ਹਿੰਦੂ ਧਰਮ ਦੀ ਰੱਖਿਆ ਲਈ 350 ਸਾਲ ਪਹਿਲਾਂ ਦਿੱਤੀ ਸ਼ਹਾਦਤ ਇਸ ਦੀ ਸਰਵੋਤਮ ਮਿਸਾਲ ਹੈ ਕਿ ਚਾਹੇ ਕਿਸੇ ਦਾ ਅਧਿਆਤਮਕ ਮਾਰਗ ਵੱਖਰਾ ਵੀ ਹੋਵੇ ਤਾਂ ਵੀ ਉਸ ਦੇ ਅਕੀਦੇ ਦੀ ਰੱਖਿਆ ਕਰਨੀ ਬਣਦੀ ਹੈ। ਨੌਵੇਂ ਗੁਰੂ ਨੇ ਗੁਰਬਾਣੀ ਦੀ ਰਚਨਾ ਕੀਤੀ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਇਸ ਤੋਂ ਪਹਿਲਾਂ ਆਦਿ ਗ੍ਰੰਥ ਦੇ ਸਰੂਪ ਵਿੱਚ ਨੌਵੇਂ ਗੁਰੂ ਦੀ ਬਾਣੀ ਦਰਜ ਨਹੀਂ ਸੀ, ਪਰ ਗੁਰੂ ਸਾਹਿਬ ਦੇ ਸਮੇਂ ਹੱਥ-ਲਿਖਤ ਬੀੜਾਂ ਤਿਆਰ ਹੁੰਦੀਆਂ ਸਨ। ਇਨ੍ਹਾਂ ਨੂੰ ਹੱਥੀਂ ਤਿਆਰ ਕਰਨ ਵਾਲਿਆਂ ਵਿੱਚ ਕਸ਼ਮੀਰੀ ਪੰਡਿਤ ਵੀ ਸ਼ਾਮਲ ਸਨ। ਕਸ਼ਮੀਰੀ ਪੰਡਿਤ ਹੱਥ-ਲਿਖਤ ਬੀੜ ਗੁਰੂ ਤੇਗ ਬਹਾਦਰ ਜੀ ਕੋਲ ਲਿਆਉਂਦੇ ਤਾਂ ਜੋ ਕੋਈ ਗ਼ਲਤੀ ਹੋਣ ਦੀ ਸੂਰਤ ਵਿੱਚ ਉਸ ਨੂੰ ਦਰੁਸਤ ਕਰ ਸਕਣ। ਗੁਰੂ ਸਾਹਿਬ ਉਸ ਬੀੜ ਨੂੰ ਦੇਖਦੇ ਅਤੇ ਸਹੀ ਪਾਏ ਜਾਣ ’ਤੇ ਉਸ ਉੱਤੇ ਮੂਲਮੰਤਰ ਨਾਲ ਆਪਣੇ ਹਸਤਾਖਰ ਕਰਦੇ ਜਾਂ ਕਹਿ ਲਉ ਕਿ ਇਸ ਦੇ ਸਹੀ ਹੋਣ ਦੀ ਤਸਦੀਕ ਕਰਦੇ। ਨੌਵੇਂ ਗੁਰੂ ਦੇ ਹਸਤਾਖਰਾਂ ਵਾਲੀ ਇੱਕ ਪੁਰਾਤਨ ਬੀੜ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਗਰੂ ਤੇਗ ਬਹਾਦਰ ਭਵਨ ’ਚ ਸੁਸ਼ੋਭਿਤ ਹੈ। ਪਹਿਲਾਂ ਇਹ ਸਰੂਪ ਅਤੇ ਹੋਰ ਪੁਰਾਤਨ ਬੀੜਾਂ ਇੱਥੋਂ ਦੀ ਲਾਇਬ੍ਰੇਰੀ ਦੇ ਦੁਰਲੱਭ ਪੁਸਤਕਾਂ ਵਾਲੇ ਸੈਕਸ਼ਨ ’ਚ ਹੀ ਰੱਖੀਆਂ ਹੋਈਆਂ ਸਨ। ਜਦੋਂ ਕੁਝ ਵਿਦਿਆਰਥੀਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸਾਲ 2014 ’ਚ ਉਨ੍ਹਾਂ ਨੇ ਇਨ੍ਹਾਂ ਸਰੂਪਾਂ ਦੀ ਪੂਰਨ ਮਰਿਆਦਾ ਨਾਲ ਸਾਂਭ-ਸੰਭਾਲ ਲਈ ਸੰਘਰਸ਼ ਕੀਤਾ। ਇਸ ਦੇ ਫਲਸਰੂਪ ਪਹਿਲਾਂ ਇਹ ਸਰੂਪ ਯੂਨੀਵਰਸਿਟੀ ਦੀ ਲਾਇਬ੍ਰੇਰੀ ’ਚੋਂ ਕੈਂਪਸ ਅੰਦਰ ਸਥਿਤ ਗੁਰਦੁਆਰਾ ਮੁਕਤਸਰ ਸਾਹਿਬ ਲਿਜਾਏ ਗਏ ਅਤੇ ਫਿਰ ਮਰਿਆਦਾ ਅਨੁਸਾਰ ਗੁਰੂ ਤੇਗ ਬਹਾਦਰ ਭਵਨ ’ਚ ਸੁਸ਼ੋਭਿਤ ਕੀਤੇ ਗਏ।
